|
''ਫੜ ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ" |
|
|
|
Friday, 29 January 2010 |
|
ਗੱਲਾਂ ਚੋਂ ਗੱਲ
ਤਲਵਿੰਦਰ ਮੰਡ
ਆਧੁਨਿਕ ਪੰਜਾਬੀ ਕਵਿਤਾ ਦੇ ਪਿਤਾਮਾ ਭਾਈ ਵੀਰ ਸਿੰਘ ਦੀ ਕਵਿਤਾ ਦੀਆਂ ਇਹ ਤੁਕਾਂ ਅਕਸਰ ਹੀ ਉਸ ਜਗ੍ਹਾ ਤੇ ਵਿਦਵਾਨਾਂ ਵਲੋਂ ਉਚਾਰੀਆਂ ਜਾਂਦੀਆਂ ਹਨ ਜਿਥੇ ਉਨਾ੍ਹਂ ਨੇ ਆਪਣੇ ਵਿਚਾਰਾਂ ਨੂੰ ਪੁਖਤਾ ਕਰਨਾ ਹੁੰਦਾ ਹੈ ਜਿਸ ਵਿਚ ਸਮੇਂ ਦੁਆਰਾ ਵਰਤਾਈਆਂ ਜਾਂਦੀਆਂ ਦੁਸ਼ਵਾਰੀਆਂ ਹੋਣ ਜਾਂ ਰਹਿਮਤਾਂ ਤੇ ਜਾਂ ਬਰਕਤਾਂ ਦਾ ਵਰਤਾਰਾ ਵਰਤ ਰਿਹਾ ਹੋਵੇ, ਸਾਰੇ ਹੀ ਮੌਕਿਆ ਉਪਰ ਜਿਨਾ੍ਹਂ ਵਿਦਵਾਨਾਂ ਨੇ ਇਸ ਨੂੰ ਪੜਿਆ ਹੈ ਉਹ ਜ਼ਰੂਰ ਹੀ ਇਨਾ੍ਹਂ ਸ਼ਬਦਾ ਨੂੰ ਵਰਤ ਲੈਦੇ ਹਨ। ਏਸੇ ਤਰਾ੍ਹਂ ਹੀ ਸਮੇਂ ਦੇ ਵਰਤ ਜਾਣ ਦੀਆਂ ਕਈ ਹੋਰ ਵੀ ਤੁਕਾਂ ਪੰਜਾਬੀ ਕਵਿਤਾ ਜਾਂ ਲੋਕ ਸਾਹਿੱਤ ਵਿਚ ਮਿਲ ਜਾਂਦੀਆਂ ਹਨ। ਜਿਨਾ੍ਹਂ ਦਾ ਥੌੜੇ ਜਿਹੇ ਹੇਰ ਫੇਰ ਨਾਲ ਇੱਕੋ ਹੀ ਥੀਮ ਹੁੰਦਾ ਹੈ ਜਿਵੇਂ ਪੰਜਾਬੀ ਸਾਹਿੱਤ ਵਿਚ ਇੱਕ ਲੋਕ ਬੋਲੀ ਹੈ;
ਜਿਸ ਪੱਤਣੋਂ ਅੱਜ ਪਾਣੀ ਵਗਦਾ ਫੇਰ ਨੀ ਵਗਣਾ ਭਲਕੇ,
ਬੇੜੀ ਦਾ ਪੂਰ ਤ੍ਰਿਜਣ ਦੀਆਂ ਕੁੜੀਆ ਸਦਾ ਨਾ ਬੈਠਣ ਜੁੜਕੇ।
ਏਸੇ ਤਰਾ੍ਹਂ ਹੀ ਸਾਡੇ ਸਮਿਆਂ ਵਿਚ ''ਬਿਰਹੋਂ ਦਾ ਸੁਲਤਾਨ" ਬਣਨ ਵਾਲੇ ਕਵੀ ਸ਼ਿਵ ਕੁਮਾਰ ਬਟਾਲਵੀ ਦਾ ਇੱਕ ਗੀਤ ਹੈ;
ਨਾ ਕੱਲ੍ਹ ਖਿੜਨਾ ਚਾਨਣ ਦਾ ਫੁੱਲ ਨਾ ਕੱਲ੍ਹ ਖਿੜਨਾ ਚੰਬਾ
ਨਾ ਅੱਜ ਵਾਂਗਰ ਮਹਿਕਾ ਫਿਰਨਾ ਕਰਕੇ ਨੀ ਸਿਰ ਨੰਗਾ
ਸਮੇਂ ਦੇ ਪੰਛੀ ਦਾਣਾ-ਦਾਣਾ ਸਾਹਾਂ ਦਾ ਚੁੱਗ ਲੈਣਾ
ਨੀ ਜਿੰਦੇ ਕੱਲ੍ਹ ਮੈਂ ਨਹੀਂ ਰਹਿਣਾ
ਉਪਰੋਕਤ ਕਵਿਤਾਵਾਂ ਦੀਆਂ ਲਾਈਨਾਂ ਦੇ ਅਰਥ ਕਵੀਆਂ ਨੇ ਇਨਾ੍ਹਂ ਨੂੰ ਜਨਮ ਦੇਣ ਵੇਲੇ ਪਤਾ ਨਹੀਂ ਕੀ ਸੋਚੇ ਹੋਣਗੇ, ਪਰ ਅੱਜ ਇਹ ਗੱਲ ਇਕ ਖਾਸ ਤਰੀਕੇ ਨਾਲ ਕਿਸੇ ਵੇਲੇ ਨੂੰ ਰੂਪਮਾਨ ਕਰਦੀ ਹੈ ਕਿ ਸਮਾਂ ਇਕ ਬਾਸ਼ਿੰਦੇ ਲਈ ਕਿੰਨਾ ਮਹੱਤਵ ਪੂਰਣ ਹੈ। ਇਸ ਦਾ ਅਜੋਕੇ ਮਨੁੱਖ ਲਈ ਕੀ ਅਸਰ ਹੈ? ਜਦੋਂ ਅਸੀਂ ਆਪਣੇ ਬੀਤੇ, ਹੁਣ ਅਤੇ
ਆਉਣ ਬਾਰੇ ਇੱਕ ਵਿਸਲੇਸ਼ਨ ਕਰਦੇ ਹਾਂ ਤੇ ਫਿਰ ਇਸ ਨਤੀਜੇ ਉਪਰ ਪਹੁੰਚਦੇ ਹਾਂ ਕਿ ਜੀਵਨ ਕਿਨ੍ਹਾ ਪੜਾਵਾਂ ਵਿਚੋਂ ਗੁਜ਼ਰਿਆ ਹੈ? ਕੀ ਖੱਟਿਆ ਤੇ ਕੀ ਗਵਾਇਆ? ਏਸੇ ਤਰਾ੍ਹਂ ਹੀ ਜਦੋਂ ਕਿਸੇ ਦੇਸ਼ ਨੇ ਆਪਣੇ ਸਮੇਂ ਵਿਚ ਦੇਸ਼ ਦੀ ਤਰੱਕੀ ਵੇਖਣੀ ਹੈ ਤਾਂ ਉਸ ਨੂੰ ਇਹ ਨਿਸਚਿਤ ਕਰਨਾ ਪੈਦਾ ਹੈ ਕਿ ਪਿਛਲੇ ਸਮੇਂ ਵਿਚ ਇਨਾ੍ਹਂ ਦਿਨਾਂ ਵਿਚ ਇਹ ਦੇਸ਼ ਕਿਥੇ ਕੁ ਖੜਾ ਸੀ? ਇਸ ਤਰਾ੍ਹਂ ਇਕ ਪੈਮਾਨਾ ਨਿਸਚਿਤ ਕੀਤਾ ਜਾਂਦਾ ਹੈ ਤੇ ਉਸੇ ਨਾਲ ਹੀ ਮੇਚ ਕੇ ਇਹ ਨਿਰਨਾ ਲਿਆ ਜਾਂਦਾ ਹੈ ਕਿ ਸਥਿਤੀ ਕੀ ਹੈ? ਇਹੀ ਗੱਲ ਮਨੁੱਖੀ ਜੀਵਨ ਉਪਰ ਵੀ ਲਾਗੂ ਹੁੰਦੀ ਹੈ।
ਇੱਕ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਦੇ ਜਨਮ ਦੀਆਂ ਖੁਸ਼ੀਆਂ ਮਨ੍ਹਾਈਆਂ ਜਾਂਦੀਆਂ ਹਨ। ਬੱਚੇ ਦੀ ਵਧਦੀ ਉਮਰ ਨੂੰ ਉਸ ਦੇ ਜਵਾਨ ਹੋਣ ਦੀਆਂ ਸੋਚਾਂ ਨਾਲ ਮੇਚਿਆ ਜਾਂਦਾ ਹੈ। ਉਸ ਦੀ ਉਮਰ ਦੇ ਪੜਾਆ ਬਣਦੇ ਹਨ ਅਤੇ ਜਿਨਾ੍ਹਂ ਮੁਤਾਵਿਕ ਉਸ ਦਾ ਇਕ ਅਤੀਤ ਬਣਦਾ ਜਾਂਦਾ ਹੈ, ਇੱਕ ਭਵਿਖ ਜੋ ਨਾਲੋ ਨਾਲ ਚਲਦਾ ਹੈ ਅਤੇ ਇਕ ਉਹ ਸਮਾਂ ਜੋ ਉਸ ਦੇ ਜੀਵਨ ਵਿਚ ਭਵਿਖ ਬਣਨਾ ਹੈ। ਇਸ ਤਰਾ੍ਹਂ ਬੱਚੇ ਦੀ ਵਧਦੀ ਉਮਰ ਦੇ ਪਲ ਇਕ ਖਾਸ ਤਰਾ੍ਹਂ ਦੀ ਸੋਚ ਪੈਦਾ ਕਰਦੇ ਹਨ ਕਿ ਬੱਚੇ ਦੀ ਗਰੋਥ ਹੋ ਰਹੀ ਹੈ। ਉਹ ਆਪਣੇ ਜੀਵਨ ਵਿਚ ਤਰੱਕੀਆਂ ਦੀਆਂ ਪੌੜੀਆਂ ਚੜ ਰਿਹਾ ਹੈ। ਪਰ ਦੂਸਰੇ ਪਾਸੇ ਇਹ ਗੱਲ ਵੀ ਮੰਨੀ ਜਾ ਸਕਦੀ ਹੈ ਕਿ ਕਿਸੇ ਵੀ ਜੀਵ ਲਈ ਉਸ ਦੇ ਜਨਮ ਤੋਂ ਲੈ ਕੇ ਅੰਤ ਤੱਕ ਜ਼ਿੰਦਗੀ ਦੀ ਇਕ ਰੇਖਾ ਹੈ ਜਿਸ ਦੀ ਓਟ ਵਿਚ ਉਹ ਚਲਦਾ ਹੈ ਅਤੇ ਨਿਸਚਿਤ ਪੈਡੇ ਨੂੰ ਤਹਿ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਹੌਲੀ ਹੌਲੀ ਉਸ ਦਾ ਜ਼ਿੰਦਗੀ ਵਾਲੀ ਲਾਈਨ ਦਾ ਸਫਰ ਮੁੱਕਦਾ ਜਾਂਦਾ ਹੈ ਤੇ ਇੱਕ ਦਿਨ ਇਹ ਪੂਰਾ ਹੋ ਜਾਂਦਾ ਹੈ। ਇਸ ਤਰਾ੍ਹਂ ਜਦੋਂ ਕਿਸੇ ਚੀਜ਼ ਲਈ ਕੋਈ ਸਮਾਂ ਨਿਸਚਿਤ ਹੁੰਦਾ ਹੈ ਤਾਂ ਉਸ ਦਾ ਮੁੱਕਣਾ ਵੀ ਨਿਸਚਿਤ ਹੋ ਜਾਂਦਾ ਹੈ। ਇਸ ਤਰਾ੍ਹਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਨਮ ਤੋਂ ਬਾਅਦ ਕਿਸੇ ਵਿਅਕਤੀ ਦੀ ਉਮਰ ਦੇ ਦਿਨ ਘੱਟਣੇ ਸ਼ੁਰੂ ਹੋ ਜਾਂਦੇ ਹਨ ਭਾਂਵੇ ਉਸ ਦੀ ਗੈਰ-ਤਰੱਕੀ ਨੂੰ ਤਰੱਕੀ ਹੀ ਕਿਹਾ ਜਾਂਦਾ ਹੈ। ਇਸ ਤਰਾ੍ਹਂ ਇਸ ਗਲ ਨੂੰ ਭਾਵੇ ਮੰਨਣ ਤੋਂ ਇੰਨਕਾਰ ਕੀਤਾ ਜਾਵੇ ਪਰ ਸਚਾਈ ਇਹ ਹੈ ਕਿ ਇਥੇ ਪੁੱਠੀ ਗਿਣਤੀ ਨਾਲ ਤੋਰ ਤੁਰਦੀ ਹੈ।
ਹਰ ਮਨੁੱਖ ਦੀ ਵਧਦੀ ਉਮਰ ਨੇ ਉਸ ਵਿਚ ਬਹੁਤ ਸਾਰੀਆਂ ਤਬਦੀਲੀਆਂ ਲਿਆਉਣੀਆ ਹੁੰਦੀਆ ਹਨ ਜਿਨਾ੍ਹਂ ਨੂੰ ਉਹ ਨਾ ਚਾਹੁੰਦਿਆ ਵੀ ਸਵੀਕਾਰ ਕਰਦਾ ਹੈ। ਜਿਵੇਂ ਸਮੇਂ ਅਨੁਸਾਰ ਉਮਰ ਦਾ ਵਧਣਾ ਇਕ ਕੁਦਰਤੀ ਵਰਤਾਰਾ ਹੈ ਜੋ ਮਨੁੱਖ ਦੀ ਪਹੁੰਚ ਤੋਂ ਬਾਹਰ ਹੈ। ਏਸੇ ਤਰਾ੍ਹਂ ਹੀ ਵਾਲਾਂ ਦੇ ਕਾਲਿਆਂ ਤੋਂ ਚਿੱਟੇ ਹੋਣਾ ਵੀ ਇਕ ਅਜਿਹੀ ਤਬਦੀਲੀ ਹੈ ਜੋ ਉਸ ਦੇ ਵੱਸ ਤੋਂ ਬਾਹਰ ਦੀ ਗਲ ਹੈ ਕਿ ਇਸ ਨੂੰ ਰੋਕ ਸਕੇ। ਬਹੁਤੀ ਵਾਰੀ ਜਦੋਂ ਉਮਰ ਦਾ ਇੱਕ ਖਾਸ ਦੌਰ ਗੁਜ਼ਰ ਜਾਂਦਾ ਹੈ ਤਾਂ ਮਨੁੱਖ ਲਈ ਉਸ ਦੀਆਂ ਯਾਦਾਂ ਹੀ ਰਹਿ ਜਾਂਦੀਆਂ ਹਨ ਤੇ ਉਹ ਉਨਾ੍ਹਂ ਨੂੰ ਜ਼ਿੰਦਗੀ ਦਾ ਸਰਮਾਇਆ ਸਮਝ ਕੇ ਸਾਰੀ ਉਮਰ ਹਿੱਕ ਨਾਲ ਲਗਾਈ ਰੱਖਦਾ ਹੈ।
ਕਈ ਵਾਰੀ ਕੋਈ ਅਜੇਹੀ ਘਟਨਾ ਵੀ ਜ਼ਿੰਦਗੀ ਵਿਚ ਵਾਪਰ ਜਾਂਦੀ ਹੈ ਕਿ ਜੋ ਕਿਸੇ ਲਈ ਭੁਲਾਇਆਂ ਵੀ ਭੁਲਾਈ ਨਹੀਂ ਜਾ ਸਕਦੀ। ਇਸ ਤਰਾ੍ਹਂ ਇਹ ਛੋਟੀਆਂ ਛੋਟੀਆਂ ਘਟਨਾਵਾਂ ਜ਼ਿੰਦਗੀ ਲਈ ਸਰਮਾਇਆ ਬਣ ਜਾਂਦੀਆਂ ਹਨ। ਬਹੁਤੀ ਵਾਰੀ ਮਨੁੱਖ ਆਪਣੇ ਜੀਵਨ ਵਿਚ ਆਏ ਮਾੜੇ ਦਿਨਾ੍ਹਂ ਨੂੰ ਇਨਾ੍ਹਂ ਖੂਬਸੂਰਤ ਯਾਦਾਂ ਦੇ ਸਹਾਰੇ ਹੀ ਜੀਅ ਲੈਦਾ ਹੈ ਤੇ ਉਸ ਦਾ ਮਾੜਾ ਸਮਾਂ ਨਿਕਲ ਜਾਂਦਾ ਹੈ।
ਜ਼ਿੰਦਗੀ ਨੂੰ ਜਿਉਣ ਯੋਗੀ ਬਣਾਉਣ ਲਈ ਇਹ ਸਮਾਂ ਹੀ ਹੈ ਜੋ ਕਈ ਵਾਰੀ ਮਨੁੱਖ ਨੂੰ ਏਨਾ ਕਮਜ਼ੋਰ ਬਣਾ ਦਿੰਦਾ ਹੈ ਕਿ ਗੁਜ਼ਰ ਰਿਹਾ ਸਮਾਂ ਕਿਸੇ ਲਈ ਮੌਤ ਵਰਗੀਆਂ ਘੜੀਆਂ ਲਗਦਾ ਹੈ ਅਤੇ ਜਦੋਂ ਇਹ ਸਮਾ ਨਿਕਲ ਜਾਂਦਾ ਹੈ ਤਾਂ ਇਹੀ ਸਮਾਂ ਮਨੁੱਖ ਲਈ ਸਵਾਦਲੀ ਕੋਈ ਚੀਜ਼ ਬਣ ਜਾਂਦਾ ਹੈ, ਜਿਸ ਨੂੰ ਉਹ ਭੋਰਾ ਭੋਰਾ ਜਿਉਣ ਦੀ ਲਾਲਸਾ ਪੈਦਾ ਕਰਦਾ ਹੈ ਤੇ ਉਹ ਇਹ ਵੀ ਚਾਹੁੰਦਾ ਹੈ ਕਿ ਇਹ ਸਮਾਂ ਉਸ ਲਈ ਸਦਾ ਨਿਸਚਿਤ ਹੋ ਜਾਵੇ ਤੇ ਕਦੀ ਵੀ ਉਹ ਇਸ ਤੋਂ ਜੁਦਾ ਨਾ ਹੋਵੇ।
ਉਕਤ ਕਵਿਤਾਵਾਂ ਦੀਆਂ ਲਾਈਨਾ ਨੂੰ ਇਸ ਕਰਕੇ ਵੀ ਮਹੱਤਵ ਦਿੱਤਾ ਜਾ ਸਕਦਾ ਹੈ ਕਿ ਇਨਾ੍ਹਂ ਵਿਚਲਾ ਸੁਨੇਹਾ ਇਸ ਗੱਲ ਵੱਲ ਵੀ ਸੰਕੇਤ ਕਰਦਾ ਹੈ ਕਿ ਜਿਹੜਾ ਸਮਾਂ ਇਕ ਵਾਰੀ ਗੁਜ਼ਰ ਜਾਂਦਾ ਹੈ ਉਹ ਕਦੀ ਮੁੜ ਕੇ ਨਹੀਂ ਆਉਦਾ ਤੇ ਇਸ ਆਏ ਹੋਏ ਸਮੇਂ ਤੇ ਮੌਕੇ ਨੂੰ ਚੰਗੀ ਤਰਾ੍ਹਂ ਗੁਜ਼ਾਰਨਾ ਚਾਹੀਦਾ ਹੈ ਕਿਉਂਕਿ ਜਿਸ ਤਰਾ੍ਹਂ ਦਰਿਆਵਾਂ ਦਾ ਪਾਣੀ ਇਕ ਵਾਰੀ ਵਗ ਜਾਂਦਾ ਹੈ ਅਤੇ ਮੁੜਕੇ ਫਿਰ ਕਦੀ ਉਨਾ੍ਹਂ ਰਾਹਾਂ ਵਿਚਦੀ ਨਹੀ ਵਗਦਾ। ਪਾਣੀ ਦਾ ਸਫਰ ਕਿਸੇ ਸਮੇਂ ਨਾਲ ਤੁਲਨਾਇਆ ਗਿਆ ਹੈ ਤੇ ਕੁੜੀਆਂ ਨੂੰ ਜੋ ਕਿਸੇ ਖਾਸ ਮੌਕੇ ਅਤੇ ਉਮਰ ਵਿਚੋਂ ਗੁਜ਼ਰ ਰਹੀਆਂ ਹਨ ਨੇ ਕਦੀ ਵੀ ਮੁੜ ਕੇ ਉਸੇ ਰੂਪ ਵਿਚ ਇੱਕਠੀਆ ਨਹੀਂ ਹੋਣਾ ਹੁੰਦਾ ਕਿਉਕਿ ਜਦੋਂ ਕਦੇ ਫਿਰ ਤ੍ਰਿਜਣ ਲੱਗਣਾ ਹੈ ਉਦੋਂ ਤੱਕ ਉਨਾ੍ਹਂ ਦੇ ਜੀਵਨ ਵਿਚ, ਉਮਰ ਵਿਚ ਅਤੇ ਹਾਲਤਾਂ ਵਿਚ ਕਈ ਤਰਾ੍ਹਂ ਦੀਆ ਤਬਦੀਲੀਆਂ ਵਾਪਰ ਚੁੱਕੀਆਂ ਹੋਣੀਆਂ ਹਨ ਤੇ ਮੁੜ ਕੇ ਤ੍ਰਿਜਣ ਦਾ ਉਹ ਸਟਰਕਚਰ ਨਹੀਂ ਬਣਨਾ ਤੇ ਨਾ ਹੀ ਸਮਾਂ ਤੇ ਸਥਾਨ ਉਹੀ ਰਹਿਣੇ ਹਨ। ਇਸ ਲਈ ਇਕ ਸੰਦੇਸ਼ ਹੈ ਕਿ ਵਾਪਰੀਆਂ ਘਟਨਾਵਾਂ, ਲੰਘੀਆਂ ਉਮਰਾਂ, ਬੀਤਿਆ ਮੋਕਾ ਕਦੇ ਹਥ ਨਹੀਂ ਆੳਦੇ। ਇੱਕ ਹੋਰ ਪੰਜਾਬੀ ਦੀ ਕਹਾਵਤ ਹੈ; ''ਬੀਤੇ ਸਮੇਂ ਨੂੰ ਘੋੜੇ ਨਹੀਂ ਮਿਲਦੇ" ਵੀ ਇਸੇ ਗਲ ਦੀ ਹੀ ਪ੍ਰੋੜਤਾ ਕਰਦੀ ਹੈ।
ਭਾਈ ਵੀਰ ਸਿੰਘ ਦੀ ਕਵਿਤਾ ਸਮੇਂ ਦੇ ਖਿਸਕ ਜਾਣ ਦੀ ਸੂਚਕ ਹੈ ਕਿ ਜਿੰਨਾਂ ਮਰਜ਼ੀ ਇਸ ਨੂੰ ਘੁੱਟ ਘੁੱਟ ਕੇ ਫੜ ਲਵੋ ਪਰ ਇਸ ਨੇ ਖਿਸਕ ਹੀ ਜਾਣਾ ਹੈ। ਇਹੀ ਗੱਲ ਸ਼ਿਵ ਬਟਾਲਵੀ ਦੀ ਕਵਿਤਾ ਵਿਚੋਂ ਵੀ ਮਿਲਦੀ ਹੈ ਕਿ ਆਉਣ ਵਾਲੇ ਕੱਲ੍ਹ ਨੂੰ ਬੀਤੇ ਹੋਏ ਕੱਲ੍ਹ ਅਤੇ ਬੀਤ ਰਹੇ ਅੱਜ ਵਰਗਾ ਕੁਝ ਵੀ ਨਹੀਂ ਰਹਿਣਾ। ਸਭ ਕੁਝ ਹੀ ਬਦਲ ਜਾਣਾ ਹੈ।
ਉਪਰੋਕਤ ਦੀ ਰੌਸ਼ਨੀ ਵਿਚ ਇਹ ਗੱਲ ਕਹੀ ਜਾ ਸਕਦੀ ਹੈ ਕਿ ਅੱਜ ਨੂੰ ਸਹੀ ਮਾਅਨਿਆ ਵਿਚ ਜੀਣਾ ਚਾਹੀਦਾ ਹੈ ਕੱਲ੍ਹ ਦੇ ਭਰੋਸੇ ਅੱਜ ਨੂੰ ਅਧੂਰਾ ਨਹੀਂ ਛੱਡਣਾ ਚਾਹੀਦਾ। ਪੱਛਮੀ ਦੇਸ਼ਾਂ ਦੇ ਤੋਰ ਤਰੀਕਿਆਂ ਵਿਚ ਇਹ ਗੱਲ ਸ਼ਾਮਲ ਹੈ, ਜਿਸ ਬਾਰੇ ਉਹ ਬੜੇ ਮਸ਼ਹੂਰ ਹਨ ਕਿ ਅਜ ਨੂੰ ਜਿਉਣਾ ਹੀ ਉਨਾ੍ਹਂ ਦਾ ਮਕਸਦ ਹੈ। ਇਸ ਲਈ ਇੱਕ ਖਾਸ ਤਰਾ੍ਹਂ ਦਾ ਸਭਿਆਚਾਰ ਇਥੋਂ ਦੀਆਂ ਕੌਮਾਂ ਵਿਚ ਉਸਰ ਗਿਆ ਹੈ। ਆਮ ਕਿਹਾ ਜਾਂਦਾ ਹੈ ਕਿ ਗੌਰੇ ਲੋਕ ਆਪਣੇ ਭਵਿਖ ਬਾਰੇ ਬਹੁਤੇ ਗੰਭੀਰ ਨਹੀਂ ਜਾਪਦੇ ਪਰ ੳਨਾ੍ਹਂ ਦੇ ਸਭਿਆਚਾਰ ਵਿਚ ਨਾ ਤਾਂ ਬੀਤੇ ਉਪਰ ਝੂਰਿਆ ਜਾਂਦਾ ਹੈ ਅਤੇ ਨਾ ਹੀ ਆਉਣ ਵਾਲੇ ਬਾਰੇ ਫਿਕਰਮੰਦੀ ਨੂੰ ਜ਼ਾਹਿਰ ਕੀਤਾ ਜਾਂਦਾ ਹੈ। ਜੇ ਕਿਸੇ ਧਾਰਮਿਕ ਪ੍ਰਸੰਗ ਨੂੰ ਛੂਹੀਏ ਤਾਂ ਵੀ ਇਹ ਗੱਲ ਹੀ ਸਾਹਮਣੇ ਆਉਦੀ ਹੈ ਭਾਣੇ ਵਿਚ ਰਹਿ ਕੇ ਹੀ ਵਧੀਆ ਜ਼ਿੰਦਗੀ ਜੀਵੀ ਜਾਈ ਜਾ ਸਕਦੀ ਹੈ। ਇਹ ਗੱਲ ਇਨ੍ਹਾ ਦੇਸ਼ਾਂ ਵਿਚ ਰਹਿ ਰਹੇ ਬਜ਼ੁਰਗਾਂ ਬਾਰੇ ਕਹੀ ਜਾ ਸਕਦੀ ਹੈ ਜੋ ਪਹਿਲਾਂ ਆਪਣੇ ਬੈਕ ਹੋਮ ਵਿਚ ਕਈ ਤਰਾ੍ਹਂ ਦੀਆਂ ਤੰਗੀਆਂ ਤਰੁਸ਼ੀਆਂ ਨੂੰ ਝੱਲਦੇ ਰਹੇ ਹਨ, ਆਪਣੇ ਭਵਿਖ ਦੀ ਫਿਕਰ ਕਰਦੇ ਕਰਦੇ ਵਰਤਮਾਨ ਨੂੰ ਵੀ ਖਰਾਬ ਕਰਦੇ ਰਹੇ ਹਨ ਤੇ ਅੱਜ ਇਸ ਦੇਸ਼ ਵਿਚ ਉਹ ਜ਼ਿੰਦਗੀ ਦੀ ਭਰਪੂਰਤਾ ਨੂੰ ਮਾਣ ਰਹੇ ਹਨ। ਜਿਸ ਦਾ ਕਾਰਣ ਉਨਾ੍ਹਂ ਦੀ ਆਰਥਿਕਤਾ ਦਾ ਮਜ਼ਬੂਤ ਹੋਣਾ ਕਿਹਾ ਜਾ ਸਕਦਾ ਹੈ। ਉਨਾ੍ਹਂ ਦੇ ਉਹ ਹੌਕੇ ਅਤੇ ਹਾਵੇ ਇਸ ਦੇਸ਼ ਨੇ ਖਤਮ ਕਰ ਦਿੱਤੇ ਹਨ। ਤਾਹੀ ਤਾਂ ਇਥੇ ਕਈ ਤਰਾ੍ਹਂ ਦੀਆਂ ਸੀਨੀਅਜ਼ ਦੀਆਂ ਕਲੱਬਾਂ ਬਣੀਆਂ ਹੋਈਆਂ ਹਨ ਤੇ ਸਰਕਾਰ ਉਨਾ੍ਹਂ ਦੀ ਮਦਦ ਕਰ ਰਹੀ ਹੈ। ਇਸੇ ਲਈ ਕਈ ਬਜ਼ੁਰਗਾਂ ਨੂੰ ਆਪਣੀਆਂ ਜ਼ਮੀਨਾ ਤੇ ਪਿੰਡ ਛੱਡਿਆਂ ਕਈ ਕਈ ਸਾਲ ਬੀਤ ਗਏ ਹਨ ਪਰ ਉਹ ਵਾਪਸ ਜਾਣ ਲਈ ਤਿਆਰ ਨਹੀਂ ਹਨ ਕਿਉਕਿ ਹੁਣ ਜਾਣ ਗਏ ਹਨ ਕਿ ਅੱਜ ਹੀ ਉਨਾ੍ਹਂ ਦਾ ਆਪਣਾ ਹੈ ਕੱਲ੍ਹ ਦਾ ਵਸਾਹ ਕੋਈ ਨਹੀਂ।
ਕੁਲ ਮਿਲਾ ਕੇ ਇਸ ਗੱਲ ਲਈ ਸਹਿਮਤੀ ਬਣਨੀ ਚਾਹੀਦੀ ਹੈ ਕਿ ਸ਼ੁਰੂ ਵਿਚਲੀਆਂ ਕਵਿਤਾਵਾਂ ਦੀਆਂ ਲਾਈਨਾਂ ਦੀ ਮਹੱਤਾ ਹੈ ਜਿਸ ਬਾਰੇ ਭਾਈ ਵੀਰ ਸਿੰਘ ਨੇ ਮੰਨਿਆ ਹੈ ਕਿ ਸਮੇਂ ਦੀ ਕੰਨੀ ਨੂੰ ਖਿਚ ਕੇ ਜਿਨਾ ਮਰਜ਼ੀ ਫੜ ਲਿਆ ਜਾਵੇ ਇਸ ਦੇ ਖਿਸਕਣ ਲੱਗਿਆ ਪਤਾ ਤੱਕ ਨਹੀਂ ਲਗਦਾ ਤੇ ਜਦੋਂ ਇਹ ਖਿਸਕ ਜਾਂਦਾ ਹੈ ਤਾਂ ਪਿੱਛੇ ਸਿਰਫ ਪਛਤਾਵੇ ਤੋਂ ਕੁਝ ਨਹੀਂ ਰਹਿੰਦਾ।
ਰੈਨੋਵੇਸ਼ਨ ਟੈਕਸ ਕਰੈਡਿੱਟ ਬਹੁਤ ਘੱਟ ਟਾਈਮ ਹੈ
ਜਗਜੀਤ ਗਰੇਵਾਲ
(905) 712 1255
|