RSS

AdvertisementAdvertisement
ਪੰਜਾਬ ਦੇ ਅੱਖੀਂ ਡਿੱਠੇ ਕਬੱਡੀ ਮੇਲੇ-6 PRINT ਈ ਮੇਲ
Friday, 05 February 2010
ਲੁਧਿਆਣੇ ਤੇ ਅੰਮ੍ਰਿਤਸਰ ਦੇ ਕਬੱਡੀ ਕੱਪ
ਪ੍ਰਿੰ. ਸਰਵਣ ਸਿੰਘ
ਲੁਧਿਆਣੇ ਦਾ ਲੋਧੀ ਕਬੱਡੀ ਕੱਪ ਜਿਹੜਾ ਮੀਂਹ ਕਾਰਨ ਮੁਲਤਵੀ ਕਰਨਾ ਪਿਆ ਸੀ ਛੇ ਫਰਵਰੀ ਨੂੰ ਬੜੀ ਸ਼ਾਨ ਨਾਲ ਹੋਇਆ ਤੇ ਸਾਰੇ ਉਲਾਂਭੇ ਲਾਹੇ ਗਏ। ਬੇਅੰਤ ਸਿੰਘ ਧਾਲੀਵਾਲ ਦਾ ਜਿੰਨਾ ਕੁ ਲਹੂ ਸੁੱਕਿਆ ਸੀ ਉਨਾ ਕੁ ਫੇਰ ਵਧ ਗਿਆ। ਟੂਰਨਾਮੈਂਟ ਵਿਚ ਸਿਆਸੀ ਨੇਤਾ ਵੀ ਆਏ, ਪੁਲਿਸ ਅਫਸਰ ਵੀ ਤੇ ਗਾਉਂਦੇ ਪੰਜਾਬ ਵਾਲਾ ਜੋਗਿੰਦਰ ਸਿੰਘ ਬਾਸੀ ਵੀ। ਖ਼ਬਰਾਂ ਪੜ੍ਹਨ ਵਾਲੀ ਬੀਬੀ ਜਸਬੀਰ ਕੌਰ ਵੀ ਹਾਜ਼ਰ ਸੀ ਤੇ ਤੀਰਥ ਸਿੰਘ ਢਿੱਲੋਂ ਵੀ। ਕਬੱਡੀ ਦੇ ਪੁਰਾਣੇ ਖਿਡਾਰੀ ਤਾਰਾ ਸਿੰਘ ਘਣਗਸ, ਕਾਕਾ ਅਮਰਜੀਤ, ਰਛਪਾਲ ਬਿੱਲਾ, ਦੇਵੀ ਦਿਆਲ ਤੇ ਘੁੱਦੇ ਹੋਰੀਂ ਗੇੜੇ ਦਿੰਦੇ ਫਿਰਦੇ ਸਨ। ਦਰਸ਼ਕਾਂ ਨਾਲ ਭਰਪੂਰ ਗੁਰੂ ਨਾਨਕ ਸਟੇਡੀਅਮ ਸਾਬਤ ਕਰ ਰਿਹਾ ਸੀ ਕਿ ਕਬੱਡੀ ਦੀਆਂ ਪਕੜਾਂ ਵੇਖਣ ਲਈ ਪੰਜਾਬੀਆਂ 'ਚ ਬੇਅੰਤ ਖਿੱਚ ਹੈ। ਕਬੱਡੀ 'ਚ ਐਵੇਂ ਨਹੀਂ ਲੋਕ ਡਾਲਰ ਤੇ ਪੌਂਡ ਫੂਕਦੇ ਫਿਰਦੇ। ਅਜੇ ਵੀ ਇਕ ਪਾਸੇ ਕਬੱਡੀ ਦਾ ਮੈਚ ਹੋ ਰਿਹਾ ਹੋਵੇ ਤੇ ਦੂਜੇ ਪਾਸੇ ਕਿਸੇ ਹੋਰ ਖੇਡ ਦਾ ਤਾਂ ਆਮ ਪੰਜਾਬੀ ਕਬੱਡੀ ਵੇਖਣ ਨੂੰ ਹੀ ਪਹਿਲ ਦਿੰਦੇ ਹਨ।
ਉਂਜ ਧੰਨ ਹਨ ਸਾਡੇ ਕਬੱਡੀ ਦੇ ਦਰਸ਼ਕ ਜਿਹੜੇ ਮੈਚ ਦੇ ਮਿਥੇ ਸਮੇਂ ਤੋਂ ਲੇਟ ਹੋਣ ਵਾਲੀਆਂ ਟੀਮਾਂ ਦਾ ਘੰਟਿਆਂ ਬੱਧੀ ਇੰਤਜ਼ਾਰ ਕਰਨ ਦਾ ਸਬਰ ਰੱਖਦੇ ਹਨ। ਲੋਧੀ ਕੱਪ ਦਾ ਪਹਿਲਾ ਮੈਚ ਅਨਾਊਂਸਰਾਂ ਵੱਲੋਂ ਵਾਰ ਵਾਰ ਦੁਹਾਈਆਂ ਦੇਣ ਦੇ ਬਾਵਜੂਦ ਦਿਨ ਢਲੇ ਸ਼ੁਰੂ ਹੋ ਸਕਿਆ। ਉਹ ਵੀ ਤਦ ਜਦੋਂ ਮੈਨੂੰ ਮਾਈਕ ਤੋਂ ਕਹਿਣਾ ਪਿਆ ਕਿ ਖੇਡਣਾ ਤਾਂ ਖੇਡੋ ਨਹੀਂ ਲੋਕ ਉਠ ਕੇ ਘਰਾਂ ਨੂੰ ਜਾਣ ਲੱਗੇ ਹਨ। ਅੱਜ ਉਹ ਤੁਹਾਨੂੰ ਉਡੀਕ ਰਹੇ ਨੇ। ਜੇ ਤੁਹਾਡਾ ਏਹੋ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਉਨ੍ਹਾਂ ਨੂੰ ਉਡੀਕਿਆ ਕਰੋਗੇ ਤੇ ਦਰਸ਼ਕ ਕਿਹਾ ਕਰਨਗੇ, ''ਆ ਜਾਵਾਂਗੇ ਜਦੋਂ ਜੀਅ ਕੀਤਾ। ਕਿਧਰੇ ਨੀ ਭੱਜ ਚੱਲੀ ਤੁਹਾਡੀ ਕਬੱਡੀ।"
ਜਿਸ ਖੇਡ ਵਿਚ ਸਮੇਂ ਦੀ ਪਾਬੰਦੀ ਤੇ ਨੇਮਾਂ ਦਾ ਜ਼ਾਬਤਾ ਨਾ ਰਹੇ ਉਹਦੀ ਖਿੱਚ ਬਹੁਤੀ ਦੇਰ ਕਾਇਮ ਨਹੀਂ ਰਹਿ ਸਕਦੀ। ਕਬੱਡੀ ਮੇਲਿਆਂ ਵਿਚ ਅਕਸਰ ਵੇਖਿਆ ਗਿਆ ਹੈ ਕਿ ਟੀਮਾਂ ਜਾਂ ਤਾਂ ਮੈਚਾਂ ਦੀਆਂ ਟਾਈਆਂ ਉਤੇ ਇਤਰਾਜ਼ ਕਰੀ ਜਾਂਦੀਆਂ ਰਹਿੰਦੀਆਂ ਹਨ ਤੇ ਜਾਂ ਪੈਸਿਆਂ ਦੇ ਲੈਣ ਦੇਣ 'ਤੇ ਅੜੀਆਂ ਲੀੜੇ ਨਹੀਂ ਲਾਹੁੰਦੀਆਂ। ਟਾਈਆਂ ਤੇ ਟੀਮਾਂ ਦੀ ਫੀਸ ਦਾ ਫੈਸਲਾ ਪਹਿਲਾਂ ਹੀ ਸੋਚ ਵਿਚਾਰ ਕੇ ਕਰਨਾ ਚਾਹੀਦਾ ਹੈ ਤੇ ਫਿਰ ਕਿਸੇ ਦਬਾਅ ਹੇਠ ਬਦਲਣਾ ਨਹੀਂ ਚਾਹੀਦਾ। ਲੋਧੀ ਕੱਪ 'ਚ ਇਹੋ ਅੜਿੱਕਾ ਦੂਰ ਕਰਦਿਆਂ ਦੋ ਘੰਟੇ ਲੱਗ ਗਏ।
ਵਿਚੋਂ ਗੱਲ ਨਿਕਲੀ ਕਿ ਅਮਰੀਕਾ ਵਿਚ ਕਬੱਡੀ ਪ੍ਰਮੋਟਰਾਂ ਦੇ ਦੋ ਧੜੇ ਬਣੇ ਹੋਏ ਹਨ। ਕਬੱਡੀ ਦੀ ਭਲਾਈ ਦਾ ਦੋਵੇਂ ਹੀ ਦਮ ਭਰਦੇ ਹਨ ਪਰ ਮੌਕਾ ਮਿਲਣ 'ਤੇ ਇਕ ਦੂਜੇ ਨੂੰ ਉਵੇਂ ਹੀ ਠਿੱਬੀ ਲਾਉਂਦੇ ਹਨ ਜਿਵੇਂ ਖੇਡ ਵਿਚ ਖਿਡਾਰੀ ਲੱਤੀਂ ਪੈਂਦੇ ਹਨ। ਉਨ੍ਹਾਂ ਨੇ ਆਪਸੀ ਮੁਕਾਬਲੇ ਵਿਚ ਖਿਡਾਰੀਆਂ ਦੀਆਂ ਵੀ ਵੰਡੀਆਂ ਪਾ ਰੱਖੀਆਂ ਹਨ ਤੇ ਵਾਹ ਲੱਗਦੀ ਇਕ ਦੂਜੇ ਦੀ ਟੀਮ ਟੂਰਨਾਮੈਂਟ 'ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਇਹੋ ਕਾਰਨ ਸੀ ਕਿ ਇਕ ਧੜੇ ਦੀ ਟੀਮ ਨੂੰ ਕਈ ਖੇਡ ਮੇਲਿਆਂ ਵਿਚ ਦਾਖਲ ਹੀ ਨਹੀਂ ਕੀਤਾ ਗਿਆ।
ਧੜੇਬਾਜ਼ੀ ਸਿਆਸਤਦਾਨਾਂ ਦੀ ਸਿਆਸਤ ਹੈ। ਉਨ੍ਹਾਂ ਨੇ ਸਿਆਸੀ ਤਾਕਤ 'ਚੋਂ ਹਿੱਸਾ ਜੋ ਲੈਣਾ ਹੋਇਆ। ਪਰ ਕਬੱਡੀ 'ਚੋਂ ਧੜੇਬਾਜ਼ੀ ਨੇ ਕੀ ਕੱਢਣਾ ਪਾਉਣਾ ਹੈ? ਕਬੱਡੀ ਤੇ ਕਬੱਡੀ ਦੇ ਖਿਡਾਰੀਆਂ ਦਾ ਭਲਾ ਤਾਂ ਇਸੇ ਗੱਲ ਵਿਚ ਹੈ ਕਿ ਕਬੱਡੀ ਪ੍ਰੇਮੀ 'ਕੱਠੇ ਹੋਣ ਅਤੇ ਸਿਰ ਜੋੜ ਕੇ ਕਬੱਡੀ ਦੇ ਸੁਨਹਿਰੀ ਭਵਿੱਖ ਦੀ ਸਕੀਮ ਬਣਾਉਣ।
ਲੋਧੀ ਕੱਪ ਦੇ ਦੇਰ ਨਾਲ ਸ਼ੁਰੂ ਹੋਣ ਦੀ ਜੋ ਬਦਮਜ਼ਗੀ ਪੈਦਾ ਹੋਈ ਸੀ ਉਹ ਬਾਅਦ ਵਿਚ ਯਾਦਗਾਰੀ ਜੱਫਿਆਂ ਤੇ ਧਾਵਿਆਂ ਨਾਲ ਧੋਤੀ ਗਈ। ਸੁਰਜਨ ਸਿੰਘ ਚੱਠਾ ਤੇ ਜਸਬੀਰ ਸਿੰਘ ਘੁੱਗੀ ਮੈਚ ਖਿਡਾ ਰਹੇ ਸਨ। ਉਨ੍ਹਾਂ ਨੂੰ ਸ਼ੌਕ ਹੀ ਹੈ ਕਬੱਡੀ ਮੈਚ ਖਿਡਾਉਣ ਦਾ। ਚੱਠਾ ਭਾਵੇਂ ਸੱਠਾਂ ਸਾਲਾਂ ਤੋਂ ਟੱਪ ਗਿਐ ਪਰ ਵਿਸਲ ਫੜੀ ਹੋਵੇ ਤਾਂ ਪੰਜਾਹਾਂ ਤੋਂ ਵੱਧ ਨਹੀਂ ਲੱਗਦਾ। ਕੱਦ ਵੀ ਸੁੱਖ ਨਾਲ ਸਾਢੇ ਛੇ ਫੁਟ ਦੇ ਕਰੀਬ ਹੈ। ਕਬੱਡੀ ਖਿਡਾਰੀਆਂ ਦਾ ਉਹ ਮਸੀਹਾ ਹੈ। ਉਸ ਨੇ ਕਬੱਡੀ ਦੇ ਖਿਡਾਰੀਆਂ ਨੂੰ ਵਿਦੇਸ਼ਾਂ ਦੀਆਂ ਧਰਤੀਆਂ ਉਤੇ ਖਿਡਾਉਣ ਵਿਚ ਅਹਿਮ ਯੋਗਦਾਨ ਪਾਇਆ ਹੈ।
ਕਬੱਡੀ ਦੇ ਮੈਚ ਵਿਚ ਦਰਸ਼ਕ ਉਦੋਂ ਵਧੇਰੇ ਖੁਸ਼ ਹੁੰਦੇ ਹਨ ਜਦੋਂ ਕੋਈ ਤਕੜਾ ਖਿਡਾਰੀ ਡੱਕਿਆ ਜਾਵੇ। ਜਿਸ ਮੈਚ ਵਿਚ ਵਧੇਰੇ ਜੱਫੇ ਲਗਦੇ ਹਨ ਉਹ ਯਾਦਗਾਰੀ ਮੈਚ ਬਣ ਜਾਂਦਾ ਹੈ। ਲੋਧੀ ਕੱਪ ਵਿਚ ਸਭ ਕਹਿੰਦੇ ਕਹਾਉਂਦੇ ਧਾਵੀ ਜਾਫੀਆਂ ਨੇ ਡੱਕ ਵਿਖਾਏ। ਨਵੇਂ ਪਿੰਡ ਦਾ ਭਿੰਦਰ ਵੀ ਡੱਕਿਆ ਗਿਆ, ਅੰਗਰੇਜ਼ ਵੀ ਤੇ ਬਲਵਿੰਦਰ ਭੀਮਾ ਵੀ। ਭੀਮਾ ਪੈਂਤੀ ਸਾਲਾਂ ਦਾ ਹੋ ਕੇ ਵੀ ਖੇਡੀ ਜਾਂਦਾ ਸੀ। ਕਹਿੰਦਾ ਸੀ ਜਦੋਂ ਤਕ ਕੋਠੀ ਨਹੀਂ ਬਣਦੀ ਜਾਂ ਸੱਟ ਫੇਟ ਨਹੀਂ ਲੱਗਦੀ ਉਦੋਂ ਤਕ ਖੇਡੀ ਜਾਣਾ ਹੈ। ਸੁਭਾਅ ਦਾ ਚੰਗਾ ਹਸਮੁਖ ਹੈ। ਉਹਦੇ ਸਵਾ ਕੁਇੰਟਲ ਦੇ ਜੁੱਸੇ ਨੂੰ ਜਦੋਂ ਸੱਠ ਕਿਲੋ ਦਾ ਅਧੀਆ ਜਿਹਾ ਸ਼ਿੰਦਰੀ ਜੋਕ ਵਾਂਗ ਚੰਬੜਦਾ ਤਾਂ ਤਮਾਸ਼ਾ ਵੇਖਣ ਵਾਲਾ ਹੁੰਦਾ। ਸ਼ਿੰਦਰੀ ਦੀਆਂ ਬਾਂਦਰ ਕਾਠੀਆਂ ਕਈ ਵਾਰ ਭੀਮੇ ਦੀ ਪੇਸ਼ ਨਾ ਜਾਣ ਦਿੰਦੀਆਂ। ਉਤੋਂ ਕੁਮੈਂਟਰੀ ਕਰਨ ਵਾਲੇ ਕਹੀ ਜਾਂਦੇ, ''ਲਓ ਹੋ ਗਈ ਟਰੱਕ ਤੇ ਟੈਂਪੂ ਦੀ ਟੱਕਰ, ਚੜ੍ਹ ਗਿਆ ਟੈਂਪੂ ਟਰੱਕ 'ਤੇ!"
ਅਜਿਹੇ ਮੌਕੇ ਦਰਸ਼ਕਾਂ ਦਾ ਵੀ ਭਰਪੂਰ ਮਨੋਰੰਜਨ ਹੋ ਜਾਂਦਾ ਹੈ। ਮੇਲੇ ਮਨੋਰੰਜਨ ਦਾ ਸਾਧਨ ਹੀ ਤਾਂ ਹੁੰਦੇ ਹਨ। ਜਿਸ ਮਨੋਰੰਜਨ 'ਚੋਂ ਖੁਸ਼ੀ ਤੇ ਖੇੜੇ ਦੇ ਨਾਲ ਸਿਹਤ ਬਣਾਉਣ ਦੀ ਵੀ ਚੇਟਕ ਲੱਗ ਜਾਵੇ ਉਹਦੀਆਂ ਫਿਰ ਕਿਆ ਬਾਤਾਂ! ਖੇਡ ਮੇਲੇ ਇਸੇ ਲਈ ਚੰਗੇ ਲੱਗਦੇ ਹਨ ਕਿ ਇਹ ਖੇੜਾ ਵੀ ਬਖਸ਼ਦੇ ਹਨ ਤੇ ਨਵੀਂ ਪੀੜ੍ਹੀ ਨੂੰ ਤਕੜੇ ਖਿਡਾਰੀਆਂ ਦੀ ਰੀਸੇ ਜੁੱਸੇ ਤਕੜੇ ਬਣਾਉਣ ਦੇ ਰਾਹ ਵੀ ਪਾਉਂਦੇ ਹਨ।
ਅਗਲਾ ਕਬੱਡੀ ਮੇਲਾ ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਭਰਨਾ ਸੀ। ਕਬੱਡੀ ਦੇ ਘਾਗ ਖਿਡਾਰੀ ਗੁਰਦਿਲਬਾਗ ਬਾਘੇ ਹੋਰੀਂ ਟੋਰਾਂਟੋ ਤੋਂ ਹੀ ਕਮਰਕੱਸੇ ਕਰ ਕੇ ਗਏ ਸਨ। ਉਹ ਮੈਥੋਂ ਵਾਇਦਾ ਲੈ ਗਏ ਸਨ ਕਿ ਅੰਬਰਸਰ ਹਰ ਹਾਲਤ ਵਿਚ ਪੁੱਜਣਾ ਹੈ। ਮਾਝੇ ਦੇ ਪਰਵਾਸੀ ਭਾਊ ਉਥੇ ਪਹਿਲਾ ਇੰਟਰਨੈਸ਼ਨਲ ਗੋਲਡ ਕਬੱਡੀ ਕੱਪ ਕਰਵਾ ਰਹੇ ਸਨ। ਕਾਫੀ ਦੇਰ ਤੋਂ ਉਧਰ ਕੋਈ ਕੌਮਾਂਤਰੀ ਪੱਧਰ ਦਾ ਕਬੱਡੀ ਕੱਪ ਨਹੀਂ ਸੀ ਹੋਇਆ। ਜਲੰਧਰ ਤੇ ਲੁਧਿਆਣੇ ਤਾਂ ਕਬੱਡੀ ਦੇ ਟੂਰਨਾਮੈਂਟ 'ਤੇ ਟੂਰਨਾਮੈਂਟ ਚੜ੍ਹੇ ਪਏ ਸਨ।
ਫਰਵਰੀ ਦਾ ਮਹੀਨਾ ਪੰਜਾਬ ਦੇ ਖੇਡ ਮੇਲਿਆਂ ਲਈ ਸਭ ਤੋਂ ਵਧੀਆ ਹੁੰਦਾ ਹੈ। ਧੁੰਦਾਂ ਉੱਡ ਜਾਂਦੀਆਂ ਹਨ ਤੇ ਦਿਨ ਨਿੱਘੇ ਹੋ ਜਾਂਦੇ ਹਨ। ਉਂਜ ਵੀ ਦਿਨ ਦਾ ਸਮਾਂ ਕੁਝ ਵਧ ਜਾਂਦਾ ਹੈ। ਖੇਤਾਂ ਦੇ ਕੰਮਾਂ ਧੰਦਿਆਂ ਵੱਲੋਂ ਵੀ ਲੋਕ ਵਿਹਲੇ ਹੁੰਦੇ ਹਨ। ਪਰਵਾਸੀਆਂ ਲਈ ਇਸ ਮਹੀਨੇ ਪੰਜਾਬ ਫੇਰਾ ਮਾਰਨਾ ਵਧੇਰੇ ਖ਼ੁਸ਼ਗਵਾਰ ਰਹਿੰਦਾ ਹੈ। ਬਹੁਤੇ ਵਿਆਹ ਸਾਹੇ ਵੀ ਇਸੇ ਮਹੀਨੇ ਹੋਣ ਲੱਗ ਪਏ ਹਨ।
ਫਰਵਰੀ ਦਾ ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇ ਜਿੱਦਣ ਮੈਨੂੰ ਕਿਸੇ ਵਿਆਹ ਜਾਂ ਖੇਡ ਮੇਲੇ 'ਤੇ ਪੁੱਜਣ ਦਾ ਸੱਦਾ ਨਾ ਹੋਵੇ। ਕਿਸੇ ਕਿਸੇ ਦਿਨ ਤਾਂ ਤਿੰਨ ਤਿੰਨ ਵਿਆਹ ਤੇ ਚਾਰ ਚਾਰ ਖੇਡ ਮੇਲੇ 'ਕੱਠੇ ਸਨ। ਇਸ ਲਈ ਸਾਰਿਆਂ ਦੇ ਹਾਜ਼ਰੀ ਭਰਨੀ ਔਖੀ ਸੀ। ਮੈਨੂੰ ਕਈ ਕਬੱਡੀ ਮੇਲੇ ਛੱਡਣੇ ਪਏ ਸਨ। ਹਕੀਮਪੁਰੀਏ ਮੱਖਣ ਸਿੰਘ ਦਾ ਮੈਨੂੰ ਬੜਾ ਸੁਖ ਸੀ। ਕੁਮੈਂਟਰੀ ਕਰਨ ਜਾਂਦਿਆਂ ਉਹ  ਮੈਨੂੰ ਵੀ ਆਪਣੀ ਕਾਰ ਉਤੇ ਲੈ ਜਾਂਦਾ ਸੀ। ਮੇਰਾ ਉਹਨੂੰ ਇਹ ਸੁਖ ਸੀ ਕਿ ਰਾਤ ਨੂੰ ਮੁੜਦਿਆਂ ਉਹ 'ਕੱਲਾ ਨਹੀਂ ਸੀ ਹੁੰਦਾ। ਰਾਹ ਵਿਚ ਗੱਲਾਂ ਕਰਦਿਆਂ ਸਾਡਾ ਜੀਅ ਵੀ ਲੱਗਿਆ ਰਹਿੰਦਾ ਸੀ।
ਮੁਕੰਦਪੁਰ ਤੋਂ ਅਸੀਂ ਸਵੱਖਤੇ ਚੱਲੇ। ਬੰਗਾ-ਫਗਵਾੜਾ ਸੜਕ 'ਤੇ ਕੁਝ ਥਾਵਾਂ ਉਤੇ ਘੁਲਾੜੀਆਂ ਚੱਲ ਰਹੀਆਂ ਸਨ ਜਿਥੇ ਗੁੜ ਵੇਚਿਆ ਜਾ ਰਿਹਾ ਸੀ। ਕੜ੍ਹਦੇ ਰਹੁ ਤੇ ਬਣਦੇ ਗੁੜ ਦੀ ਮਹਿਕ ਨਾਸਾਂ ਵਿਚ ਕੁਤਕੁਤਾੜੀਆਂ ਕੱਢ ਰਹੀ ਸੀ। ਜਿਨ੍ਹਾਂ ਨੇ ਘੁਲਾੜੀ ਦੇ ਤੱਤੇ ਤੱਤੇ ਗੁੜ ਦਾ ਸੁਆਦ ਚੱਖਿਆ ਹੋਵੇ ਉਹ ਭਾਵੇਂ ਵਲਾਇਤਾਂ 'ਚ ਜਾ ਵਸਣ ਘੁਲਾੜੀ ਦੀ ਮਹਿਕ ਨੂੰ ਨਹੀਂ ਭੁੱਲ ਸਕਦੇ। ਆਲੇ ਦੁਆਲੇ ਖੇਤਾਂ ਵਿਚ ਸਰਵ੍ਹਾਂ ਦੇ ਫੁੱਲ ਖਿੜੇ ਹੋਏ ਸਨ ਤੇ ਕਮਾਦੀਆਂ ਹੁਲ੍ਹਾਰੇ ਮਾਰ ਰਹੀਆਂ ਸਨ। ਹਾਦਸਿਆਂ ਕਾਰਨ ਕੁਝ ਗੱਡੀਆਂ ਟੇਢੀਆਂ ਹੋਈਆਂ ਪਈਆਂ ਸਨ। ਟੋਰਾਂਟੋ ਵਿਚ ਲੱਖਾਂ ਗੱਡੀਆਂ ਚਲਦੀਆਂ ਹਨ ਪਰ ਹਾਦਸਾ ਕਦੇ ਕਦਾਈਂ ਈ ਹੁੰਦਾ ਹੈ ਜਦ ਕਿ ਪੰਜਾਬ ਵਿਚ ਕੋਈ ਸੜਕ ਐਸੀ ਨਹੀਂ ਦਿਸਦੀ ਜਿਥੇ ਕੁਝ ਨਾ ਕੁਝ ਮੂਧਾ ਨਾ ਵੱਜਿਆ ਪਿਆ ਹੋਵੇ।
ਜਲੰਧਰ ਦੇ ਰਾਮਾ ਮੰਡੀ ਚੌਕ ਤੋਂ ਮਾਲਟਨ ਕਬੱਡੀ ਕਲੱਬ ਵਾਲੇ ਸਰਬਜੀਤ ਸਿੰਘ ਦਿਓਲ ਹੋਰੀਂ ਵੀ ਸਾਡੇ ਨਾਲ ਰਲ ਗਏ। ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿਚ ਪੁੱਜੇ ਤਾਂ ਮਾਈਕ ਉਤੋਂ ਬਲਤੇਜ ਪੰਨੂੰ ਜੀ ਆਇਆਂ ਕਹਿ ਰਿਹਾ ਸੀ। ਮੈਂ ਉਸ ਨੂੰ ਪੜ੍ਹਿਆ ਤੇ ਸੁਣਿਆ ਤਾਂ ਪਹਿਲਾਂ ਵੀ ਸੀ ਪਰ ਮਿਲਿਆ ਉਸੇ ਦਿਨ। ਰਵਿੰਦਰ ਪੰਨੂੰ ਆਪਣੀ ਸੁਰ ਸਾਗਰ ਦੀ ਟੀਮ ਨਾਲ ਟੋਰਾਂਟੋ ਦੇ ਦਰਸ਼ਕਾਂ ਲਈ ਟੀ. ਵੀ. ਦੀ ਕਵਰੇਜ਼ ਕਰ ਰਿਹਾ ਸੀ। ਕਿਆ ਕਮਾਲ ਹੈ ਕਿ ਕਬੱਡੀ ਦੇ ਜੱਫੇ ਅੰਮ੍ਰਿਤਸਰ ਲੱਗਣ ਤੇ ਨਜ਼ਾਰੇ ਨਾਲ ਦੀ ਨਾਲ ਟੋਰਾਂਟੋ ਵਾਸੀ ਵੀ ਵੇਖੀ ਜਾਣ! ਰੇਡੀਓ 'ਰੰਗਲਾ ਪੰਜਾਬ' ਵਾਲਾ ਦਿਲਬਾਗ਼ ਸਿੰਘ ਚਾਵਲਾ ਵੀ ਪੱਬਾਂ ਭਾਰ ਹੋਇਆ ਫਿਰਦਾ ਸੀ। ਸਦਾਬਹਾਰ ਬਾਘੇ ਨੇ ਤਾਂ ਊਰੀ ਵਾਂਗ ਘੁੰਮਣਾ ਈ ਸੀ। ਮੱਲਕਿਆਂ ਦੇ ਇਸ ਸੋਹਣੇ ਸੁਨੱਖੇ ਜੁਆਨ ਕੋਲ ਪਤਾ ਨਹੀਂ ਕਿਹੜੀ ਗਿੱਦੜਸਿੰਗੀ ਹੈ, ਕਬੱਡੀ ਦੇ ਹਰੇਕ ਅਖਾੜੇ ਦਾ ਲੰਬੜ ਹੁੰਦਾ ਹੈ। ਕਬੱਡੀ ਛੱਡ ਕੇ ਉਹ ਟਰੱਕ ਚਲਾਉਣ ਲੱਗਾ ਸੀ ਤੇ ਟਰੱਕ ਛੱਡ ਕੇ 'ਬਾਘਾ ਫਿਸ਼ ਐਂਡ ਚਿਕਨ' ਚਲਾ ਰਿਹੈ।
ਕਬੱਡੀ ਦੇ ਦਾਇਰੇ ਅੰਦਰ ਕਾਲੀਆਂ ਐਨਕਾਂ ਲਾ ਕੇ ਕੁਮੈਂਟਰੀ ਕਰਦਾ ਅਰਵਿੰਦਰ ਸਿੰਘ ਕੋਛੜ ਆਪਣੀਆਂ ਛੱਡੀ ਜਾਂਦਾ ਸੀ-ਜੇ ਨੱਚੀਏ ਤਾਂ ਲੱਕ ਲਚਕਾ ਕੇ ਨਹੀਂ ਤਾਂ ਕੋਈ ਲੋੜ ਨਹੀਂ। ਭਾਬੋ ਲੈਗੀ ਨਾਲ ਕੁੰਜੀਆਂ ਤੇਰੀ ਛੁੱਟਗੀ ਛੜਿਆ ਸਰਦਾਰੀ। ਸਟੇਡੀਅਮ ਬੈਨਰਾਂ ਤੇ ਝੰਡੀਆਂ ਨਾਲ ਸ਼ਿੰਗਾਰਿਆ ਹੋਇਆ ਸੀ ਤੇ ਕਈਆਂ ਮਝੈਲਾਂ ਦੇ ਚਿੱਟੇ ਕੁੜਤੇ ਚਾਦਰੇ ਹੋਰ ਵੀ ਸ਼ੋਭ ਰਹੇ ਸਨ। ਉਥੇ ਪਹਿਲਾ ਕਬੱਡੀ ਮੇਲਾ ਹੋਣ ਕਾਰਨ 'ਕੱਠ ਬਹੁਤਾ ਨਹੀਂ ਸੀ ਹੋਇਆ ਪਰ ਮੈਚ ਬੜੇ ਖਹਿਵੇਂ ਹੋਏ। ਬਿਕਰਮਜੀਤ ਸਿੰਘ ਵਿੱਕੀ ਨੇ ਲੱਖ ਰੁਪਏ ਦਾ ਇਨਾਮ ਰੱਖਿਆ ਸੀ, ਸਰਪੰਚ ਜਗਜੀਤ ਸਿੰਘ ਤੇੜਾ ਨੇ ਪਝੰਤਰ ਹਜ਼ਾਰ ਤੇ ਸਵਰਨ ਸਿੰਘ ਸੰਧੂ ਨੇ ਪੰਜਾਹ ਹਜ਼ਾਰ ਦਾ। ਅੰਮ੍ਰਿਤਸਰ ਟਰਾਂਸਪੋਰਟ ਟੋਰਾਂਟੋ ਵਾਲੇ ਰਾਣਾ ਪਰਤਾਪ ਸਿੰਘ ਰੰਧਾਵਾ ਹੋਰਾਂ ਦਾ ਵੀ ਵੱਡਾ ਯੋਗਦਾਨ ਸੀ। ਲੱਖ ਰੁਪਿਆ ਟੋਰਾਂਟੋ ਵਾਲੇ ਸੁਲੱਖਣ ਸਿੰਘ ਹੁੰਦਲ ਨੇ ਦਿੱਤਾ। ਦਾਨੀਆਂ ਦੀ ਸੂਚੀ ਕਾਫੀ ਲੰਮੀ ਸੀ।
ਉਥੇ ਕਬੱਡੀ ਦੇ ਜੂੜੇ ਵਾਲੇ ਖਿਡਾਰੀ ਜਤਿੰਦਰ ਸਿੰਘ ਤੋਚੀ ਕਾਲਾ ਸੰਘਿਆਂ ਵਾਲੇ ਨੂੰ ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਪੰਜਾਹ ਹਜ਼ਾਰ ਰੁਪਏ ਕਬੱਡੀ ਦੇ ਪੁਰਾਣੇ ਖਿਡਾਰੀ ਰਾਣੇ ਵੰਝ ਨੂੰ ਦਿੱਤੇ ਗਏ ਜਿਸ ਨੇ ਕਦੇ ਫਿੱਡੂ ਨੂੰ ਜੱਫੇ ਲਾਏ ਸਨ। ਪੰਜਾਹ ਸਾਲਾਂ ਨੂੰ ਢੁੱਕਿਆ ਰਾਣਾ ਵੰਝ ਇਨਾਮ ਦੇ ਚਾਅ ਵਿਚ ਕਪੜੇ ਲਾਹ ਕੇ ਮੈਦਾਨ 'ਚ ਉੱਤਰ ਪਿਆ। ਉਹਦੇ ਇਕ ਇਕ ਜੱਫੇ ਉਤੇ ਛੇ ਛੇ ਹਜ਼ਾਰ ਦੇ ਇਨਾਮ ਲੱਗ ਗਏ ਤੇ ਉਹਨੇ ਤਿੰਨ ਚਾਰ ਜੱਫਿਆਂ ਵਿਚ ਈ ਵੀਹ ਪੰਝੀ ਹਜ਼ਾਰ ਰੁਪਿਆ ਮੁੱਛ ਲਿਆ।
ਮੇਲੇ ਵਿਚ ਪਹਿਲਵਾਨ ਕਰਤਾਰ ਸਿੰਘ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸਿੱਧੂ ਨੇ ਵੀ ਦਰਸ਼ਨ ਦਿੱਤੇ। ਇਕਬਾਲ ਸਿੰਘ ਕਬੱਡੀ ਦਾ ਆਸ਼ਕ ਹੈ। ਉਹਦੇ ਨਾਨਕੇ ਚੂਹੜਚੱਕ ਹੋਣ ਕਾਰਨ ਬਚਪਨ ਵਿਚ ਉਸ ਨੇ ਢੁੱਡੀਕੇ ਦਾ ਖੇਡ ਮੇਲਾ ਕਦੇ ਨਹੀਂ ਸੀ ਖੁੰਝਾਇਆ। ਦਾਇਰੇ ਵਾਲੀ ਕਬੱਡੀ ਦੇ ਨਾਲ ਉਥੇ ਢੇਰੀ ਵਾਲੀ ਕਬੱਡੀ ਵੀ ਖੇਡੀ ਗਈ ਜੋ ਮਾਝੇ ਦੀ ਮਕਬੂਲ ਖੇਡ ਹੈ। ਕੋਚ ਗੁਰਚਰਨ ਸਿੰਘ ਢਿੱਲੋਂ ਨੇ ਕੁਝ ਕੁਸ਼ਤੀਆਂ ਕਰਵਾਈਆਂ। ਅੰਮ੍ਰਿਤਸਰ ਦੇ ਕਬੱਡੀ ਕੱਪ ਦਾ ਨਾਹਰਾ ਸੀ-ਨਸ਼ੇ ਛੱਡੋ ਖੇਡਾਂ ਅਪਨਾਓ।
(ਚਲਦਾ)




Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis