|
Monday, 08 February 2010 |
|
ਚੰਡੀਗੜ੍ਹ/ ਬਿਊਰੋ ਨਿਊਜ਼
ਰੁਚਿਕਾ ਛੇੜਛਾੜ ਮਾਮਲੇ 'ਚ ਫ਼ਸੇ ਹਰਿਆਣਾ ਦੇ ਸਾਬਕਾ ਡੀ.ਜੀ.ਪੀ. ਰਾਠੌਰ 'ਤੇ ਅੱਜ ਇਕ ਨੌਜਵਾਨ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਚੰਡੀਗੜ੍ਹ ਸਥਿਤ ਜ਼ਿਲ੍ਹਾ ਅਦਾਲਤ ਦੇ ਬਾਹਰ ਕੈਮਰਾ ਲੈ ਕੇ ਘੁੰਮ ਰਹੇ ਉਤਰ ਪ੍ਰਦੇਸ਼ ਦੇ ਵਾਰਾਨਸੀ ਇਲਾਕੇ ਦੇ ਰਹਿਣ ਵਾਲੇ ਉਤਸਵ ਸ਼ਰਮਾ ਨੇ ਚਾਕੂ ਨਾਲ ਰਾਠੌਰ 'ਤੇ ਹਮਲਾ ਕਰ ਦਿੱਤਾ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਰਾਠੌਰ ਆਪਣੀ ਪਤਨੀ ਆਭਾ ਰਾਠੌਰ ਅਤੇ ਬਨਾਰਸ ਦੇ ਹੀ ਵਕੀਲ ਅਜੀਤ ਕੁਮਾਰ ਨਾਲ ਅਦਾਲਤ ਵਿਚ ਚੱਲ ਰਹੀ ਬਹਿਸ ਦੌਰਾਨ ਲੰਚ ਲਈ ਬਾਹਰ ਆਏ ਸਨ। ਇਸ ਮੌਕੇ ਹਮਲਾਵਰ ਨੇ ਰਾਠੌਰ 'ਤੇ ਚਾਕੂ ਨਾਲ ਵਾਰ ਕਰ ਦਿੱਤਾ, ਜਿਸ ਨਾਲ ਰਾਠੌਰ ਦੇ ਮੂੰਹ 'ਚੋਂ ਖੂਨ ਵਹਿਣ ਲੱਗ
ਪਿਆ। ਰਾਠੌਰ ਨੂੰ ਪੁਲਿਸ ਤੁਰੰਤ ਸੈਕਟਰ-16 ਦੇ ਹਸਪਤਾਲ ਵਿਚ ਲੈ ਗਈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਅੱਜ ਅਦਾਲਤ ਵਿਚ ਹਰਿਆਣਾ ਦੇ ਸਾਬਕਾ ਪੁਲਿਸ ਮੁਖੀ ਐਸ.ਪੀ.ਐਸ. ਰਾਠੌਰ ਦੀ ਸਜ਼ਾ ਵਧਾਉਣ ਅਤੇ ਜ਼ਮਾਨਤ ਲਈ ਬਹਿਸ ਚੱਲ ਰਹੀ ਸੀ। ਇਸ ਬਹਿਸ ਲਈ ਅਦਾਲਤ ਨੇ 8-9 ਅਤੇ 10 ਫ਼ਰਵਰੀ ਨੂੰ ਫ਼ਾਸਟ ਟਰੈਕ ਕੋਰਟ ਰਾਹੀਂ ਬੰਦ ਕਮਰਾ ਸੁਣਵਾਈ ਸ਼ੁਰੂ ਕੀਤੀ ਸੀ। ਹੁਣ ਰਾਠੌਰ ਦੇ ਜ਼ਖ਼ਮੀ ਹੋਣ ਕਾਰਨ ਇਹ ਸੁਣਵਾਈ 10 ਫ਼ਰਵਰੀ ਨੂੰ ਹੋਵੇਗੀ। ਪੁਲਿਸ ਅਨੁਸਾਰ ਬੇਸ਼ੱਕ ਹਮਲਾਵਰ ਉਨ੍ਹਾਂ ਦੀ ਗ੍ਰਿਫ਼ਤ ਵਿਚ ਹੈ, ਪਰ ਉਸ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ, ਇਸ ਗੱਲ ਦੀ ਪੁਸ਼ਟੀ ਫ਼ੜੇ ਗਏ ਹਮਲਾਵਰ ਨੌਜਵਾਨ ਉਤਸਵ ਸ਼ਰਮਾ ਦੇ ਪਿਤਾ ਅਤੇ ਉਸ ਦੇ ਡਾਕਟਰ ਨੇ ਵੀ ਕੀਤੀ ਹੈ। ਉਤਸਵ ਪਿਛਲੇ ਇਕ ਮਹੀਨੇ ਤੋਂ ਹੀ ਚੰਡੀਗੜ੍ਹ ਦੀ ਧਰਮਸ਼ਾਲਾ ਵਿਚ ਰਹਿ ਰਿਹਾ ਸੀ।
|