|
ਗਿਆਨ ਸਿੰਘ ''ਦਰਦੀ"
ਇਹ ਵਣਜਾਰੇ ਜੋ ਅਜ਼ਾਦੀ ਦੇ ਘੋਲ ਅੰਦਰ
ਆਪਣਾ ਸਰਵੰਸ ਤੱਕ ਕਰ ਕੁਰਬਾਨ ਜਾਂਦੇ
ਗੁਲਾਮ ਕੌਮ ਨੂੰ ਅਜ਼ਾਦੀ ਦਾ ਨਿੱਘ ਦੇ ਕੇ
ਕੌਮ ਨੂੰ ਵੱਖਰੀ ਇੱਕ ਦੇ ਪਹਿਚਾਣ ਜਾਂਦੇ ।
ਖੂਨ ਵਹਾ ਕੇ ਅਜ਼ਾਦੀ ਦੀ ਲਹਿਰ ਅੰਦਰ
ਇਹ ਦੁਨੀਆਂ ਤੋਂ ਨਾਲ ਨੇ ਸ਼ਾਨ ਜਾਂਦੇ
ਆਪਣਾ ਫਰਜ਼ ਨਭਾਉਂਦੇ ਕੁਰਵਾਨ ਹੋ ਕੇ
ਪਿੱਛੇ ਕੌਮ ਨੂੰ ਕਰ ਬਲਵਾਨ ਜਾਂਦੇ ।
ਜਦੋਂ ਕਦੇ ਵੀ ਦੇਸ਼ ਤੇ ਭੀੜ ਪੈ ਜਾਏ
ਬੱਬਰ ਸ਼ੇਰ ਇਹ ਬਣ ਤੂਫ਼ਾਨ ਜਾਂਦੇ
ਸੀਮਾਂ ਉਮਰ ਦੀ ਨਹੀਂ ਸ਼ਹੀਦਾਂ ਦੇ ਲਈ
ਬੱਚੇ ਬੁੱਢੇ ਅਤੇ ਕਈ ਜਵਾਨ ਜਾਂਦੇ ।
ਕਹਿੰਦੇ ਰੱਬ ਵੀ ਸ਼ਹੀਦਾਂ ਤੋਂ ਖੁਸ਼ ਹੋ ਕੇ
ਬੂਹੇ ਬਹਿਸ਼ਤ ਦੇ ਇਨ੍ਹਾਂ ਲਈ ਖੋਲ੍ਹ ਰੱਖਦਾ
ਮਹਿਕ ਕੱਢ ਕੇ ਗੁਲਾਬ ਚੰਬੇਲੀਆਂ ਚੋਂ
ਇਨ੍ਹਾਂ ਦੀਆਂ ਰਾਹਾਂ ਵਿੱਚ ਹੈ ਡੋਲ੍ਹ ਰੱਖਦਾ ।
ਗਹਿਰੇ ਸਾਗਰ ਆਕਾਸ਼ ਨੂੰ ਛੂੰਹਦੇ ਪਰਬਤ
ਸ਼ੇਰਾਂ ਵਾਂਗ ਛਾਲਾ ਮਾਰ ਜਾਂਦੇ ਲੰਘਦੇ ਇਹ
ਰੁੱਖਾ ਸੁੱਕਾ ਖਾ ਕੰਡਿਆਂ ਤੇ ਸੌਂ ਜਾਂਦੇ
ਸਉਂਦੇ ਨਹੀਂ ਗੁਲਾਮੀ ਦੇ ਪਲੰਘ ਤੇ ਇਹ ।
ਕਹਿੰਦੇ ਸ਼ਹੀਦਾਂ ਦੇ ਮਾਣ ਸਤਿਕਾਰ ਅੰਦਰ
ਅਕਾਸ਼ ਤਾਰੇ ਅਤੇ ਪਰਬਤ ਵੀ ਝੁਕ ਜਾਵਣ
ਸਤਲੁਜ ਬਿਆਸ ਦਰਿਆ ਨੱਕੋ ਨੱਕ ਵਗਦੇ
ਰਸਤਾ ਦੇਣ ਲਈ ਇਨ੍ਹਾਂ ਨੂੰ ਰੁਕ ਜਾਵਣ ।
ਅਮਰ ਅਮਿਟ ਯਾਦ ਇਨ੍ਹਾਂ ਪ੍ਰਵਾਨਿਆਂ ਦੀ
ਅਣਖ਼ੀ ਸਿੱਖ ਨਹੀਂ ਕਦੇ ਭੁਲਾ ਸਕਦੇ
ਨਿਸ਼ਾਨ ਖੂਨ ਦੇ ਇਤਹਾਸ ਦੇ ਪੰਨਿਆਂ ਤੋਂ
ਵਕਤ ਹਕੂਮਤਾਂ ਨਹੀਂ ਕਦੇ ਮਿਟਾ ਸਕਦੇ ।
ਜੰਜ਼ੀਰਾਂ ਗੁਲਾਮੀ ਦੀਆਂ ਸ਼ਹੀਦ ਹੀ ਕੱਟਦੇ ਨੇ
ਸ਼ਹੀਦਾਂ ਸਦਕਾ ਲੋਕ ਦੁੱਖੜੇ ਨਾ ਸਹਿਣ ਉੱਥੇ
ਜਿਨ੍ਹਾਂ ਰਗਾਂ ਅੰਦਰ ਸ਼ਹੀਦਾਂ ਦਾ ਖ਼ੂਨ ਵਹੇ
ਪੀੜੀ੍ਹ ਦਰ ਪੀੜੀ੍ਹ ਸ਼ਹੀਦ ਜੰਮਦੇ ਰਹਿਣ ਉੱਥੇ ।
ਧੰਨ ਦੌਲਤ ਦਾ ਹੁੰਦਾ ਵਸਾਹ ਕੋਈ ਨਹੀਂ
ਕੌਮਾਂ ਟਿਕਣ ਨਾ ਸਹਾਰੇ ਖ਼ਜ਼ਾਨਿਆਂ ਦੇ
ਜਿੰਦ ਜਾਨ ਕੌਮਾਂ ਦੀ ''ਦਰਦੀ"ਸ਼ਹੀਦ ਹੁੰਦੇ
ਕੌਮਾਂ ਜਿੰਦਾ ਸਦਕਾ ਇਨ੍ਹਾਂ ਪ੍ਰਵਾਨਿਆਂ ਦੇ॥
ਫੋਨ ਨੰ:- 416 854 5161
ਰਿੱਸਦੇ ਜ਼ਖ਼ਮ
ਅਮਰੀਕ ਸਿੰਘ 'ਰਵੀ'
ਕੰਨਾਂ ਦੇ ਵਿਚ ਗੂੰਜ ਰਹੀ ਏ, ਲੰਘੀਆਂ ਗਰਮ ਹਵਾਵਾਂ ਦੀ ਗੱਲ।
ਉਖੜੇ ਰੁੱਖ ਭੀ ਕੁੱਝ ਨਹੀਂ ਦੱਸਦੇ, ਆਪਣੀਆਂ ਸੜੀਆਂ ਛਾਵਾਂ ਦੀ ਗੱਲ।
ਕਿਸੇ ਕੰਜਕ ਦੀਆਂ ਲੁੱਟੀਆਂ ਰੀਝਾਂ, ਨੈਣੋਂ ਕਿਰਨ ਝਰੀਟੇ ਸੁਪਨੇ,
ਸੁਣੇ ਨਾ ਕੋਈ ਜ਼ਖ਼ਮੀ ਸੱਧਰਾਂ, ਸੀਨੇ ਧੁੱਖਦੇ ਚਾਵਾਂ ਦੀ ਗੱਲ।
ਕਿਸੇ ਕਿਹਾ ਦੱਸ ਧੀ ਆਪਣੀ ਦਾ, ਕਿੰਝ ਸ਼ਗਨਾਂ ਨਾਲ ਕਾਜ ਰਚਾਇਆ,
ਵਗਦੇ ਹੁੰਝੂਆਂ ਨੇ ਦੱਸ ਦਿੱਤੀ, ਉਸ ਦੀਆਂ ਲਈਆਂ ਲਾਵਾਂ ਦੀ ਗੱਲ।
ਹਵਸ ਦੇ ਨਾਗਾਂ ਨੇ ਡੱਸ ਦਿੱਤੀ, ਸੀਤਾ ਵਰਗੀ ਭੈਣ ਕਿਸੇ ਦੀ,
ਕਾਲੀ ਰਾਤ 'ਚ ਕਾਲਖ਼ ਹੋ ਗਈ, ਉਸ ਦੇ ਹੌਕੇ ਹਾਵਾਂ ਦੀ ਗੱਲ।
ਪੌਣ ਖਲੋ ਕੇ ਸੁਣਦੀ ਰਹਿੰਦੀ, ਜਦ ਵੀ ਸੱਥ 'ਚ ਬੈਠੇ ਲੋਕੀਂ,
ਧਾਹੀਂ ਮਾਰਕੇ ਰੋ ਰੋ ਕਰਦੇ, ਆਪਣੀਆਂ ਭੱਜੀਆਂ ਬਾਹਾਂ ਦੀ ਗੱਲ।
ਪਿਆਰ ਇਸ਼ਕ ਦੇ ਕਿੱਸੇ ਸੁਣਦਿਆਂ, ਕੰਨ ਅਸਾਡੇ ਬੋਲੇ ਹੋ ਗਏ,
ਹੁਣ ਨਹੀਂ ਸਾਨੂੰ ਸੁਣਦੀ ਯਾਰੋ, ਕਿਸੇ ਦੇ ਮੁੱਕਦੇ ਸਾਹਾਂ ਦੀ ਗੱਲ।
ਪੁੱਤ ਦੀ ਲਾਸ਼ ਨੂੰ ਲੱਭਣ ਤੁਰਿਆ, ਬੁਢਾ ਬਾਪ ਵੀ ਘਰ ਨਹੀਂ ਮੁੜਿਆ,
ਅਖ਼ਬਾਰਾਂ ਦੀ ਸੁਰਖ਼ੀ ਬਣ ਗਈ, ਉਜੜੇ ਭੈਣ ਭਰਾਵਾਂ ਦੀ ਗੱਲ।
ਹਿੱਕ 'ਤੇ ਗੋਲੀਆਂ ਖਾਵਣ ਵਾਲੇ,ਬੇਵੱਸ ਤੇ ਲਾਚਾਰ ਹੋਏ ਕਿੰਝ,
ਛਲਣੀ ਪਿੱਠਾਂ ਦੱਸਦੀਆਂ ਸਨ, ਲਹੂ ਸਿੰਮਦੇ ਘਾਵਾਦੀ ਗੱਲ।
ਸਭ ਨੂੰ ਜੀਵਨ ਬਖ਼ਸ਼ਣ ਵਾਲੇ, ਦੇ ਕੰਢਿਆ ਤੋਂ ਸੁਣੀ ਕਿਸੇ ਨਾ,
ਆਪਣੇ ਹੀ ਜਾਇਆਂ ਦੇ ਖੂਨ 'ਚ, ਲਾਲ ਹੋਏ ਦਰਿਆਵਾਂ ਦੀ ਗੱਲ।
ਹਰ ਦਿਨ ਸੂਰਜ ਦੀ ਅੱਖ ਵਿਚੋਂ, ਤ੍ਰਿਪ ਤ੍ਰਿਪ ਅੱਥਰੂ ਕਿਰਦੇ ਰਹਿੰਦੇ,
ਜਦ ਭੀ ਕਿਰਨਾਂ ਛੇੜ ਬਹਿੰਦੀਆਂ, ਵੈਣਾਂ ਤੇ ਕੁਰਲਾਵਾਂ ਦੀ ਗੱਲ।
ਔਹ ਜਰਨੈਲੀ ਸੜਕ ਜੋ ਉੱਚੇ, ਮਹਿਲ ਮੁਨਾਰਿਆ ਕੋਲੋ ਲੰਘੇ,
ਪਤਾ ਨਹੀਂ ਕਿਉ ਪੁਛਣੋਂ ਸੰਗਦੀ, ਲਹੂ 'ਚ ਭਿੱਜੇ ਰਾਹਵਾਂ ਦੀ ਗੱਲ।
ਫ਼ਟੇ ਹੋਏ ਇਸ ਖ਼ਤ ਨੂੰ, ਖੋਲਣ ਲੱਗਿਆਂ ਕਿਰ ਜਾਂਦੀ ਏ,
ਮਨੁੱਖਤਾ ਦੇ ਰਿਸਦੇ ਜ਼ਖ਼ਮਾ ਤੇ, ਉੱਜੜ ਗਈਆਂ ਥਾਵਾਂ ਦੀ ਗੱਲ।
ਪੰਡਿਤ, ਮੁੱਲਾਂ, ਭਾਈ ਕੋਲੋਂ, ਰੱਬ ਦੇ ਘਰ ਦਾ ਪਤਾ ਹਾਂ ਪੁੱਛਦਾ,
ਝੱਟ ਉਹ ਕੰਨ 'ਚ ਦੱਸ ਦਿੰਦੇ ਨੇ, ਵੰਡੀਆਂ ਅਤੇ ਬਲਾਵਾਂ ਦੀ ਗੱਲ।
ਅਧੁਨਿਕਤਾ ਦਾ ਹਾਣੀ ਬਣਦਾ, ਨਸ਼ਿਆਂ ਦੇ ਸਾਗਰ ਵਿਚ ਡੁੱਬਿਆ,
ਇਸਨੂੰ ਕੁਝ ਵੀ ਯਾਦ ਰਹੀ ਨਾ, ਰਾਵੀ ਅਤੇ ਝਨਾਵਾਂ ਦੀ ਗੱਲ।
ਪੜਨ ਵਾਲਿਓ ਪੜਕੇ ਵੇਖੋ, ਸੂਰਮਿਆਂ ਕਿੰਝ ਸਿਦਕ ਨਿਭਾਏ,
ਲਹੂ ਨਾਲ ਇਤਿਹਾਸ ਹੈ ਲਿਖਿਆ, ਇਹ ਨਹੀਂ ਕੋਈ ਕਥਾਵਾਂ ਦੀ ਗੱਲ।
ਚੰਦ ਸੂਰਜ ਦੀਆਂ ਪੈੜ੍ਹਾ ਫੜਦੇ, ਅੱਜ ਖਲਾਅ ਵਿਚ ਉਡਦੇ ਬੰਦਿਓ,
ਅੰਬਰ ਦੀ ਹਿੱਕ ਉਤੇ ਲਿਖ ਆਇਓ, ਨੇਕੀ ਅਤੇ ਦੁਆਵਾਂ ਦੀ ਗੱਲ।
ਧਰਤ ਦੀ ਜ਼ਖ਼ਮੀ ਹਿੱਕ 'ਤੇ ਉੱਕਰੀ, ''ਰਵੀ" ਸਮੇਂ ਨੇ ਪੜ੍ਹ ਲੈਣੀ ਏ,
ਤੁਰ ਗਏ ਵੀਰੇ, ਗੂੰਗੇ ਬਾਪੂ, ਪੱਥਰ ਹੋਈਆਂ ਮਾਵਾਂ ਦੀ ਗੱਲ।
905-637-8509
ਬਾਪੂ ਜੀ ਦੀ ਸ਼ਰਾਬ
ਕੇਹਰ ਸਿੰਘ ਮਠਾਰੂ
ਰੋਜ਼ ਤੁਸੀਂ ਹੋ ਰੱਜਕੇ ਆਂਦੇ, ਡਿੱਗਦੇ ਢਹਿੰਦੇ ਠੋਕਰ ਖਾਂਦੇ,
ਸੋਫੇ'ਤੇ ਡਿੱਗਦੇ ਸੌਂ ਜਾਂਦੇ, ਸਾਡੇ ਘਰ ਕਿਉਂ ਆ ਗਈ ਦਾਰੂ।
ਬਾਪੂ ਜੀ ਸੌਹ ਖਾ ਕੇ ਮੇਰੀ, ਆਖੋ ਹੁਣ ਨਹੀਂ ਪੀਣੀ ਦਾਰੂ।
ਕਈ ਵਾਰ ਹੋ ਉਲਟੀ ਕਰਦੇ, ਕੱਪੜੇ ਆਪਣੇ ਗੰਦੇ ਕਰਦੇ,
ਅਸੀਂ ਨਾ ਨੇੜੇ ਆਉਂਦੇ ਡਰਦੇ, ਇਹ ਤੁਹਾਡੀ ਸਿਹਤ ਨੂੰ ਖਾਰੂ।
ਬਾਪੂ ਜੀ ਸੌਹ ਖਾ ਕੇ ਮੇਰੀ, ਆਖੋ ਹੁਣ ਨਹੀਂ ਪੀਣੀ ਦਾਰੂ।
ਕੁੱਝ ਨਹੀਂ ਕਹਿੰਦੀ ਮਾਂ ਹੈ ਡਰਦੀ, ਰੋ ਰੋ ਕੇ ਨਿੱਤ ਹੌਕੇ ਭਰਦੀ,
ਹੈ ਨਹੀਂ ਕੋਈ ਉਸ ਦਾ ਦਰਦੀ, ਕਿਵੇਂ ਹੋਵਾਂਗੇ ਅਸੀਂ ਉਡਾਰੂ।
ਬਾਪੂ ਜੀ ਸੌਹ ਖਾ ਕੇ ਮੇਰੀ, ਆਖੋ ਹੁਣ ਨਹੀਂ ਪੀਣੀ ਦਾਰੂ।
ਤੁਸੀਂ ਤਾਂ ਹੋ ਗਏ ਪੀਣ ਦੇ ਆਦੀ, ਹੋ ਜਾਣੀ ਘਰ ਦੀ ਬਰਬਾਦੀ,
ਕੌਣ ਫੜੂਗਾ ਬਾਂਹ ਫਿਰ ਸਾਡੀ, ਸਾਡੀਆਂ ਫੀਸਾਂ ਕੌਣ ਉਤਾਰੂ।
ਬਾਪੂ ਜੀ ਸੌਹ ਖਾ ਕੇ ਮੇਰੀ, ਆਖੋ ਹੁਣ ਨਹੀਂ ਪੀਣੀ ਦਾਰੂ।
ਮਾਂ ਨਾਲ ਉਠ ਸਵੇਰੇ ਲੜਦੇ, ਸਿਰ ਦੁੱਖ ਦਾ ਕਹਿ ਹਾਏ ਹਾਏ ਕਰਦੇ,
ਸਾਡਾ ਵੀ ਕੋਈ ਫਿਕਰ ਨਾ ਕਰਦੇ, ਪਤਾ ਨਹੀਂ ਕਿਉਂ ਪੀਂਦੇ ਦਾਰੂ।
ਬਾਪੂ ਜੀ ਸੌਹ ਖਾ ਕੇ ਮੇਰੀ, ਆਖੋ ਹੁਣ ਨਹੀਂ ਪੀਣੀ ਦਾਰੂ।
ਕੱਲ੍ਹ ਸੀ ਮੈਨੂੰ ਟੀਚਰ ਕਹਿੰਦੀ, ਦੋ ਮਹੀਨੇ ਦੀ ਫੀਸ ਹੈ ਰਹਿੰਦੀ,
ਲਾਰੇ ਲੱਪੇ ਤੂੰ ਲਾਉਦੀ ਰਹਿੰਦੀ, ਬਾਪੂ ਜੀ ਕੌਣ ਫੀਸਾਂ ਉਤਾਰੂ।
ਬਾਪੂ ਜੀ ਸੌਹ ਖਾ ਕੇ ਮੇਰੀ, ਆਖੋ ਹੁਣ ਨਹੀਂ ਪੀਣੀ ਦਾਰੂ।
ਮੈਂ ਹਾਂ ਤੁਹਾਡੀ ਧੀ ਨਿਮਾਣੀ, ਆਖੋ ਪੱਥਰ ਖਸਮ ਖਾਣੀ,
ਹਾੜਾ ਕੱਲ੍ਹ ਨਾ ਪੀ ਕੇ ਆਣੀ, ਨਹੀਂ ਤਾਂ 'ਕੇਹਰ' ਤਾਹਨੇ ਮਾਰੂ।
ਬਾਪੂ ਜੀ ਸੌਹ ਖਾ ਕੇ ਮੇਰੀ, ਆਖੋ ਹੁਣ ਨਹੀਂ ਪੀਣੀ ਦਾਰੂ।
ਘੁਮਣ ਘੇਰੇ 'ਚੋਂ
ਡਾ ਸਰਬਜੀਤ ਸਿੰਘ ਘੁੰਮਣ
ਹਾਕਮ ਆਖਦੇ ਅਸੀਂ ਜੀ ਹਰ ਹੀਲੇ,
ਚਾਦਰ ਵੇਖ ਕੇ ਪੈਰ ਪਸਾਰਦੇ ਹਾਂ।
ਪਾਈ ਪਾਈ ਦਾ ਸਾਨੂੰ ਹਿਸਾਬ ਦਿੱਤਾ,
ਥੋੜਾ ਖਰਚ ਕਰਨਾ, ਮਨੀ ਧਾਰਦੇ ਹਾਂ।
ਜੇਹਾ ਨਾ ਸਾਡਾ, ਤੇਹੇ ਕਰਮ ਵੀ ਨੇ,
ਕਰ ਦਾਤਿਆਂ ਦੇ ਸ਼ੰਕੇ ਨਿਵਾਰਦੇ ਹਾਂ।
ਸਬਰ ਸ਼ੁਕਰ ਹੈ ਅਸਾਂ ਦਾ ਇੱਕ ਨਾਹਰਾ,
ਅਸੀਂ ਸਿਦਕ ਤੋਂ ਮੂਲ ਨਾ ਹਾਰਦੇ ਹਾਂ।
ਜੀ ਵੀਹ ਦੀ ਸਭਾ ਦਾ ਬਜਟ ਵਾਚੋ,
ਬਿਲੀਅਨ ਤੋਂ ਵੀ ਇਹ ਟਪਾਇਓ ਈ।
ਪਲੋ ਪਲੀ ਜੋ ਪਲੀ ਪਲੀ ਕਰੀ 'ਕੱਠੀ,
ਵਾਰ ਇੱਕ ਨਾਲ ਕੁੱਪਾ ਰੁੜਾਇਓ ਈ।
|