|
ਭਗਤ ਰਵਿਦਾਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਾ ਅਟੁੱਟ ਹਿੱਸਾ : ਜਥੇਦਾਰ |
|
|
|
Wednesday, 03 February 2010 |
|
ਸਿਆਸੀ ਲੋਕਾਂ ਨੂੰ ਵੀ ਰਵਿਦਾਸ ਭਾਈਚਾਰੇ ਨਾਲ ਵਖਰੇਵੇਂ ਦੂਰ ਕਰਨ ਦਾ ਸੱਦਾ
ਅੰਮ੍ਰਿਤਸਰ/ਬਿਊਰੋ ਨਿਊਜ਼
ਵੱਖਰਾ ਰਵਿਦਾਸ ਧਰਮ ਚਲਾਉਣ ਦੇ ਕੀਤੇ ਗਏ ਐਲਾਨ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਭਗਤ ਰਵਿਦਾਸ ਦੀ ਬਾਣੀ ਨੂੂੰ ਵੱਖ ਕੀਤੇ ਜਾਣ ਦੇ ਫੈਸਲੇ 'ਤੇ ਸਖਤ ਇਤਰਾਜ਼ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬ ਤੋਂ ਇਲਾਵਾ ਭਗਤਾਂ, ਭੱਟਾਂ ਆਦਿ ਦੀ ਬਾਣੀ ਇਸ ਦਾ ਇਕ ਅਟੁੱਟ ਹਿੱਸਾ ਹਨ, ਜਿਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਉਹਨਾਂ ਸਪੱਸ਼ਟ ਕੀਤਾ ਕਿ ਜਿਸ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਵੇਗਾ, ਉਸ ਅਸਥਾਨ ਨੂੰ ਗੁਰਦੁਆਰਾ ਨਹੀਂ ਕਿਹਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਭਗਤ ਰਵਿਦਾਸ ਦੇ 633ਵੇਂ ਪ੍ਰਕਾਸ਼ ਪੁਰਬ ਮੌਕੇ ਕਾਸ਼ੀ ਵਿਖੇ ਹੋਏ ਸਮਾਗਮ ਵਿਚ ਵੱਖਰਾ ਰਵਿਦਾਸ ਧਰਮ ਬਣਾਉਣ ਦਾ ਐਲਾਨ ਕੀਤਾ ਗਿਆ, ਜਿਸ ਵਿਚ
ਵੱਖਰਾ ਗ੍ਰੰਥ, ਵੱਖਰਾ ਨਿਸ਼ਾਨ, ਵੱਖਰਾ ਨਾਅਰਾ ਦੇਣ ਦਾ ਫੈਸਲਾ ਕੀਤਾ ਗਿਆ ਸੀ। ਇਹ ਐਲਾਨ ਸਮਾਜ ਬਚਾਓ ਮੋਰਚਾ ਦੇ ਆਗੂਆਂ ਨੇ ਰੱਦ ਕਰ ਦਿੱਤਾ ਹੈ। ਇਸ ਸਬੰਧ ਵਿਚ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਰਵਿਦਾਸ ਦੀ ਬਾਣੀ ਸਮੁੱਚੀ ਮਨੁੱਖਤਾ ਲਈ ਉਪਦੇਸ਼ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੇ ਵੇਲੇ ਲਤਾੜੇ ਹੋਏ ਵਰਗ ਨੂੰ ਨਾਲ ਜੋੜ ਕੇ ਉੱਚਾ ਕੀਤਾ। ਉਸ ਵੇਲੇ ਹੀ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਸ਼ਾਮਲ ਕਰਕੇ ਉਹਨਾਂ ਨੂੰ ਉੱਚਾ ਰੁਤਬਾ ਦਿੱਤਾ ਗਿਆ, ਪਰ ਹੁਣ ਕੁਝ ਮਾੜੀ ਸੋਚ ਵਾਲੇ ਲੋਕ ਭਾਈਚਾਰੇ ਵਿਚ ਵੰਡੀਆਂ ਪਾਉਣੀਆਂ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਵੱਖ ਕਰਨ ਦਾ ਹੱਕ ਕਿਸੇ ਨੂੰ ਨਹੀਂ ਹੈ ਅਤੇ ਨਾ ਹੀ ਅਜਿਹਾ ਕਰਨ ਦੀ ਕਿਸੇ ਨੂੰ ਆਗਿਆ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ-ਜੋਤਿ ਗੁਰੂ ਦਾ ਦਰਜਾ ਦਿੱਤਾ ਸੀ ਅਤੇ ਹੁਣ ਭਾਰਤ ਦੀ ਸਰਵਉੱਚ ਅਦਾਲਤ ਵਲੋਂ ਵੀ ਕਾਨੂੰਨੀ ਨੁਕਤੇ ਨਿਗਾਹ ਨਾਲ ਇਸ ਨੂੰ ਜਾਗਤ-ਜੋਤਿ ਗੁਰੂ ਵਜੋਂ ਮਾਨਤਾ ਦਿੱਤੀ ਗਈ ਹੈ। ਇਸ ਲਈ ਕੋਈ ਵੀ ਧਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਵੀ ਬਾਣੀ ਨੂੰ ਵੱਖ ਨਹੀਂ ਕਰ ਸਕਦੀ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਨ੍ਹਾਂ ਅਸਥਾਨਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ, ਉਹਨਾਂ ਨੂੰ ਗੁਰਦੁਆਰੇ ਦਾ ਨਾਂ ਨਹੀਂ ਦਿੱਤਾ ਜਾ ਸਕਦਾ।
|