RSS

AdvertisementAdvertisement
ਕਿਥੋਂ ਤੱਕ ਨਿਘਰੇਗਾ ਸਾਡਾ ਨੈਤਿਕ ਆਚਰਣ? PRINT ਈ ਮੇਲ
Friday, 05 February 2010

ਬੀ.ਐਸ. ਥੌਰ
ਥੋੜ੍ਹੇ ਦਿਨ ਹੋਏ ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਮੈਨੂੰ ਪੁੱਛਿਆ ਕਿ ਭ੍ਰਿਸ਼ਟਾਚਾਰ ਕਿਵੇਂ ਖ਼ਤਮ ਹੋ ਸਕਦਾ ਹੈ? ਮੈਨੂੰ ਪਤਾ ਨਹੀਂ ਸੀ ਕਿ ਪੁੱਛਣ ਵਾਲਾ ਪੁਲਿਸ ਵਾਲਾ ਹੈ। ਕਿਸੇ ਜਾਣੂ ਦੇ ਭੋਗ ਸਮਾਗਮ 'ਤੇ ਖੜ੍ਹੇ ਸਾਂ। ਗੱਲਾਂ 'ਚੋਂ ਗੱਲ ਭ੍ਰਿਸ਼ਟਾਚਾਰ ਦੀ ਛਿੜ ਪਈ। ਹਰ ਇਕ ਨੂੰ ਰੜਕਦਾ ਮਸਲਾ ਜੋ ਹੋਇਆ। ਮੈਂ ਕਿਹਾ ਲੋਕੀਂ ਭ੍ਰਿਸ਼ਟਾਚਾਰ ਕੇਵਲ ਰਿਸ਼ਵਤ ਲੈਣ-ਦੇਣ ਨੂੰ ਹੀ ਸਮਝਦੇ ਹਨ। ਨਹੀਂ, ਭ੍ਰਿਸ਼ਟਾਚਾਰ ਦਾ ਅਰਥ ਹੈ; ਭ੍ਰਿਸ਼ਟ+ਆਚਾਰ। ਅਸੀਂ ਆਪਣੇ ਨੈਤਿਕ ਆਚਰਣ ਤੋਂ ਡਿੱਗ ਗਏ ਹਾਂ ਅਤੇ ਇਹ ਗਿਰਾਵਟ ਵਿਆਪਕ ਵਰਤਾਰਾ ਹੈ। ਹਰ ਬੰਦਾ ਭ੍ਰਿਸ਼ਟਾਚਾਰ ਨੂੰ ਸਹਿਣ ਕਰ ਰਿਹਾ ਹੈ। ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਤਾਂ ਪਾਪ ਹੈ। ਨੈਤਿਕ ਆਚਰਣ ਦਾ ਭਾਵ ਕਿਸੇ ਨੇਤਾ ਦਾ ਆਚਰਣ ਨਹੀਂ, ਸਗੋਂ ਹਰ ਵਿਅਕਤੀ ਦੇ ਸਦਾਚਾਰਕ ਅਤੇ ਨਿਰਧਾਰਤ ਨੀਤੀ 'ਤੇ ਚੱਲਣਾ ਹੈ। ਅੱਜ ਸਮਾਜ ਵਿਚ ਚਾਰੇ ਪਾਸੇ ਜੀਵਨ ਦੇ ਹਰ ਪੱਖ ਵਿਚ ਝੂਠ, ਫ਼ਰੇਬ, ਸਵਾਰਥ, ਮੈਨੂੰ ਕੀ, ਧੱਕਾ, ਬੇਸ਼ਰਮੀ, ਕਰੂਰਤਾ, ਲਾਲਚ, ਦਿਖਾਵਾ, ਨੰਗੇਜ਼, ਕਾਮ, ਨਸ਼ੇ ਦਾ ਵਰਤਾਰਾ ਤੇ ਗੱਲ ਕੀ ਛੁਟ ਭਲਾਈ, ਹਰ ਕੁਕਰਮ ਦੀ ਭਰਮਾਰ ਹੈ। ਨੈਤਿਕ ਗਿਰਾਵਟ ਐਨੀ ਬੁਰੀ ਤਰ੍ਹਾਂ ਸਮਾਜ 'ਚ ਰਚ-ਰਸ ਗਈ ਹੈ ਕਿ ਇਸ ਨੂੰ ਸੋਧਣ ਲਈ ਕਿੱਥੋਂ ਹੱਥ ਪਾਓਗੇ? ਉਪਰੋਂ, ਥੱਲਿਓਂ, ਵਿਚਕਾਰੋਂ ਜਾਂ ਲਾਗਿਓਂ, ਕਰਾਰੇ ਹੱਥੀਂ ਸਿੱਝਣਾਂ ਪਵੇਗਾ, ਪਰ

ਕਰੇਗਾ ਕੌਣ? ਕਿਥੋਂ ਅਜਿਹੇ ਸੁਹਿਰਦ, ਲੋਕ ਦਰਦੀ ਤੇ ਦਮਦਾਰ ਸੱਜਣ ਆਉਣਗੇ? ਮੁਸ਼ਕਲ ਸੰਭਾਵਨਾ ਹੈ।
ਨੈਤਿਕ ਨਿਘਾਰ 'ਚ ਕਾਰਨ ਲੱਭਦਿਆਂ ਵਿਚਾਰ ਆਉਂਦਾ ਹੈ ਕਿ ਕੀ ਇਸ ਨਿਘਾਰ ਦਾ ਸਬੰਧ ਪਦਾਰਥਕ ਅਤੇ ਅਜੋਕੇ ਆਰਥਿਕ ਵਿਕਾਸ ਨਾਲ ਹੈ? ਵਿਕਾਸ ਤਾਂ ਹੋਣਾ ਹੀ ਚਾਹੀਦਾ ਹੈ, ਹਰ ਸਮੇਂ ਤੇ ਸਮਾਜ ਦੀ ਲੋੜ ਹੈ, ਪਰ ਜਿਸ ਢੰਗ ਨਾਲ ਵਿਕਾਸ ਕਾਰਜ ਹੋ ਰਿਹਾ ਹੈ, ਉਸ ਵਿਚ ਇਮਾਨਦਾਰੀ ਅਤੇ ਲੋਕ ਹਿੱਤ ਨਾਲੋਂ ਨਿੱਜੀ ਹਿੱਤ ਵਧੇਰੇ ਦਿਖਾਈ ਦਿੰਦਾ ਹੈ, ਜਿਥੇ ਵਿਕਾਸ ਹੋਵੇਗਾ, ਉਥੇ ਪੈਸੇ ਦਾ ਵਰਤਾਰਾ ਹੋਵੇਗਾ। ਜਦੋਂ ਪੈਸਾ ਕਮਾਉਣ ਦੀ ਲਾਲਸਾ ਅਧੀਨ ਕਾਰਜ ਹੋਣਗੇ ਭ੍ਰਿਸ਼ਟਾਚਾਰ ਦਾ ਪ੍ਰਦੂਸ਼ਣ ਆਵੇਗਾ, ਜੋ ਵਿਕਾਸ ਹੋ ਰਿਹਾ ਹੈ, ਅਸਾਵਾਂ ਹੈ। ਸਾਰੇ ਸਬੰਧਤ ਨਾਗਰਿਕਾਂ ਨੂੰ ਇਸ ਦਾ ਲਾਭ ਨਹੀਂ ਪੁੱਜ ਰਿਹਾ। 1950 ਵਿਆਂ 'ਚ ਦੇਸ਼ 'ਚ 5 ਸਾਲਾ ਵਿਕਾਸ ਯੋਜਨਾਵਾਂ ਸ਼ੁਰੂ ਹੋਈਆਂ, ਪਰ ਪਿਛਲੀ ਕਿਸੇ ਵੀ ਯੋਜਨਾ 'ਚ ਸੰਕਲਪ ਨਹੀਂ ਸੀ ਕਿ ਵਿਕਾਸ ਯੋਜਨਾ ਦਾ ਲਾਭ ਹਰ ਸਬੰਧਤ ਨਾਗਰਿਕ ਨੂੰ ਹੋਵੇ। ਹੁਣ 60 ਸਾਲ ਬਾਅਦ ਸਰਕਾਰ ਨੂੰ ਸੋਝੀ ਆਈ ਹੈ ਕਿ ਵਿਕਾਸ ਕਾਰਜ ਸਭਨਾਂ ਲਈ ਹੈ। ਵਿਕਾਸ ਲਈ ਪ੍ਰਾਜੈਕਟ ਪੂੰਜੀਪਤੀ ਅਆਪਣੇ ਹਿੱਤ ਅਨੁਸਾਰ ਆਪ ਸੁਝਾਉਂਦੇ ਹਨ ਅਤੇ ਮਨਜ਼ੂਰ ਕਰਵਾਉਂਦੇ ਹਨ। ਜਿਸ ਹਿਸਾਬ ਨਾਲ ਦੇਸ਼ ਦਾ ਵਿਕਾਸ ਹੋਇਆ ਹੈ ਅਤੇ ਹੋ ਰਿਹਾ ਹੈ। ਇਹ ਨਹੀਂ ਹੋ ਸਕਦਾ ਕਿ ਦੇਸ਼ 'ਹ 77 ਫ਼ੀਸਦੀ ਲੋਕ 20 ਰੁਪਏ ਰੋਜ਼ਾਨਾ 'ਤੇ ਗੁਜ਼ਾਰਾ ਕਰਨ। ਇਹ ਤੱਥ ਸਰਕਾਰ ਦੀ ਆਪ ਬਿਠਾਈ ਅਰਜਨ ਸੇਨ ਗੁਪਤਾ ਦੀ ਰਿਪੋਰਟ ਮੁਤਾਬਕ ਹਨ। 2007 ਦੇ ਸੰਯੁਕਤ ਰਾਸ਼ਟਰ ਦੇ ਇਕ ਸਰਵੇਖਣ 'ਚ ਤਾਂ ਇਸ ਅਸਾਵੇਂ ਵਿਕਾਸ ਦਾ ਪਾਜ ਹੋਰ ਹੀ ਉਜਾਗਰ ਕੀਤਾ ਗਿਆ। ਦੇਸ਼ ਦੇ 47 ਫ਼ੀਸਦੀ ਬੱਚੇ ਪੂਰਨ ਖੁਰਾਕ ਦੀ ਘਾਟ ਕਾਰਨ ਕੁਪੋਸ਼ਣ ਜਿਹੀਆਂ ਬਿਮਾਰੀਆਂ ਦੇ ਸ਼ਿਕਾਰ ਹਨ ਅਤੇ 17 ਫ਼ੀਸਦੀ 40 ਸਾਲ ਦੀ ਉਮਰ ਤੋਂ ਪਹਿਲਾਂ ਹੀ ਚਲ ਵੱਸਦੇ ਹਨ। ਅਸਾਵੇਂ ਵਿਕਾਸ ਦੇ ਲੱਛਣ ਇਸ ਤੱਥ ਤੋਂ ਵੀ ਨੰਗੇ ਹੁੰਦੇ ਹਨ ਕਿ ਅਣ-ਵਿਕਸਿਤ ਇਲਾਕਿਆਂ ਦੇ ਲੋਕਾਂ ਨੂੰ ਵਿਕਾਸ ਕਰਾਉਣ ਲਈ ਰਾਜਨੀਤਕ ਲੜਾਈ ਲੜਨੀ ਪੈਂਦੀ ਹੈ।
ਹੁਣੇ ਉਠੀ ਤੇਲੰਗਾਨਾ ਰਾਜ ਦੀ ਮੰਗ ਦਾ ਮੁੱਢਲਾ ਕਾਰਨ ਇਹੋ ਹੈ। ਜੇ ਯੋਜਨਾਕਾਰ ਅਤੇ ਕਾਰਜਪਾਲ ਨੇਕਨੀਤੀ ਨਾਲ ਚੱਲਣ, ਆਪਣਾ ਨੈਤਿਕ ਦਾਇਤਵ ਸਮਝਣ ਤੇ ਨਿਭਾਉਣ ਤਾਂ ਲੋਕਾਈ ਦੀ ਤਸਵੀਰ ਅਤੇ ਤਾਮਿਰ ਹੀ ਬਦਲ ਜਾਵੇ, ਪਰ ਅਜੋਕੇ ਵਿਕਾਸ ਨਾਲ ਅਮੀਰ ਵਧੇਰੇ ਅਮੀਰ ਬਣ ਰਿਹਾ ਹੈ ਅਤੇ ਗ਼ਰੀਬ ਹੋਰ ਗ਼ਰੀਬ ਹੋ ਰਿਹਾ ਹੈ। ਸਾਡੇ ਅੰਬਾਨੀਆਂ ਅਤੇ ਮਿੱਤਲਾਂ ਦੇ ਸੰਸਾਰ 'ਚ ਸਭ ਤੋਂ ਵੱਧ ਅਮੀਰਾਂ ਦੀ ਗਿਣਤੀ ਵਿਚ ਆ ਜਾਣਾ ਆਪਣੇ-ਆਪ ਸਿੱਧ ਕਰ ਰਿਹਾ ਹੈ ਕਿ ਦੇਸ਼ ਦੇ ਉਤਪਾਦਨ ਤੇ ਸੁੱਖ-ਸਹੂਲਤਾਂ ਦੀ ਉਪਲਬਧੀ ਤੇ ਵੰਡ 'ਚ ਕਿੰਨਾ ਅਨਿਆਂ ਹੋ ਰਿਹਾ ਹੈ। ਇਹ ਕੇਵਲ ਨੈਤਿਕ ਨਿਘਾਰ ਦੀ ਭੱਖ਼ਦੀ ਤਸਵੀਰ ਹੈ। ਸਵਾਲ ਉਠਦਾ ਹੈ ਕਿ ਵੱਧਦੀ ਆਬਾਦੀ ਹੀ ਨਾ ਕਿਤੇ ਨੈਤਿਕ ਨਿਘਾਰ ਦਾ ਇਕ ਹੋਰ ਕਾਰਨ ਹੋਵੇ। ਆਬਾਦੀ ਦਾ ਵਾਧਾ ਵਿਕਰਾਲ ਰੂਪ ਧਾਰ ਗਿਆ ਹੈ। ਦੇਸ਼ ਦੀ ਆਜ਼ਾਦੀ ਸਮੇਂ ਆਬਾਦੀ ਕੇਵਲ 35 ਕਰੋੜ ਸੀ, ਅੱਜ ਇਕ ਅਰਬ ਤੋਂ ਵੀ ਕਿਤੇ ਵੱਧ ਹੋ ਗਈ ਹੈ। ਧਰਤੀ ਤਾਂ ਵੱਧ ਨਹੀਂ ਰਹੀ, ਵੱਸੋਂ ਵੱਧ ਰਹੀ ਹੈ ਜੋ ਦੇਸ਼ ਦੇ ਖਾਧ-ਖ਼ੁਰਾਕ ਅਤੇ ਆਰਥਿਕ ਸਾਧਨਾਂ 'ਚ ਸੰਕਟ ਦਾ ਕਾਰਨ ਹੈ। ਅਸਲ 'ਚ ਬੇਥਵੀ, ਵੱਧਦੀ ਆਬਾਦੀ ਹਰ ਕਲਾ-ਕਲੇਸ਼ ਦਾ ਕਾਰਨ ਬਣਦੀ ਹੈ। ਆਪਣਾ ਢਿੱਡ ਭਰਨ ਲਈ ਹਰ ਤਰ੍ਹਾਂ ਦਾ ਕੰਮ ਤੇ ਘੜੰਮ ਕਰਦੇ ਹਨ। ਇਨ੍ਹਾਂ ਨੂੰ ਨੈਤਿਕ ਆਚਰਣ ਦੀ ਲਾਗ ਕਿਥੇ ਲੱਗੇਗੀ? ਇਹ ਵੀ ਵਿਚਾਰ ਹੈ ਕਿ ਨੈਤਿਕ ਆਚਰਣ ਨੂੰ ਉਚਾ ਅਤੇ ਸੁੱਚਾ ਬਣਾਉਣ ਲਈ ਧਾਰਮਿਕ ਸਿੱਖਿਆ ਤੇ ਪ੍ਰਚਾਰ ਦੀ ਘਾਟ ਹੈ, ਪਰ ਦੇਖਣ ਵਿਚ ਅਜਿਹਾ ਨਹੀਂ ਹੈ।
ਅੱਜ ਜਿੰਨੀਆਂ ਰੌਣਕਾਂ ਤੇ ਇਕੱਠ ਧਾਰਮਿਕ ਸਥਾਨਾਂ 'ਤੇ ਹੁੰਦਾ ਹੈ, ਕਿਸੇ ਵਿਦਿਅਕ ਅਦਾਰਿਆਂ ਦੇ ਸੈਮੀਨਾਰਾਂ 'ਚ ਨਹੀਂ ਹੁੰਦਾ। ਅਸਲ 'ਚ ਇਨ੍ਹਾਂ ਸਥਾਨਾਂ 'ਤੇ ਲੋਕੀਂ ਮਨ ਦੀ ਸ਼ਾਂਤੀ ਅਤੇ ਆਚਰਣ ਦੀ ਸ਼ੁੱਧੀ ਲਈ ਘੱਟ ਜਾਂਦੇ ਹਨ ਜਾਂ ਤਾਂ ਕੋਈ ਮੰਗ ਮੰਗਣ ਲਈ ਜਾਂਦੇ ਹਨ ਜਾਂ ਮੰਨਤ ਪੂਰੀ ਹੋਣ 'ਤੇ ਚੜ੍ਹਾਵਾ ਲੈ ਕੇ ਜਾਂਦੇ ਹਨ, ਸ਼ੁਕਰਾਨੇ ਵਜੋਂ। ਇਸੇ ਚੜ੍ਹਾਵੇ ਪਿੱਛੇ ਪ੍ਰਬੰਧਕਾਂ ਦੀਆਂ ਲੜਾਈਆਂ ਹੁੰਦੀਆਂ ਹਨ, ਧਾਰਮਿਕ ਪਵਿੱਤਰਤਾ ਭੰਗ ਕੀਤੀ ਜਾਂਦੀ ਹੈ। ਅੱਜ ਸ਼ਹਿਰਾਂ ਅਤੇ ਪਿੰਡਾਂ ਵਿਚ ਧਰਮ ਅਸਥਾਨਾਂ ਦੀ ਬਹੁਲਤਾ ਹੈ, ਹਰ ਤਿੱਥ-ਤਿਓਹਾਰ 'ਤੇ ਸਮਾਗਮ ਹੁੰਦੇ ਹਨ, ਪੁਜ਼ਾਰੀਆਂ, ਗ੍ਰੰਥੀਆਂ ਦਾ ਇਕ ਵਰਗ ਬਣ ਗਿਆ ਹੈ, ਜੋ ਪਣਪ ਰਿਹਾ ਹੈ। ਚੰਗਾ ਤਕੜਾ ਰੁਜ਼ਗਾਰ ਦਾ ਹੀਲਾ ਹੈ। ਲੋਕੀਂ ਇਨ੍ਹਾਂ ਸਥਾਨਾਂ 'ਤੇ ਸੰਤਾਂ ਤੇ ਗ੍ਰੰਥਾਂ 'ਚੋਂ ਪ੍ਰਵਚਨ ਸੁਣ ਕੇ ਉਥੇ ਹੀ ਝਾੜ ਆਉਂਦੇ ਹਨ। ਅਜਿਹੇ ਸੰਤ ਵੀ ਕਲਯੁਗੀ ਹਨ, ਸਬਰ ਸੰਤੋਖ ਦੀ ਸਿੱਖਿਆ ਦਿੰਦੇ ਹਨ, ਆਪ ਧੋਖਾਧੜੀ, ਜ਼ਮੀਨ-ਜਾਇਦਾਦ ਦੇ ਘੁਟਾਲਿਆਂ ਅਤੇ ਚਰਿੱਤਰਹੀਣ ਕੁਕਰਮਾਂ 'ਚ ਫ਼ਸੇ ਹੁੰਦੇ ਹਨ। ਧਾਰਮਿਕ ਸਿੱਖਿਆ ਦਾ ਪ੍ਰਚਾਰ ਤਾਂ ਬਹੁਤ ਹੋ ਰਿਹਾ ਹੈ, ਪਰ ਕੇਵਲ ਅਸਲੀਅਤ ਤੋਂ ਬਹੁਤ ਦੂਰ ਹੈ। ਇਹ ਕੀ ਨੈਤਿਕਤਾ ਤੇ ਆਚਰਣ ਦੀ ਸ਼ੁੱਧੀ 'ਚ ਸਹਾਈ ਹੋਵੇਗਾ?
ਵਡੇਰੇ ਦੱਸਦੇ ਹਨ ਕਿ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਵਿਦੇਸ਼ੀ ਹਕੂਮਤ ਸਮੇਂ ਅਚਾਨਕ ਗਿਰਾਵਟ ਐਨੀ ਨਹੀਂ ਸੀ, ਜਿੰਨੀ ਹੁਣ ਹੱਦਾਂ ਬੰਨ੍ਹੇ ਟੱਪ ਰਹੀ ਹੈ। ਇਸ ਦੇ ਦੋ ਕਾਰਨ ਸਨ, ਇਕ ਤਾਂ ਹਾਕਮ ਦਾ ਡਰ ਭੈਅ ਇੰਨਾ ਸੀ ਕਿ ਕੋਈ ਵਧੀਕੀ, ਧੋਖਾ ਕਰਨ ਦਾ ਹੀਆ ਨਹੀਂ ਸੀ ਕਰਦਾ। ਜੇ ਕਿਧਰੇ ਕੋਈ ਘਟਨਾ ਹੁੰਦੀ ਤਾਂ ਉਸ ਦੀ ਤੁਰੰਤ ਸੁਣਵਾਈ ਅਤੇ ਹੱਲ ਕੀਤਾ ਜਾਂਦਾ ਸੀ। ਅਵੱਲ ਤਾਂ ਪਿੰਡ ਦੇ ਚੌਧਰੀ ਸ਼ਹਿਰਾਂ 'ਚ ਮੋਹਤਬਰ ਆਪ ਹੀ ਨਿਪਟਾ ਦਿੰਦੇ ਸਨ, ਕਿਉਂਕਿ ਉਨ੍ਹਾਂ ਨੂੰ ਵੀ ਹਾਕਮ ਦੀ ਝਾੜ-ਝਪਟ ਦਾ ਭੈਅ ਹੁੰਦਾ ਸੀ ਕਿ ਤੁਹਾਡੇ ਇਲਾਕੇ 'ਚ ਇਹ ਕਿਵੇ ਹੋ ਗਿਆ। ਦੂਜਾ ਕਾਰਨ ਸੀ ਧਰਮ ਦਾ ਆਸਰਾ। ਧਾਰਮਿਕ ਅਕੀਦੇ ਸੱਚਾਈ ਅਤੇ ਰੱਬ ਦੇ ਡਰ ਅਤੇ ਕਰੋਪੀ ਤੋਂ ਕੰਬਦੇ ਦਿਲੋਂ ਮੰਨੇ ਜਾਂਦੇ ਸਨ।
'ਸਬਰ ਸਬੂਰੀ ਨਾਨਕਾ ਦਰਗਾਹੀਂ ਲੇਖੇ', 'ਦੇਖ ਪਰਾਈ ਚੋਪੜੀ ਨਾ ਤਰਸਾਈ ਜੀ' ਰੁਖ਼ੀ ਮਿਸੀ ਖਾਇ ਕੈ ਠੰਡਾ ਪਾਣੀ ਪੀ'।
ਸੰਤ-ਫ਼ਕੀਰਾਂ ਦੇ ਇਹ ਬਚਨ ਲੋਕ ਜੀਵਨ ਤੇ ਹਿਰਦਿਆਂ 'ਚ ਰਮੇ ਤੇ ਰਸੇ ਹੋਏ ਸਨ। ਲੋਕਾਂ ਕੋਲ ਪੈਸਾ ਬਹੁਤ ਘੱਟ ਹੁੰਦਾ ਸੀ। ਆਪਣੀ ਦਸਾਂ ਨਹੁੰਆਂ ਦੀ ਕਿਰਤ 'ਚ ਹੀ ਖੁਸ਼, ਸ਼ਾਂਤ ਤੇ ਰੱਬ ਦੇ ਸ਼ੁੱਕਰ 'ਚ ਰਹਿੰਦੇ ਸਨ। ਰਿਜ਼ਕ ਨੂੰ ਪ੍ਰਮਾਤਮਾ ਦੀ ਦੇਣ ਸਮਝਦੇ ਸਨ, ਰੋਟੀ ਖਾਣ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰ ਕਰਕੇ ਬੁਰਕੀ ਤੋੜਦੇ ਸਨ, ਧੋਖੇ ਤੇ ਜ਼ਬਰ ਨਾਲ ਰੋਟੀ ਖਾਣ ਵਾਲੇ ਨੂੰ ਚੋਰ ਤੇ ਡਾਕੂ ਹੀ ਸਮਝਿਆ ਜਾਂਦਾ ਸੀ ਅਤੇ ਕੋਈ ਟਾਵਾਂ ਹੀ ਐਹੋ-ਜਿਹੇ ਕਿਰਦਾਰ ਦਾ ਹੁੰਦਾ। ਪਿੰਡ ਸੁੱਖ, ਸ਼ਾਂਤੀ ਦੀ ਤਸਵੀਰ ਹੁੰਦਾ ਸੀ। ਹਾਕਮ ਦੇ ਡਰ ਭੈਅ ਦਾ ਤਜ਼ਰਬਾ ਤੇ ਅਨੁਸ਼ਾਸਨ ਅਸੀਂ 1975-76 ਵਿਚ ਐਮਰਜੈਂਸੀ ਰਾਜ ਸਮੇਂ ਦੇਖ ਲਿਆ। ਹੱਕ-ਹਲਾਲ ਦੀ ਕਮਾਈ ਕਰਕੇ ਖਾਣ ਵਾਲਾ ਖੁਸ਼ ਸੀ, ਦਫ਼ਤਰਾਂ ਦਾ ਬਾਬੂ ਕੰਮ ਕਰਨ ਲੱਗ ਪਿਆ ਸੀ।
ਅਸਲ 'ਚ ਨੈਤਿਕ ਆਚਰਣ ਦੀਆਂ ਕਦਰਾਂ-ਕੀਮਤਾਂ ਦਾ ਪਤਨ ਆਜ਼ਾਦੀ ਤੋਂ ਬਾਅਦ ਸ਼ੁਰੂ ਹੋ ਗਿਆ ਸੀ। ਨੈਤਿਕ ਤੇ ਮਾਨਸਿਕ ਤੌਰ 'ਤੇ ਦੇਸ਼ ਜਮਹੂਰੀ ਢੰਗ ਲਈ ਤਿਆਰ ਨਹੀਂ ਸੀ। ਆਜ਼ਾਦੀ ਦਾ ਭਾਵ ਲੋਕਾਂ ਨੇ ਹਰ ਪਾਸੇ ਦੇ ਨਿਯੰਤਰਣ ਨੂੰ ਤੋੜ ਦੇਣ ਦਾ ਸਮਝਿਆ। ਚਲਾਕ ਬੰਦੇ ਉਤੇ ਆ ਗਏ ਅਤੇ ਚਤੁਰਾਈ ਨਾਲ ਪੁਜੀਸ਼ਨਾਂ 'ਤੇ ਕਾਬਜ ਹੋ ਗਏ। ਦੇਸ਼ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਨਵ-ਨਿਰਮਾਣ ਦੀ ਧੁਨ ਲੱਗੀ ਸੀ ਅਤੇ ਕੀਤਾ ਵੀ। ਉਸ ਦਾ ਵਿਅਕਤੀਤਵ ਐਨਾ ਸ਼੍ਰੇਸ਼ਟ ਸੀ ਕਿ ਜਨਤਾ ਲਈ ਪੰਡਤ ਜੀ ਸਭ ਕੁਝ ਸਨ, ਸਿਆਹ ਕਰਨ, ਸਫ਼ੇਦ ਕਰਨ। ਉਨ੍ਹਾਂ ਦੀ ਸੋਚ ਵਿਗਿਆਨਕ ਸੀ। ਇਸ ਧੁਨ 'ਚ ਪੰਡਤ ਜੀ ਜ਼ਮੀਨੀ ਹਕੀਕਤਾਂ ਅੱਖੋਂ-ਪਰੋਖੇ ਕਰ ਗਏ। ਨੈਤਿਕ ਆਚਰਣ ਦਾ ਨਾਸ ਹੁੰਦਾ ਗਿਆ। ਵਿਗਿਆਨਕ ਸੋਚ ਤੇ ਪੱਛਮੀ ਤਰਜ਼ 'ਤੇ ਵਿਕਾਸ ਕਾਰਜਾਂ ਨਾਲ ਨੈਤਿਕ ਆਚਰਣ ਦਾ ਘਾਣ ਹੁੰਦਾ ਗਿਆ। ਹਾਲਤ ਇਹ ਹੋ ਗਈ ਕਿ ਅੱਜ ਇਸ ਦੀ ਕੋਈ ਅਹਿਮੀਅਤ ਨਹੀਂ ਹੈ। ਅਹਿਮੀਅਤ ਹੈ ਤਾਂ ਪੈਸੇ ਸੀ ਹੈ, ਜਿਵੇਂ-ਜਿਵੇਂ ਪੈਸਾ ਇਕੱਠਾ ਕਰਨ ਦੀ ਹੋੜ੍ਹ ਲੱਗੀ ਹੈ। ਸੋ ਕੁਕਰਮ ਕਰਨ ਵਾਲੇ ਜੋ ਪੈਸੇ ਵਾਲਾ ਹੈ ਤਾਂ ਉਸ ਦੇ ਕੁਕਰਮ ਲੁਕ ਜਾਂਦੇ ਹਨ। ਨੈਤਿਕ ਆਚਰਣ ਦੇ ਨਿਰਮਾਣ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ। ਬਲਦੀ ਅੱਗ 'ਤੇ ਤੇਲ ਛਿੜਕ ਦਿੱਤਾ ਹੈ ਸਰਕਾਰ ਦੀ ਉਦਾਰਵਾਦੀ, ਵਿਸ਼ਵੀਕਰਨ ਅਤੇ ਨਿੱਜੀਕਰਨ ਦੀ ਨੀਤੀ ਲਾਗੂ ਕਰਨ ਨੇ, ਜਿਸ ਦਾ ਮੁੱਖ ਉਦੇਸ਼ ਹੀ ਹਰ ਪਾਸੇ ਸਰਕਾਰ ਦਖ਼ਲ ਘੱਟ ਕਰਨਾ ਅਤੇ ਆਰਥਿਕਤਾ ਨੂੰ ਵਿਸ਼ੇਸ਼ ਕਰਕੇ ਮੰਡੀ ਦੀਆਂ ਧਿਰਾਂ ਦੇ ਸਹਾਰੇ ਛੱਡਣਾ ਹੈ।
ਅੱਜ ਦੀ ਮਹਿੰਗਾਈ ਇਸੇ ਨੀਤੀ ਦਾ ਨਤੀਜਾ ਹੈ। ਸਰਕਾਰ ਦੇ ਇਸ ਕੰਟਰੋਲ ਘਟਾਉਣ ਦੀ ਪ੍ਰਕਿਰਿਆ ਨੇ ਸਰਕਾਰ ਦੇ ਹਰ ਅੰਗ 'ਤੇ ਅਸਰ ਪਾਇਆ ਹੈ। ਲੋਕ ਆਪ-ਹੁਦਰੀਆਂ 'ਤੇ ਉਤਰ ਆਏ ਹਨ। ਆਪ-ਹੁਦਰੀ ਤਕੜਾ ਹੀ ਕਰ ਸਕਦਾ ਹੈ। ਪਿਸ ਅਖ਼ੀਰ ਮਾੜਾ ਰਿਹਾ ਹੈ। ਰਾਜਨੀਤੀ ਦਾ ਖੇਤਰ ਹੋਵੇ, ਆਰਥਿਕ ਖੇਤਰ ਹੋਵੇ, ਸਰਕਾਰ ਦਾ ਦਰਬਾਰ ਹੋਵੇ, ਲਾਚਾਰ ਗ਼ਰੀਬ ਦਾ ਕੋਈ ਸਹਾਈ ਨਹੀਂ। ਰੱਬ ਦਾ ਡਰ ਨਹੀਂ, ਸਰਕਾਰ ਦਾ ਡਰ ਨਹੀਂ, ਨੈਤਿਕਤਾ ਤਾਂ ਕਾਫ਼ੂਰ ਹੋ ਗਈ ਹੈ, ਇਨਸਾਫ਼ ਮਜ਼ਲੂਮ ਨੂੰ ਕਿਹੜੇ ਥਾਂ ਮਿਲੇਗਾ। ਜਮਹੂਰੀਅਤ ਦੇ ਤਿੰਨ ਰਾਖੇ ਹੁੰਦੇ ਹਨ : ਵਿਧਾਨ ਪਾਲਿਕਾ, ਕਾਰਜ ਪਾਲਿਕਾ ਅਤੇ ਨਿਆਂ ਪਾਲਿਕਾ। ਮੰਦੇਭਾਗੀਂ ਇਹ ਤਿੰਨੇ ਰਾਖ਼ੇ ਭ੍ਰਿਸ਼ਟ-ਆਚਾਰ ਦੇ ਘੇਰੇ 'ਚ ਆ ਗਏ ਹਨ। ਇਕ ਚੌਥਾ ਰਾਖ਼ਾ ਪ੍ਰੈਸ ਮੀਡੀਆ ਨੂੰ ਮੰਨਿਆ ਜਾਂਦਾ ਹੈ। ਭਾਵੇਂ ਇਹ ਵੀ ਪ੍ਰਦੂਸ਼ਤ ਘੇਰੇ ਤੋਂ ਸੁੱਚਾ ਨਹੀਂ ਕਿਹਾ ਜਾ ਸਕਦਾ, ਪਰ ਇਸ ਦੀ ਸ਼ਕਤੀ ਅਥਾਹ ਹੈ ਅਤੇ ਕਠਿਨ ਤੋਂ ਕਠਿਨ ਸਮੱਸਿਆ ਦਾ ਹੱਲ ਲੋਕਮਤ ਬਣਾ ਕੇ ਕਰਨ ਦੇ ਸਮਰੱਥ ਹੈ। 




Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis