|
ਅਮਰਿੰਦਰ ਨੂੰ ਕਿਸੇ ਵੀ ਮਾਮਲੇ 'ਚ ਗ੍ਰਿਫਤਾਰ ਕਰਨ ਤੋਂ ਪਹਿਲਾਂ ਨੋਟਿਸ ਦਿਓ : ਹਾਈਕੋਰਟ |
|
Wednesday, 11 November 2009 |
|
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਰੀ ਰਾਹਤ ਪ੍ਰਦਾਨ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਐਸ ਡੀ ਆਨੰਦ 'ਤੇ ਅਧਾਰਤ ਬੈਂਚ ਨੇ ਉਹਨਾਂ ਦੀ ਬਲੈਂਕਟ ਜ਼ਮਾਨਤ ਪਟੀਸ਼ਨ ਨੂੰ ਪ੍ਰਵਾਨ ਕਰਦੇ ਹੋਏ ਕਹਿ ਦਿੱਤਾ ਕਿ ਜੇਕਰ ਪੰਜਾਬ ਪੁਲਿਸ ਜਾਂ ਉਸ ਦਾ ਕੋਈ ਵੀ ਵਿੰਗ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੋਈ ਵੀ ਮਾਮਲਾ ਦਰਜ ਕਰਦਾ ਹੈ ਅਤੇ ਉਸ ਮਾਮਲੇ ਵਿਚ ਕੈਪਟਨ ਦੀ ਗ੍ਰਿਫਤਾਰੀ ਦੀ ਲੋੜ ਹੋਵੇ ਤਾਂ ਇਸ ਕਾਰਵਾਈ ਤੋਂ ਪਹਿਲਾਂ ਉਹਨਾਂ ਨੂੰ 7 ਦਿਨ ਦਾ ਨੋਟਿਸ ਦਿੱਤਾ ਜਾਵੇ। ਕੈਪਟਨ ਅਮਰਿੰਦਰ ਨੇ ਆਪਣੀ ਪਟੀਸ਼ਨ 'ਚ ਅਪੀਲ ਕੀਤੀ ਸੀ ਕਿ ਉਹਨਾਂ ਨੂੰ ਮੌਜੂਦਾ ਸਰਕਾਰ ਵਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਖਿਲਾਫ ਹੋਰ ਵੀ ਮਾਮਲੇ ਦਰਜ ਕੀਤੇ ਜਾਣਗੇ। ਉਹਨਾਂ ਆਪਣੇ ਖਿਲਾਫ ਪਹਿਲਾਂ ਤੋਂ ਦਰਜ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ
ਇਹ ਸਾਰੇ ਮਾਮਲੇ ਸਿਆਸਤ ਤੋਂ ਪ੍ਰੇਰਿਤ ਹਨ। ਬੈਂਚ ਨੇ ਆਪਣੇ ਫੈਸਲੇ 'ਚ ਸਪੱਸ਼ਟ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਤੌਰ 'ਤੇ ਜੋ ਵੀ ਫੈਸਲੇ ਲਏ, ਉਹਨਾਂ ਦੇ ਅਧਾਰ 'ਤੇ ਸਰਕਾਰ ਜੇਕਰ ਕੋਈ ਵੀ ਮਾਮਲਾ ਦਰਜ ਕਰਦੀ ਹੈ ਤਾਂ ਉਸ ਕੇਸ ਵਿਚ ਗ੍ਰਿਫਤਾਰੀ ਤੋਂ ਪਹਿਲਾਂ ਨੋਟਿਸ ਦੇਣਾ ਹੋਵੇਗਾ। ਬੈਂਚ ਨੇ ਕੋਈ ਸਮਾਂ ਨਿਰਧਾਰਤ ਨਹੀਂ ਕੀਤਾ।
|