|
|
|
ਚਕਰ, ਫਿਲੌਰ ਦਾ ਕਿਲਾ ਤੇ ਬਾਜਾਖਾਨਾ |
|
|
|
Friday, 29 January 2010 |
|
ਪ੍ਰਿੰ. ਸਰਵਣ ਸਿੰਘ
ਕੈਲੇਫੋਰਨੀਆ ਵਾਲੇ ਨਿੱਝਰ ਭਰਾ ਸੁਰਿੰਦਰ ਸਿੰਘ, ਟੁੱਟ ਭਰਾ ਸੁਰਜੀਤ ਸਿੰਘ, ਪਾਲ ਸਹੋਤਾ ਤੇ ਬੱਬੀ ਟਿਵਾਣਾ ਹੋਰੀਂ ਵੀ ਆਏ ਹੋਏ ਸਨ। ਨਾਲ ਮੱਖਣ ਸਿੰਘ, ਮੈਂ ਤੇ ਸੰਤੋਖ ਮੰਡੇਰ ਵੀ ਰਲ ਗਏ। ਸਾਡੇ ਜਾਂਦਿਆਂ ਨੂੰ ਸਟੇਡੀਅਮ ਵਿਚ ਕਿਤੇ ਤਿਲ ਸੁੱਟਣ ਜੋਗੀ ਜਗ੍ਹਾ ਵੀ ਖਾਲੀ ਨਹੀਂ ਸੀ। ਲੋਕ ਚਾਦਰੇ ਬੰਨ੍ਹੀ ਤੇ ਖੇਸਾਂ ਦੀਆਂ ਬੁੱਕਲਾਂ ਮਾਰੀ ਤੁਰੇ ਆ ਰਹੇ ਸਨ। ਜਦ ਕੋਈ ਵਿਸ਼ੇਸ਼ ਮਹਿਮਾਨ ਆਉਂਦਾ ਤਾਂ ਢੋਲ ਵਜਾ ਕੇ ਸਟੇਡੀਅਮ ਵਿਚ ਲਿਆਂਦਾ ਜਾਂਦਾ। ਉਥੇ ਹਰਜੀਤ ਦੇ ਪਿਤਾ ਬਖਸ਼ੀਸ਼ ਸਿੰਘ ਬਰਾੜ ਮਿਲੇ। ਉਨ੍ਹਾਂ ਦੇ ਘਰ ਜਾ ਕੇ ਦੁਖ ਸੁੱਖ ਸਾਂਝਾ ਕੀਤਾ। ਹਰਜੀਤ ਦੀ ਬੈਠਕ ਸ਼ੀਲਡਾਂ ਤੇ ਕੱਪਾਂ ਨਾਲ ਭਰੀ ਪਈ ਸੀ। ਬਾਜਾਖਾਨਾ ਦੇ ਕਬੱਡੀ ਮੇਲੇ ਲਈ ਜ਼ਿਆਦਾਤਰ ਮਾਇਕ ਸਹਾਇਤਾ ਕੈਲੇਫੋਰਨੀਆਂ ਵਾਲੇ ਸੱਜਣ ਭੇਜਦੇ ਹਨ। ਸਰਕਾਰ ਨੂੰ ਵੀ ਅਜਿਹੇ ਖੇਡ ਮੇਲਿਆਂ ਦੀ ਮਦਦ ਕਰਨੀ ਚਾਹੀਦੀ ਹੈ। ਲੋੜ ਹੈ ਕਿ ਹਰਜੀਤ ਸਟੇਡੀਅਮ ਵੱਡਾ ਕੀਤਾ ਜਾਵੇ ਤਾਂ ਜੋ ਸਾਰੇ ਦਰਸ਼ਕ ਸਮਾ ਸਕਣ। ਅਸੀਂ ਜਾਂਦੇ ਹੋਏ ਲੁਧਿਆਣੇ ਤੋਂ ਬਰਨਾਲੇ ਵਿਚ ਦੀ ਗਏ ਸਾਂ ਪਰ ਮੁੜੇ ਕੋਟਕਪੂਰੇ ਤੇ ਮੋਗੇ ਵਿਚ ਦੀ। ਕਬੱਡੀ ਮੇਲਿਆਂ 'ਤੇ
ਜਾਣ ਵਾਲਿਆਂ ਨੂੰ ਰਾਤ ਦਾ ਸਫਰ ਤਾਂ ਕਰਨਾ ਹੀ ਪੈਂਦੈ ਇਸ ਲਈ ਅਸੀਂ ਵੀ ਅੱਧੀ ਰਾਤ ਘਰ ਪਰਤ ਸਕੇ।
ਮੇਰੇ ਆਪਣੇ ਪਿੰਡ ਚਕਰ ਦਾ ਟੂਰਨਾਮੈਂਟ ਆਪਣੀ ਕਿਸਮ ਦਾ ਸੀ। ਪਿੰਡ ਦੇ ਹਿੰਮਤੀ ਨੌਜੁਆਨ ਕਈ ਸਾਲਾਂ ਤੋਂ ਰਲ ਮਿਲ ਕੇ ਟੂਰਨਾਮੈਂਟ ਕਰਾ ਰਹੇ ਸਨ। ਟੂਰਨਾਮੈਂਟ ਦੀ ਇਸ਼ਤਿਹਾਰਬਾਜ਼ੀ ਜਾਂ ਵੇਖ ਵਿਖਾਵੇ ਉਤੇ ਉਹ ਬਹੁਤਾ ਖਰਚਾ ਨਹੀਂ ਕਰਦੇ। ਇਨਾਮ ਸੀਮਤ ਰੱਖਦੇ ਹਨ ਤੇ ਪੇਸ਼ਾਵਰ ਕਲੱਬਾਂ ਨੂੰ ਨਹੀਂ ਸੱਦਦੇ। ਉਂਜ ਨਿੱਕੇ ਨਿੱਕੇ ਖਿਡਾਰੀਆਂ ਨੂੰ ਹਰੇਕ ਅੰਕ ਉਤੇ ਬਣਦਾ ਸਰਦਾ ਇਨਾਮ ਦਿੰਦੇ ਹਨ ਜਿਸ ਨਾਲ ਨਿੱਕਿਆਂ ਦਾ ਹੌਂਸਲਾ ਵਧਦੈ। ਲੱਖ ਕੁ ਰੁਪਏ ਨਾਲ ਸਾਰੀਆਂ ਖੇਡਾਂ ਕਰਾ ਲਈਆਂ ਜਾਂਦੀਆਂ ਹਨ। ਬਚਦੇ ਪੈਸਿਆਂ ਨਾਲ ਉਹ ਵਿਕਾਸ ਦੇ ਕਾਰਜ ਕਰਦੇ ਹਨ। ਗਰਾਊਂਡ ਨਾਲ ਲੱਗਦਾ ਛੱਪੜ ਉਨ੍ਹਾਂ ਨੇ ਇੰਜ ਹੀ ਪੂਰਿਆ ਸੀ। ਉਹ ਸਕੂਲ ਦੀ ਵਿਕਾਸ ਕਮੇਟੀ ਨਾਲ ਰਲ ਕੇ ਜਿਮਨੇਜ਼ੀਅਮ ਤੇ ਸਟੇਡੀਅਮ ਬਣਾਉਣ ਵੱਲ ਵਧੇ ਹਨ। ਅਮਰੀਕਾ ਵਸਦੇ ਪਿਆਰਾ ਸਿੰਘ ਸਿੱਧੂ ਨੇ ਇਸ ਕਾਰਜ ਲਈ ਵੀਹ ਲੱਖ ਰੁਪਏ ਦਾ ਯੋਗਦਾਨ ਪਾਇਆ ਹੈ ਤੇ ਆਪਣੇ ਪਿਤਾ ਭਾਈ ਮੱਘਰ ਸਿੰਘ ਦੀ ਯਾਦ ਵਿਚ ਖੁੱਲ੍ਹਾ ਸਟੇਡੀਅਮ ਬਣਾਇਆ ਹੈ।
ਚਕਰ ਦਾ ਟੂਰਨਾਮੈਂਟ ਸੱਤਰਵਿਆਂ ਵਿਚ ਸ਼ੁਰੂ ਹੋਇਆ ਸੀ ਜੋ 1965 ਵਿਚ ਹੋਈ ਹਿੰਦ-ਪਾਕਿ ਜੰਗ ਦੇ ਸ਼ਹੀਦ ਸੁਰਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਸੀ। ਉਦੋਂ ਦਸ ਕੁ ਹਜ਼ਾਰ ਦੀ ਪੂੰਜੀ ਨਾਲ ਟੂਰਨਾਮੈਂਟ ਹੋ ਜਾਂਦਾ ਸੀ ਜਿਸ ਵਿਚ ਸਭ ਤੋਂ ਵੱਧ ਯੋਗਦਾਨ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਨਾਹਰ ਸਿੰਘ ਸਿੰਘ ਸਿਧੂ ਦਾ ਹੁੰਦਾ ਸੀ। ਇਹ ਟੂਰਨਾਮੈਂਟ ਕਈ ਸਾਲ ਬਹੁਤ ਵਧੀਆ ਚੱਲਿਆ। ਫਿੱਡੂ, ਹਰਜੀਤ, ਬਾਘਾ, ਸੀਰਾ ਤੇ ਅੰਗਰੇਜ਼ ਵਰਗੇ ਖਿਡਾਰੀ ਖੇਡਣ ਆਉਂਦੇ ਰਹੇ। ਇਸ ਖੇਡ ਮੇਲੇ ਦੀ ਇਕ ਵਿਸ਼ੇਸ਼ਤਾ ਭੇਡੂਆਂ ਦਾ ਭੇੜ ਹੁੰਦੀ ਸੀ। ਇਕ ਵਾਰ ਚਕਰ ਦੇ ਜੈਲੇ ਦਾ ਭੇਡੂ ਮਾਰੋ ਮਾਰ ਕਰਦਾ ਭੇਡੂਆਂ ਦਾ ਚੈਂਪੀਅਨ ਬਣਿਆ ਤਾਂ ਟੂਰਨਾਮੈਂਟ ਕਮੇਟੀ ਨੇ ਜੈਲੇ ਨੂੰ ਸੌ ਰੁਪਿਆ ਇਨਾਮ ਦਿੱਤਾ। ਜਦੋਂ ਜੈਲੇ ਨੂੰ ਇਨਾਮ ਦਿੱਤਾ ਜਾ ਰਿਹਾ ਸੀ ਤਾਂ ਇਕ ਅਮਲੀ ਨੇ ਕਿਹਾ, ''ਸੌ ਦਾ ਨੋਟ ਜੈਲੇ ਦੀ ਤਾਂ ਭੇਡੂ ਦੇ ਗਲ 'ਚ ਪਾਓ। ਜ਼ੋਰ ਤਾਂ ਭੇਡੂ ਦਾ ਲੱਗੈ।" ਦੂਜਾ ਅਮਲੀ ਕਹਿਣ ਲੱਗਾ, ''ਆਹੋ, ਭੇਡੂ ਨੂੰ ਥਾਪੀ ਦਿੰਦਿਆਂ ਸਾਡਾ ਵੀ ਨਸ਼ਾ ਮੁੜ ਕੇ ਖਿੜਪੂ!"
ਜੈਲੇ ਦੇ ਭੇਡੂ ਦਾ ਕੱਦ ਕਾਠ ਚੰਗੇ ਵਛੇਰੇ ਜਿੱਡਾ ਸੀ। ਜੈਲੇ ਨੇ ਉਹਨੂੰ ਦੇਸੀ ਘਿਓ ਚਾਰਿਆ ਸੀ। ਉਹ ਦੂਜੇ ਭੇਡੂ ਨੂੰ ਮੈਦਾਨ ਵਿਚ ਵੇਖ ਕੇ ਰੋਕਿਆ ਨਹੀਂ ਸੀ ਰੁਕ ਰਿਹਾ। ਰਾਊਕੇ ਦੇ ਭੇਡੂ ਨਾਲ ਉਹਦੀਆਂ ਪੰਜ ਸੱਤ ਟੱਕਰਾਂ ਹੋਈਆਂ ਜਿਨ੍ਹਾਂ ਨਾਲ ਉਨ੍ਹਾਂ ਦੇ ਮੱਥਿਆਂ 'ਚੋਂ ਲਹੂ ਸਿਮ ਆਇਆ। ਟੱਕਰ ਹੋਣ ਪਿੱਛੋਂ ਦੋਵੇਂ ਭੇਡੂ ਕੁਝ ਕਦਮ ਪਿੱਛੇ ਹਟਦੇ ਤੇ ਪੈਂਤਰਾ ਲੈਂਦੇ। ਫਿਰ ਨੀਵੀਆਂ ਪਾਈ ਪੂਰੀ ਤੇਜ਼ੀ ਨਾਲ ਦੌੜਦੇ ਹੋਏ ਇਕ ਦੂਜੇ ਨਾਲ ਸਿਰ ਭਿੜਾਉਂਦੇ ਜਿਸ ਨਾਲ ਠਾਹ ਦੀ ਆਵਾਜ਼ ਨਿਕਲਦੀ ਜਿਵੇਂ ਕਿਤੇ ਦੇਸੀ ਪਿਸਤੌਲ ਚੱਲਿਆ ਹੋਵੇ। ਉਸ ਸਮੇਂ ਦਰਸ਼ਕਾਂ ਦੀ ਹੱਲਾਸ਼ੇਰੀ ਗੂੰਜਦੀ ਤੇ ਅਮਲੀਆਂ ਦਾ ਨਸ਼ਾ ਝੂਟਾ ਖਾ ਜਾਂਦਾ। ਦਸ ਕੁ ਟੱਕਰਾਂ ਮਗਰੋਂ ਰਾਊਕਿਆਂ ਦਾ ਭੇਡੂ ਦਰਸ਼ਕਾਂ ਦੀ ਭੀੜ ਚੀਰਦਾ ਹੋਇਆ ਬਾਹਰ ਭੱਜ ਗਿਆ ਜੀਹਦੇ ਮਗਰ ਜੈਲੇ ਦਾ ਭੇਡੂ ਵੀ ਭੱਜਿਆ ਜਿਸ ਨੂੰ ਦਰਸ਼ਕਾਂ ਨੇ ਰੋਕ ਲਿਆ।
ਚਕਰ ਵਿਚ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਬਣੀ ਹੈ ਜਿਸ ਨੂੰ ਮੁੱਖ ਤੌਰ 'ਤੇ ਟੋਰਾਂਟੋ ਵਸਦੇ ਅਜਮੇਰ ਸਿੰਘ ਸਿੱਧੂ ਤੇ ਬਲਦੇਵ ਸਿੰਘ ਸਿੱਧੂ ਸਪਾਂਸਰ ਕਰ ਰਹੇ ਹਨ। ਪ੍ਰੋ. ਬਲਵੰਤ ਸਿੰਘ ਸੰਧੂ ਇਸ ਦਾ ਕੁਆਰਡੀਨੇਟਰ ਹੈ। ਦੇਵਿੰਦਰ ਸਿੰਘ ਐੱਸ. ਪੀ., ਗੁਰਦੇਵ ਸਿੰਘ ਐੱਸ. ਪੀ. ਅਤੇ ਹੋਰ ਕਈ ਮੋਹਤਬਰ ਸੱਜਣ ਇਸ ਨੂੰ ਸਹਿਯੋਗ ਦੇ ਰਹੇ ਹਨ। ਇਸ ਰਾਹੀਂ ਮੁੱਕੇਬਾਜ਼ੀ ਤੇ ਫੁਟਬਾਲ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਕੋਚਾਂ ਦੀ ਤਨਖਾਹ ਅਜਮੇਰ ਸਿੰਘ ਹੋਰੀਂ ਦੇ ਰਹੇ ਸਨ। ਮੁੱਕੇਬਾਜ਼ੀ ਦੇ ਹਾਲ ਦੀ ਪਲੈਨਿੰਗ ਕੀਤੀ ਜਾ ਰਹੀ ਹੈ। ਨੈਸ਼ਨਲ ਇੰਸਟੀਚਿਊਟ ਦੇ ਮੁੱਖ ਕੋਚ ਗੁਰਬਖਸ਼ ਸਿੰਘ ਸੰਧੂ ਅਕੈਡਮੀ 'ਚ ਗੇੜਾ ਮਾਰ ਗਏ ਹਨ।
ਇਸ ਅਕੈਡਮੀ ਦੇ ਕੁਝ ਮੁੱਕੇਬਾਜ਼ ਪੰਜਾਬ ਤੇ ਭਾਰਤ ਪੱਧਰ 'ਤੇ ਮੈਡਲ ਜਿੱਤ ਚੁੱਕੇ ਹਨ। ਕੌਮੀ ਮੁੱਕੇਬਾਜ਼ੀ 'ਚੋਂ ਸਿਲਵਰ ਮੈਡਲ ਜਿੱਤਣ ਵਾਲੇ ਸੰਦੀਪ ਨੂੰ ਸਿੱਧੂ ਭਰਾਵਾਂ ਨੇ ਕੈਨੇਡਾ ਸੱਦ ਕੇ ਵਿਸ਼ੇਸ਼ ਸਿਖਲਾਈ ਦੁਆਈ ਹੈ। ਉਨ੍ਹਾਂ ਨੇ ਪੇਸ਼ਕਸ਼ ਕੀਤੀ ਹੈ ਕਿ ਚਕਰ ਦੀ ਅਕੈਡਮੀ ਦਾ ਕੋਈ ਖਿਡਾਰੀ ਓਲੰਪਿਕ ਖੇਡਾਂ ਲਈ ਚੁਣਿਆ ਜਾਂਦਾ ਹੈ ਤਾਂ ਉਹ ਦਸ ਲੱਖ ਰੁਪਿਆ ਦੇਣਗੇ। ਜੇ ਕੋਈ ਖਿਡਾਰੀ ਓਲੰਪਿਕ ਖੇਡਾਂ 'ਚੋਂ ਬਰਾਂਜ ਮੈਡਲ ਜਿੱਤਦਾ ਹੈ ਤਾਂ ਵੀਹ ਲੱਖ, ਸਿਲਵਰ ਜਿੱਤਣ ਵਾਲੇ ਨੂੰ ਤੀਹ ਲੱਖ ਤੇ ਗੋਲਡ ਮੈਡਲਿਸਟ ਨੂੰ ਪੰਜਾਹ ਲੱਖ ਰੁਪਏ ਦਾ ਇਨਾਮ ਦੇਣਗੇ। ਉਨ੍ਹਾਂ ਦੀ ਮਾਇਕ ਸਹਾਇਤਾ ਤੇ ਬਲਵੰਤ ਸਿੰਘ ਦੀ ਸੁਚੱਜੀ ਅਗਵਾਈ 'ਚ ਸਵੇਰੇ ਸ਼ਾਮ ਸਟੇਡੀਅਮ ਵਿਚ ਸੌ ਦੇ ਕਰੀਬ ਬੱਚੇ ਕਸਰਤਾਂ ਤੇ ਖੇਡ ਅਭਿਆਸ ਕਰਦੇ ਦਿਸਦੇ ਹਨ। ਇਸ ਨਾਲ ਮਾਰ ਧਾੜ ਵਾਲੇ ਪਿੰਡ ਵਿਚ ਨਵਾਂ ਖੇਡ ਸੱਭਿਆਚਾਰ ਪੈਦਾ ਹੋ ਰਿਹੈ।
ਆਪਣੇ ਪਿੰਡ ਦੀਆਂ ਬਹੁਤੀਆਂ ਸਿਫ਼ਤਾਂ ਕਰਨੀਆਂ ਚੰਗੀਆਂ ਨਹੀਂ ਹੁੰਦੀਆਂ, ਐਵੇਂ ਨਜ਼ਰ ਲੱਗ ਜਾਂਦੀ ਹੈ। ਸ਼ਹੀਦਾਂ ਦੀ ਯਾਦ ਵਿਚ ਕਰਾਏ ਜਾਂਦੇ ਟੂਰਨਾਮੈਂਟ ਨੂੰ ਵੀ ਨਜ਼ਰ ਲੱਗਦੀ ਰਹੀ ਹੈ। ਕਦੇ ਕਦੇ ਵਿਘਨ ਪੈ ਜਾਂਦਾ ਰਿਹੈ। ਚਕਰ ਦੀ ਕਬੱਡੀ ਟੀਮ ਸੁੱਖੀ ਮੈਮੋਰੀਅਲ ਨਾਭੇ ਤਕ ਦੇ ਵੱਡੇ ਵੱਡੇ ਟੂਰਨਾਮੈਂਟ ਜਿੱਤਣ ਲੱਗ ਪਈ ਸੀ ਪਰ ਆਪਸੀ ਫੁੱਟ ਕਾਰਨ ਉਹ ਨਿੱਕੇ ਟੂਰਨਾਮੈਂਟ ਵੀ ਹਾਰਨ ਲੱਗ ਪਈ। ਜਿੱਤ ਰਾਹੀਂ ਮਿਲਦੇ ਚੰਗੇ ਚੋਖੇ ਨੋਟਾਂ ਨੇ ਉਨ੍ਹਾਂ ਦੀ ਖੇਡ ਵਿਚ ਇਕਜੁੱਟਤਾ ਲਿਆਉਣ ਦੀ ਥਾਂ ਸਗੋਂ ਅੱਡੋਪਾਟੀ ਵਧਾ ਦਿੱਤੀ। ਮਿਥ ਕੇ ਮੈਚ ਖੇਡਣ ਦੇ ਕਲੰਕ ਤੋਂ ਚਕਰ ਦੀ ਟੀਮ ਵੀ ਨਹੀਂ ਬਚ ਸਕੀ। ਕੁਝ ਕਬੱਡੀ ਮੇਲਿਆਂ ਉਤੇ ਮੈਂ ਅੱਖੀਂ ਵੇਖਿਆ ਕਿ ਪੈਸਿਆਂ ਬਦਲੇ ਕੁਝ ਖਿਡਾਰੀ ਆਪਣੀਆਂ ਹੀ ਟੀਮਾਂ ਨੂੰ ਜਾਣ ਬੁੱਝ ਕੇ ਹਰਾ ਲੈਂਦੇ ਹਨ। ਉਨ੍ਹਾਂ ਟੀਮਾਂ ਨੂੰ ਜਿਨ੍ਹਾਂ ਦੀ ਆਨ ਤੇ ਸ਼ਾਨ ਲਈ ਉਹ ਖੇਡ ਰਹੇ ਹੁੰਦੇ ਹਨ!
ਤਿੰਨ ਫਰਵਰੀ ਨੂੰ ਬਾਜਾਖਾਨਾ ਦਾ ਹਰਜੀਤ ਮੈਮੋਰੀਅਲ ਕਬੱਡੀ ਕੱਪ ਹੋ ਰਿਹਾ ਸੀ। ਹਰਪ੍ਰੀਤ ਬਾਬੇ ਦਾ ਉਚੇਚਾ ਸੱਦਾ ਸੀ ਕਿ ਐਤਕੀਂ ਹਰ ਹਾਲਤ 'ਚ ਬਾਜੇਖਾਨੇ ਆਉਣਾ। ਮੈਂ ਇਹ ਕਬੱਡੀ ਮੇਲਾ ਪਹਿਲਾਂ ਵੀ ਵੇਖਿਆ ਸੀ। ਉਥੇ ਦਰਸ਼ਕਾਂ ਦਾ ਕੋਈ ਅੰਤ ਨਹੀਂ ਰਹਿੰਦਾ। ਹਰਜੀਤ ਕਬੱਡੀ ਦਾ ਚੜ੍ਹਦਾ ਸੂਰਜ ਸੀ ਜੋ ਸਿਖਰ ਦੁਪਹਿਰੇ ਛਿਪ ਗਿਆ। ਮੈਂ ਗਾਲਿਬ ਕਲਾਂ ਦੇ ਟੂਰਨਾਮੈਂਟ 'ਤੇ ਜਾਂਦਾ ਤੇ ਉਹ ਰੱਜੀਵਾਲੇ ਦੀ ਟੀਮ ਵਿਚ ਖੇਡਣ ਆਉਂਦਾ। ਇਕ ਵਾਰ ਫਾਈਨਲ ਮੈਚ ਰੱਜੀਵਾਲੇ ਤੇ ਭਿੰਡਰਾਂ ਦੀ ਟੀਮ ਵਿਚਾਲੇ ਹੋਇਆ। ਵਿਸਲ ਮੇਰੇ ਹੱਥ ਵਿਚ ਸੀ। ਚੋਟੀ ਦੇ ਮੈਚਾਂ ਸਮੇਂ ਕਬੱਡੀ ਮੇਲਿਆਂ ਵਾਲੇ ਮੈਨੂੰ ਸਾਂਝਾ ਬੰਦਾ ਜਾਣ ਕੇ ਵਿਸਲ ਫੜਾ ਦਿਆ ਕਰਦੇ ਸਨ ਜਿਵੇਂ ਸਾਊਥਹਾਲ ਦੇ ਕਬੱਡੀ ਟੂਰਨਾਮੈਂਟ 'ਚ ਜਸਵੰਤ ਸਿੰਘ ਕੰਵਲ ਨੂੰ ਫੜਾ ਦਿੱਤੀ ਸੀ। 1990 ਵਿਚ ਯੂਬਾ ਸਿਟੀ ਤੇ ਵੈਨਕੂਵਰ ਦੇ ਕਬੱਡੀ ਮੇਲਿਆਂ 'ਚ ਵੀ ਮੈਂ ਮਾਈਕ ਦੀ ਥਾਂ ਵਿਸਲ ਫੜ ਕੇ ਮੈਚ ਖਿਡਾਏ ਸਨ।
ਗਾਲਿਬ ਦੇ ਟੂਰਨਾਮੈਂਟ ਵਿਚ ਫਾਈਨਲ ਮੈਚ ਬਰਾਬਰ ਚੱਲ ਰਿਹਾ ਸੀ। ਆਖਰੀ ਕਬੱਡੀ ਹਰਜੀਤ ਦੀ ਸੀ। ਉਦੋਂ ਕਬੱਡੀ ਸਾਹ ਨਾਲ ਪਾਈ ਜਾਂਦੀ ਸੀ ਤੇ ਕਬੱਡੀ ਕਬੱਡੀ ਬੋਲਣਾ ਪੈਂਦਾ ਸੀ। ਮੈਂ ਹਰਜੀਤ ਨੂੰ ਸਾਵਧਾਨ ਕੀਤਾ ਕਿ ਆਵਾਜ਼ ਉੱਚੀ ਰੱਖਣੀ ਹੈ ਜੋ ਸਪੱਸ਼ਟ ਸੁਣਦੀ ਰਹੇ। ਉਸ ਨੇ ਲੰਮਾ ਸਾਹ ਭਰ ਕੇ ਉੱਚੀ ਆਵਾਜ਼ 'ਚ ਕਬੱਡੀ ਪਾਈ। ਬੰਤੇ ਨੇ ਜੱਫਾ ਲਾਇਆ। ਦਸ ਪੰਦਰਾਂ ਸਕਿੰਟ ਸੰਘਰਸ਼ ਚੱਲਿਆ। ਖਿੱਚਦਾ ਧੂੰਹਦਾ ਹਰਜੀਤ ਹੰਧਿਆਂ ਤਕ ਪਹੁੰਚ ਹੀ ਗਿਆ ਪਰ ਵਿਤੋਂ ਬਾਹਰਾ ਜ਼ੋਰ ਲੱਗਣ ਨਾਲ ਉਹਦੀ ਬੱਸ ਹੋ ਗਈ ਤੇ ਉਸ ਨੂੰ ਸਾਥੀਆਂ ਨੇ ਮੋਢਿਆਂ 'ਤੇ ਚੁੱਕ ਲਿਆ। ਇਤਰਾਜ਼ ਹੁੰਦੇ ਰਹੇ ਕਿ ਸਾਹ ਏਨਾ ਲੰਮਾ ਨਹੀਂ ਹੋ ਸਕਦਾ। ਮੈਂ ਵੀ ਰਾਤ ਨੂੰ ਪਿਆ ਸੋਚਦਾ ਰਿਹਾ ਤੇ ਅਗਲੇ ਦਿਨ ਲਿਖਿਆ ਕਿ ਕਬੱਡੀ ਸਾਹ ਦੀ ਥਾਂ ਮਿਥੇ ਟਾਈਮ 'ਚ ਪੈਣੀ ਚਾਹੀਦੀ ਹੈ।
ਹਰਜੀਤ ਕਦੇ ਕਦੇ ਮੈਨੂੰ ਮਿਲਣ ਲਈ ਢੁੱਡੀਕੇ ਵੀ ਆ ਜਾਂਦਾ ਸੀ। ਉਹਦੇ ਜੁੱਸੇ ਵਿਚ ਕਰੋੜਾਂ ਦੀ ਕਬੱਡੀ ਛੁਪੀ ਹੋਈ ਸੀ ਪਰ ਭਰ ਜੁਆਨੀ 'ਚ ਹੀ ਹਾਦਸੇ ਵਿਚ ਉਸ ਦੀ ਮ੍ਰਿਤੂ ਹੋ ਗਈ। ਉਸ ਦੀ ਮ੍ਰਿਤੂ ਉਤੇ ਦੇਸ਼ ਵਿਦੇਸ਼ ਵਿਚ ਜਿੰਨਾ ਸ਼ੋਕ ਪ੍ਰਗਟਾਇਆ ਗਿਆ ਸ਼ਾਇਦ ਹੀ ਕਿਸੇ ਹੋਰ ਪੰਜਾਬੀ ਖਿਡਾਰੀ ਦੀ ਮੌਤ ਉਤੇ ਪ੍ਰਗਟਾਇਆ ਗਿਆ ਹੋਵੇ। ਕੈਲੇਫੋਰਨੀਆ ਵਾਲੇ ਨਿੱਝਰ ਭਰਾ ਸੁਰਿੰਦਰ ਸਿੰਘ, ਟੁੱਟ ਭਰਾ ਸੁਰਜੀਤ ਸਿੰਘ, ਪਾਲ ਸਹੋਤਾ ਤੇ ਬੱਬੀ ਟਿਵਾਣਾ ਹੋਰੀਂ ਵੀ ਆਏ ਹੋਏ ਸਨ। ਨਾਲ ਮੱਖਣ ਸਿੰਘ, ਮੈਂ ਤੇ ਸੰਤੋਖ ਮੰਡੇਰ ਵੀ ਰਲ ਗਏ। ਸਾਡੇ ਜਾਂਦਿਆਂ ਨੂੰ ਸਟੇਡੀਅਮ ਵਿਚ ਕਿਤੇ ਤਿਲ ਸੁੱਟਣ ਜੋਗੀ ਜਗ੍ਹਾ ਵੀ ਖਾਲੀ ਨਹੀਂ ਸੀ। ਲੋਕ ਚਾਦਰੇ ਬੰਨ੍ਹੀ ਤੇ ਖੇਸਾਂ ਦੀਆਂ ਬੁੱਕਲਾਂ ਮਾਰੀ ਤੁਰੇ ਆ ਰਹੇ ਸਨ। ਜਦ ਕੋਈ ਵਿਸ਼ੇਸ਼ ਮਹਿਮਾਨ ਆਉਂਦਾ ਤਾਂ ਢੋਲ ਵਜਾ ਕੇ ਸਟੇਡੀਅਮ ਵਿਚ ਲਿਆਂਦਾ ਜਾਂਦਾ। ਉਥੇ ਹਰਜੀਤ ਦੇ ਪਿਤਾ ਬਖਸ਼ੀਸ਼ ਸਿੰਘ ਬਰਾੜ ਮਿਲੇ। ਉਨ੍ਹਾਂ ਦੇ ਘਰ ਜਾ ਕੇ ਦੁਖ ਸੁੱਖ ਸਾਂਝਾ ਕੀਤਾ। ਹਰਜੀਤ ਦੀ ਬੈਠਕ ਸ਼ੀਲਡਾਂ ਤੇ ਕੱਪਾਂ ਨਾਲ ਭਰੀ ਪਈ ਸੀ।
ਬਾਜਾਖਾਨਾ ਦੇ ਕਬੱਡੀ ਮੇਲੇ ਲਈ ਜ਼ਿਆਦਾਤਰ ਮਾਇਕ ਸਹਾਇਤਾ ਕੈਲੇਫੋਰਨੀਆਂ ਵਾਲੇ ਸੱਜਣ ਭੇਜਦੇ ਹਨ। ਸਰਕਾਰ ਨੂੰ ਵੀ ਅਜਿਹੇ ਖੇਡ ਮੇਲਿਆਂ ਦੀ ਮਦਦ ਕਰਨੀ ਚਾਹੀਦੀ ਹੈ। ਲੋੜ ਹੈ ਕਿ ਹਰਜੀਤ ਸਟੇਡੀਅਮ ਵੱਡਾ ਕੀਤਾ ਜਾਵੇ ਤਾਂ ਜੋ ਸਾਰੇ ਦਰਸ਼ਕ ਸਮਾ ਸਕਣ। ਅਸੀਂ ਜਾਂਦੇ ਹੋਏ ਲੁਧਿਆਣੇ ਤੋਂ ਬਰਨਾਲੇ ਵਿਚ ਦੀ ਗਏ ਸਾਂ ਪਰ ਮੁੜੇ ਕੋਟਕਪੂਰੇ ਤੇ ਮੋਗੇ ਵਿਚ ਦੀ। ਕਬੱਡੀ ਮੇਲਿਆਂ 'ਤੇ ਜਾਣ ਵਾਲਿਆਂ ਨੂੰ ਰਾਤ ਦਾ ਸਫਰ ਤਾਂ ਕਰਨਾ ਹੀ ਪੈਂਦੈ ਇਸ ਲਈ ਅਸੀਂ ਵੀ ਅੱਧੀ ਰਾਤ ਘਰ ਪਰਤ ਸਕੇ।
ਪੰਜ ਫਰਵਰੀ ਨੂੰ ਫਿਲੌਰ ਵਿਚ ਮਹਾਰਾਜਾ ਰਣਜੀਤ ਸਿੰਘ ਮੈਮੋਰੀਅਲ ਗੋਲਡ ਕਬੱਡੀ ਕੱਪ ਹੋਣਾ ਸੀ। ਇਸ ਨੂੰ ਟੋਰਾਂਟੋ ਦੀ ਪੰਜ ਆਬ ਸਟੂਡੈਂਟਸ ਐਸੋਸੀਏਸ਼ਨ ਕਰਵਾ ਰਹੀ ਸੀ। ਸਹਿਯੋਗ ਪੁਲਿਸ ਅਕਾਡਮੀ ਫਿਲੌਰ ਦਾ ਸੀ। ਅਸੀਂ ਚਕਰੋਂ ਜਗਰਾਓਂ ਤੇ ਲੁਧਿਆਣੇ ਹੁੰਦੇ ਹੋਏ ਫਿਲੌਰ ਦੇ ਕਿਲੇ ਵਿਚ ਢਾਈ ਤਿੰਨ ਘੰਟਿਆਂ 'ਚ ਪੁੱਜ ਸਕੇ। ਟੋਰਾਂਟੋ 'ਚ ਏਨਾ ਸਫਰ ਇਕ ਘੰਟੇ ਵਿਚ ਕੀਤਾ ਜਾ ਸਕਦਾ ਹੈ। ਦੇਰੀ ਦਾ ਕਾਰਨ ਸੜਕਾਂ ਦਾ ਟੁੱਟੀਆਂ ਹੋਣਾ, ਟ੍ਰੈਫਿਕ ਨਿਯਮਾਂ ਦੀ ਕੋਈ ਪਾਲਣਾ ਨਾ ਕਰਨੀ, ਬੇਲੋੜੇ ਨਾਕੇ ਤੇ ਲੁਧਿਆਣੇ ਦਾ ਭਵਜਲ ਤਰਨਾ ਸੀ। ਚੌੜੇ ਬਜ਼ਾਰ ਵਾਲੇ ਸ਼ਹਿਰ ਦੀ ਹੁਣ ਹਰੇਕ ਜਗ੍ਹਾ ਭੀੜੀ ਹੋਈ ਪਈ ਲੱਗਦੀ ਹੈ। ਗੱਡੀ 'ਤੇ ਗੱਡੀ ਚੜ੍ਹੀ ਪਈ ਹੈ।
ਲੁਧਿਆਣੇ ਬਾਰੇ ਇਕ ਚੁਟਕਲਾ ਬਣ ਗਿਐ। ਕਹਿੰਦੇ ਹਨ ਕਿ ਲੁਧਿਆਣੇ ਦਾ ਇਕ ਵਪਾਰੀ ਮਰਨ ਪਿਛੋਂ ਧਰਮ ਰਾਜ ਦੇ ਪੇਸ਼ ਹੋਇਆ। ਉਸ ਨੇ ਉਹਦੇ ਚੰਗੇ ਮੰਦੇ ਕਰਮਾਂ ਦਾ ਲੇਖਾ ਜੋਖਾ ਕਰ ਕੇ ਉਹਨੂੰ ਨਰਕ ਜਾਂ ਸੁਰਗ ਅਲਾਟ ਕਰਨਾ ਸੀ। ਪਰ ਦੋ ਨੰਬਰ ਦਾ ਧੰਦਾ ਕਰਨ ਵਾਲੇ ਦੀਆਂ ਫਾਈਲਾਂ ਕਿਹੜਾ ਇਕ ਨੰਬਰ ਦੀਆਂ ਸਨ? ਧਰਮ ਰਾਜ ਦੇ ਕਲੱਰਕ ਵਿਚਾਰੇ ਖਾਸਾ ਚਿਰ ਹਿਸਾਬ ਕਿਤਾਬ ਵਿਚ ਈ ਉਲਝੇ ਰਹੇ। ਅੱਕ ਕੇ ਧਰਮ ਰਾਜ ਨੇ ਕਿਹਾ, ''ਓਏ ਤੂੰ ਆਪ ਈ ਦੱਸ ਦੇ ਪਈ ਪੁੰਨ ਬਹੁਤੇ ਕੀਤੇ ਨੇ ਕਿ ਪਾਪ? ਜੇ ਝੂਠ ਬੋਲਿਆ ਤਾਂ ਸਿੱਧਾ ਨਰਕ ਭੇਜ-ਦੂੰ।" ਗੁੜ ਮੰਡੀ ਦੀਆਂ ਭੀੜੀਆਂ ਗਲੀਆਂ 'ਚੋਂ ਨਿਕਲ ਕੇ ਆਇਆ ਵਪਾਰੀ ਬੜੀ ਬੇਪਰਵਾਹੀ ਨਾਲ ਕਹਿਣ ਲੱਗਾ, ''ਮਹਾਰਾਜ ਮੈਨੂੰ ਨਰਕ ਦਾ ਕੋਈ ਡਰ ਨੀ, ਮੈਂ ਤਾਂ ਪਹਿਲਾਂ ਈ ਲੁਧਿਆਣੇ ਰਹਿੰਦਾ ਆਇਆਂ!" ਹੁਣ ਲੁਧਿਆਣੇ ਵਿਚ 'ਆਪਣਾ ਪੰਜਾਬ' ਕੰਪਲੈਕਸ ਬਣਾਉਣ ਵਾਲੇ ਸੋਚਣ ਬਈ ਨਰਕ ਦਾ ਸੁਰਗ ਕਿਵੇਂ ਬਣਾਉਣਾ ਹੈ?
ਸਤਲੁਜ ਦੇ ਕਿਨਾਰੇ ਸੰਘਣੇ ਰੁੱਖਾਂ ਵਿਚ ਘਿਰਿਆ ਫਿਲੌਰ ਦਾ ਕਿਲਾ ਇਤਿਹਾਸਕ ਸਥਾਨ ਹੈ। ਉਸੇ ਕਿਲੇ ਵਿਚ ਹੁਣ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਚੱਲ ਰਹੀ ਹੈ। ਅਕੈਡਮੀ ਦੇ ਸਟੇਡੀਅਮ ਵਿਚ ਹੀ ਕਬੱਡੀ ਮੈਚ ਹੋ ਰਹੇ ਸਨ। ਅਕੈਡਮੀ ਦੇ ਡਾਇਰੈਕਟਰ ਡਾ. ਔਜਲਾ ਹੋਰਾਂ ਨੇ ਕਬੱਡੀ ਟੂਰਨਾਮੈਂਟ ਦਾ ਮਿਸਾਲੀ ਪ੍ਰਬੰਧ ਕੀਤਾ ਹੋਇਆ ਸੀ। ਹਰ ਕਾਰਜ ਪੂਰੇ ਜ਼ਾਬਤੇ ਵਿਚ ਹੋ ਰਿਹਾ ਸੀ। ਜਿਵੇਂ ਕਹਿੰਦੇ ਹਨ ਕਿ ਹੁਕਮ ਤੋਂ ਬਗ਼ੈਰ ਪੱਤਾ ਨਹੀਂ ਸੀ ਹਿੱਲ ਰਿਹਾ। ਕਬੱਡੀ ਦੇ ਅਜਿਹੇ ਟੂਰਨਾਮੈਂਟ ਵੇਖ ਕੇ ਈ ਆਸ ਬੱਝਦੀ ਹੈ ਕਿ ਰੌਲਿਆਂ ਨਾਲ ਭਰੀ ਕਬੱਡੀ ਦੀ ਖੇਡ ਵੀ ਕਦੇ ਅਨੁਸਾਸ਼ਨਬੱਧ ਹੋ ਸਕਦੀ ਹੈ।
ਵਿਦੇਸ਼ਾਂ ਵਿਚ ਕਬੱਡੀ ਦੇ ਮੇਲੇ ਲਾਉਣ ਵਾਲੇ ਪ੍ਰਬੰਧਕ ਫਿਲੌਰ ਦੇ ਕਬੱਡੀ ਕੱਪ ਦੀ ਵੀਡੀਓ ਵੇਖ ਕੇ ਕਾਫੀ ਕੁਝ ਸਿੱਖ ਸਕਦੇ ਹਨ। ਕਬੱਡੀ ਦਾ ਦਾਇਰਾ ਬਸੰਤੀ ਝੰਡੀਆਂ ਤੇ ਟਰੈਕ ਲਾਲ-ਕਾਲੀਆਂ ਝੰਡੀਆਂ ਨਾਲ ਸ਼ਿੰਗਾਰਿਆ ਹੋਇਆ ਸੀ। ਅਕੈਡਮੀ ਦੀਆਂ ਇਮਾਰਤਾਂ ਦੇ ਗੇਰੂ ਰੰਗੇ ਗੁੰਬਦ, ਝੂਲਦੇ ਝੰਡੇ ਤੇ ਅਸਮਾਨ ਰੰਗਾ ਟਰੈਕ ਅਖਾੜੇ ਦੀ ਸ਼ੋਭਾ ਵਧਾ ਰਹੇ ਸਨ। ਪਿੱਤਲ ਰੰਗੀਆਂ ਤੋਪਾਂ, ਲਹਿਰਾਉਂਦੇ ਰੁੱਖ ਤੇ ਲਾਲ-ਨੀਲੀਆਂ ਛੱਤਾਂ ਪੁਲਿਸ ਅਕੈਡਮੀ ਦੀ ਸ਼ਾਨ ਸਨ। ਅਜਿਹੀ ਜਗ੍ਹਾ ਪ੍ਰਵੇਸ਼ ਕਰਦਿਆਂ ਹੀ ਬੰਦਾ ਸਲੀਕੇ ਨਾਲ ਵਿਚਰਨ ਲੱਗਦਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਆਮ ਲੋਕ ਪੁਲਿਸ ਤੋਂ ਡਰੇ ਹੋਏ ਪੁਲਿਸ ਅਕੈਡਮੀ ਦੇ ਦੁਆਰ ਵੀ ਡਰਦੇ ਡਰਦੇ ਲੰਘ ਰਹੇ ਸਨ ਮਤਾਂ ਫੜ ਕੇ ਅੰਦਰ ਕਰਦੇ ਹੋਣ! ਆਮ ਕਬੱਡੀ ਮੇਲਿਆਂ ਵਾਂਗ ਡੱਬ 'ਚ ਸ਼ੀਸ਼ੀ ਲਿਜਾਣ ਬਾਰੇ ਤਾਂ ਉਥੇ ਕੋਈ ਸੋਚ ਵੀ ਨਹੀਂ ਸੀ ਸਕਦਾ।
ਮੌਸਮ ਠੀਕ ਸੀ ਤੇ ਹਰੇ ਘਾਹ ਵਾਲੇ ਮੈਦਾਨ ਉਤੇ ਬੜੀਆਂ ਕਾਂਟੇਦਾਰ ਕਬੱਡੀਆਂ ਪੈ ਰਹੀਆਂ ਸਨ। ਨਾ ਸੰਦੀਪ ਡੱਕਿਆ ਜਾ ਰਿਹਾ ਸੀ ਤੇ ਨਾ ਮੰਗਾ। ਦੋਹਾਂ ਦੇ ਜੁੱਸੇ ਬੜੇ ਦਰਸ਼ਨੀ ਹਨ ਜਿਵੇਂ ਕਾਦਰ ਨੇ ਵਿਹਲੇ ਬਹਿ ਕੇ ਘੜੇ ਹੋਣ। ਕਬੱਡੀ ਪਾਉਣ ਚੱਲਿਆ ਮੰਗਾ ਇਉਂ ਲੱਗਦਾ ਜਿਵੇਂ ਕੰਧਾਰ ਦਾ ਕਿਲਾ ਫਤਿਹ ਕਰਨ ਚੱਲਿਆ ਹੋਵੇ। ਤੇ ਧਾਵਾ ਬੋਲ ਕੇ ਆਏ ਸੰਦੀਪ ਦੀਆਂ ਛਾਲਾਂ ਵੇਖਣ ਵਾਲੀਆਂ ਸਨ। ਉਥੇ ਇਕ ਜਾਫੀ ਦਾ ਲੱਤੀਂ ਪੈਣ ਦਾ ਨਵਾਂ ਹੀ ਸਟਾਈਲ ਵੇਖਿਆ। ਉਹ ਪੁੱਠੇ ਦਾਅ ਗਿੱਟਾ ਫੜਦਾ ਸੀ ਤੇ ਝਾਫਾ ਈ ਬਣ ਜਾਂਦਾ ਸੀ। ਮਗਰੋਂ ਪਤਾ ਲੱਗਾ ਕਿ ਉਸ ਲੰਮ ਸਲੰਮੇ ਗਭਰੂ ਦਾ ਪਿੰਡ ਤੁੜ ਹੈ। ਉਸ ਦੀ ਖੇਡ ਤੋਂ ਖੁਸ਼ ਹੋ ਕੇ ਔਜਲਾ ਸਾਹਿਬ ਨੇ ਉਸ ਨੂੰ ਪੁਲਿਸ ਵਿਚ ਭਰਤੀ ਕਰਨ ਦੀ ਪੇਸ਼ਕਸ਼ ਕਰ ਦਿੱਤੀ।
ਕੁਮੈਂਟਰੀ ਵਿਚ ਮੱਖਣ ਸਿੰਘ ਦਾ ਸਾਥ ਦੇਣ ਲਈ ਟੋਰਾਂਟੋ ਤੋਂ ਦਾਰਾ ਸਿੰਘ ਗਰੇਵਾਲ ਵੀ ਪੁੱਜਾ ਹੋਇਆ ਸੀ। ਜਦੋਂ ਖਿਡਾਰੀ ਧੌਲੋ ਧੌਲੀ ਹੋਣ ਲੱਗਦੇ ਤਾਂ ਉਹ ਕਹਿੰਦਾ, ''ਪੈਂਦੀਆਂ ਧੌਲਾਂ, ਹੁੰਦਾ ਖੜਕਾ, ਸੁਣਦਾ ਟੋਰਾਂਟੋ ਤਕ।" ਇਹ ਤਾਂ ਉਹ ਗੱਲ ਸੀ, ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ। ਮੱਖਣ ਸਿੰਘ ਆਖਦਾ, ''ਪਿਛੇ ਪਿਛੇ ਆਉਂਦਾ ਮੇਰੀ ਪੈੜ ਵੇਂਹਦਾ ਆਈਂ, ਮੇਰਾ ਲੌਂਗ ਗੁਆਚਾ ...।" ਲੌਂਗ ਤਾਂ ਸਾਡੇ ਛੋਟੇ ਵੀਰ ਦਾ ਕਿਥੇ ਗੁਆਚਣਾ ਸੀ, ਉਹਦੀਆਂ ਕਬੱਡੀ ਦੀ ਕੁਮੈਂਟਰੀ ਵਿਚ ਪਾਈਆਂ ਪੈੜਾਂ ਵੀ ਕਦੇ ਨਹੀਂ ਗੁਆਚਣਗੀਆਂ। ਉਹਨੇ ਤਾਂ ਉਹ ਗੱਲ ਕੀਤੀ ਹੈ ਅਖੇ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ। ਸਾਨੂੰ ਉਮਰੋਂ ਵਡੇਰਿਆਂ ਨੂੰ ਮਾਣ ਹੈ ਕਿ ਉਹ ਸਾਥੋਂ ਅੱਗੇ ਲੰਘ ਗਿਆ ਹੈ। ਉਹ ਕਬੱਡੀ ਦਾ ਇਨਸਾਈਕਲੋਪੀਡੀਆ ਹੈ। ਕਿਸੇ ਖਿਡਾਰੀ ਤੇ ਖੇਡ ਪ੍ਰਮੋਟਰ ਦਾ ਨਾਂ ਥਾਂ ਦੱਸਣ ਦੇ ਨਾਲ ਉਹ ਉਹਦੇ ਕੋੜਮੇ ਕਬੀਲੇ ਦੇ ਨਾਂ ਵੀ ਮੂੰਹ ਜ਼ੁਬਾਨੀ ਗਿਣਾ ਸਕਦੈ।
ਪੰਜ ਆਬ ਐਸੋਸੀਏਸ਼ਨ ਵਾਲੇ ਖੁਸ਼ ਸਨ ਕਿ ਉਨ੍ਹਾਂ ਦਾ ਟੂਰਨਾਮੈਂਟ ਹਰ ਪੱਖੋਂ ਸਫਲ ਸੀ। ਸਿਮਰਜੀਤ ਸਿੰਘ ਸੰਧੂ, ਪ੍ਰਸ਼ੋਤਮ ਸਿੰਘ ਮੱਲ੍ਹੀ, ਜਸਬੀਰ ਢਿੱਲੋਂ, ਸੁੱਖੀ ਨਿੱਝਰ, ਦਲਬੀਰ ਨਿੱਝਰ, ਸਰਬਜੀਤ ਸਿੰਘ ਦਿਓਲ ਤੇ ਸੁਰਜੀਤ ਸਿੰਘ ਮਾਹਲ ਹੋਰੀਂ ਚਾਅ ਵਿਚ ਉਡੇ ਫਿਰਦੇ ਸਨ। ਉਨ੍ਹਾਂ ਦਾ ਛੋਟੇ ਬਜਟ ਨਾਲ ਵੱਡਾ ਕੱਪ ਸਿਰੇ ਚੜ੍ਹ ਗਿਆ ਸੀ।(ਚਲਦਾ)
|
|
Who's OnlineWe have 6 guests online
|