RSS

AdvertisementAdvertisement
ਸੰਪਾਦਕੀ
ਫਰਾਡ ਵਿਆਹਾਂ ਨੂੰ ਰੋਕਣ ਲਈ ਯਤਨ PRINT ਈ ਮੇਲ
Friday, 03 September 2010
ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਇਸ ਗੱਲ ਦੀ ਚਰਚਾਂ ਜ਼ੋਰਾਂ 'ਤੇ ਹੈ ਕਿ ਕੁਝ ਲੋਕ ਵਿਦੇਸ਼ਾਂ ਤੋਂ ਵਿਆਹ ਕਰਵਾ ਕੇ ਇੱਥੇ ਇੰਮੀਗ੍ਰੇਸ਼ਨ ਲੈ ਕੇ ਪਹੁੰਚ ਤਾਂ ਜਾਂਦੇ ਹਨ। ਪਰੰਤੂ ਇੱਥੇ ਪਹੁੰਚਦਿਆਂ ਹੀ ਕੋਈ ਨਾ ਕੋਈ ਬਹਾਨਾ ਘੜ ਕੇ ਆਪਣੇ ਜੀਵਨ ਸਾਥੀ ਨੂੰ ਧੋਖਾ ਦੇ ਆਪਣੇ ਰਾਹ ਪੈ ਜਾਂਦੇ ਹਨ। ਕਈ ਕੇਸਾਂ ਵਿੱਚ ਤਾਂ ਅਜਿਹਾ ਵੀ ਹੁੰਦਾ ਹੈ ਕਿ ਵਿਆਹ ਕਰਵਾ ਕੇ ਆਇਆ ਲੜਕਾ ਜਾਂ ਲੜਕੀ ਸਿੱਧਾ ਏਅਰਪੋਰਟ ਤੋਂ ਹੀ ਰਫੂਚੱਕਰ ਹੋ ਜਾਂਦੇ ਹਨ ਜਦਕਿ ਉਨ੍ਹਾਂ ਨੂੰ ਸਪਾਂਸਰ ਕਰਨ ਵਾਲਾ ਅਤੇ ਉਸ ਨਾਲ ਸਾਰਾ ਜੀਵਨ ਬਿਤਾਉਣ ਦੇ ਸੁਪਨੇ ਦੇਖਣ ਵਾਲਾ 'ਜੀਵਨ ਸਾਥੀ' ਉਸਦੀ ਉਡੀਕ ਹੀ ਕਰਦਾ ਰਹਿ ਜਾਂਦਾ ਹੈ। ਅਸਲ ਵਿੱਚ ਅਜਿਹੇ ਬਹੁਤੇ ਕੇਸਾਂ ਵਿੱਚ ਦੇਖਣ ਨੂੰ ਆ ਰਿਹਾ ਹੈ ਕਿ ਅਜਿਹਾ ਕੰਮ ਕਰਨ ਵਾਲੇ ਲੜਕੇ ਜਾਂ ਲੜਕੀ ਦਾ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਇਹ ਮਨਸੂਬਾ ਹੁੰਦਾ ਹੈ ਕਿ ਕੈਨੇਡਾ ਪਹੁੰਚਦਿਆਂ ਹੀ ਉਸ ਨੇ ਆਪਣੇ ਜੀਵਨ ਸਾਥੀ ਨੂੰ ਛੱਡ ਕੇ, ਤਲਾਕ ਲੈ ਕੇ ਫਿਰ ਪਿੱਛੇ ਰਹਿ ਗਏ ਆਪਣੇ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਬੁਲਾਉਣਾ ਹੁੰਦਾ ਹੈ। ਬੇਸ਼ੱਕ ਅਜਿਹੇ ਕੇਸ ਲਗਭਗ ਹਰ ਇਕ ਕਮਿਊਨਿਟੀ ਵਿੱਚ ਦੇਖਣ ਨੂੰ ਆ ਰਹੇ ਸੀ। ਪਰੰਤੂ ਬਰੈਂਪਟਨ ਦੀ ਅਪਾਹਜ ਲੜਕੀ, ਐਸ਼ਪ੍ਰੀਤ ਬਡਵਾਲ ਨੂੰ ਜਿਸ ਤਰਾ੍ਹਂ ਉਸ ਦੇ ਪਤੀ ਨੇ ਏਅਰਪੋਰਟ ਤੋਂ ਗਾਇਬ ਹੋ ਕੇ ਧੋਖਾ ਦਿੱਤਾ, ਇਸ ਨਾਲ ਹਰ ਇਕ ਦਾ ਦਿਲ ਪਸੀਜ ਗਿਆ। 'ਪਰਵਾਸੀ ਰੋਡਿਓ' ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਮੁੱਖਧਾਰਾ ਦੇ ਮੀਡੀਆ ਰਾਹੀਂ ਕੈਨੇਡਾ ਦੀ ਸਰਕਾਰ ਦੀਆਂ ਬਰੂਹਾਂ ਤੱਕ ਜਾ ਪਹੁੰਚਿਆ। ਪਹਿਲਾਂ ਵੈਨਕੂਵਰ ਵਿੱਚ ਪਲਵਿੰਦਰ ਗਿੱਲ ਅਤੇ ਫਿਰ ਬਰੈਂਪਟਨ ਨਿਵਾਸੀ ਸੈਮ ਬੈਨਟ ਦੀ ਅਗਵਾਹੀ ਹੇਠ 'ਕੈਨੇਡੀਅਨ ਅਗੇਂਸਟ ਇੰਮੀਗ੍ਰੇਸ਼ਨ ਫਰਾਡ' ਨਾਮਕ ਸੰਸਥਾ ਦੇ ਬੈਨਰ ਅਧੀਨ ਇਕੱਠੇ ਹੋਏ ਪੀੜਤ ਲੋਕਾਂ ਨੇ ਪਹਿਲਾਂ ਹੀ ਇਸ ਮਾਮਲੇ ਵਿੱਚ ਕਾਫੀ ਕੰਮ ਕਰ ਦਿੱਤਾ ਹੋਇਆ ਸੀ। ਪਰੰਤੂ ਐਸ਼ਪ੍ਰੀਤ ਦੇ ਕੇਸ ਨੇ ਇਸ ਮਾਮਲੇ ਨੂੰ ਚਰਮ ਸੀਮਾ ਤੱਕ ਪਹੁੰਚਾ ਦਿੱਤਾ।
ਇਸ ਦਾ ਹੀ ਨਤੀਜਾ ਸੀ ਕਿ ਬੀਤੇ ਬੁੱਧਵਾਰ ਸ਼ਾਮ ਨੂੰ ਇਨ੍ਹਾਂ ਪੀੜਤ ਲੋਕਾਂ ਨੂੰ ਮਿਲਣ ਲਈ ਅਤੇ ਉਨ੍ਹਾਂ ਦੇ ਦੁਖੜੇ ਸੁਨਣ ਲਈ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ, ਸ਼੍ਰੀ ਜੈਸਨ ਕੈਨੀ ਨੂੰ ਆਪਣੇ ਲਾਮ-ਲਸ਼ਕਰ ਸਮੇਤ ਖੁਦ ਆਊਣਾ ਪਿਆ।
ਬਲਕਿ ਇੰਮੀਗ੍ਰੇਸ਼ਨ ਮੰਤਰਾਲੇ ਨੇ ਇਸ ਮੌਕੇ ਇਕ ਅਜਿਹਾ ਪ੍ਰੋਗਰਾਮ ਵੀ ਸ਼ੁਰੂ ਕੀਤਾ, ਜਿਸ ਮੁਤਾਬਕ ਹੁਣ ਕੋਈ ਵੀ ਵਿਅਕਤੀ ਕੈਨੇਡਾ ਇੰਮੀਗ੍ਰੇਸ਼ਨ ਦੀ ਵੈਬ-ਸਾਈਟ 'ਤੇ ਜਾ ਕੇ ਆਪਣਾ ਕਹਾਣੀ ਸਰਕਾਰ ਤੱਕ ਪਹੁੰਚਾ ਸਕਦਾ ਹੈ ਜਾਂ ਫਿਰ ਸਰਕਾਰ ਨੂੰ ਕੁਝ ਸੁਝਾਅ ਵੀ ਦੇ ਸਕਦਾ ਹੈ। ਫਰਾਡ ਵਿਆਹਾਂ ਦਾ ਸ਼ਿਕਾਰ ਹੋਏ ਲੋਕਾਂ ਲਈ ਇਹ ਸੰਸਥਾ ਸੰਜੀਵਨੀ ਬੂਟੀ ਦਾ ਕੰਮ ਕਰ ਰਹੀ ਹੈ। ਲੋਕ ਆਪਣੇ ਵਰਗੇ ਪੀੜਤ ਲੋਕਾਂ ਨਾਲ ਮਿਲ ਕੇ ਇਕ ਦੂਜੇ ਦਾ ਦੁੱਖ-ਦਰਦ ਵੰਡਾ ਰਹੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਇਕੱਲਿਆਂ ਬੇਸ਼ੱਕ ਨਾ ਸਹੀ ਪਰੰਤੂ ਮਿਲ-ਜੁਲ ਕੇ ਉਹ ਇਸ ਸਮੱਸਿਆ ਦਾ ਕੋਈ ਹੱਲ ਜ਼ਰੂਰ ਲੱਭ ਸਕਦੇ ਹਨ। ਪਲਵਿੰਦਰ ਗਿੱਲ ਅਤੇ ਸੈਮ ਬੈਨਟ ਇਸ ਸਾਬਾਸ਼ੀ ਦੇ ਹੱਕਦਾਰ ਹਨ ਕਿ ਉਨ੍ਹਾਂ ਇਸ ਕੋਹੜ ਨੂੰ ਖਤਮ ਕਰਨ ਲਈ ਪੂਰੀ ਮਿਹਨਤ ਕੀਤੀ ਹੈ। ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ। ਇਸ ਟਾਊਨ ਹਾਲ ਮੀਟਿੰਗ ਵਿੱਚ ਇੰਮੀਗ੍ਰੇਸ਼ਨ ਮੰਤਰੀ ਨੇ ਇਕ-ਇਕ ਕਰਕੇ ਕਈ ਪੀੜਤਾਂ ਦੀ ਗੱਲਬਾਤ ਸੁਣੀ। ਹਰ ਇਕ ਵਿਅਕਤੀ ਦੀ ਭਾਵੇਂ ਵੱਖੋ-ਵੱਖਰੀ ਕਹਾਣੀ ਸੀ ਪਰੰਤੂ ਇਕ ਗੱਲ ਸੱਭਨਾਂ ਦੀ ਸਾਂਝੀ ਸੀ ਕਿ ਉਨ੍ਹਾਂ ਵਿੱਚੋਂ ਹਰ ਇਕ ਨੂੰ ਵਿਆਹ ਦੇ ਸੁਖ ਦੇ ਬਦਲੇ ਮਾਨਸਿਕ, ਜਿਸਮਾਨੀ ਅਤੇ ਆਰਥਿਕ ਠੱਗੀ ਹੀ ਮਿਲੀ। ਕਈਆਂ ਨੂੰ ਜੇਲ ਦੀ ਹਵਾ ਵੀ ਖਾਣੀ ਪਈ ਅਤੇ ਲੰਮੀ ਕਾਨੂੰਨੀ ਲੜਾਈ ਲੜ ਕੇ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਵਾਊਣਾ ਪਿਆ। ਜਦਕਿ ਉਨ੍ਹਾਂ ਨਾਲ ਠੱਗੀ ਮਾਰਣ ਵਾਲਾ ਵਿਅਕਤੀ ਆਪਣੀ ਜ਼ਿੰਦਗੀ ਐਸ਼ ਨਾਲ ਜੀਉਂਦਾ ਰਿਹਾ। ਹੁਣ ਸਵਾਲ ਇਸ ਗੱਲ ਦਾ ਹੈ ਕਿ ਆਖਰ ਇਸ ਸਮੱਸਿਆ ਨੂੰ ਨੱਥ ਕਿਸ ਤਰਾ੍ਹਂ ਪਾਈ ਜਾਵੇ?
ਮੰਤਰੀ ਦਾ ਕਹਿਣਾ ਹੈ ਕਿ ਭਾਵੇਂ ਕਿ ਉਹ ਇਸ ਗੱਲ ਨਾਲ ਪੂਰੀ ਤਰਾ੍ਹਂ ਸਹਿਮਤ ਹੈ ਕਿ ਫਰਾਡ ਵਿਆਹਾਂ ਰਾਹੀਂ ਲੋਕ ਕੈਨੇਡਾ ਦੇ ਇੰਮੀਗ੍ਰੇਸ਼ਨ ਹਾਸਲ ਕਰਨ ਲਈ ਇਹ ਠੱਗੀਆਂ ਮਾਰ ਰਹੇ ਹਨ। ਪਰੰਤੂ ਮੰਤਰੀ ਦਾ ਕਹਿਣਾ ਹੈ ਕਿ ਮੌਜੂਦਾ ਕਾਨੂੰਨ ਅਜਿਹੇ ਲੋਕਾਂ ਦਾ ਕੁਝ ਨਹੀਂ ਵਿਗਾੜ ਸਕਦਾ। ਕਿਊਂਕਿ ਕਾਨੂੰਨ ਮੁਤਾਬਕ ਅਜਿਹੇ ਲੋਕਾਂ ਨੂੰ ਕੈਨੇਡਾ ਚੋਂ ਤੁਰੰਤ 'ਡਿਪੋਰਟ' ਕਰਨਾ ਸੰਭਵ ਨਹੀਂ ਹੈ। ਮੰਤਰੀ ਕੋਲ ਇਸ ਗੱਲ ਦਾ ਵੀ ਕੋਈ ਠੋਸ ਜਵਾਬ ਨਹੀਂ ਸੀ ਕਿ ਅਜਿਹੀਆਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ 2-3 ਸਾਲ ਜਾਂ ਇਸ ਤੋਂ ਵੀ ਵੱਧ ਸਮਾਂ ਕਿਉਂ ਲੱਗ ਰਿਹਾ ਹੈ?
ਇਕ ਘਾਘ ਸਿਆਸਤਦਾਨ ਵਾਂਗ ਮੰਤਰੀ ਦਾ ਇਹੋ ਜਵਾਬ ਸੀ ਕਿ ਉਹ ਕਾਨੂੰਨ ਵਿੱਚ ਤਬਦੀਲੀਆਂ ਲਿਆਊਣ ਲਈ ਛੇਤੀ ਹੀ ਪਾਰਲੀਮੈਂਟ ਵਿੱਚ ਇਕ ਬਿੱਲ ਲੈ ਕੇ ਆਵੇਗਾ, ਜਿਸ ਨੂੰ ਪਾਸ ਕਰਵਾਊਣ ਲਈ ਬਾਕੀ ਰਾਜਨੀਤਕ ਪਾਰਟੀਆਂ ਦੇ ਸਹਿਯੋਗ ਦੀ ਵੀ ਲੋੜ ਹੋਵੇਗੀ। ਮੰਤਰੀ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਮੀਟਿੰਗਾਂ ਵੈਨਕੂਵਰ ਅਤੇ ਮਾਂਟ੍ਰਿਆਲ ਵਿੱਚ ਕਰੇਗਾ ਅਤੇ ਆਮ ਲੋਕਾਂ ਤੋਂ ਇਸ ਸਮੱਸਿਆ ਦੇ ਹੱਲ ਲਈ ਸੁਝਾਅ ਮੰਗੇਗਾ ਅਤੇ ਫਿਰ ਕਿਸੇ ਨਤੀਜੇ 'ਤੇ ਪਹੁੰਚੇਗਾ।
ਅਦਾਰਾ 'ਪਰਵਾਸੀ' ਵੱਲੋਂ ਅਸੀਂ ਕੁਝ ਹੇਠ ਲਿਖੇ ਸੁਝਾਅ ਪੇਸ਼ ਕਰਦੇ ਹਾਂ:
1. ਵਿਆਹ ਦੇ ਆਧਾਰ 'ਤੇ ਲੋਕਾਂ ਨੂੰ ਪੱਕੇ ਕੀਤੇ ਜਾਣ ਲਈ ਅਮਰੀਕਾ, ਆਸਟ੍ਰੇਲੀਆ ਅਤੇ ਯੂਕੇ ਦੇ ਕਾਨੂੰਨਾਂ ਦੀ ਸਟਡੀ ਕੀਤੀ ਜਾਵੇ। ਜੇ ਮੁਨਾਸਬ ਹੋਵੇ ਤਾਂ ਵਿਆਹ ਕਰਵਾ ਕੇ ਆਏ ਵਿਅਕਤੀ ਨੂੰ ਤਿੰਨ ਸਾਲ ਤੱਕ ਪੱਕਾ ਵੀਜ਼ਾ ਉਸ ਸਮੇਂ ਤੱਕ ਨਾ ਦਿੱਤਾ ਜਾਵੇ, ਜਦੋਂ ਤੱਕ ਕਿ ਉਹ ਇਹ ਸਾਬਤ ਨਾ ਕਰ ਦੇਵੇ ਕਿ ਉਸਦਾ ਵਿਆਹ 'ਜਾਇਜ਼' ਹੈ ਅਤੇ ਉਹ ਸਿਰਫ਼ ਵੀਜ਼ਾ ਹਾਸਲ ਕਰਨ ਲਈ ਹੀ ਵਿਆਹ ਕਰਵਾ ਕੇ ਨਹੀਂ ਆਇਆ।
2. ਜੇਕਰ ਇਸ ਗੱਲ ਦਾ ਸ਼ੱਕ ਹੈ ਕਿ ਕਿਤੇ ਵਿਆਹ ਕਰਵਾ ਕੇ ਆਏ ਲੜਕੇ ਜਾਂ ਲੜਕੀ ਨਾਲ ਇਸ ਸਮੇਂ ਦੌਰਾਨ ਵਧੀਕੀਆਂ ਨਾ ਹੋਣ ਤਾਂ ਇਸ ਲਈ ਅਜਿਹੇ ਕੇਸਾਂ ਦੇ ਮਾਹਰਾਂ ਦੇ ਸਪੈਸ਼ਲ ਪੈਨਲ ਬਣਾਏ ਜਾਣ, ਜੋ ਅਜਿਹੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ।
3. ਜਿਸ ਤਰਾ੍ਹਂ ਸਪਾਂਸਰ ਕਰਨ ਵਾਲੇ ਵਿਅਕਤੀ ਲਈ ਸ਼ਰਤ ਹੈ ਕਿ ਉਹ ਤਲਾਕ ਤੋਂ ਤਿੰਨ ਸਾਲ ਬਾਦ ਤੱਕ ਕਿਸੇ ਹੋਰ ਨੂੰ ਵਿਆਹ ਦੇ ਆਧਾਰ 'ਤੇ ਸਪਾਂਸਰ ਨਹੀਂ ਕਰ ਸਕਦਾ। ਘੱਟੋ-ਘੱਟ ਪੰਜ ਸਾਲ ਦਾ ਅਜਿਹਾ ਬੈਨ ਵਿਆਹ ਕਰਵਾ ਕੇ ਆਏ ਵਿਅਕਤੀ 'ਤੇ ਵੀ ਲਗਾਇਆ ਜਾਵੇ।
4. ਜਿਨ੍ਹਾਂ ਕੇਸਾਂ ਵਿੱਚ ਸ਼ਰੇਆਮ ਪਤਾ ਲਗਦਾ ਹੈ ਕਿ ਵਿਆਹ ਨੂੰ ਸਿਰਫ ਵੀਜ਼ਾ ਲੈਣ ਲਈ ਹੀ ਇਸਤੇਮਾਲ ਕੀਤਾ ਗਿਆ (ਜਿਵੇਂ ਏਅਰਪੋਰਟ ਤੋਂ ਭੱਜਣ ਵਾਲੇ ਜਾਂ ਕੁਝ ਦਿਨ ਰਹਿ ਕੇ ਹੀ ਗਾਇਬ ਹੋਣ ਵਾਲੇ)। ਅਜਿਹੇ ਲੋਕਾਂ ਨੂੰ ਜਲਦੀ ਤੋਂ ਜਲਦੀ ਕਾਰਵਾਈ ਕਰਕੇ 'ਡਿਪੋਰਟ' ਕੀਤਾ ਜਾਵੇ।
5.ਕਈ ਮੁਲਕਾਂ ਦੇ ਰੀਤੀ-ਰਿਵਾਜ਼ਾਂ ਕਾਰਣ ਵਿਆਹ ਤੋਂ ਪਹਿਲਾਂ ਲੜਕਾ-ਲੜਕੀ ਇਕ ਦੂਜੇ ਨੂੰ ਪਹਿਲਾਂ ਚੰਗੀ ਤਰਾ੍ਹਂ ਜਾਣ ਨਹੀਂ ਸਕਦੇ। ਇਸ ਕਾਰਣ ਹੀ ਉਨ੍ਹਾਂ ਨੂੰ ਇਕ ਦੂਜੇ ਨੂੰ ਸਮਝਣ ਲਈ ਘੱਟੋ-ਘੱਟ ਤਿੰਨ ਸਾਲ ਦਾ ਸਮਾਂ ਦਿੱਤਾ ਜਾਵੇ ਅਤੇ ਪਤੀ-ਪਤਨੀ ਦਾ ਰਿਸ਼ਤਾ ਮਜਬੂਤ ਕਰਨ 'ਤੇ ਹੀ ਪੱਕਾ ਵੀਜ਼ਾ ਜਾਰੀ ਕੀਤਾ ਜਾਵੇ।
6. ਅਜਿਹੇ ਜਿਨ੍ਹਾਂ ਕੇਸਾਂ ਵਿੱਚ ਲੜਕੀਆਂ ਆਪਣੇ ਪਤੀ ਤੋਂ ਖਹਿੜਾ ਛੁਡਾਉਣ ਲਈ ਕੁੱਟ-ਮਾਰ ਦੇ ਝੂਠੇ ਦੋਸ਼ ਲਗਾ ਦਿੰਦਿਆਂ ਹਨ। ਉਨ੍ਹਾਂ ਕੇਸਾਂ ਵਿੱਚ ਪਤੀ ਨੂੰ ਚਾਰਜ ਕਰਨ ਤੋਂ ਪਹਿਲਾਂ ਸਥਾਨਕ ਪੁਲਿਸ ਨੂੰ ਚੰਗੀ ਤਰਾ੍ਹਂ ਛਾਣਬੀਨ ਕਰਨੀ ਚਾਹੀਦੀ ਹੈ।
ਮੰਤਰੀ ਕੈਨੀ ਨੇ ਵਾਅਦਾ ਕੀਤਾ ਹੈ ਕਿ ਉਹ ਇਸ ਸਾਲ ਦੇ ਅੰਤ ਤੋਂ ਪਹਿਲਾਂ ਪਾਰਲੀਮੈਂਟ ਵਿੱਚ ਇਸ ਬਾਰੇ ਬਿੱਲ ਪੇਸ਼ ਕਰ ਦੇਣਗੇ। ਇਹੋ ਉਹ ਸਮਾਂ ਹੈ ਜਦੋਂ ਸਰਕਾਰ ਨੂੰ ਵੱਧ ਤੋਂ ਵੱਧ ਸੁਝਾਅ ਭੇਜੇ ਜਾਣ। ਤਾਕਿ ਨਵੇਂ ਕਾਨੂੰਨਾਂ ਵਿੱਚ ਫਿਰ ਕੋਈ ਅਜਿਹੀਆਂ ਤਰੁੱਟੀਆਂ ਨਾ ਰਹਿ ਜਾਣ ਜੋ ਕੱਲ ਨੂੰ ਫਿਰ ਲੋਕਾਂ ਨੂੰ ਇਸ ਤਰਾ੍ਹਂ ਹੀ ਪਰੇਸ਼ਾਨ ਕਰਨ।
 
<< Start < Prev 1 2 3 4 5 6 7 8 9 10 Next > End >>

Results 1 - 11 of 110

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis