|
ਵਿਭਿੰਨ ਰੰਗਾਂ ਦੀ ਧਰਤੀ
ਦਰਿਆ ਸਤਲੁਜ 'ਤੇ ਭਾਖੜਾ ਡੈਮ ਦੀ ਉਸਾਰੀ ਇਸ ਖੇਤਰ ਦੀ ਅਜਿਹੀ ਵਿਲੱਖਣਤਾ ਹੈ ਜਿਸ ਨੇ ਪੰਜਾਬ ਦੀ ਆਰਥਿਕ ਖੁਸ਼ਹਾਲੀ ਵਿਚ ਸਭ ਤੋਂ ਵੱਧ ਹਿੱਸਾ ਪਾਇਆ ਤੇ ਗੁਆਂਢੀ ਰਾਜਾਂ ਨੂੰ ਵੀ ਪਾਣੀ ਅਤੇ ਬਿਜਲੀ ਪ੍ਰਦਾਨ ਕਰਕੇ ਦਾਨੀ ਹੋਣ ਦਾ ਪ੍ਰਮਾਣ ਦਿੱਤਾ। ਇਹ ਦੁੱਖ ਦੀ ਗੱਲ ਹੈ ਕਿ ਇਸ ਖੇਤਰ ਦੇ ਲੋਕਾਂ ਦੀਆਂ ਕੁਰਬਾਨੀਆਂ ਦਾ ਸਹੀ ਮੁੱਲ ਨਹੀਂ ਪੈ ਸਕਿਆ ਅਤੇ ਨਾ ਹੀ ਇਥੋਂ ਦੇ ਲੋਕਾਂ ਦੀ ਆਰਥਿਕ ਮੰਦਹਾਲੀ ਨੂੰ ਦੂਰ ਕਰਨ ਲਈ ਕਿਸੇ ਸ਼ਕਤੀਸ਼ਾਲੀ ਰਾਜਸੀ ਨੇਤਾ ਦੀ ਲੋਕ ਪੱਖੀ ਅਗਵਾਈ ਨਸੀਬ ਹੋਈ। ਪੁਆਧ ਖੇਤਰ ਦੀ ਕਿਸਾਨੀ ਬਹੁਤ ਪਛੜ ਰਹੀ। ਮਾਰੂ ਖੇਤੀ ਹੋਣ ਕਾਰਨ ਬਹੁਤੀ ਉਪਯੋਗੀ ਨਾ ਬਣ ਸਕੀ। ਆਜ਼ਾਦੀ ਤੋਂ ਬਾਅਦ ਹਲਟਾਂ ਤੇ ਟਿਊਬਵੈੱਲਾਂ ਦੀ ਸਿੰਜਾਈ ਨਾਲ ਕਿਸਾਨ ਜੂਝਦੇ ਰਹੇ।
ਵਰਤਮਾਨ ਪੰਜਾਬ ਦੇ ਭਾਸ਼ਾਈ ਖਿੱਤੇ ਮਾਝਾ, ਦੁਆਬਾ, ਮਾਲਵਾ ਤੇ ਪੁਆਧ ਮੰਨੇ ਜਾਂਦੇ ਹਨ। ਪੁਆਧ ਜਾਂ ਪੁਆਤ ਬਾਰੇ ਜਾਨਣ ਲਈ ਕਈ ਸਰੋਤਾਂ ਤੋਂ ਜਾਣਕਾਰੀ ਮਿਲਦੀ ਹੈ। ਮਹਾਨਕੋਸ਼ ਅਨੁਸਾਰ ਪਹਾੜ ਦੇ ਪੈਰਾਂ ਪਾਸ ਦਾ ਦੇਸ਼, ਦਾਮਨੇ ਕੋਹ ਜਾਂ ਉਹ ਦੇਸ਼ ਜੋ ਖੂਹ ਦੇ ਪਾਣੀ ਨਾਲ ਸਿੰਜਿਆ ਜਾਵੇ ਭਾਵ ਜ਼ਿਲ੍ਹੇ ਅੰਬਾਲੇ ਦੇ ਆਸ ਪਾਸ ਦਾ ਦੇਸ਼। ਪ੍ਰੰਤੂ ਜੇਕਰ ਪੁਆਧ ਸ਼ਬਦ ਜੋ ਸੰਸਕ੍ਰਿਤ ਮੂਲ ਦਾ ਹੈ, ਉਸ ਦੇ ਅਰਥਾਂ ਦੀ ਗੱਲ ਕਰੀਏ ਤਾਂ ਪੂਰਬ-ਅਰਧ ਤੋਂ ਬਣਦਾ ਹੈ ਭਾਵ ਪੰਜਾਬ ਦੇ ਪੂਰਬ-ਅੱਧ ਦਾ ਖੇਤਰ। ਡਾ. ਬਨਾਰਸੀ ਦਾਸ ਜੈਨ ਵੀ ਪੁਆਧ ਸ਼ਬਦ ਨੂੰ ਪੂਰਬਾਰਧ ਦਾ ਰੂਪਾਂਤਰ
ਮੰਨਦਾ ਹੈ। ਇਸ ਖੋਜ ਅਨੁਸਾਰ ਪੁਆਧ ਦੇ ਖੇਤਰ 'ਚ ਅੰਬਾਲਾ, ਕਲਸੀਆ, ਨਾਲਾਗੜ੍ਹ, ਪਟਿਆਲਾ, ਜ਼ਿਲ੍ਹਾ ਲੁਧਿਆਣਾ ਦਾ ਪੂਰਬੀ ਭਾਗ ਅਤੇ ਜ਼ਿਲ੍ਹਾ ਸੰਗਰੂਰ ਦਾ ਕੁਝ ਇਲਾਕਾ ਸ਼ਾਮਲ ਹੈ। ਪ੍ਰੰਤੂ ਭਾਸ਼ਾ ਵਿਗਿਆਨੀ ਗਰੀਅਰਸਨ ਅਨੁਸਾਰ ਰੋਪੜ ਤੋਂ ਹਰੀਕੇ ਪੱਤਣ ਤੱਕ ਸਤਲੁਜ ਦਰਿਆ ਪੂਰਬੋਂ-ਪੱਛਮ ਨੂੰ ਵਗਦਾ ਹੈ। ਜ਼ਿਲ੍ਹਾ ਲੁਧਿਆਣਾ ਦਾ ਉਹ ਇਲਾਕਾ ਜੋ ਸਤਲੁਜ ਦੇ ਨਾਲ ਨਾਲ ਦੋਹੀਂ ਪਾਸੀ ਆਉਂਦਾ ਹੈ, ਪੁਆਧ ਵਿਚ ਸ਼ਾਮਲ ਹੈ। ਪੂਰਬ ਵਾਲੇ ਪਾਸੇ ਇਹ ਜ਼ਿਲ੍ਹਾ ਅੰਬਾਲਾ ਵਿਚ ਘੱਗਰ ਦਰਿਆ ਤੱਕ ਫੈਲਿਆ ਹੋਇਆ ਹੈ। ਘੱਗਰ ਤੋਂ ਪੂਰਬ ਵਾਲੇ ਪਾਸੇ ਹਰਿਆਣਵੀ ਬੋਲੀ ਦਾ ਰੰਗ ਹੈ ਅਤੇ ਦੱਖਣ ਵਿਚ ਪੁਆਧ ਦੇ ਇਲਾਕੇ 'ਚ ਪਟਿਆਲਾ, ਨਾਭਾ ਤੇ ਜੀਂਦ ਦੇ ਕੁਝ ਕੁਝ ਇਲਾਕੇ ਸ਼ਾਮਲ ਹਨ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਜ਼ਿਲ੍ਹਾ ਅੰਬਾਲਾ (ਹਰਿਆਣਾ ਬਣਨ ਤੋਂ ਪਹਿਲਾਂ) ਰੋਪੜ ਤੱਕ ਫੈਲਿਆ ਹੋਇਆ ਸੀ।
ਇਸ ਵੇਲੇ ਆਨੰਦਪੁਰ ਸਾਹਿਬ, ਰੋਪੜ, ਕੁਰਾਲੀ, ਮੋਰਿੰਡਾ, ਖਰੜ, ਮੁਹਾਲੀ, ਚੰਡੀਗੜ੍ਹ, ਪੰਚਕੂਲਾ, ਅੰਬਾਲਾ, ਰਾਜਪੁਰਾ, ਪਟਿਆਲਾ ਤੇ ਕੁਝ ਹਿੱਸਾ ਫਤਹਿਗੜ੍ਹ ਸਾਹਿਬ ਪੁਆਧ ਖੇਤਰ ਦੀ ਹੱਦਬੰਦੀ ਵਿਚ ਆਉਂਦੇ ਹਨ। ਸ਼ਿਵਾਲਿਕ ਦੀਆਂ ਪਹਾੜੀਆਂ ਦੀ ਥੱਲੜੀ ਪੱਟੀ ਪਿੰਜੌਰ ਤੋਂ ਨਾਲਾਗੜ੍ਹ ਪੁਆਧੀ ਭਾਸ਼ਾ ਦੀ ਰੰਗਣ ਵਾਲੀ ਮੰਨੀ ਜਾਂਦੀ ਹੈ। ਮੋਟੇ ਤੌਰ 'ਤੇ ਦਰਿਆ ਸਤਲੁਜ ਦੇ ਪੂਰਬੀ ਪਾਸੇ ਤੋਂ ਲੈ ਕੇ ਦਰਿਆ ਘੱਗਰ ਦੇ ਪੂਰਬ-ਪੱਛਮ ਤੱਕ ਫੈਲੇ ਵੱਡ ਆਕਾਰੀ ਭੂ-ਖੰਡ ਦੇ ਵਿਭਿੰਨ ਰੰਗਾਂ ਦੀ ਧਰਤੀ ਪੁਆਧ ਅਖਵਾਉਂਦੀ ਹੈ। ਇਥੋਂ ਦੇ ਰਹਿਣ ਵਾਲਿਆਂ ਨੂੰ ਪੁਆਧੀਏ ਜਾਂ ਪੁਆਧੜੀਏ ਕਿਹਾ ਜਾਂਦਾ ਹੈ। ਅੱਗੋਂ ਪੁਆਧੀ ਦੀਆਂ ਵੀ ਕਈ ਉਪ ਬੋਲੀਆਂ ਦੇ ਰੰਗ ਮਿਲਦੇ ਹਨ। ਪੁਰਾਣੀ ਕਹਾਵਤ ਹੈ ਕਿ ਦਸ ਕੋਹ 'ਤੇ ਬੋਲੀ ਬਦਲ ਜਾਂਦੀ ਹੈ। ਇੱਥੇ ਸਾਨੂੰ ਇਹ ਗੱਲ ਧਿਆਨ 'ਚ ਰੱਖਣੀ ਪਵੇਗੀ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਾਉਣ ਲਈ ਨਵੀਂ ਵਸੋਂ ਵਸਣ ਕਾਰਨ ਇਸ ਖੇਤਰ ਦੀ ਭਾਸ਼ਾ ਵਿਚ ਸਭ ਤੋਂ ਵੱਧ ਮਿਲਭੋਗਾ ਹੋਣਾ ਸੁਭਾਵਕ ਸੀ। ਪੰਚਕੂਲਾ ਤੇ ਐਸ ਏ ਐਸ ਨਗਰ (ਮੁਹਾਲੀ) ਦੀ ਨਵ ਉਸਾਰੀ ਕਾਰਨ ਇੱਥੋਂ ਦੀ ਬੋਲੀ (ਭਾਸ਼ਾ) ਪੁਆਧੀ ਵਿਚ ਦੂਜੀਆਂ ਉਪ-ਭਾਸ਼ਾਵਾਂ ਰਲਗੱਡ ਹੋ ਰਹੀਆਂ ਹਨ। ਪੁਆਧੀ ਭਾਸ਼ਾ ਦੀ ਹੋਂਦ ਬਰਕਰਾਰ ਤਦੇ ਰਹਿ ਸਕੇਗੀ ਜੇਕਰ ਇਥੋਂ ਦੇ ਸਭਿਆਚਾਰ ਤੇ ਵਿਰਸੇ ਨੂੰ ਸੰਭਾਲਿਆ ਜਾਵੇ।
ਇਤਿਹਾਸਕ ਪੱਖੋਂ ਇਸ ਖੇਤਰ ਦੀ ਮਹਾਨਤਾ ਜੰਗਾਂ-ਯੁੱਧਾਂ ਦੀ ਧਰਤੀ ਕਰ ਕੇ ਵੀ ਹੈ। ਇਸ ਧਰਤੀ ਨੇ ਹੀ ਮੁਗਲ ਬਾਦਸ਼ਾਹ ਔਰੰਗਜ਼ੇਬ ਨਾਲ ਟੱਕਰ ਲੈਣ ਦੀ ਜ਼ੁਰਅਤ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਨੇ 1699 ਈਸਵੀ ਨੂੰ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਜੂਝਣ ਦਾ ਇਤਿਹਾਸ ਰਚਿਆ ਤੇ ਸ੍ਰੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਹਿੰਦ ਦੀ ਚਾਦਰ ਬਣੀ। ਚਮਕੌਰ ਸਾਹਿਬ ਦੀ ਅਦੁੱਤੀ ਤੇ ਅਸੰਤੁਲਿਤ ਜੰਗ ਨੇ ਦਿੱਲੀ ਦੇ ਤਖਤ ਦਾ ਸਾਹਮਣਾ ਕੀਤਾ। ਦਸਮ ਗੁਰੂ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੇ ਸਿੱਖ ਇਤਿਹਾਸ ਦੀਆਂ ਨੀਹਾਂ ਪੱਕੀਆਂ ਕੀਤੀਆਂ ਅਤੇ ਸੂਬਾ ਸਰਹਿੰਦ ਦੇ ਵਜ਼ੀਰ ਖਾਂ ਨੂੰ ਸਬਕ ਸਿਖਾਉਣ ਲਈ ਖਰੜ ਨੇੜੇ ਚੱਪੜਚਿੜੀ ਦੇ ਮੈਦਾਨ ਵਿਚ 12 ਮਈ, 1710 ਨੂੰ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਨੂੰ ਜਥੇਬੰਦ ਕਰਕੇ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਸਰਹਿੰਦ ਦੀ ਇੱਟ ਇੱਟ ਕਰਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ।
ਇਤਿਹਾਸ ਦੇ ਪੰਨੇ ਗਵਾਹ ਹਨ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨੇ ਦਰਿਆ ਸਤਲੁਜ ਦੇ ਪੂਰਬੀ ਕੰਢੇ ਇਕ ਪਿੱਪਲ ਥੱਲੇ ਬੈਠ ਕੇ 31 ਅਕਤੂਬਰ, 1831 ਨੂੰ ਸੰਧੀ ਕੀਤੀ ਤੇ ਅੰਗਰੇਜ਼-ਹਕੂਮਤ ਸਤਲੁਜ ਤੋਂ ਅੱਗੇ ਨਾ ਟੱਪਣ ਲਈ ਵਚਨਬੱਧ ਹੋਈ। ਦੇਸ਼ ਦੀ ਆਜ਼ਾਦੀ ਲਈ ਗਦਰ ਪਾਰਟੀ ਦੇ ਸਿਰਕੱਢ ਕਾਰਕੁਨ ਕਾਂਸ਼ੀ ਰਾਮ ਦੀ ਸ਼ਹੀਦੀ ਇਸ ਖੇਤਰ ਦਾ ਸਿਰ ਉੱਚਾ ਕਰਦੀ ਹੈ, ਜਿਸ ਦਾ ਜੱਦੀ ਪਿੰਡ ਮੜੌਲੀ ਕਲਾਂ (ਨਜ਼ਦੀਕ ਮੋਰਿੰਡਾ) ਸੀ। ਆਜ਼ਾਦ ਭਾਰਤ ਦਾ ਪਹਿਲਾ ਰੱਖਿਆ ਮੰਤਰੀ ਸ. ਬਲਦੇਵ ਸਿੰਘ ਦੁੱਮਣਾ (ਨੇੜੇ ਚਮਕੌਰ ਸਾਹਿਬ) ਦਾ ਸੀ ਜਿਸ ਦੇ ਪਿਤਾ ਨੇ ਪੁਆਧ ਖੇਤਰ ਵਿਚ ਸਿੱਖਿਆ ਦੇ ਪਾਸਾਰ ਲਈ ਖਰੜ, ਸੁਹਾਣਾ (ਲੰਬਿਆਂ ਸਾਹਿਬ), ਕੁਰਾਲੀ, ਚਮਕੌਰ ਤੇ ਰੋਪੜ ਥਾਵਾਂ 'ਤੇ ਖਾਲਸਾ ਸਕੂਲਾਂ ਦੀ ਸਥਾਪਨਾ ਕਰਕੇ ਜਸ ਖੱਟਿਆ। ਰਾਜਸੀ ਨੇਤਾਵਾਂ ਵਿਚ ਸ. ਸ਼ਮਸ਼ੇਰ ਸਿੰਘ ਜੋਸ਼, ਸ੍ਰੀ ਪ੍ਰਿਥੀ ਸਿੰਘ ਆਜ਼ਾਦ, ਸ. ਬਚਿੱਤਰ ਸਿੰਘ, ਸ੍ਰੀ ਰਾਜਾ ਸਿੰਘ ਆਦਿ ਦੇ ਨਾਂ ਜ਼ਿਕਰਯੋਗ ਹਨ।
ਪੰਜਾਬੀ ਸਾਹਿਤ ਦੇ ਖੇਤਰ ਵਿਚ ਗਿਆਨੀ ਦਿੱਤ ਸਿੰਘ (ਨੰਦਪੁਰ ਕਲੌੜ), ਸ੍ਰੀ ਗੁਰਬਖਸ਼ ਸਿੰਘ ਕੇਸਰੀ (ਹਸਨਪੁਰ), ਸ੍ਰੀ ਬ੍ਰਿਜ ਲਾਲ ਸ਼ਾਸਤਰੀ (ਰੋਪੜ), ਸ੍ਰੀ ਨੌਰੰਗ ਸਿੰਘ (ਸੁਆੜਾ), ਡਾ. ਮਹਿੰਦਰ ਸਿੰਘ ਰੰਧਾਵਾ (ਖਰੜ), ਸ੍ਰੀ ਨਵਤੇਜ ਪੁਆਧੀ, ਸੋਹਨ ਸਿੰਘ ਹੰਸ (ਜ਼ੀਰਕਪੁਰ), ਡਾ. ਬਲਬੀਰ ਸਿੰਘ ਸੰਧੂ, ਡਾ. ਕੇਸਰ ਸਿੰਘ ਕੇਸਰ ਆਦਿ ਨੂੰ ਭੁਲਾਇਆ ਨਹੀਂ ਜਾ ਸਕਦਾ।
ਇਸ ਖੇਤਰ ਦਾ ਲੋਕ ਪ੍ਰਿਯ ਅਖਾੜਾ ਗਾਇਕ ਤੇ ਕਿੱਸਾਕਾਰ ਭਗਤ ਆਸਾ ਰਾਮ ਸੁਹਾਣਾ ਬਹੁਤ ਹੀ ਚਰਚਿਤ ਨਾਂ ਹੈ, ਜਿਸ ਦੀ ਗੌਣ ਪਰੰਪਰਾ ਨੂੰ ਰੱਬੀ ਬੈਰੋਂਪੁਰੀ, ਕਾਕਾ ਕਜਹੇੜੀ, ਨਛੱਤਰ ਸਿੰਘ ਸੋਹਾਣਾ, ਕੇਸਰ ਸਿੰਘ ਸੁਹਾਣਾ ਅਤੇ ਜਥੇਦਾਰ ਗੁਰਦੇਵ ਸਿੰਘ ਕੁੰਭੜਾ ਨੇ ਬਰਕਰਾਰ ਰੱਖਿਆ ਹੋਇਆ ਹੈ। ਸਭ ਤੋਂ ਲੰਬੀ ਹੇਕ ਦੇ ਗਾਇਕ ਮਰਹੂਮ ਸੁਰਜੀਤ ਬਿੰਦਰਖੀਆ ਨੇ ਲੋਕ ਦਿਲਾਂ 'ਤੇ ਰਾਜ ਕਰਕੇ ਸੰਸਾਰ ਭਰ ਵਿਚ ਮਹਿਮਾ ਖੱਟੀ ਤੇ ਆਪਣੇ ਪਿੰਡ ਬਿੰਦਰਖ ਦਾ ਨਾਮ ਉੱਚਾ ਕੀਤਾ।
ਦਰਿਆ ਸਤਲੁਜ 'ਤੇ ਭਾਖੜਾ ਡੈਮ ਦੀ ਉਸਾਰੀ ਇਸ ਖੇਤਰ ਦੀ ਅਜਿਹੀ ਵਿਲੱਖਣਤਾ ਹੈ ਜਿਸ ਨੇ ਪੰਜਾਬ ਦੀ ਆਰਥਿਕ ਖੁਸ਼ਹਾਲੀ ਵਿਚ ਸਭ ਤੋਂ ਵੱਧ ਹਿੱਸਾ ਪਾਇਆ ਤੇ ਗੁਆਂਢੀ ਰਾਜਾਂ ਨੂੰ ਵੀ ਪਾਣੀ ਅਤੇ ਬਿਜਲੀ ਪ੍ਰਦਾਨ ਕਰਕੇ ਦਾਨੀ ਹੋਣ ਦਾ ਪ੍ਰਮਾਣ ਦਿੱਤਾ। ਇਹ ਦੁੱਖ ਦੀ ਗੱਲ ਹੈ ਕਿ ਇਸ ਖੇਤਰ ਦੇ ਲੋਕਾਂ ਦੀਆਂ ਕੁਰਬਾਨੀਆਂ ਦਾ ਸਹੀ ਮੁੱਲ ਨਹੀਂ ਪੈ ਸਕਿਆ ਅਤੇ ਨਾ ਹੀ ਇਥੋਂ ਦੇ ਲੋਕਾਂ ਦੀ ਆਰਥਿਕ ਮੰਦਹਾਲੀ ਨੂੰ ਦੂਰ ਕਰਨ ਲਈ ਕਿਸੇ ਸ਼ਕਤੀਸ਼ਾਲੀ ਰਾਜਸੀ ਨੇਤਾ ਦੀ ਲੋਕ ਪੱਖੀ ਅਗਵਾਈ ਨਸੀਬ ਹੋਈ।
ਪੁਆਧ ਖੇਤਰ ਦੀ ਕਿਸਾਨੀ ਬਹੁਤ ਪਛੜ ਰਹੀ। ਮਾਰੂ ਖੇਤੀ ਹੋਣ ਕਾਰਨ ਬਹੁਤੀ ਉਪਯੋਗੀ ਨਾ ਬਣ ਸਕੀ। ਆਜ਼ਾਦੀ ਤੋਂ ਬਾਅਦ ਹਲਟਾਂ ਤੇ ਟਿਊਬਵੈੱਲਾਂ ਦੀ ਸਿੰਜਾਈ ਨਾਲ ਕਿਸਾਨ ਜੂਝਦੇ ਰਹੇ। ਮੁੱਖ ਫਸਲਾਂ ਕਣਕ, ਝੋਨਾ, ਮੱਕੀ, ਛੋਲੇ, ਇੱਖ, ਮਹਾਂ, ਸਰ੍ਹੋਂ, ਤਾਰਾਮੀਰਾ ਤੇ ਚਰੀ ਹੁੰਦੀਆਂ ਸਨ। ਇਥੋਂ ਦੀ ਰਮਣੀਕ ਪਹਾੜੀ ਪੱਟੀ ਸੁੰਦਰ ਨਜ਼ਾਰਿਆਂ ਵਾਲੀ ਹੁੰਦੀ ਸੀ। ਅੰਬ, ਜਾਮਣ, ਜਮੋਏ, ਟਾਹਲੀ, ਕਿੱਕਰ, ਢੱਕ, ਪਿੱਪਲ, ਬੋਹੜ ਤੇ ਨਿੰਮ ਦੇ ਰੁੱਖ ਇਥੋਂ ਦੇ ਸਭਿਆਚਾਰਕ ਜੀਵਨ ਦੇ ਅੰਗ-ਸੰਗ ਰਹੇ ਹਨ। ਇਕ ਕਾਵਿ ਟੁਕੜੀ ਸੁਣੋ:
ਸਾਵੇ ਰਹਿਣ ਅੰਬ, ਪਿੱਪਲ, ਬੋਹੜ, ਨਿੰਮਾਂ, ਬੇਰੀਆਂ, ਜਾਮਣਾਂ, ਜਮੋਏ, ਕਿੱਕਰ, ਢੱਕ, ਟਾਹਲੀ ਤੇਰੀਆਂ।
ਪੁਆਧ-ਖੇਤਰ ਵਿਚ ਸਭ ਤੋਂ ਵੱਧ ਕ੍ਰਾਂਤੀ ਤੇ ਤਬਦੀਲੀ 1950 ਦੇ ਨੇੜੇ ਤੇੜੇ ਹੋਣੀ ਸ਼ੁਰੂ ਹੋਈ ਜਦੋਂ ਇਸ ਖੇਤਰ ਦੇ 28 ਪਿੰਡ ਉਜਾੜ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਾਈ ਗਈ ਅਤੇ ਇਸ ਵੇਲੇ 22 ਪਿੰਡ ਯੂ.ਟੀ. ਚੰਡੀਗੜ੍ਹ ਵਿਚ ਸ਼ਾਮਲ ਕੀਤੇ ਗਏ ਜਿਨ੍ਹਾਂ ਦੀਆਂ ਜ਼ਮੀਨਾਂ ਤਾਂ ਕੌਡੀਆਂ ਦੇ ਭਾਅ ਸਰਕਾਰ ਨੇ ਲੈ ਲਈਆਂ ਤੇ ਪਿੰਡਾਂ ਨੂੰ ਨਰਕ ਭੋਗਣ ਲਈ ਮਜ਼ਬੂਰ ਕਰ ਦਿੱਤਾ ਗਿਆ। ਇਹ 22 ਪਿੰਡ ਆਪਣੀ ਮਾਂ ਬੋਲੀ ਪੰਜਾਬੀ ਅਤੇ ਸਭਿਆਚਾਰ ਤੋਂ ਵਾਂਝੇ ਸੰਤਾਪ ਭੋਗ ਰਹੇ ਹਨ। ਵਿਰਸਾ, ਸਭਿਆਚਾਰ ਤੇ ਇਤਿਹਾਸ ਉਥਲ ਪੁਥਲ ਦੀ ਲਪੇਟ ਵਿਚ ਬੇਬਸ ਜਾਪਦਾ ਹੈ। ਇਨ੍ਹਾਂ ਦੀ ਹੋਣੀ ਕੇਂਦਰੀ ਸਰਕਾਰ ਦੇ ਵਸ ਪਈ ਹੋਈ ਹੈ। ਆਜ਼ਾਦੀ ਤੋਂ ਬਾਅਦ ਘਰ ਉਜੜਨ ਦੀ ਪੀੜਾ ਸਭ ਤੋਂ ਵੱਧ ਪੁਆਧ ਖੇਤਰ ਹੰਢਾ ਰਿਹਾ ਹੈ। 'ਪਿੰਡ ਬਚਾਓ ਕਮੇਟੀ' ਦੇ ਸਰਬਰਾਹ (ਬਾਨੀ) ਜਥੇਦਾਰ ਅੰਗਰੇਜ਼ ਸਿੰਘ ਬਡਹੇੜੀ ਤੋਂ ਇਹ ਦਾਸਤਾਂ ਜ਼ੁਬਾਨੀ ਸੁਣੀ ਜਾ ਸਕਦੀ ਹੈ। ਬਾਹਰਲੀਆਂ ਬਹੁਕੌਮੀ ਕੰਪਨੀਆਂ ਦੀ ਭਰਮਾਰ ਨੇ ਖਰੜ ਤੋਂ ਬਨੂੜ ਦੇ ਆਲੇ ਦੁਆਲੇ ਆਪਣੇ ਵੱਖੋ ਵੱਖਰੇ ਅਦਾਰਿਆਂ ਨਾਲ ਮੂੰਹੋਂ ਮੂੰਹ ਇਮਾਰਤਾਂ ਦੀ ਉਸਾਰੀ ਨਾਲ ਹੈਰਾਨਕੁੰਨ ਤਬਦੀਲੀ ਦਾ ਦੌਰ ਵਿੱਢਿਆ ਹੋਇਆ ਹੈ। ਪਿੰਡ ਅਲੋਪ ਹੋ ਰਹੇ ਹਨ ਅਤੇ ਸ਼ਹਿਰੀਕਰਨ ਜ਼ੋਰਾਂ 'ਤੇ ਹੈ। ਵਿਸ਼ਵੀਕਰਨ ਦਾ ਤੇਜ਼ ਉਪਭੋਗਤਾਵਾਦ ਤੇ ਬਸਤੀਵਾਦ ਵਚਿੱਤਰ ਪੜਾਅ ਤੈਅ ਕਰ ਰਿਹਾ ਹੈ। ਕਿਸਾਨੀ ਖਤਮ ਹੋ ਰਹੀ ਹੈ।
ਇਸ ਖੇਤਰ ਦੀ ਹੋਂਦ ਤੇ ਵਿਭਿੰਨ-ਪਛਾਣ ਦੇ ਇਤਿਹਾਸ ਤੇ ਸਭਿਆਚਾਰ ਨੂੰ ਸੰਭਾਲਣਾ ਸਮੇਂ ਦੀ ਲੋੜ ਹੈ। ਹਨੇਰੀ ਵਾਂਗ ਆ ਰਹੀ ਤਬਦੀਲੀ ਨੂੰ ਰੋਕਿਆ ਨਹੀਂ ਜਾ ਸਕਦਾ। ਸਮੇਂ ਦੇ ਹਾਣੀ ਬਣਨ ਲਈ ਯਤਨ ਜੁਟਾਉਣੇ ਪੈਣਗੇ। ਵੰਨ ਸੁਵੰਨਤਾ ਦੀ ਸੰਭਾਲ ਕਰਨੀ ਪਵੇਗੀ। ਕਾਦਰ ਦੀ ਕੁਦਰਤ ਦੇ ਵਿਗਸਣ, ਮੌਲਣ, ਪ੍ਰਫੁਲਤ ਹੋਣ ਤੇ ਅੱਗੇ ਵਧਣ ਦਾ ਮੂਲ ਭੇਤ ਹੈ ਤੇ ਵੰਨ ਸੁਵੰਨਤਾ ਤੇ ਅਪਣੱਤ ਭਰੀ ਭਿੰਨਤਾ।
ਲੋੜ ਹੈ ਕਿ ਪੁਆਧ ਦੇ ਅਮੀਰ ਵਿਰਸੇ, ਵਿਲੱਖਣ ਸਭਿਆਚਾਰ ਅਤੇ ਪੰਜਾਬ ਪ੍ਰਤੀ ਦੇਣ ਨੂੰ ਉਜਾਗਰ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਨਸਲਾਂ ਆਪਣੇ ਪਿਛੋਕੜ 'ਤੇ ਗੌਰਵ ਤੇ ਮਾਣ ਮਹਿਸੂਸ ਕਰ ਸਕਣ। ਪੁਆਧ ਦੇ ਭਾਗ ਜਾਗਣ ਤੇ ਕੋਈ ਮੁਟਿਆਰ ਪੁਆਧ ਬਾਰੇ ਪਹਿਲਾਂ ਵਾਲਾ ਸ਼ਿਕਵਾ ਨਾ ਕਰ ਸਕੇ :
ਮਾਝੇ ਦੀ ਮੈਂ ਜੰਮੀ ਜਾਈ, ਚੰਦਰੇ ਪੁਆਧ ਵਿਆਹੀ
ਹੱਥ ਵਿਚ ਖੁਰਪਾ ਮੋਢੇ ਖੇਸੀ ਮੱਕੀ ਗੋਡਣ ਡਾਹੀ।
ਮਨਮੋਹਨ ਸਿੰਘ ਦਾਊਂ
ਪੁਆਧ ਦੇ ਪਿੰਡਾਂ ਲਈ ਸਰਾਪ ਬਣੀ ਸਤਲੁਜ-ਯਮੁਨਾ ਲਿੰਕ ਨਹਿਰ
ਸਤਲੁਜ-ਯਮੁਨਾ ਲਿੰਕ ਨਹਿਰ ਦਾ ਭਵਿੱਖ ਤਾਂ ਪਤਾ ਨਹੀਂ ਕੀ ਹੋਵੇਗਾ, ਪਰ ਇਸ ਦੇ ਬਣਨ ਕਾਰਨ ਦੋਵਾਂ ਸੂਬਿਆਂ ਦੇ ਅਨੇਕਾਂ ਪਿੰਡਾਂ ਨੂੰ ਬਰਸਾਤ ਦੇ ਦਿਨਾਂ ਵਿਚ ਨੁਕਸਾਨ ਝੱਲਣਾ ਪੈਂਦਾ ਹੈ। ਪੰਜਾਬ ਦੇ ਪੁਆਧ ਇਲਾਕੇ ਵਿਚੋਂ ਨਿਕਲੀ ਇਸ ਨਹਿਰ ਨੇ ਦੋਵਾਂ ਸੂਬਿਆਂ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਤੇ ਖ਼ਾਸ ਕਰਕੇ ਕਿਸਾਨਾਂ ਲਈ ਪ੍ਰੇਸ਼ਾਨੀਆਂ ਪੈਦਾ ਕੀਤੀਆਂ ਹਨ। ਸਤਲੁਜ-ਯਮੁਨਾ ਲਿੰਕ ਨਹਿਰ 212 ਕਿਲੋਮੀਟਰ ਲੰਮੀ ਹੈ ਤੇ ਇਸ ਦਾ ਜ਼ਿਆਦਾ ਹਿੱਸਾ 121 ਕਿਲੋਮੀਟਰ ਪੰਜਾਬ ਵਿਚ ਅਤੇ 91 ਕਿਲੋਮੀਟਰ ਹਰਿਆਣਾ ਵਿਚ ਹੈ। ਹਰਿਆਣਾ ਵਿਚ ਇਸ ਨਹਿਰ ਦੇ ਮੁੱਦੇ 'ਤੇ ਕਈ ਚੋਣਾਂ ਲੜੀਆਂ ਜਾ ਚੁੱਕੀਆਂ ਹਨ ਤੇ ਹਰੇਕ ਧਿਰ ਇਸ ਨਹਿਰ ਨੂੰ ਹਰਿਆਣਾ ਦੀ ਜੀਵਨ ਰੇਖਾ ਕਹਿ ਕੇ ਚੋਣ ਮੈਦਾਨ ਵਿਚ ਉਤਰਦੀ ਹੈ, ਪਰ ਪਿਛਲੀਆਂ ਦੋ-ਤਿੰਨ ਚੋਣਾਂ ਵਿਚ ਨਹਿਰ ਦਾ ਕੋਈ ਮੁੱਦਾ ਨਹੀਂ ਰਹਿ ਗਿਆ। ਸ਼ਾਇਦ ਲੋਕਾਂ ਨੇ ਨਹਿਰ ਦੇ ਮੁੱਦੇ 'ਤੇ ਹੁੰਗਾਰਾ ਭਰਨਾ ਹੀ ਬੰਦ ਕਰ ਦਿੱਤਾ ਹੈ। ਇਵੇਂ ਲੱਗਦਾ ਹੈ ਕਿ ਜਿਵੇਂ ਨਹਿਰ ਦੇ ਮੁੱਦੇ 'ਤੇ ਆਗੂਆਂ ਦੇ ਭਾਸ਼ਨ ਸੁਣ-ਸੁਣ ਕੇ ਲੋਕਾਂ ਦੇ ਕੰਨ ਪੱਕ ਗਏ ਹੋਣ। ਹਰਿਆਣਾ ਨੇ ਆਪਣੇ ਹਿੱਸੇ ਵਿਚ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ 1980 ਵਿਚ ਮੁਕੰਮਲ ਕਰ ਲਈ ਸੀ ਤੇ ਪੰਜਾਬ ਵਿਚ ਇਸ ਨਹਿਰ ਦੀ ਉਸਾਰੀ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 8 ਅਪ੍ਰੈਲ 1982 ਨੂੰ ਪੰਜਾਬ ਦੇ ਕਪੂਰੀ ਪਿੰਡ ਵਿਚ ਟੱਕ ਲਗਾ ਕੇ ਨੀਂਹ ਪੱਧਰ ਰੱਖਿਆ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਨਹਿਰ ਬਣਾਉਣ ਵਿਰੁੱਧ ਕਪੂਰੀ ਮੋਰਚਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਮੋਰਚੇ ਨੂੰ ਧਰਮ ਯੁੱਧ ਵਿਚ ਬਦਲ ਦਿੱਤਾ ਸੀ। ਇਸ ਦਾ ਮੁੱਖ ਕੇਂਦਰ ਅੰਮ੍ਰਿਤਸਰ ਨੂੰ ਬਣਾ ਦਿੱਤਾ ਸੀ। ਇਸ ਮੋਰਚੇ ਦੀ ਆਪਣੀ ਵੱਖਰੀ ਕਹਾਣੀ ਹੈ। ਇਸ ਨਹਿਰ ਦੀ ਉਸਾਰੀ 'ਤੇ 100 ਕਰੋੜ ਤੋਂ ਵੱਧ ਪੈਸਾ ਖਰਚ ਹੋ ਚੁੱਕਾ ਹੈ ਤੇ ਦਹਿਸ਼ਤਗਰਦੀ ਦੇ ਦੌਰ ਸਮੇਂ ਮਜ਼ਦੂਰਾਂ ਸਮੇਤ ਕਈਆਂ ਨੂੰ ਜਾਨਾਂ ਗੁਆਉਣੀਆਂ ਪਈਆਂ ਸਨ। ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਪੰਜਾਬ ਵਿਚ ਨਹਿਰ ਬਹੁਤ ਸਾਰੀਆਂ ਥਾਵਾਂ ਤੋਂ ਟੁੱਟ ਚੁੱਕੀ ਹੈ ਤੇ ਇਸ ਵਿਚ ਦੋ-ਢਾਈ ਦਹਾਕੇ ਪਹਿਲਾਂ ਉਗੇ ਪੌਦੇ ਵੱਡੇ-ਵੱਡੇ ਰੁੱਖਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਇਸ ਨਹਿਰ ਵਿਚ ਹਜ਼ਾਰਾਂ ਏਕੜ ਜ਼ਮੀਨ ਬਰਬਾਦ ਹੋ ਚੁੱਕੀ ਹੈ। ਤਤਕਾਲੀ ਪ੍ਰਧਾਨ ਮੰਤਰੀ ਨੇ ਜਿਸ ਥਾਂ 'ਤੇ ਟੱਕ ਲਗਾਇਆ ਸੀ, ਉਥੇ ਹੁਣ ਕੋਈ ਪੱਥਰ ਨਹੀਂ ਹੈ ਤੇ ਉਸ ਥਾਂ ਵਿਚ ਮੰਡੀ ਅਤੇ ਮੁੱਢਲਾ ਸਿਹਤ ਕੇਂਦਰ ਬਣ ਚੁੱਕਾ ਹੈ। ਪ੍ਰਧਾਨ ਮੰਤਰੀ ਦੀ ਫ਼ੇਰੀ ਕਰਕੇ ਨੇੜਲੇ ਪਿੰਡ ਦੇ ਫ਼ਾਰਮਾਸਿਸਟ ਤਿਲਕ ਰਾਮ ਦੀ ਦਸ ਦਿਨ ਲਈ ਕਪੂਰੀ ਪਿੰਡ ਵਿਚ ਡਿਊਟੀ ਲੱਗੀ ਸੀ, ਉਸ ਨੇ ਦੱਸਿਆ ਕਿ ਉਨ੍ਹਾਂ ਦਿਨਾਂ ਵਿਚ ਪਿੰਡ 'ਚ ਮੇਲੇ ਵਰਗਾ ਮਾਹੌਲ ਸੀ ਤੇ ਹਰ ਵੇਲੇ ਝੰਡੀ ਵਾਲੀਆਂ ਕਾਰਾਂ, ਗੱਡੀਆਂ ਦੀ ਘੂਕਰ ਸੁਣਾਈ ਦਿੰਦੀ ਸੀ। ਦਸ ਦਿਨ ਪਹਿਲਾਂ ਹੀ ਪਿੰਡ ਵਿਚ ਸੀ.ਆਰ.ਪੀ.ਐਫ਼. ਆ ਗਈ ਸੀ। ਦੂਜੇ ਪਾਸੇ ਅਕਾਲੀਆਂ ਨੇ ਨਹਿਰ ਬਣਾਉਣ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ। ਇਸੇ ਪਿੰਡ ਦੇ ਜੈ ਰਾਮ ਨੇ ਦੱਸਿਆ ਕਿ ਇੰਦਰਾ ਗਾਂਧੀ ਦੀ ਆਮਦ ਮੌਕੇ ਪਿੰਡ ਦੇ ਗੁਰਦੁਆਰੇ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀਆਂ ਔਰਤਾਂ ਨੇ ਪਟਾਕੇ ਚਲਾ ਕੇ ਨੀਂਹ-ਪੱਥਰ ਦਾ ਵਿਰੋਧ ਕੀਤਾ ਸੀ। ਜੇਕਰ ਅਕਾਲੀ ਵਿਰੋਧ ਨਾ ਕਰਦੇ ਤਾਂ ਪ੍ਰਧਾਨ ਮੰਤਰੀ ਨੇ ਇਸ ਇਲਾਕੇ ਵਿਚ ਕੋਈ ਕਾਰਖਾਨਾ, ਫ਼ੈਕਟਰੀ ਲਾਉਣ ਦਾ ਫ਼ੈਸਲਾ ਕਰ ਦੇਣਾ ਸੀ, ਜਿਸ ਨਾਲ ਪਿੰਡ ਦੀ ਕਿਸਮਤ ਬਦਲ ਜਾਣੀ ਸੀ। ਸਰਾਲਾ ਪਿੰਡ ਦੇ ਕਿਸਾਨ ਸ਼ੀਸ਼ਾ ਸਿੰਘ ਨੂੰ ਲਿੰਕ ਨਹਿਰ ਬਾਰੇ ਪੁੱਛੇ ਜਾਣ 'ਤੇ ਉਸ ਨੇ ਕਿਹਾ ਕਿ ਨਹਿਰ ਤਾਂ ਚਲਾਉਣੀ ਏ ਗੌਰਮਿੰਟਾਂ ਨੇ। ਜੇ ਇਸ ਵਿਚੋਂ ਪੰਜਾਬ ਨੂੰ ਪਾਣੀ ਨਹੀਂ ਮਿਲਣਾ ਤਾਂ ਇਸ ਨੂੰ ਚਲਾਉਣ ਦਾ ਕੀ ਫ਼ਾਇਦਾ। ਜ਼ਮੀਨ ਪੰਜਾਬ ਦੀ ਖ਼ਰਾਬ ਹੋਈ ਤੇ ਇਸ ਲਈ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਮਿਲਣਾ ਚਾਹੀਦਾ ਹੈ। ਉਸ ਨੇ ਦੱਸਿਆ ਕਿ ਇਸੇ ਪਿੰਡ ਨੇੜੇ ਬੀਬੀ ਰਜਿੰਦਰ ਕੌਰ ਭੱਠਲ ਨੇ ਪਿਛਲੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਲਿਫ਼ਟ ਸਕੀਮ ਰਾਹੀਂ 78 ਲੱਖ ਰੁਪਏ ਦੀ ਲਾਗਤ ਨਾਲ ਛੇ ਪਿੰਡਾਂ ਨੂੰ ਪਾਣੀ ਦੇਣ ਲਈ ਸਕੀਮ ਦਾ ਨੀਂਹ ਪੱਥਰ ਰੱਖਿਆ ਸੀ, ਪਰ ਉਹ ਸਕੀਮ ਅੱਜ ਤੱਕ ਸਿਰੇ ਨਹੀਂ ਚੜ੍ਹੀ। ਇਸ ਸਕੀਮ ਦੇ ਸਿਰੇ ਨਾ ਚੜ੍ਹਨ ਬਾਰੇ ਪਤਾ ਕੀਤੇ ਜਾਣ 'ਤੇ ਜਾਣਕਾਰੀ ਮਿਲੀ ਕਿ ਕੇਂਦਰੀ ਵਾਟਰ ਕਮਿਸ਼ਨ ਨੇ ਇਸ ਸਕੀਮ ਨੂੰ ਪ੍ਰਵਾਨਗੀ ਨਹੀਂ ਸੀ ਦਿੱਤੀ। ਲਿਫ਼ਟ ਸਕੀਮ ਲਈ ਨਰਵਾਣਾ ਨਹਿਰ ਵਿਚੋਂ ਪਾਣੀ ਲਿਆ ਜਾਣਾ ਸੀ, ਪਰ ਦੋਵਾਂ ਰਾਜਾਂ ਵਿਚਾਲੇ ਪਾਣੀਆਂ ਦੀ ਵੰਡ ਨੂੰ ਲੈ ਕੇ ਪਹਿਲਾਂ ਹੀ ਵਿਵਾਦ ਚੱਲ ਰਿਹਾ ਹੈ ਤੇ ਇਸ ਕਰਕੇ ਹੀ ਇਹ ਸਕੀਮ ਸਿਰੇ ਨਹੀਂ ਚੜ੍ਹੀ।
ਸਤਲੁਜ-ਯਮੁਨਾ ਲਿੰਕ ਨਹਿਰ ਨਰਵਾਣਾ ਨਹਿਰ ਦੇ ਲਗਭਗ ਸਮਾਨਅੰਤਰ ਚੱਲਦੀ ਹੈ ਤੇ ਜਦੋਂ ਇਕੱਲੀ ਨਰਵਾਣਾ ਨਹਿਰ ਸੀ ਤਾਂ ਮੀਂਹ ਦਾ ਪਾਣੀ ਨਰਵਾਣਾ ਨਹਿਰ ਦੇ ਸਾਈਫ਼ਨਾਂ ਵਿਚ ਆਸਾਨੀ ਨਾਲ ਲੰਘ ਜਾਂਦਾ ਸੀ, ਪਰ ਸਤਲੁਜ-ਯਮੁਨਾ ਨਹਿਰ ਦੇ ਬਣਨ ਤੋਂ ਬਾਅਦ ਕਾਫ਼ੀ ਇਲਾਕੇ ਵਿਚ ਮੀਂਹ ਦਾ ਪਾਣੀ ਇਸ ਨਹਿਰ ਵਿਚ ਆ ਜਾਂਦਾ ਹੈ ਤੇ ਇਸ ਕਰਕੇ ਬਰਸਾਤ ਦੇ ਮੌਸਮ ਵਿਚ ਪੰਜਾਬ ਦੇ ਘਨੌਰ ਵਿਧਾਨ ਸਭਾ ਹਲਕੇ ਦੇ ਲੋਹ ਸਿੰਬਲੀ ਪੱਟੀ ਦੇ ਦੋ ਦਰਜਨ ਦੇ ਕਰੀਬ ਪਿੰਡ ਕਪੂਰੀ, ਕਮਾਲਪੁਰ, ਸਰਾਲਾਕਲਾਂ, ਪਹਾੜਪੁਰ, ਰਾਮਪੁਰ ਸੌਂਟਾ, ਮਾੜੀਆਂ, ਹਰਪਾਲਾਂ, ਝਾੜੂਆਂ, ਜਮੀਤਗੜ੍ਹ, ਜੰਬੋਮਾਜਰਾ ਆਦਿ ਪਾਣੀ ਵਿਚ ਘਿਰ ਜਾਂਦੇ ਹਨ। ਪਾਣੀ ਜ਼ਿਆਦਾ ਆਉਣ ਕਰਕੇ ਸਰਾਲਾ ਪਿੰਡ ਨੇੜੇ ਅਕਸਰ ਨਹਿਰ ਵਿਚ ਵੱਡੇ-ਵੱਡੇ ਪਾੜ ਪੈ ਜਾਂਦੇ ਹਨ ਤੇ ਇਸ ਕਰਕੇ ਮੀਂਹ ਦਾ ਪਾਣੀ ਹਰਿਆਣਾ ਦੇ ਇਸਮਾਇਲਪੁਰ, ਟੰਗੇੜੀਆ, ਕੁਰਬਾਨਪੁਰ, ਸੈਣੀਮਾਜਰਾ, ਚੋੜ ਮਸਤਪੁਰ ਆਦਿ ਪਿੰਡਾਂ ਵਿਚ ਕਾਫ਼ੀ ਤਬਾਹੀ ਮਚਾਉਂਦਾ ਹੈ ਤੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਮਾਰੀ ਜਾਂਦੀ ਹੈ। ਉਨ੍ਹਾਂ ਨੂੰ ਲਗਭਗ ਹਰ ਸਾਲ ਦੋ ਵਾਰ ਝੋਨੇ ਦੀ ਲੁਆਈ ਕਰਨੀ ਪੈਂਦੀ ਹੈ। ਇਸ ਪਿੰਡ ਦੇ ਗਰੈਜੂਏਟ ਨੌਜਵਾਨ ਕੁਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਇਹ ਨਹਿਰ ਬਣਨ ਤੋਂ ਬਾਅਦ ਮੀਂਹ ਦੇ ਪਾਣੀ ਨਾਲ ਨੁਕਸਾਨ ਜ਼ਿਆਦਾ ਹੋਣ ਲੱਗ ਪਿਆ ਹੈ ਤੇ ਜੇ ਨਹਿਰ ਚੱਲ ਪਏ ਤਾਂ ਨੁਕਸਾਨ ਦੀ ਕੁਝ ਪੂਰਤੀ ਹੋ ਸਕਦੀ ਹੈ।
ਇਸ ਨਹਿਰ ਦਾ ਨੁਕਸਾਨ ਹੀ ਨੁਕਸਾਨ ਹੈ ਜਾਂ ਕੋਈ ਫ਼ਾਇਦਾ ਵੀ ਹੈ? ਹਰਿਆਣਾ ਦੇ ਕੁਝ ਹਿੱਸੇ ਨੂੰ ਇਸ ਨਹਿਰ ਦੇ ਬਣਨ ਨਾਲ ਜ਼ਰੂਰ ਫ਼ਾਇਦਾ ਪੁੱਜਾ ਹੈ। ਹਰਿਆਣਾ ਸਰਕਾਰ ਨੇ ਪੰਜਾਬ ਦੀ ਹੱਦ ਨਾਲ ਲੱਗਦੇ ਇਸਮਾਇਲਪੁਰ ਪਿੰਡ ਨੇੜੇ ਮਲੌਰ ਬੁਰਜੀ ਵਿਖੇ ਨਰਵਾਣਾ ਨਹਿਰ ਦੇ ਪਾਣੀ ਦਾ ਇਕ ਹਿੱਸਾ ਸਤਲੁਜ-ਯਮੁਨਾ ਲਿੰਕ ਨਹਿਰ ਵਿਚ ਸੁੱਟ ਕੇ ਆਪਣੇ ਇਲਾਕੇ ਵਿਚ ਨਹਿਰ ਚਲਦੀ ਕਰ ਲਈ ਹੈ। ਇਸ ਦਾ ਪਾਣੀ ਕੁਰੂਕਸ਼ੇਤਰ ਤੱਕ ਜਾਂਦਾ ਹੈ ਤੇ ਇਸਮਾਇਲਪੁਰ ਪਿੰਡ ਨੇੜਿਓਂ ਇਸ ਵਿਚੋਂ ਕੋਲ ਮਾਈਨਰ (ਛੋਟੀ ਨਹਿਰ) ਕੱਢੀ ਗਈ ਹੈ ਤੇ ਇਸ ਰਾਹੀਂ ਅੰਬਾਲਾ ਛਾਉਣੀ ਤੇ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ।
ਇਸ ਨਹਿਰ ਕਰਕੇ ਪੰਜਾਬ ਦੇ ਕਈ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਪੰਜਾਬ ਦੇ ਕੁਝ ਪਿੰਡਾਂ ਸਰਾਲਾ, ਲਾਛੜੂ ਆਦਿ ਦੇ ਕਿਸਾਨ ਨਹਿਰ ਵਿਚ ਖੜ੍ਹੇ ਪਾਣੀ ਦੀ ਵਰਤੋਂ ਖੇਤੀ ਲਈ ਕਰਨ ਲੱਗ ਪਏ ਹਨ। ਉਨ੍ਹਾਂ ਨੇ ਨਹਿਰ ਦੇ ਕਿਨਾਰੇ ਉਤੇ ਇੰਜਣ ਲਾ ਲਏ ਹਨ। ਨਹਿਰ ਵਿਚੋਂ ਸੇਮ ਅਤੇ ਬਰਸਾਤ ਦਾ ਜਮ੍ਹਾਂ ਹੋਇਆ ਪਾਣੀ ਕੱਢ ਕੇ ਸਿੰਚਾਈ ਕਰਦੇ ਹਨ। ਇਸ ਸਬੰਧ ਵਿਚ ਕਿਸਾਨ ਰਾਮ ਪਾਲ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਨਹਿਰ ਵਿਚ ਖੜ੍ਹਾ ਪਾਣੀ ਖੇਤੀ ਲਈ ਜ਼ਿਆਦਾ ਵਧੀਆ ਹੈ ਤੇ ਇਸ ਨੂੰ ਕੱਢਣ 'ਤੇ ਖਰਚ ਘੱਟ ਆਉਂਦਾ ਹੈ। ਇਸ ਕਰਕੇ ਨਹਿਰ ਦਾ ਕੁਝ ਫ਼ਾਇਦਾ ਤਾਂ ਹੈ।
ਪੁਆਧੀ ਛੋਕਰੇ ਕਾ ਮਲਵੈਣ ਕੁੜੀ ਗੈਲ ਵਿਆਹ
ਕਾਲਜ ਮਾਂ ਪੜ੍ਹਦੇ ਉਹ ਪੱਕੇ ਆੜੀ ਬਣਗੇ। ਕਾਲਜ ਕੀ ਪੜ੍ਹਾਈ ਖ਼ਤਮ ਕਰਕੇ ਨੌਕਰੀਆਂ ਲੱਗਗੇ। ਇਸੀ ਟੈਮ ਮਾ ਉਹ ਰਿਸ਼ਤੇਦਾਰਾਂ ਮਾ ਬਦਲਗੇ। ਮਲਵਈ ਛੋਕਰੇ ਕਾ ਪੁਆਧੀ ਕੇ ਘਰਾਂ ਗੌਂ (ਗਾਉਂ) ਪਹਿਲਾਂ ਆਣ-ਜਾਣ ਹੋਣ ਕਰਕੇ ਉਸ ਨੇ ਆਪਣੇ ਘਰਦਿਆਂ ਨੂੰ ਆਪਣੀ ਭੈਣ ਕਾ ਰਿਸ਼ਤਾ ਬੈਦਵਾਣਾਂ ਕੇ ਇਕ ਗੌਂ ਮਾ ਕਰ ਦਿਆ। ਜਦ ਵਿਆਹ ਕੀ ਤਰੀਕ ਪੱਕੀ ਕਰਨੀ ਤੀ ਤਾਂ ਕੁੜੀ ਕਾ ਭਾਈ ਛੋਕਰੇ ਕੇ ਗੌਂ ਮਾਂ ਆਇਆ। ਚਾਹ ਪਾਣੀ ਪੀ ਕੇ ਉਹ ਬਾਹਰ ਅੰਬਾਂ ਕੇ ਬਾਗ਼ ਮਾ ਬਾਬਿਆਂ ਕੋਲ ਜਾ ਬੈਠੇ।
''ਆ ਬਈ...। ਹੋਰ ਥਾਰੇ ਬਾਪੂ ਚਾਚੇ ਉਨਕਾ ਕਿਆ ਹਾਲ ਐ? ਫ਼ਸਲ ਬਾੜੀ ਠੀਕ ਐ।'' ਬਾਬੇ ਉਸ ਤੋਂ ਪੁੱਛਿਆ ਨਾਲੇ ਸਿਰ 'ਤੇ ਪਿਆਰ ਦਿਆ।
''ਬਾਬਾ ਜੀ ਸਭ ਠੀਕ ਐ।'' ਮਲਵਈ ਛੋਕਰਾ ਬੋਲਿਆ।
ਕੁਝ ਦੇਰ ਰਸਮੀ ਗੱਲਾਂ-ਬਾਤਾਂ ਹੋਈਆਂ। ਫ਼ੇਰ ਅਸਲੀ ਬਾਤ ਪੁੱਛੀ।
''ਬਾਬਾ ਜੀ ਵਿਆਹ ਕਦੋਂ ਕਰੀਏ?''
''ਮਾਰ੍ਹਾ ਵਿਚਾਰ ਤਾ ਠੰਢ ਮਾ ਤਾ ਸਾਊ'' ਬਾਬੇ ਨੇ ਜੁਆਬ ਦਿਆ। ਉਨ੍ਹਾਂ ਹਿਸਾਬ ਕਿਤਾਬ ਲਾ ਕੇ ਫ਼ਰਵਰੀ ਮਾ ਤਰੀਕ ਪੱਕੀ ਕਰ 'ਤੀ।
ਵਿਆਹੀ ਆਈ ਨਵੀਂ ਮਲਵੈਣ ਕੁੜੀ ਨੂੰ ਜਦੋਂ ਉਸ ਕੀ ਨਣਦ ਨੇ ਸਵੇਰੇ-ਸਵੇਰੇ ਚਾਹ ਕਾ ਭਰ ਕੇ ਗਲਾਸ ਫੜਾਇਆ ਤਾਂ ਮੂਹਰੇ 'ਤੇ ਵਿਆਂਹਦੜ ਬੋਲੀ, ''ਬਾਹਲੀ ਐ।''
ਪੁਆਧਣ ਨਣਦ ਚਾਹ ਕਾ ਗਲਾਸ ਮੋੜ ਕੇ ਝਲਿਆਨੀ (ਰਸੋਈ) ਮਾ ਚਲੀ ਗਈ। ਉਸ ਨੇ ਚਾਹ ਨੂੰ ਪਤੀਲੀ ਮਾ ਪਾਇਆ ਲੱਗਗੀ ਉਬਾਲਣ। ਪੰਦਰਾਂ ਮਿੰਟਾਂ ਬਾਅਦ ਉਸੀ ਚਾਹ ਨੂੰ ਉਸੀ ਗਲਾਸ ਮਾ ਪਾ ਕੇ ਮੁੜ ਭਾਬੀ ਨੂੰ ਜਾ ਫੜਾਈ। ਨਵੀਂ ਭਾਬੀ ਹੱਕੀ-ਬੱਕੀ। ਚਾਹ ਤਾਂ ਉਤਨੀ ਈ ਐ। ਪੁਆਧੀ ਲਾੜਾ ਸਭ ਕੁਝ ਦੇਖ ਰਿਹਾ 'ਤਾ। ਸਮੱਸਿਆ ਉਲਝਦੀ ਦੇਖ ਉਸ ਨੇ ਆਪਣੀ ਭੈਣ ਨੂੰ ਕਿਹਾ, ''ਸਾਊ ਚਾਹ ਬਹੁਤੀ ਹੈ। ਇਸ ਮਾ 'ਤੇ ਕੱਢ ਕੇ ਘੱਟ ਕਰਦੇ। ਯੌ ਮਾਲਵੇ ਮਾ ਬਹੁਤੀ ਚੀਜ਼ ਨੂੰ 'ਬਾਹਲੀ' ਕਹਾਂਗੇ।''
ਅੱਗੋਂ ਭੈਣ ਨੇ ਕਿਹਾ, ''ਬਾਈ ਮੈਂ ਤਾਂ ਸਮਝੀ ਕਿਤੇ ਭਾਬੀ ਨੇ ਕਿਹਾ ਚਾਹ ਬਾਲਣੀ ਹੈ। ਮੈਂ ਤਾਂ ਪਤੀਲੀ ਮਾ ਕੇ ਇਸ ਨੂੰ ਦੇ ਦੀਆਂ ਦਸ ਉਬਾਲੀਆਂ।''
ਇਸੀ ਤਰ੍ਹਾਂ ਦੋ-ਤਿੰਨ ਦਿਨ ਬਾਅਦ ਜਦ ਨਵੀਂ ਬਹੂ ਤਿਆਰ ਹੋਣ ਲੱਗੀ ਉਸ ਨੇ ਆਪਣੀ ਨਣਦ ਨੂੰ ਕਿਹਾ, ''ਭੈਣ ਪਰਲੀ ਸਭਾਤ ਵਿਚੋਂ ਕਰੇਲਾ ਤਾਂ ਲਿਆਈ।''
ਭੈਣ-ਭਾਬੀ ਦਾ ਕਰਿਆ ਇਸ਼ਾਰਾ ਸਮਝ ਕੇ ਦੂਜੇ ਦਲਾਨ ਵਿਚ ਗਈ। ਉਥੇ ਇਧਰ-ਉਧਰ ਦੇਖੇ। ਕਾਫ਼ੀ ਚਿਰ ਬਾਅਦ ਕਰੇਲਾ ਟੋਲ੍ਹਦੀ ਰਹੀ। ਉਸ ਨੇ ਆਪਣੀ ਛੋਟੀ ਭਾਬੀ ਜਿਹੜੀ ਪੁਆਧਣ 'ਤੀ ਉਸ ਨੂੰ ਬਾਤ ਕਹੀ, ''ਏ ਭਾਬੀ ਬੜੀ ਭਾਬੀ ਕਰੇਲਾ ਮੰਗਾ। ਉਹ ਕਾਸ ਨੂੰ ਕਰੇਲਾ ਕਹਾ।''
ਛੋਟੀ ਭਾਬੀ ਨੇ ਨਣਦ ਨੂੰ ਪੁੱਛਿਆ, ''ਉਹ ਕਿਆ ਕਰ ਰਹੀ ਐ?
ਨਣਦ ਨੇ ਜੁਆਬ ਦਿਆ, ''ਸਿਰ ਬਾਹ ਲਿਆ ਤਿਆਰ ਹੋ ਰਹੀ ਐ।''
''ਅੱਛਾ! ਭੈਣ ਕਰ ਤੌਂ ਉਸ ਕਾ ਯੌ ਛੋਟਾ ਟਰੰਕ ਜਾ ਲੈ ਜਾ ਉਸ ਪਾ। ਆਪੇ ਲੈ ਲੂ ਜੋ ਲੈਣਾ ਉਸ ਨੇ। ਮਾਰ੍ਹੀ ਸਮਝ ਮਾ ਨਾ ਆਵਾ ਹਾਲੀ ਉਸ ਦੀ ਹਮਕੋ-ਤਮਕੋ।'' ਛੋਟੀ ਭਾਬੀ ਕਾ ਕਿਹਾ ਮੰਨ ਕੇ ਨਣਦ ਬੜੀ ਭਾਬੀ ਦਾ ਛੋਟਾ ਟਰੰਕ (ਸੂਟਕੇਸ) ਚੱਕ ਕੇ ਲੈ ਗਈ।
'ਲੈ ਭਾਬੀ ਲੇ ਲੈ ਇਸ ਮਾ ਤੇ ਜੋ ਲੈਣਾ। ਮਿੰਨੂ ਨੀ ਮਿਲਿਆ ਕਰੇਲਾ-ਕਰੂਲਾ।' ਨਣਦ ਨੇ ਸੂਟਕੇਸ ਉਸ ਕੋਲ ਰੱਖ ਆਪ ਵੀ ਮੰਜੇ ਪਰ ਬੈਠ ਗਈ।
ਨਵੀਂ ਭਾਬੀ ਨੇ ਸੂਟਕੇਸ ਖੋਲ੍ਹਿਆ। ਉਸ ਮਾ ਤੇ ਸੁਰਮੇਦਾਨੀ ਕੱਢੀ। ਸੂਟਕੇਸ ਬੰਦ ਕਰਿਆ। ਨਾਲ ਕਿਹਾ, ''ਭੈਣ ਸਾਡੇ ਇਸ ਨੂੰ ਆਖਦੇ ਐ ਕਰੇਲਾ। '' ਨਣਦ, ਸੱਸ, ਦਰਾਣੀ, ਬੜੀ ਬੇਬੇ (ਦਾਦੀ) ਜਿਹੜੀਆਂ ਉਥੇ ਈ ਬੈਠੀਆਂ ਤੀਆਂ ਸਭ ਹੱਸ-ਹੱਸ ਕੇ ਲੋਟ-ਪੋਟ ਹੋ ਗਈਆਂ, ''ਮਾਰ੍ਹੇ ਤਾਂ ਇਸ ਨੂੰ ਸੁਰਮੇਦਾਨੀ ਕਹਾਂ ਬਾਈ। ਜੇ ਤੌਂ ਸੁਰਮਚੂ ਆਲੀ ਵੀ ਕਹਿ ਦੰਦੀ ਤਾਂ ਛੇਤੀ ਟੋਲ ਲੈਣੀ ਤੀ' ਨਣਦ ਨੇ ਜੁਆਬ ਦਿਆ।
ਦਾਦੀ ਅੰਮਾ ਨੇ ਕਿਹਾ, ''ਕੁੜੇ ਫ਼ੇਰ ਸੁਰਮੇਦਾਨੀ ਲਿਆ ਕਹਾਂ।''
''ਬੇ ਜੀ ਸਾਡੇ ਵੱਲ ਚਾਰ ਲੱਤਾਂ ਵਾਲੀ ਪਿੱਤਲ ਦੀ ਛੋਟੀ ਡੱਬੀ ਹੁੰਦੀ ਐ। ਉਸ ਨੂੰ ਆਂਹਦੇ ਨੇ ਸੁਰਮੇਦਾਨੀ''
ਨਵੀਂ ਬਹੂ ਦਾ ਜੁਆਬ ਤਾ।
''ਅੱਛਾ ਬਾਈ ਬੋਲੀ-ਬੋਲੀ ਮਾ ਫ਼ਰਕ ਐ। ਦਾਦੀ ਮਾਂ ਜੋ ਘਾੜ ਕੇ ਇਲਾਕੇ ਕੀ 'ਤੀ ਉਸ ਨੇ ਜੁਆਬ ਦਿਆ, ਕੋਈ ਨੀ ਪੁੱਤ ਬੋਲੀ ਤਾਂ ਚਾਰ ਕੋਹ ਬਾਅਦ ਬਦਲ ਜਾਂਦੀ ਐ। ਮੇਰੀ ਬੋਲੀ ਵੀ ਤੇਰੇ ਬਾਬੇ ਨਾਲ ਨ੍ਹੀਂ ਮਿਲਦੀ ਤੀ। ਮੈਂ ਵੀ ਪਹਿਲਾਂ-ਪਹਿਲਾਂ ਇਨਕੀ 'ਉਚਰੋ ਕੀ ਮੁਚਰੋ' ਸਮਝ ਨਹੀਂ ਸਕੇ ਤੀ।''
ਹਾਲੀ ਸੁਰਮੇਦਾਨੀ ਆਲਾ ਮਸਲਾ ਮੁੱਕਿਆ ਈ ਤਾਂ ਮਾਂਜੇ ਆਲਾ ਮੁੱਦਾ ਆਣ ਖੜ੍ਹਾ ਹੋਇਆ। ਹੋਇਆ ਇਸ ਤਰ੍ਹਾਂ ਦੁਪਹਿਰੇ ਕੇ ਬਾਅਦ ਗੌਂ ਮਾ ਤੇ ਲਾਗਣ ਆਈ। ਉਸ ਨੇ ਕਿਹਾ, 'ਏ ਬੜੀ ਲਾਣੇਦਾਰਨੀ। ਫ਼ਲਾਣੇ ਕੇ ਛੋਕਰੇ ਕੀ ਜੰਨ ਚੜ੍ਹਨੀ ਐ ਸਵੇਰ ਨੂੰ। ਨਾਲ ਥਮੇ ਕੱਪੜੇ ਦੇਖ ਆਇਓ ਨਾਲੇ ਮਾਂਜਾ ਦੇ ਆਇਓ।'
ਦਾਦੀ ਅੰਮਾ ਨੇ ਕਿਹਾ, ''ਕੁੜੇ ਕਿਰਪੀ ਚਾਹ ਤਾਂ ਪੀ ਜਾ।''
''ਨਾ ਲਾਣੇਦਾਰਨੀ ਹਾਲੀ ਤਾਂ ਕਈ ਘਰਾਂ ਮਾ ਕਹਿਣਾ। ਫ਼ੇਰ ਆਊਂਗੀ ਕਿਦਣੀਂ ਨਾਲੇ ਚਾਹ ਪਿਊਂਗੀ ਨਾਲੇ ਨਵੀਂ ਬਹੂ ਦੇਖ ਕੇ ਜਾਊਂਗੀ।'' ਲਾਗਣ ਤਾਂ ਇਤਨਾ ਕਹਿ ਕੇ ਚਲੀ ਗਈ। ਨਵੀਂ ਬਹੂ ਨੇ ਹੌਲੀ ਦੇ ਕੇ ਆਪਣੀ ਨਣਦ ਨੂੰ ਪੁੱਛਿਆ, ''ਭੈਣ ਇਧਰਲੇ ਪਾਸੇ ਜਿਸ ਦਾ ਵਿਆਹ ਹੁੰਦਾ ਹੈ ਉਨ੍ਹਾਂ ਦੇ ਕੱਪੜੇ ਦੇਖਦੇ ਗਏ ਝਾੜੂ ਵੀ ਦੇ ਕੇ ਆਉਂਦੇ ਐਂ।''
''ਨਹੀਂ ਭਾਬੀ, ਨਹੀਂ, ਝਾੜੂ ਨੀਂ ਦੇ ਕੇ ਆਂਦੇ। ਨਾਲੇ ਤਾਂ ਘਰਦਿਆਂ ਕੇ ਕੱਪੜੇ ਦੇਖ ਕੇ ਆਵਾਂ ਨਾਲੇ ਥਾਲ ਦਾਣਿਆਂ ਕਾ ਮਾਰ ਥੋੜ੍ਹੇ ਜੇ ਸ਼ਗਨ ਕੇ ਪੈਸੇ। ਇਸ ਨੂੰ ਮਾਰ੍ਹੇ ਮਾਂਜਾ ਕਹਾਂ।'' ਨਣਦ ਨੇ ਜੁਆਬ ਦਿਆ। ਨਾਲੇ ਪੁੱਛਿਆ, ''ਅੱਛਾ ਭਾਬੀ ਐਂ ਦੱਸ ਥਾਰੇ ਮਾਂਜਾ ਕਾਸ ਨੂੰ ਕਹਾਂ।''
''ਸਾਡੇ ਤਾਂ ਪਿੜਾਂ ਵਿਚ ਕਣਕ 'ਕੱਠੀ ਕਰਨ ਵਾਲੇ ਬੌਹਕਰ ਨੂੰ ਆਂਹਦੇ ਆਂ।'' ਭਾਬੀ ਨੇ ਜੁਆਬ ਦਿੱਤਾ ਨਾਲ ਵਿਹੜੇ ਕੇ ਇਕ ਕੋਨੇ ਮਾ ਪਏ ਝਾੜੂ ਵੱਲ ਇਸ਼ਾਰਾ ਕਰਕੇ ਕਿਹਾ,''ਉਹ ਪਿਆ ਐ ਬੌਹਕਰ।''
ਹੌਲੇ-ਹੌਲੇ ਸੱਸ, ਨਣਦ, ਦਾਦੀ ਮਾਂ ਅਤੇ ਦੋਵੇਂ ਨੂੰਹਾਂ ਆਪਸ ਵਿਚ ਬੋਲੀ ਦੀ ਸ਼ਬਦਾਵਲੀ ਤੇ ਅਰਥਾਂ ਨੂੰ ਸਮਝਣ ਲੱਗੀਆਂ। ਹੁਣ ਵੀ ਤੀਹ ਸਾਲਾਂ ਬਾਅਦ ਜਦੋਂ ਦੋਵੇਂ ਸਾਲਾ-ਭਣੌਈਆ ਕਿਧਰੇ ਪਰਿਵਾਰ ਸਮੇਤ ਇਕੱਠੇ ਹੁੰਦੇ ਹਨ ਤਾਂ ਮਜ਼ਾਕ ਸ਼ੁਰੂ। ''ਫ਼ੇਰ ਮਾਰ੍ਹਾ ਵਿਚਾਰ ਤਾਂ ਠੰਢਮਾ ਤਾ।''
-ਗੁਰਦੇਵ ਸਿੰਘ ਭੁੱਲਰ
ਦੇਖਿਆ ਸੁਣਿਆ ਪੁਆਧ
ਪੰਜਾਬ ਕੇ ਪੁਆਧੀ ਖਿੱਤੇ ਦੇ ਰਹਿਣ-ਸਹਿਣ ਮਾ ਪਿਛਲੇ ਚਾਲੀ-ਪੰਜਾਹ ਸਾਲਾਂ ਮਾ ਐਨੀ ਤਬਦੀਲੀ ਦੇਖਣੇ ਨੂੰ ਮਿਲੀ ਐ ਬਈ ਜਿਤਰਾਂ ਆਪਾਂ ਕੋਈ ਜਾਗਦੀਆਂ ਅੱਖਾਂ ਕਾ ਸੁਪਨਾ ਦੇਖਦੇ ਹੋਆਂ। ਪੁਆਧ ਕੇ ਅਤੀਤ ਦੀ ਬਾਤ ਕੱਚੇ ਰਸਤਿਆਂ ਅਰ ਕੱਚੇ ਕੋਠਿਆਂ ਮਾ ਰਹਿਣੇ ਆਲੇ ਪੱਕੇ ਦਿਲਾਂ ਅਰ ਨਰੋਏ ਜੁੱਸੇ ਆਲੇ ਪੁਰਖਿਆਂ ਕੇ ਕਾਰ-ਵਿਹਾਰ ਮਾ ਤੇ ਈ ਪੂਰੀ ਹੋ ਸਕੇਗੀ। ਬੰਦੇ ਕੀ ਕਹਾਣੀ ਉਸ ਕੇ ਜਨਮ ਤੇ ਈ ਸ਼ੁਰੂ ਹੋ ਜਹਾ। ਜਦ ਕਿਆ ਤਾ ਬਈ ਨਿਆਣੇ ਕੇ ਜੰਮਣੇ ਤੇ ਪਹਿਲਾਂ ਈ ਗਰਭਵਤੀ ਨੂੰ ਕਈ ਤਰ੍ਹਾਂ ਕੀਆਂ ਰੋਕਾਂ-ਟੋਕਾਂ ਸ਼ੁਰੂ ਜਾਣੀਆਂ। ਜਿਤਰਾਂ ਮੜ੍ਹੀਆਂ ਦੇ ਲਾਗ ਨੂੰ ਨੀ ਲੰਘਣਾ, ਕਿਸੇ ਕੈੜੇ ਥੌੜ (ਥਾਂ) ਪਰ ਨੀ ਜਾਣਾ। ਦਾਈਆਂ ਆਪਣੇ ਗਰੌਂ ਮਾਂ ਯਾ ਆਂਢ ਗੁਆਂਢ ਕੇ ਗਰੌਆਂ ਮਾਂ ਈ ਮਿਲ ਜੇ ਕਰੈ ਤੀਆਂ। ਕਿਸੀ ਹਸਪਤਾਲ ਕਾ ਕੋਈ ਚੱਕਰ ਨੀ ਤਾ। ਤੀਮੀਂ ਨੇ ਢਿੱਲੀ-ਮੱਠੀ ਹੋਣਾ ਤਾਂ ਘਰ ਕੀਆਂ ਸਿਆਣੀਆਂ ਨੇ ਘਰਾਂ ਈ ਸੁੰਢ-ਜੁਐਣ ਦੇ ਦੇਣੀ। ਸਾਰੇ ਨਿਆਣੇ ਗਰੌਆਂ ਮਾਂ ਈ ਜੰਮਣੇ। ਇਬ ਮਾਂਗੋਂ ਕਿਸੀ ਹਸਪਤਾਲ ਕਾ ਕਾਟ ਕੂਟ ਨਹੀਂ ਤਾ ਬਣਾਇਆ ਜਹੈ। ਫੇਰ ਨਿਆਣੇ ਕਾ ਜਨਮ ਹੋਣੇ ਪਰ ਉਸ ਨੂੰ ਗੁੜ੍ਹਤੀ ਦੇਣੀ। ਗੁੜ੍ਹਤੀ ਤਾਂ ਦਾਈ ਓ ਦਏ ਕਰੇ ਤੀ। ਸੱਤਵੇਂ-ਅੱਠਮੇਂ ਦਿਨ ਨਮੇਂ ਜੰਮੇ ਜੁਆਕ ਕੀ ਮਾਂ ਨੂੰ ਚੌਂਕੇ ਚੜ੍ਹਾਉਣਾ। ਨਮੇਂ ਮਹਿਮਾਨ ਕੀ ਜਾਣ ਪਛਾਣ ਕਰਾਉਣੈ ਬਾਸਤੇ ਉਸ ਦਿਨ ਔਸ ਪੜੌਸ ਕੇ ਜੁਆਕਾਂ ਨੂੰ ਰੋਟੀ ਖਲਾਣੀ। ਜਣੇਪੇ ਆਲੇ ਘਰ ਕੇ ਦਰਵਾਜ਼ੇ ਮੂਹਰੇ ਅੰਬ ਕੇ ਪੱਤੇ ਸਵਾ ਮਹੀਨਾ ਬੰਨ੍ਹੇ ਰਹੇ ਤੇ। ਯੌਹ ਇਸ ਕਰਕੈ ਬਈ ਇਕ ਤਾਂ ਹਰ ਖੱਬਲ ਯਾ ਰਹੇ ਪੱਤੇ ਸ਼ੁਭ ਸਗਨ ਗਿਣਿਆ ਜਹੇ ਤਾਂ ਦੂਆ ਯੋਹ ਬਈ ਔਣੇ ਜਾਣੇ ਆਲਾ ਇਤਹਾਤ ਗੈਲ ਅੰਦਰ ਆਬੈ।
ਖੇਲਦੇ ਖਾਂਦੇ ਨਿਆਣਿਆਂ ਨੈਂ ਜੁਆਨ ਹੋ ਜਾਣਾ। ਕੁੜੀਆਂ ਕੇ ਪੜ੍ਹਨੇ ਨੂੰ ਕੋਈ ਤਰਜੀਹ ਨੀ ਦਹੇ ਤਾ। ਛੋਕਰਿਆਂ ਨੂੰ ਧਰਮਸ਼ਾਲਾ ਮਾ ਗੁਰਦੁਆਰੇ ਕੇ ਭਾਈ ਕੋਲ ਗੁਰਮੁਖੀ ਪੜ੍ਹਨ ਭੇਜ ਦਹੇਂ ਤੇ। ਕੁਸ ਨੇ ਪੜ੍ਹ ਜਾਣਾ ਕੁਸ ਨੇ ਸਮਝ ਲੈਣਾ ਬਈ 'ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ'। ਬਸ ਫੇਰ ਕਿਆ ਹੋਣਾ, ਡਾਂਗ ਚੱਕਣੀ ਅਰ ਡੰਗਰਾਂ ਕੇ ਪਿੱਛੇ ਹੋ ਲੇਣਾ। ਇਬ ਮਾਂਗੋਂ ਜਦ ਸਾਰੀ ਜ਼ਮੀਨ ਬੌਹਣ-ਜੋਗੀ ਨੀ ਤੀ ਹੋਐ। ਜੰਗਲ-ਢੱਕੀਆਂ, ਲੰਬੀਆਂ ਚਰਾਗਾਹਾਂ ਮਾਂ ਡੰਗਰਾਂ ਕੇ ਚੌਣੇ ਫਿਰੀ ਜਾਣੈ। ਦੁੱਧ ਘੀ ਖੁੱਲ੍ਹੇ ਬਰਤਣੇ। ਗੱਭਰੂਆਂ ਕੇ ਜੁੱਸੇ ਤਕੜੇ ਹੋਣੇ। ਪਿੜਾਂ ਮਾਂ ਛਿੰਝਾਂ ਪੈਣੀਆਂ, ਖੁੰਢੀਆਂ ਦੇ ਸਿੰਗ ਫਸਣੇ। ਬੜੇਵੇਂ ਖਾਣੀਆਂ ਨੇ ਨਿਤਰਨਾ, ਝੰਡੀਆਂ ਪੱਟਣੀਆਂ। ਇਬ ਮਾਂਗੋ ਦੁੱਧ ਘੀ ਮੁੱਲ ਨੀ ਤਾ ਬਿਕੈ। ਦੁੱਧ ਵੇਚਣੇ ਪੁੱਤ ਬੇਚਣੇ ਕੇ ਬਰਾਬਰੇ ਸਮਝਿਆ ਜਹੇ ਤਾ। ਉੱਧਰ ਧੀਆਂ-ਭੈਣਾਂ ਨੈ ਵੀ ਕੱਤਦੀਆਂ ਬੁਣਦੀਆਂ ਅਰ ਰੋਟੀ ਟੁੱਕਰ ਕਰਦੀਆਂ ਨੇ ਜੁਆਨ ਹੋ ਜਾਣਾ। ਨਾਈ (ਰਾਜੇ) ਨੂੰ ਭੇਜ ਕੇ ਹਾਣ ਪ੍ਰਵਾਣ ਕਾ ਬਰ (ਛੋਕਰਾ) ਟੋਲ੍ਹਣਾ। ਫੇਰ ਸ਼ਗਨ ਕਾ ਰਪੱਈਆ ਭੇਜਣਾ। ਬਿਆਹ ਜਾਤਾਂ-ਗੋਤਾਂ ਅਰ ਖਾਨਦਾਨੀਆਂ ਦੇਖ ਕੈ ਈ ਕਰੈ ਜਹੇਂ ਤੇ। ਬਿਆਹਾਂ ਬਾਸਤੈ ਫੇਰ ਪੰਡਤਾਂ ਤੇ ਸਾਹੇ ਕਢਾਉਣੇ। ਸਾਹੇ ਬੰਨ੍ਹੇ ਛੋਕਰੇ, ਕੁੜੀਆਂ ਨੂੰ ਐਰੇ ਗੈਰੇ ਘੁੰਮਣੇ ਤੇ ਰੋਕਣਾ। ਬਿਆਹਾਂ ਕੇ ਆਟੇ ਪੈਹਲਾਂ ਤਾਂ ਘਰਾਂ ਮਾ ਈ ਚੱਕੀਆਂ ਪਰ ਪੀਹੇ ਜਹੇਂ ਤੇ ਫੇਰ ਜਾਅਦਾ ਹੋਣੇ ਕਰਕੇ ਘਰਾਟਾਂ ਪਰ ਜਾਣ ਲੱਗਗੇ। ਦਾਲਾਂ-ਦੂਲਾਂ ਘਰ ਕੀਆਂ ਚੱਕੀਆਂ ਮਾ ਈ ਪੀਹਣੀਆਂ। ਚੱਕੀਆਂ ਪੀਂਹਦੀਆਂ ਤੀਮੀਆਂ ਨੇ ਕੁੜੀਆਂ ਕੇ ਬਿਆਹ ਕੇ ਸੁਹਾਗ ਗਾਣੇ ਅਰ ਛੋਕਰੇ ਆਲੇ ਕੇ ਘਰਾਂ ਘੋੜੀਆਂ। ਕੱਚਿਆਂ ਦਲਾਨਾਂ ਮਾ ਕੰਧਾਂ ਕੇ ਗੈਲ ਗੈਲ ਪਾਂਡੂ ਕੀ ਤੋਈ ਕੱਢ ਕੇ ਗੋਹੇ ਗੈਲ ਲਿੱਪ ਦਹੈਂ ਤੇ। ਬਿਆਹ ਤੇ ਚਾਰ ਦਿਨ ਪੈਹਲਾਂ ਕੜਾਹੀ ਚੜ੍ਹਾਉਣੀ। ਸਰੀਕੇ ਨੈ ਭੱਠੀ ਪਰ ਕੰਮ ਕਰਾਉਣ ਆ ਜਾਣਾ। ਲਾਗੀਆਂ ਨੈ ਬੰਨ ਲਾਉਣਾ, ਜੀਹਨੂੰ ਬਟਣਾ ਮਲਣਾ ਬੀ ਕਿਹਾ ਜਹੇ ਤਾ। ਕਣਕ ਕੀਆਂ ਮਿੱਠੀਆਂ ਅਰ ਛੋਲਿਆਂ ਕੀਆਂ ਸਲੂਣੀਆਂ ਬੱਕਲੀਆਂ ਬੰਡਣੀਆਂ। ਬਿਆਹ ਤੇ ਇਕ ਦਿਨ ਪੈਹਲਾਂ ਜਿੱਦਣ ਮੇਲ ਹੋਣਾ ਉਦਣ ਦਪੈਹਰੇ ਨੂੰ ਨਿਊਂਦਾ ਲਿਆ ਜਹੇ ਤਾ। ਨਿਊਂਦੇ ਗੈਲ ਬਿਆਹ ਕੇ ਖਰਚੇ ਮਾ ਮਦਦ ਮਿਲ ਜਹੈ ਤੀ। ਇਬ ਮਾਂਗੋ ਕਿਸੀ ਪਾ ਹਜ਼ਾਰਾਂ, ਲੱਖਾਂ ਕੀ ਫਸਲ ਨੀ ਤੀ ਹੋਐ, ਬਈ ਕੋਈ ਕੱਲਾ ਈ ਬਿਆਹ ਕਰ ਲੰਦਾ। ਸਾਰਾ ਭਾਈਚਾਰਾ, ਅੰਗ-ਸਾਕ ਮਿਲ ਕੇ ਈ ਕਾਰਜ ਨੂੰ ਸਿਰੇ ਚਆਮੈਂ ਤੇ।
ਗੱਡਿਆਂ, ਰੱਥਾਂ, ਘੋੜਿਆਂ, ਅਰ ਊਂਟਾਂ ਪਰ ਜੰਨਾ ਜਾਣੀਆਂ। ਕੱਚਿਆਂ ਰਾਹਾਂ ਮਾ ਗੱਢੇ ਅਰ ਰੱਸਾ ਸੂੜ ਪੱਟ ਦਹੈ ਤੇ। ਸਾਰੇ ਪੋਹਣ (ਸਵਾਰ ਹੋ ਕੇ ਜਾਣੇ ਕੇ ਸਾਧਨ) ਤੁਰਨੇ ਪਰ ਇਕ ਬਾਰ ਤਾਂ ਐਂ ਲੱਗਣਾ ਜਿੱਤਰਾਂ ਕਿਸੀ ਫੌਜ ਨੇ ਚੜ੍ਹਾਈ ਕਰਦੀ ਹੋਆ। ਅਗਲੇ ਸਿਰੈ ਜਾ ਕੈ ਡੇਰੇ ਮਾ ਜੰਨ ਤਾਰੀ ਜਾਣੀ। ਦੋ-ਦੋ, ਤਿੰਨ-ਤਿੰਨ ਦਿਨ ਜੰਨ ਨੇ ਰੈਹਣਾ। ਆਨੰਦ ਕਾਰਜ ਅਰ ਫੇਰਿਆਂ ਕੀ ਰਸਮ ਹੋਣੀ, ਜਨੇਤੀਆਂ ਕਾ ਸੇਵਾ ਪਾਣੀ ਕਰਨਾ। ਪੋਹਣਾ ਮਾ ਆਏ ਬੇ ਬਲਦਾਂ, ਊਟਾਂ ਘਰ ਘੋੜਿਆਂ ਦਾ ਦਾਣਾ ਪਾਣੀ ਬੀ ਮਿਥ ਮਿਥ ਕੇ ਦੇਣਾ। ਪਸ਼ੂਆਂ ਨੂੰ ਨਿਹਾਰੀਆਂ ਦੇਣੀਆਂ ਅਰ ਜਨੇਤੀਆਂ ਨੂੰ ਪਦਾਰਥ। ਜੰਨ ਕੀ ਬਦੈਗੀ ਕੇ ਟੈਮ ਮਿਸਰੀ ਅਰ ਲੈਚੀਆਂ ਬਰਤਣੀਆਂ। ਜਿਨ੍ਹਾਂ ਪਾ ਥੋੜ੍ਹਾ ਬਹੁਤ ਮਰੱਬਾ ਤਾ ਯਾ ਕੋਈ ਮਲਾਏ ਮਲੂਏ (ਮਲਾਇਆ) ਮਾ ਗਿਆ ਬਾ ਹੋਏ ਕਰੈ ਤਾ, ਉਹ ਦਾਜ ਮਾ ਘੋੜੀ-ਜੋੜੀ ਬੀ ਦੇ ਦਹੈਂ ਤੇ। ਬਿਆਂਦੜ ਛੋਕਰੇ ਕੇ ਘਰਾਂ ਬਹੂ ਪਰ ਛੋਕਰੇ ਕੀ ਮਾਂ ਦੋਹਸੜਾ ਲੇ ਕੈ ਪਾਣੀ ਬਾਰ ਕੈ ਪੀਬੈ ਤੀ। ਯੌਹ ਰਸਤ ਤਾਂ ਇਬ ਬੀ ਉਸੀ ਤਰ੍ਹਾਂ ਐ। ਘਰ ਕੇ ਬੜੇ ਬਡੇਰੇ ਕੀ ਸਮਾਧ ਪਰ ਨਮੀਂ ਜੋੜੀ ਨੂੰ ਮੱਥਾ ਟਕਾਇਆ ਜਾਣਾ ਜ਼ਰੂਰੀ ਸਮਝਿਆ ਜਹੇ ਤਾ। ਗੁਰਦੁਆਰੇ, ਖੇੜੇ, ਖੁਆਜੇ ਅਰ ਮੰਦਰ ਮਾ ਬੀ ਚਲਿਆ ਜਾਣਾ। ਫੇਰ ਨਮੀਂ ਜੋੜੀ ਆਪਸ ਮਾਂ ਛਟੀਆਂ ਖੇਲੇ ਕਰੈਂ ਤੀ। ਬਿਆਹ ਆਲੇ ਛੋਕਰੇ ਕੀ ਮਾਂ ਆਪਣੇ ਸੱਸ ਬਣਨੇ ਕੀ ਖੁਸ਼ੀ ਮਾ ਆਪਣੇ ਪਿਉਕਿਆਂ ਕੈ ਕੋਠੀ ਝਾੜ ਲੇ ਕੈ ਚਲੀ ਜਹੇ ਤੀ।
ਪੁਆਧ ਕੇ ਖਿੱਤੇ ਕਾ ਬੜਾ ਕੰਮ ਖੇਤੀਬਾੜੀ ਈ ਤਾ। ਖੇਤੀ ਕੇ ਕੰਮ ਗੈਲ ਡੰਗਰ, ਬੱਛਾ, ਲੁਹਾਰ, ਤਰਖਾਣਾਂ, ਚਮਾਰਾਂ, ਝੂਰਾਂ, ਨਾਈਆਂ, ਪੰਡਿਤਾਂ ਅਰ ਸ਼ਾਹਾਂ ਕਾ ਹੋਣਾ ਬੀ ਜ਼ਰੂਰੀ ਤਾ। ਸਾਰੇ ਖਿੱਤੇ ਮਾ ਪਾਣੀ ਕੀ ਬੜੀ ਕਿੱਲਤ ਰਹੈ ਤੀ। ਐਧਰ ਰੋਪੜ ਆਲੇ ਪਾਸੇ ਸਤਲੁਜ ਕੇ ਨੇੜੇ ਤੇੜੈ ਤਾਂ ਫਸਲ ਬਾੜੀ ਅਰ ਡੰਗਰ ਬੱਛੇ ਨੂੰ ਕੁਸ ਫੈਦਾ ਤਾ। ਅੰਬਾਲੇ ਪਾਸੇ ਘੱਗਰ ਨਦੀ ਬੀ ਕਦੀ-ਕਦੀ ਚੀਣੇ ਕੇ ਚੌਲਾਂ ਨੂੰ ਭਾਗ ਲਾ ਜਹੇ ਤੀ। ਕਿਸੀ-ਕਿਸੀ ਕੇ ਖੇਤ ਮਾਂ ਟਿੰਡਾਂ ਆਲਾ ਹਲਟ ਖੂਹ ਹੋਏ ਕਰੈ ਤਾ। ਘਰਾਂ ਬਾਸਤੇ ਡੂੰਘਿਆਂ ਖੂਹਾਂ ਪਰ ਤੇ ਝੂਰ ਈ ਪਾਣੀ ਭਰੇ ਕਰੇ ਤੇ। ਲੁਹਾਰ, ਤਰਖਾਣ, ਹਲ, ਪੰਜਾਲੀ ਗੱਡੇ ਅਰ ਰਥਾਂ ਸੁਆਰੇ ਕਰੈਂ ਤੇ। ਝੂਰ ਬੈਂਹਗੇ ਪਰ ਪਾਣੀ ਢੋਏ ਕਰੈਂ ਤੇ। ਚਾਰ-ਚਾਰ, ਪੰਜ-ਪੰਜ ਘੜੇ ਇਕੋ ਬਾਰ ਬਹਿੰਗੇ ਮਾ ਫਸਾ ਲਹੈਂ ਤੇ।
ਅੱਸੂ ਕੱਤਕ ਕੇ ਮਹੀਨਿਆਂ ਮਾ ਕਪਾਹਾਂ ਚੁਗਣੀਆਂ। ਕਪਾਹਾਂ ਨੂੰ ਘਰਾਂ ਮਾ ਈ ਬੇਲਣਿਆਂ ਗੈਲ ਬੇਲਣਾ। ਬੜੇਮੇਂ ਅਰ ਕਪਾਹ ਲੈਹਦੇ ਕਰਨੇ। ਬੜੇਮੇਂ ਅਬਾਲ ਕੈ ਮ੍ਹੈਸਾਂ ਨੂੰ ਪਾਣੇ। ਬੜੇਮੇਂ ਖਾਣੀਆਂ ਮ੍ਹੈਸਾਂ ਕੇ ਦੁੱਧ ਪਰ ਗਿੱਠ ਗਿੱਠ ਮਲਾਈ ਚੜ੍ਹ ਜਹੇ ਤੀ। ਕਪਾਹ ਗੈਲ ਰਜਾਈਆਂ ਬਛੌਣੇ ਗਰੌਂ ਕੇ ਪਿੰਜੇ ਤੇ ਭਰਵਾਣੇ।
ਸਾਰੇ ਈ ਕੰਮ ਧੰਦੇ ਬੜੀ ਮਿਹਨਤ ਆਲੇ ਹੋਏ ਕਰੈ ਤੇ। ਬੌਹਤਾ ਜੋਰ ਚੰਗੇ ਬਲਦਾਂ ਪਰ ਹੋਐ ਤਾ। ਬਲਦਾਂ ਬਾਰੇ ਕਿਹਾ ਜਾਹੈ ਤਾਂ ਬੀ 'ਧੀ ਘਰਾਣੇ ਕੀ, ਬਲਦ ਲਾਣੇ ਕਾ' ਚੰਗੇ ਘਰਾਣੇ ਕੀ ਧੀ ਘਰ ਕੇ ਕੰਮਕਾਰ ਨੂੰ ਸੰਭਾਲ ਸਕਾ ਅਰ ਲਾਣੇ ਕਾ ਬਲਦ ਕਦੀ ਰਾਹ ਮਾ ਧੋਖਾ ਨਾ ਦਹੈ। ਦਸ-ਦਸ ਗੱਡਿਆਂ ਕੀਆਂ ਲੈਨਾਂ ਅੰਬਾਲੇ ਤੇ ਪੰਜੌਰ ਅਰ ਰੋਪੜ ਤੇ ਸ਼ਿਮਲੇ ਤੱਕ ਕਰਾਇਆ ਢੋਣੇ ਨੂੰ ਤੁਰਪੇ ਕਰੈ ਤੀਆਂ। ਪੰਜੌਰ ਤੇ ਲੈ ਕੇ ਸ਼ਿਮਲੇ ਤੱਕ ਕਾ ਇਕ ਗੱਡੇ ਕੇ ਇਕ ਗੇੜੇ ਕਾ ਕਰਾਇਆ ਸਿਰਫ ਬੀਹ ਰੁਪਈਏ ਹੋਏ ਕਰੈ ਤਾ। ਇਕ ਬਾਰ ਸ਼ਿਮਲੇ ਜਾ ਕੇ ਇਕ ਚੜ੍ਹਾਈ ਆਲੇ ਮੋੜ ਪਰ ਬੜੇ ਬਾਬਾ ਜੀ (ਬਾਪੂ ਜੀ ਕੇ ਤਾਇਆ ਜੀ) ਨੈ ਬਲਦਾਂ ਨੂੰ ਹੱਲਾਸ਼ੇਰੀ ਦੇਣੇ ਬਾਸਤੇ ਜ਼ੋਰ ਕੀ ਆਵਾਜ਼ ਕੱਢੀ। ਉੱਪਰ ਕੋਠੀ ਮਾ ਅੰਗਰੇਜ਼ ਅਫਸਰ ਸੁੱਤਾ ਪਿਆ ਤਾ। ਉਸ ਕੇ ਅਰਦਲੀ ਨੈ ਦੌੜ ਕੇ ਆ ਕੇ ਬਾਬਾ ਜੀ ਨੂੰ ਚੁੱਪ ਕਰਾਇਆ। ਉਹ ਕਹੈ ਜੇ ਸੈਹਬ ਉੱਠ ਖੜ੍ਹਿਆ ਤਾਂ ਜਰਮਾਨਾ ਕਰ ਦਿਊਗਾ। ਪੁਰਖਿਆਂ ਨੈ ਮਿਹਨਤ ਬੀ ਕਰੀ ਅਰ ਗਲਾਮੀ ਬੀ ਝੱਲੀ। ਪੈਸੇ ਕੀ ਕਿੱਲਤ ਕਰਕੇ ਸੌ ਪਾਪੜ ਬੇਲਣੇ ਪਮੈਂ ਤੇ। ਮ੍ਹਾਰੇ ਗਰੌਂ ਮਾ ਸੁਰਜਣ ਸੈਂ ਤਾਏ ਕੇ ਬਲਦ ਤਕੜੇ ਹੋਏ ਕਰੈ ਤੇ। ਉਸ ਨੇ ਗੱਡਿਆਂ ਕੇ ਕਿਰਾਏ ਕਾ ਸੌ ਰਪੱਈਆ ਬਣਾ ਲਿਆ। ਉਸ ਕੇ ਸੌ ਕੇ ਨੋਟ ਨੂੰ ਸਾਰਾ ਗਰੌਂ ਦੇਖਣ ਗਿਆ, ਬਈ ਸੌ ਕਾ ਨੋਟ ਕਿਹਾ ਜਾ ਹੋਆ।
ਸਾਰੇ ਕੰਮਾਂ ਕਾਰਾਂ ਨੂੰ ਕਰਦਿਆਂ-ਕਰਾਂਦਿਆਂ ਇਕ ਦਿਨ ਜ਼ਿੰਦਗੀ ਕੀ ਸੰਝ ਬੀ ਹੋ ਜਾਣੀ। ਬੰਦੇ ਕੇ ਮਰਨੇ ਪਰ ਤੀਮੀਆਂ ਨੇ ਘੜਾ ਭੰਨਣਾ। ਚਿਖਾ ਨੂੰ ਅੱਗ ਬੜੇ ਛੋਕਰੇ ਨੇ ਦਖਾਣੀ। ਕੋਰੇ ਘੜੇ ਮਾ ਮੋਰੀ ਕਰਕੇ ਦਰੱਖਤ ਗੈਲ ਬੰਨ੍ਹ ਦੇਣਾ ਬਈ ਬੂੰਦ-ਬੂੰਦ ਪਾਣੀ ਮਰਨੇ ਆਲੇ ਨੂੰ ਰਸਤੇ ਮਾ ਮਿਲਦਾ ਰਹੂ। ਕਈ ਤਾਂ ਮੜ੍ਹੀ ਬੀ ਕੀਲ ਦਹੈ ਤੇ ਬਈ ਮਰਨੇ ਆਲਾ ਕਿਤੀ ਉੱਠ ਕੈ ਘਰਾਂ ਨੂੰ ਏ ਨਾ ਆ ਜਹੇ। ਫੁੱਲ ਚੁੱਗ ਕੇ ਹਰਿਦੁਆਰ ਪਾ ਕੇ ਆਣੇ। ਇਬ ਤਾਂ ਕੀਰਤਪੁਰ ਬੀ ਜਾਣ ਲੱਗਗੇ। ਗੁਰਬਾਣੀ ਕੇ ਪਾਠ ਦਾ ਭੋਗ ਪਾਣਾ। ਬੁੜ੍ਹੇ ਕਾ ਹਗਾਮਾ ਕਰਨਾ। ਕਿਸੀ ਜਵਾਨ ਮੌਤ ਪਰ ਖਾਸਾ ਅਫਸੋਸ ਗੁਆਂਢ ਕੇ ਗਰੌਂਆਂ ਮਾ ਬੀ ਫੈਲ ਜਹੇ ਤਾ। ਏਹਾ ਜਾ ਹੋਣੇ ਪਰ ਗਰੌਂ ਮਾ ਕਿਸੀ ਕੇ ਚੁੱਲ੍ਹੇ ਪਰ ਰੋਟੀ ਨੀ ਤੀ ਪੱਕੈ।
ਆਜ਼ਾਦੀ ਤੇ ਪੈਹਲਾਂ ਸਾਰੇ ਧਰਮਾਂ ਕੇ ਲੋਕ ਬਿਨਾ ਕਿਸੀ ਫਰਕ ਕੇ ਰਹੇ ਕਰੇ ਤੇ। ਹੱਲਿਆਂ ਆਲੇ ਸਾਲ ਪਾਕਸਤਾਨ ਦਾ ਰੌਲਾ ਗੌਲਾ ਹੋ ਗਿਆ। ਘਰ ਕੇ ਜੀਆਂ ਮਾਂਗੋ ਰਹਿ ਰਹੇ ਮੁਸਲਮਾਨ ਭਾਈਆਂ ਨੂੰ ਸਭ ਕੁਝ ਛੱਡ ਕੇ ਦੌੜਨਾ ਪੈ ਗਿਆ। ਉਨ੍ਹਾਂ ਜੀਆਂ ਕਾ ਇੱਤਰਾਂ ਜਾਣਾ ਪੁਆਧ ਕੇ ਲਾਕੇ ਕੇ ਲੋਕਾਂ ਕੇ ਦਿਲਾਂ ਮਾ ਡੂੰਘੇ ਜ਼ਖਮ ਕਰ ਗਿਆ। ਪੀੜ੍ਹੀਆਂ ਲੰਘ ਗੀਆਂ ਪਰ ਉਹ ਘੌਹ ਇਬ ਤਕ ਬੀ ਹਰੇ ਐ।
ਰੱਬ ਉਨ੍ਹਾਂ ਲੋਕਾਂ ਕੀ ਖੈਰ ਕਰੈ।
ਡਾ. ਗੁਰਮੀਤ ਸਿੰਘ ਬੈਦਵਾਨ
ਪੁਆਧ ਦੇ ਤਿੰਨ ਗ਼ਦਰੀ
ਪੰਡਤ ਕਾਂਸ਼ੀ ਰਾਮ ਮੜੌਲੀ ਕਲਾਂ
ਮੁੱਖੇ ਵੇਰਵੇ ਜਨਮ-12 ਅਕਤੂਬਰ, 1883। ਉਹ ਕਮਰਾ ਜਿਸ ਵਿਚ ਉਨ੍ਹਾਂ ਦਾ ਜਨਮ ਹੋਇਆ ਸੀ, ਅਜੇ ਤੱਕ ਚੰਗੀ ਹਾਲਤ ਵਿਚ ਸੰਭਾਲਿਆ ਹੋਇਆ ਹੈ।
ਪਿਤਾ ਜੀ : ਸ੍ਰੀ ਗੰਗਾ ਰਾਮ
ਮੁੱਢਲੀ ਵਿੱਦਿਆ-ਡੀ.ਬੀ. ਮਿਡਲ ਸਕੂਲ, ਮੋਰਿੰਡਾ
ਦੱਸਵੀਂ : ਮਹਿੰਦਰਾ ਹਾਈ ਸਕੂਲ, ਪਟਿਆਲਾ
ਟੈਲੀਗਰਾਫ਼ੀ ਸਿੱਖੀ, ਸਰਕਾਰੀ ਨੌਕਰੀ
1903 ਵਿਦੇਸ਼ ਅਮਰੀਕਾ ਗਏ।
31.3.1913 : ਗ਼ਦਰ ਪਾਰਟੀ ਦੇ ਖਜ਼ਾਨਚੀ
27.12.1913 : ਵੈਨਕੂਵਰ ਗੁਰਦੁਆਰੇ-ਜੋਸ਼ੀਲੀ ਕਵਿਤਾ, ਅਕਤੂਬਰ 1914-'ਲਾਮਾ' ਨਾਮੀ ਜਹਾਜ਼ 'ਤੇ ਦੇਸ਼ ਵਾਪਸੀ
27 ਨਵੰਬਰ 1914 : ਫੇਰੂਸ਼ਾਹ ਪੁਲਿਸ ਮੁਕਾਬਲਾ-ਗ੍ਰਿਫ਼ਤਾਰੀ
2 ਫ਼ਰਵਰੀ 1915 : ਅਦਾਲਤ ਵਲੋਂ ਫ਼ਾਂਸੀ ਦਾ ਹੁਕਮ।
26-27 ਮਾਰਚ 1915 : ਲਾਹੌਰ ਸੈਂਟਰਲ ਜੇਲ੍ਹ ਸ਼ਹੀਦੀ
ਜਦੋਂ ਆਪ ਗ਼ਦਰ ਪਾਰਟੀ ਦੇ ਪ੍ਰੋਗਰਾਮਾਂ ਨੂੰ ਨੇਪਰੇ ਚਾੜ੍ਹਨ ਲਈ ਦੇਸ਼ ਪਰਤੇ ਤਾਂ ਸਿੱਧੇ ਆਪਣੇ ਪਿੰਡ ਪਹੁੰਚ ਕੇ ਆਪਣੇ ਪਿਤਾ ਜੀ ਅਤੇ ਛੋਟੇ ਤਿੰਨ ਭਾਈਆਂ, ਬੰਸੀ ਰਾਮ, ਮਥਰਾ ਦਾਸ ਤੇ ਦੇਸ ਰਾਜ ਨੂੰ ਮਿਲ ਕੇ ਤੇ ਆਪਣਾ ਸਾਰਾ ਸਾਮਾਨ ਘਰ ਛੱਡਿਆ ਤੇ ਕੇਵਲ ਪੰਜ-ਛੇ ਘੰਟੇ ਘਰ ਠਹਿਰ ਕੇ ਚਲੇ ਗਏ। ਪਿੱਛੋਂ ਜਦੋਂ ਪੁਲਿਸ ਨੂੰ ਇਨ੍ਹਾਂ ਬਾਰੇ ਪਤਾ ਲੱਗਾ ਤਾਂ ਇਨ੍ਹਾਂ ਦੇ ਘਰ ਛਾਪਾ ਮਾਰ ਕੇ ਘਰ ਦੇ ਫਰਸ਼ ਤੱਕ ਪੁੱਟ ਕੇ ਤਲਾਸ਼ੀ ਲਈ, ਪਰ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਾ ਹੋਣ 'ਤੇ ਸਾਰਾ ਕੀਮਤੀ ਸਾਮਾਨ ਚੁੱਕ ਕੇ ਲੈ ਗਏ।
ਆਪ ਗ਼ਦਰ ਦੀਆਂ ਆਰੰਭਕ ਸਰਗਰਮੀਆਂ ਦੌਰਾਨ ਹੀ ਫੜ ਲਏ ਗਏ ਤੇ ਇੰਝ ਗ਼ਦਰੀ ਸ਼ਹੀਦਾਂ ਦੀ ਮੂਹਰਲੀ ਕਤਾਰ ਵਿਚ ਸ਼ਾਮਲ ਹੋ ਗਏ।
27 ਨਵੰਬਰ 1914 ਨੂੰ ਫ਼ਿਰੋਜ਼ਪੁਰ ਛਾਉਣੀ ਵਿਖੇ ਗ਼ਦਰੀਆਂ ਦਾ ਇਕੱਠ ਹੋਇਆ, ਜੋ ਉਥੇ ਦੇ ਫ਼ੌਜੀ ਅਸਲਾਖਾਨੇ ਨੂੰ ਲੁੱਟਣਾ ਚਾਹੁੰਦੇ ਸੀ, ਪਰ ਨਫ਼ਰੀ ਘੱਟ ਹੋਣ ਕਰਕੇ ਵਿਚੇ ਹੀ ਰਹਿਣ ਦਿੱਤਾ ਤੇ ਮੋਗੇ ਪਹੁੰਚ ਕੇ ਉਥੋਂ ਦੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਦੇ ਖਿਆਲ ਨਾਲ ਰਵਾਨਾ ਹੋ ਰਹੇ ਸਨ ਕਿ ਕੁਝ ਸਾਥੀ ਜੋ ਗੱਡੀਓਂ ਰਹਿ ਗਏ, ਉਹ ਦੋ-ਤਿੰਨ ਟਾਂਗਿਆਂ 'ਤੇ ਜਾ ਰਹੇ ਸਨ ਕਿ ਰਾਹ ਵਿਚ ਮਿਸਰੀਵਾਲੇ ਪੁੱਲ 'ਤੇ ਜਿਥੇ ਪੁਲਿਸ ਕਪਤਾਨ ਨੇ ਦੌਰੇ 'ਤੇ ਆਉਣਾ ਸੀ, ਪੁਲਿਸ ਨਾਲ ਝੜਪ ਹੋ ਗਈ। ਕੁਝ ਕੁ ਗ਼ਦਰੀ ਨੇੜਲੀ ਝੱਲ ਵਿਚ ਜਾ ਛੁਪੇ। ਪੁਲਿਸ ਨੇ ਝੱਲ ਨੂੰ ਅੱਗ ਲਗਾ ਦਿੱਤੀ ਤੇ ਸੱਤ ਗ਼ਦਰੀ ਮੌਕੇ 'ਤੇ ਫੜੇ ਗਏ, ਜਿਨ੍ਹਾਂ ਵਿਚ ਆਪ ਵੀ ਸਨ।
ਫ਼ਖਰਯੋਗ ਹੈ ਕਿ ਇਨ੍ਹਾਂ ਦੀ ਯਾਦ ਵਿਚ 1936 ਵੇਲੇ ਜਦਕਿ ਸਰਕਾਰੀ ਤਸ਼ੱਦਦ ਟੀਸੀ 'ਤੇ ਸੀ, ਕਿਸਾਨ ਕਮੇਟੀ ਨੇ ਹਿੰਮਤ ਕਰਕੇ ਪਹਿਲੀ ਵਾਰੀ ਇਨ੍ਹਾਂ ਦੀ ਬਰਸੀ ਮਨਾਈ ਸੀ, ਤੇ ਫ਼ੇਰ ਲਗਭਗ ਹਰ ਸਾਲ ਹੀ ਮਨਾਈ ਜਾਂਦੀ ਰਹੀ। ਦੇਸ਼ ਆਜ਼ਾਦ ਹੋਣ ਪਿੱਛੋਂ, ਨਾਲ ਖੇਡ ਟੂਰਨਾਮੈਂਟ ਵੀ ਕਰਵਾਏ ਜਾਂਦੇ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਆਪ ਦੇ ਛੋਟੇ ਵੀਰ ਦੇ ਪੋਤੇ ਸ੍ਰੀ ਖੁਸ਼ਵੰਤ ਰਾਏ ਜੋਸ਼ੀ (ਐਡਵੋਕੇਟ) ਮੁੱਖ ਪ੍ਰਬੰਧਕ ਰਹੇ ਲੇਖਕ ਨੂੰ ਇਨ੍ਹਾਂ ਨਾਲ ਮਿਲਣ ਦਾ ਸੁਭਾਗ 12.6.1999 ਵਾਲੇ ਦਿਨ (ਪਿੰਡ ਵਿਚ) ਹੋਇਆ, ਜਦੋਂ ਸ਼ਹੀਦ ਦੇ ਜਨਮ ਸਥਾਨ ਦੇ ਦਰਸ਼ਨ ਕੀਤੇ ਸਨ। ਜ਼ਿਕਰਯੋਗ ਹੈ ਕਿ ਲੇਖਕ ਉਸ ਦਿਨ ਮਨੋਲੀ ਪਿੰਡ ਜਾ ਕੇ ਮਾਸਟਰ ਚਤਰ ਸਿੰਘ ਜੀ ਦੇ ਪਰਿਵਾਰ ਕੋਲੋਂ ਉਨ੍ਹਾਂ ਦੀ ਤਸਵੀਰ ਲੈ ਕੇ ਆਇਆ ਸੀ। ਬਦਕਿਸਮਤੀ ਨਾਲ ਸ੍ਰੀ ਖੁਸ਼ਵੰਤ ਰਾਏ ਜੀ ਦੀ 3-4 ਮਾਰਚ 2007 ਨੂੰ ਹੱਤਿਆ ਕਰ ਦਿੱਤੀ ਗਈ।
ਧੰਨ ਹੈ ਉਹ ਧਰਤੀ, ਜਿਹਨੇ ਅਜਿਹੇ ਦੇਸ਼-ਭਗਤ ਨੂੰ ਜਨਮ ਦਿੱਤਾ, ਜਿਸ ਨੇ ਗ਼ਦਰ ਪਾਰਟੀ ਵਰਗੀ ਸਿਰਲੱਥ ਸੰਗਰਾਮੀਆਂ ਦੀ ਪਾਰਟੀ ਦੇ ਖਜ਼ਾਨਚੀ ਹੁੰਦਿਆਂ ਆਪਣੀ ਲੱਖਾਂ ਡਾਲਰਾਂ ਦੀ ਜਾਇਦਾਦ-ਮਿਲਖ ਨੂੰ ਲੱਤ ਮਾਰ ਕੇ ਆਜ਼ਾਦੀ ਲਈ ਜਾਨ ਦੀ ਅਹੂਤੀ ਦੇ ਦਿੱਤੀ।
ਕਾਲੇਪਾਣੀ 'ਪਿੰਜਰੇ ਵਾਲੇ-ਮਾਸਟਰ ਚਤਰ ਸਿੰਘ
ਮੁੱਖ ਵੇਰਵੇ : ਜਨਮ 1880
ਪਿੰਡ ਮਨੇਲੀ (ਨੇੜੇ ਚਮਕੌਰ ਸਾਹਿਬ)
ਪਿਤਾ : ਸ. ਸਾਵਨ ਸਿੰਘ, ਮਾਤਾ ਸ੍ਰੀਮਤੀ ਪੰਜਾਬ ਕੌਰ
1890 : ਵੱਡੇ ਭਰਾ ਸ. ਵਰਿਆਮ ਸਿੰਘ ਜੋ ਉਸ ਵੇਲੇ ਪਿੰਡ ਮਾਹੂਵਾਲਾ, ਤਹਿਸੀਲ ਸਰਸਾ, ਜ਼ਿਲ੍ਹਾ ਹਿਸਾਰ ਵਿਖੇ ਸਕੂਲ ਦੇ ਹੈਡਮਾਸਟਰ ਸਨ, ਜਾ ਕੇ 7 ਸਾਲ ਉਥੇ ਪੜ੍ਹੇ।
1897-1900 : ਲਾਇਲਪੁਰ, ਗੌਰਮਿੰਟ ਹਾਈ ਸਕੂਲ-ਮੈਟ੍ਰਿਕ
1902-1914-ਕੌਮੀ ਸਕੂਲਾਂ ਵਿਚ ਅਧਿਆਪਕੀ
16-12-1914 : ਖ਼ਾਲਸਾ ਕਾਲਜ ਦੇ ਅੰਗਰੇਜ਼ ਪ੍ਰੋਫ਼ੈਸਰ ਤੇ ਉਸਨੂੰ ਪ੍ਰਿੰਸੀਪਲ ਸਮਝ ਕੇ ਗੰਡਾਸੀ ਦਾ ਵਾਰ
17-12-1914 : ਸੈਸ਼ਨ ਅਦਾਲਤ ਅੰਮ੍ਰਿਤਸਰ ਪੇਸ਼ੀ, ਉਮਰ ਕੈਦ, ਕਾਲੇ ਪਾਣੀ ਦੀ ਸਜ਼ਾ
ਅਖ਼ੀਰ ਦਸੰਬਰ : 1914- ਪਹਿਲੇ ਲਾਹੌਰ ਸਾਜਿਸ਼ ਕੇਸ ਵਾਲੇ ਗ਼ਦਰੀਆਂ ਸੰਗ-ਅੰਡੇਮਾਨ ਭੇਜੇ ਗਏ। ਦਸੰਬਰ 1915 : ਐਤਵਾਰ ਵਾਲੇ ਦਿਨ ਜੇਲ੍ਹੀ ਜ਼ੁਲਮ-ਜ਼ਲਾਲਤਾਂ ਤੋਂ ਤੰਗ ਆ ਕੇ ਸੁਪਰਡੈਂਟ ਦੀ ਕੁਟਾਈ ਤੇ ਜਕੜ ਕੇ ਪਿੰਜ਼ਰੇ ਵਿਚ ਬੰਦ ਕੀਤਾ ਜਾਣਾ
18-12-1920 : ਪਿੰਜ਼ਰੇ 'ਚੋਂ ਕੱਢੇ ਜਾਣਾ
1922 : ਰਿਹਾਈ
ਦਸੰਬਰ 1963 : ਸਵਰਗਵਾਸ
ਮੌਜੂਦਾ ਵਾਰਸ : ਪੋਤੇ ਸ. ਭਾਗ ਸਿੰਘ ਤੇ ਉਨ੍ਹਾਂ ਦੇ ਸਪੁੱਤਰ ਬਲਬੀਰ ਸਿੰਘ
ਸਮਾਚਾਰ ਟ੍ਰਿਬਿਊਨ : ਮਿਤੀ 19-12-1915
'ਪ੍ਰੋਫ਼ੈਸਰ ਐਚ.ਬੀ. ਡੈਨਕਲਿਫ਼ ਉਪਰ ਖ਼ਾਲਸਾ ਕਾਲਜ ਵਿਖੇ ਕਾਤਲਾਨਾ ਹਮਲਾ ਕਰਨ ਵਾਲੇ ਵਿਅਕਤੀ ਚਤਰ ਸਿੰਘ, ਜਿਸ ਨੂੰ ਸੈਸ਼ਨ ਸਪੁਰਦ ਕੀਤੇ ਜਾਣ ਉਪਰੰਤ ਅੱਜ 17 ਦਸੰਬਰ ਨੂੰ ਉਕਤ ਅਦਾਲਤ ਵਿਚ ਅਗਲੇਰੀ ਕਾਰਵਾਈ ਹਿੱਤ ਪੇਸ਼ ਕੀਤਾ ਗਿਆ। ਮੁਲਜ਼ਮ ਦੇ ਪਿਤਾ ਨੇ ਆਪਣੇ ਵਕੀਲ ਰਾਹੀਂ ਇਕ ਦਰਖ਼ਾਸਤ ਅਦਾਲਤ ਵਿਚ ਪੇਸ਼ ਕੀਤੀ ਕਿ ਮੁਲਜ਼ਮ ਪਾਗ਼ਲ ਹੈ, ਪਰ ਜੱਜ ਵਲੋਂ ਇਸ ਬਾਰੇ ਮੁਲਜ਼ਮ ਨੂੰ ਸੁਆਲ ਕੀਤਾ ਗਿਆ ਤਾਂ ਉਸ ਨੇ ਪਾਗ਼ਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਕਾਰਵਾਈ ਸ਼ੁਰੂ ਹੁੰਦਿਆਂ ਹੀ ਦੋਸ਼ੀ ਨੇ ਆਪਣੇ ਉਪਰ ਲਗਾਏ ਗਏ ਦੋਸ਼ਾਂ ਦਾ ਇਕਬਾਲ ਕਰ ਲਿਆ। ਉਪਰੰਤ ਜ਼ਖ਼ਮੀ ਹੋਏ ਪ੍ਰੋ. ਡੈਨਕਲਿਫ਼, ਪ੍ਰਿੰਸੀਪਲ ਆਰ.ਜੀ. ਰਾਈਟ ਅਤੇ ਡਾਕਟਰ ਕਰਨਲ ਐਚ. ਸਮਿਥ ਆਈ.ਐਮ. ਐਸ. ਦੇ ਬਿਆਨ ਦਰਜ ਕਰਕੇ, ਮੁਲਜ਼ਮ ਨੂੰ ਧਾਰਾ 307 ਆਈ.ਪੀ.ਸੀ.-ਮੱਦ ਦੂਸਰੀ ਤਹਿਤ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਸੁਣਾ ਦਿੱਤੀ। ਦੋਸ਼ੀ ਜਿਸ ਦਾ ਕੱਦ ਛੇ ਫੁੱਟ ਪਰੰਤੂ ਰੰਗ ਕੁਝ ਪੀਲਾ ਤੇ ਚਿਹਰਾ ਘੁਟਵਾਂ ਜਿਹਾ ਸੀ, ਨੂੰ ਜੇਲ੍ਹ ਭੇਜ ਦਿੱਤਾ ਗਿਆ। ਹਮਲੇ ਦਾ ਹਥਿਆਰ ਛਵ੍ਹੀ ਇਕ ਜਾਨਲੇਵਾ ਹਥਿਆਰ ਹੋਣ ਦੇ ਬਾਵਜੂਦ ਕਿ ਜਿਸ ਦਾ ਫਲ ਵੀ ਕਾਫ਼ੀ ਚੌੜਾ ਸੀ। ਇਸ ਸਭ ਕਾਸੇ ਦੇ ਬਾਵਜੂਦ ਇਹ ਕੇਵਲ ਪ੍ਰੋ. ਡੈਨਕਲਿਫ਼ ਦੀ ਖੁਸ਼ਕਿਸਮਤੀ ਹੀ ਸੀ ਕਿ ਉਨ੍ਹਾਂ ਨੂੰ ਦੋ ਥੋੜ੍ਹੀ-ਥੋੜ੍ਹੀ ਜਿਹੀ ਗਹਿਰਾਈ ਵਾਲੇ ਜ਼ਖ਼ਮ ਹੀ ਲੱਗੇ, ਫ਼ਿਰ ਵੀ ਜਿਨ੍ਹਾਂ ਤੋਂ ਮੁਕੰਮਲ ਆਰਾਮ ਲਈ ਛੇ ਹਫ਼ਤੇ ਲੱਗ ਜਾਣਗੇ।'
ਸੰਤ (ਬਾਬਾ) ਵਸਾਖਾ ਸਿੰਘ ਦਦੇਹਰ ਸਾਹਿਬ (ਅੰਮ੍ਰਿਤਸਰ) ਵਾਲਿਆਂ ਨੇ, ਜੋ ਖੁਦ ਉਸ ਦੌਰਾਨ ਕਾਲੇ ਪਾਣੀ ਸਜ਼ਾ ਕੱਟ ਰਹੇ ਸਨ, ਆਪਣੀ ਕਾਵਿ ਰੂਪੀ ਆਤਮ ਕਥਾ (ਸੰਪਾਦਕ ਇਹ ਲੇਖਕ : ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਈ 2001) ਵਿਚ ਮਾਸਟਰ ਜੀ ਬਾਰੇ ਬੜੇ ਵਿਸਥਾਰ ਨਾਲ ਸ਼ਰਧਾਪੂਰਵਕ ਸ਼ੈਲੀ ਵਿਚ ਲਿਖਿਆ ਹੈ, ਜਿਵੇਂ :
'ਖ਼ਾਲਸਾ ਕਾਲਜ ਪਹੁੰਚੇ ਸਨ ਚਤਰ ਸਿੰਘ ਜੀ
ਕੰਮ ਮਾਸਟਰੀ ਛੱਡ ਛਡਾਇਆ ਜੀ,
ਜ਼ੁਲਮ ਹੋਂਵਦਾ ਵੇਖਿਆ ਸ਼ੇਰ ਸੂਰੇ,
ਜੋਸ਼ ਵਿਚ ਸਰੀਰ ਦੇ ਛਾਇਆ ਸੀ।
ਸ਼ੇਰ ਸੋਚਿਆ ਮਰਾਂ ਜਾਂ ਮਾਰ ਦੇਵਾਂ,
ਐਵੇਂ ਰਹਿਣਾ ਨਾ ਸ਼ੇਰ ਨੂੰ ਭਾਇਆ ਸੀ।
ਹੱਥ ਲੈ ਗੰਡਾਸਾ ਫ਼ਿਰ ਸ਼ੇਰ ਸੂਰੇ ਜ਼ਾਲਮ ਮਾਰਨ ਦਾ ਦਾਅ ਤਕਾਇਆ ਸੀ।'
'(ਅੰਡੇਮਾਨ) ਜਦੋਂ ਸਾਡੇ 'ਤੇ ਜੁਲਮ ਫ਼ਿਰ ਹੋਣ ਲੱਗਾ,
ਅਸਾਂ ਆਖ ਅਲਹਿਦਾ ਰੱਖਵਾਇਆ ਸੀ,
ਭਲਾ ਸੂਰਮੇ ਕਦੇ ਪਿਛਾਂਹ ਰਹਿੰਦੇ,
ਰਹਿਣਾ ਵੀਰ ਨਾ ਪਿੱਛੇ ਫ਼ਿਰ ਭਾਇਆ ਸੀ,
ਜਦੋਂ ਵੇਖਿਆ ਸਾਡੇ 'ਤੇ ਕਹਿਰ ਵਰਤੇ,
ਸੁਪਰਡੈਂਟ ਨੂੰ ਆਖ ਸੁਣਾਇਆ ਸੀ।
ਸੁਪਰਡੈਂਟ ਨਾ ਕੋਈ ਪਰਵਾਹ ਕੀਤੀ,
ਅੱਗੋਂ ਹੱਸ ਕੇ ਸਿਰ ਹਿਲਾਇਆ ਸੀ।'
ਇਸ ਸਾਰੀ ਵਿਥਿਆ ਦਾ ਖੁਲਾਸਾ ਬਾਬਾ ਜੀ ਨੇ ਮੁੱਢਲੀਆਂ ਪੰਕਤੀਆਂ ਵਿਚ ਹੀ ਕੀਤਾ ਹੋਇਆ ਹੈ :-
ਵਾਹ ਕਰਨੀਆਂ ਤੇਰੀਆਂ ਵੀਰ ਮੇਰੇ, ਤਵਾਰੀਖ਼ ਦੇ ਵਿਚ ਲਿਖਾਏ ਦੇਵਾਂ।
ਬਾਬਾ ਪ੍ਰਿਥੀ ਸਿੰਘ ਲਾਲੜੂ
ਮੁੱਖ ਵੇਰਵੇ :
ਜਨਮ-15.9.1892
ਪਿਤਾ : ਸ੍ਰੀ ਸ਼ਾਦੀ ਰਾਮ
ਮਾਤਾ : ਸ੍ਰੀਮਤੀ ਚਮੇਲੀ
ਜਨਮ ਸਥਾਨ : ਨਾਨਕਾ ਪਿੰਡ ਸਰਕਪੁਰ-ਤਾਬੜ
1902 : ਸਕੂਲ ਦਾਖ਼ਲਾ (ਨਾਨਕੇ) ਕੁਝ ਕੁ ਸਮਾਂ, ਫ਼ੇਰ ਮਾਮਾ ਜੀ ਨਾਲ ਬਰਮਾ ਚਲੇ ਜਾਣਾ।
ਦੁਬਾਰਾ ਸਕੂਲੇ-ਮਿਸ਼ਨ ਸਕੂਲ (ਮਨੇਵਾਂ) ਛੇਵੀਂ ਜਮਾਤ ਤੱਕ
1907 ਦੇਸ਼ ਵਾਪਸੀ : ਮਿਸ਼ਨ ਸਕੂਲ ਅੰਬਾਲੇ।
ਨੌਕਰੀ : ਡਾਕ ਮਹਿਕਮੇ ਦੀ ਕਲਰਕੀ
ਅਮਰੀਕਾ ਪਹੁੰਚਣਾ : ਸੀਆਟਲ (ਪੱਛਮੀ ਅਮਰੀਕਾ) ਸਟਾਕਟਟ (ਬਾਬਾ) ਵਸਾਖਾ ਸਿੰਘ ਦੇ ਫ਼ਾਰਮ ਦੀ ਫ਼ੇਰੀ-ਆਲੂ ਦੇ ਖੇਤਾਂ ਵਿਚ ਮਜ਼ਦੂਰੀ
ਗ਼ਦਰ ਪਾਰਟੀ ਦਾ ਜਨਮ-ਬਾਬਾ ਕੇਸਰ ਸਿੰਘ ਤੇ (ਮਾਸਟਰ) ਊਧਮ ਸਿੰਘ ਕਸੇਲ ਨਾਲ ਸੰਪਰਕ ਅਪ੍ਰੈਲ-ਮਈ 1914 ਗ਼ਦਰ ਪਾਰਟੀ ਦੇ ਕੁਲ ਵਕਤੀ ਮੈਂਬਰ-ਯੁਗਾਂਤਰ ਆਸ਼ਰਮ-ਗ਼ਦਰ ਅਖ਼ਬਾਰ ਚਲਾਉਣਾ
29.8.1914 ਕੋਰੀਆ ਨਾਮੀ ਜਹਾਜ਼ 'ਤੇ ਹਿੰਦ ਵਾਪਸੀ
(ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਵਜੋਂ)
6.12.1914 ਪੁਲਿਸ ਨਾਲ ਝੜਪ ਪਿੱਛੋਂ ਜ਼ਖ਼ਮੀ ਹਾਲਤ ਵਿਚ ਗ੍ਰਿਫ਼ਤਾਰੀ (ਅੰਬਾਲਾ)
13 ਸਤੰਬਰ 1915 ਪਹਿਲੇ ਲਾਹੌਰ ਸਾਜਿਸ਼ ਕੇਸ ਵਿਚ ਫ਼ਾਂਸੀ-ਪਿੱਛੋਂ 17 ਹੋਰ ਸਾਥੀਆਂ ਸਮੇਤ ਉਮਰ ਕੈਦ, ਕਾਲੇ ਪਾਣੀ
ਦਸੰਬਰ 1915 : ਅੰਡੇਮਾਨ ਪਹੁੰਚਣਾ
ਕੁੰਭੀ ਨਰਕ ਲੰਮੀਆਂ ਭੁੱਖ ਹੜਤਾਲਾਂ ਤੇ ਤਸੀਹੇ
1921 ਅੰਡੇਮਾਨ ਤੋਂ ਵਾਪਸੀ
30 ਨਵੰਬਰ/ਪਹਿਲੀ ਦਸੰਬਰ 1922 : ਨਾਗਪੁਰ ਜੇਲ੍ਹ ਲਿਜਾਏ ਜਾ ਰਹੇ ਸਨ-ਵਾਰਸਾ ਨੇੜੇ ਚੱਲਦੀ ਗੱਡੀ 'ਚੋਂ ਛਾਲ ਮਾਰ ਕੇ ਫ਼ਰਾਰ।
9 ਅਕਤੂਬਰ 1930 : ਬੰਬਈ ਸ਼ਹਿਰ ਵਿਚ (ਸ਼ਹੀਦ) ਚੰਦਰ ਸ਼ੇਖਰ ਆਜ਼ਾਦ ਨਾਲ ਤਾਲਮੇਲ ਸਥਾਪਤ ਕਰਨ ਉਪਰੰਤ ਸ੍ਰੀਮਤੀ ਦੁਰਗਾ ਦੇਵੀ ਉਰਫ਼ ਦੁਰਗਾ ਭਾਬੀ ਤੇ ਪ੍ਰਸਿੱਧ ਇਨਕਲਾਬੀ ਸੁਖਦੇਵ ਰਾਜ ਨਾਲ ਲੈਮਿੰਗਟਨ ਰੋਡ ਉਪਰ ਗੋਰੇ ਸਟਾਫ਼ ਵਾਲੇ ਥਾਣੇ 'ਤੇ ਫਾਇਰਿੰਗ ਕਰਕੇ ਫ਼ਰਾਰ।
ਅਗਸਤ 1933 : ਮਾਸਕੋ (ਰੂਸ) ਜਾ ਕੇ (ਬਾਬਾ) ਗੁਰਮੁੱਖ ਸਿੰਘ ਲਲਤੋਂ ਨਾਲ ਵਾਪਸੀ, ਅਫ਼ਗਾਨ ਸਰਕਾਰ ਵਲੋਂ ਗ੍ਰਿਫ਼ਤਾਰੀ ਤੇ ਜੇਲ੍ਹ।
18 ਮਈ 1938 : ਮਹਾਤਮਾ ਗਾਂਧੀ ਦੀ ਸਲਾਹ ਤਹਿਤ ਪੁਲਿਸ ਅੱਗੇ ਆਤਮ-ਸਮਰਪਣ 'ਤੇ ਸਿਫ਼ਾਰਿਸ਼ੀ ਰਿਹਾਈ।
(ਲੰਮਾ ਅਰਸਾ ਭਾਵਨਗਰ-ਗੁਜਰਾਤ, ਨੌਜਵਾਨਾਂ 'ਚ ਜਾਗ੍ਰਿਤੀ ਅਭਿਆਨ)
5.3.1989 : ਸਵਰਗਵਾਸ
ਬੰਬਈ ਵਾਰਦਾਤ : ਬਾਬਾ ਜੀ ਦੇ ਗ਼ਦਰੀ ਜੀਵਨ ਬਾਰੇ ਤੇ ਅੰਡੇਮਾਨ ਵਾਲੀਆਂ ਮਹਾਨ ਕੁਰਬਾਨੀਆਂ ਬਾਰੇ ਜਾਗਰੂਕ ਪਾਠਕਾਂ ਨੂੰ ਕੁਝ ਨਾ ਕੁਝ ਜਾਣਕਾਰੀ ਹੋਵੇਗੀ, ਇਹ ਮੰਨ ਕੇ ਚਲਦੇ ਹੋਏ ਉਨ੍ਹਾਂ ਨਾਲ ਸਬੰਧਤ ਨਿਵੇਕਲੀ ਘਟਨਾ ਦਾ ਸੰਖੇਪ ਵਰਨਣ ਕਰਨ ਦੀ ਖੁੱਲ੍ਹ ਲੈ ਰਿਹਾ ਹਾਂ। ਜ਼ਿਕਰਯੋਗ ਹੈ ਕਿ ਬਾਬਾ ਜੀ ਦੀ ਇਸ ਵਾਰਦਾਤ ਵਿਚ ਸ਼ਮੂਲੀਅਤ ਬਾਰੇ ਸਰਕਾਰੀ ਮਸ਼ੀਨਰੀ ਨੂੰ ਕੁਝ ਵੀ ਪਤਾ ਨਹੀਂ ਸੀ ਲੱਗਿਆ। ਐਫ਼.ਆਈ.ਆਰ. ਵਿਚ ਉਨ੍ਹਾਂ ਦੀ ਪਛਾਣ ਕੇਵਲ ਸਵਾਮੀ ਕਰਕੇ ਹੀ ਦਰਜ ਕੀਤੀ ਗਈ ਸੀ।
ਅਸਲ ਵਿਚ ਇਹ ਵਾਰਦਾਤ ਬਾਬਾ ਜੀ ਦੇ ਆਪਣੇ ਸ਼ਬਦਾਂ ਅਨੁਸਾਰ ''7.10.1930 ਨੂੰ ਲਾਹੌਰ ਸਾਜਿਸ਼ ਕੇਸ (1929) ਵਿਚ ਭਗਤ ਸਿੰਘ, ਸੁਖਦੇਵ, ਰਾਜਗੁਰੂ ਨੂੰ ਫ਼ਾਂਸੀ ਦਾ ਹੁਕਮ ਸੁਣਾਏ ਜਾਣ 'ਤੇ ਅਸੀਂ ਕੁਝ ਕਰ ਵਿਖਾਉਣਾ ਚਾਹੁੰਦੇ ਸੀ ਅਤੇ ਜਿਵੇਂ ਭਗਤ ਸਿੰਘ ਹੋਰਾਂ ਨੇ ਅਸੈਂਬਲੀ ਬੰਬ ਧਮਾਕਾ ਕਰਕੇ ਤਰਥੱਲੀ ਮਚਾਈ ਸੀ, ਅਸੀਂ ਇਹ ਸਾਬਤ ਕਰਨਾ ਲੋਚਦੇ ਸੀ ਕਿ ਭਗਤ ਸਿੰਘ ਇਕੱਲਾ ਨਹੀਂ ਸੀ, ਬਲਕਿ ਹਰੇਕ ਨੌਜਵਾਨ ਅੰਦਰ ਆਜ਼ਾਦੀ ਦੀ ਚਿੰਗਾਰੀ ਧੁਖ ਰਹੀ ਹੈ।'
ਬਦਕਿਸਮਤੀ ਨਾਲ ਇਨ੍ਹਾਂ ਦੀ ਚਲਾਈ ਗੋਲੀ ਇਕ ਸਾਰਜੈਂਟ ਦੀ ਬੀਵੀ ਨੂੰ, ਜੋ ਅਚਾਨਕ ਹੀ ਉਥੇ ਆ ਪਹੁੰਚੀ ਸੀ, ਲੱਗ ਗਈ, ਜੀਹਦਾ ਉਨ੍ਹਾਂ ਨੂੰ ਬਹੁਤ ਪਛਤਾਵਾ ਹੋਇਆ। ਪੁਲਿਸ ਇਕ ਵੀ ਅਸਲੀ ਦੋਸ਼ੀ ਦਾ ਅਤਾ-ਪਤਾ ਲਾਉਣ ਵਿਚ ਨਾਕਾਮ ਰਹੀ ਤੇ ਅਖ਼ੀਰ ਸਬੂਤਾਂ ਦੀ ਘਾਟ ਕਰਕੇ ਕੇਸ ਹਾਈਕੋਰਟ ਜਾ ਕੇ ਖਾਰਜ ਹੋ ਗਿਆ।
-ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ
|