|
There are no translations available
ਸ਼ੰਗਾਰਾ ਸਿੰਘ ਭੁੱਲਰ
ਹੁਣੇ ਜਿਹੇ ਕੇਂਦਰ ਸਰਕਾਰ ਨਵੀਂ ਦਿੱਲੀ ਵਿਖੇ ਪਰਵਾਸੀ ਵੀਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦੋ ਰੋਜ਼ਾ ਸੰਮੇਲਨ ਕਰ ਕੇ ਹਟੀ ਹੈ। ਇਸ ਵਿਚ ਵੱਖ ਵੱਖ ਦੇਸ਼ਾਂ ਤੋਂ ਆਏ ਸੈਂਕੜੇ ਪਰਵਾਸੀਆਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਲੈ ਕੇ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਤੱਕ ਨੇ ਇਸ ਨੂੰ ਸੰਬੋਧਨ ਕੀਤਾ। ਕਈ ਵਜ਼ੀਰਾਂ ਨੇ ਵੀ ਇਸ ਵਿਚ ਹਿੱਸਾ ਲਿਆ। ਇਸ ਸੰਮੇਲਨ ਵਿਚ ਜੋ ਕੁਝ ਹੋਇਆ, ਉਸ ਦਾ ਸੰਖੇਪ ਜਿਹਾ ਵੇਰਵਾ ਤਾਂ ਲੋਕਾਂ ਨੂੰ ਮਿਲ ਹੀ ਚੁੱਕਾ ਹੈ, ਪਰ ਅਸਲ ਗੱਲ ਇਹ ਹੈ ਕਿ ਇਹ ਦੋ ਰੋਜ਼ਾ ਸੰਮੇਲਨ ਮਹਿਜ਼ ਮੇਲਾ ਹੋ ਨਿਬੜਿਆ, ਜਿਸ ਵਿਚ ਪਰਵਾਸੀ ਵੀਰਾਂ ਦੀਆਂ ਮੁਸ਼ਕਲਾਂ ਬਾਰੇ ਤਾਂ ਵਿਚਾਰ ਵਟਾਂਦਰਾ ਘਟ ਹੀ ਹੋਇਆ। ਹਾਂ, ਇਕ ਦੂਜੇ ਮਾਣ ਸਨਮਾਨ ਦੇਣ ਦੀ ਦੌੜ ਜ਼ਰੂਰ ਲੱਗੀ ਰਹੀ। ਕੇਂਦਰ ਵਲੋਂ ਇਸ ਤਰਖ਼ਾਂ ਦਾ ਸੰਮੇਲਨ ਕੋਈ ਪਹਿਲੀ ਵਾਰ ਨਹੀਂ ਕਰਵਾਇਆ ਗਿਆ। ਹਰ ਸਾਲ ਅਜਿਹਾ ਸੰਮੇਲਨ ਹੁੰਦਾ ਹੈ, ਜਿਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਘੱਟ ਅਤੇ ਅਪ੍ਰਾਪਤੀਆਂ ਦਾ ਵਧੇਰੇ ਹੁੰਦਾ ਹੈ। ਐਤਕੀਂ ਵਾਲੇ ਸੰਮੇਲਨ ਬਾਰੇ ਵੀ ਕਾਫੀ ਵਾਦ ਵਿਵਾਦ ਛਿੜਿਆ। ਪ੍ਰਧਾਨ ਮੰਤਰੀ ਨੇ ਪਰਵਾਸੀ ਵੀਰਾਂ ਨੂੰ ਬਾਹਰਲੇ ਮੁਲਕਾਂ ਵਿਚ ਰਹਿੰਦੇ ਆਪਣੇ ਲੋਕ ਦੱਸਿਆ, ਜਿਹੜੇ ਉਥੋਂ ਦੇ ਸਮਾਜਿਕ, ਆਰਥਿਕ ਅਤੇ ਰਾਜਸੀ ਜੀਵਨ ਵਿਚ ਬੜਾ ਮਹੱਤਵਪੂਰਨ ਹਿੱਸਾ ਪਾ ਰਹੇ ਹਨ ਅਤੇ ਆਸ ਕੀਤੀ ਕਿ ਉਹ ਇੱਥੇ ਵੀ ਪੂੰਜੀ ਨਿਵੇਸ਼ ਰਾਹੀਂ ਆਪਣਾ ਯੋਗਦਾਨ ਪਾਉਣ। ਅੱਜ ਦੇਸ਼ ਨੂੰ ਜਾਂ ਜਿਥੋਂ ਦੇ ਉਹ ਮੂਲ ਵਾਸੀ ਹਨ, ਉਸ ਸੂਬੇ ਨੂੰ ਉਹਨਾਂ ਦੇ ਅਜਿਹੇ ਸਹਿਯੋਗ ਦੀ ਬੜੀ ਸਖਤ ਲੋੜ ਹੈ। ਪਰਵਾਸੀ ਵੀਰਾਂ ਨੂੰ ਭਰਮਾਉਂਦਿਆਂ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ
ਅਗਲੀਆਂ ਲੋਕ ਸਭਾ ਚੋਣਾਂ ਤੱਕ ਦੋਹਰੀ ਨਾਗਰਿਕਤਾ ਦੇ ਦਿੱਤੀ ਜਾਵੇਗੀ। ਇਸ ਫੈਸਲੇ ਨੂੰ ਅਮਲ ਵਿਚ ਲਿਆਉਣ ਲਈ ਭਾਵੇਂ ਅਜੇ ਕੁਝ ਸਾਲ ਪਏ ਹੋਏ ਹਨ, ਫਿਰ ਵੀ ਸਮਿਉਂ ਪਹਿਲਾਂ ਇਸ 'ਤੇ ਕਿਸੇ ਤਰਖ਼ਾਂ ਦੀ ਟਿੱਪਣੀ ਕਰਨੀ ਵਾਜਬ ਨਹੀਂ ਹੋਵੇਗੀ, ਕਿਉਂਕਿ ਸਰਕਾਰ ਜੋ ਕਹਿੰਦੀ ਹੈ, ਜ਼ਰੂਰੀ ਨਹੀਂ, ਉਸ 'ਤੇ ਅਮਲ ਵੀ ਕਰੇ।
ਇਕ ਮੋਟੇ ਜਿਹੇ ਅਨੁਮਾਨ ਅਨੁਸਾਰ ਇਸ ਵੇਲੇ ਬਾਹਰਲੇ ਮੁਲਕਾਂ ਵਿਚ ਲਗਭਗ ਸਾਢੇ ਤਿੰਨ ਕਰੋੜ ਭਾਰਤੀ ਪਰਵਾਸੀ ਰਹਿੰਦੇ ਹਨ, ਜਿਨਖ਼ਾਂ ਵਿਚੋਂ 60 70 ਲੱਖ ਇਕੱਲੇ ਪੰਜਾਬ ਤੋਂ ਹਨ। ਪੰਜਾਬ ਤੋਂ ਵੀ ਬਹੁਤੇ ਦੁਆਬੇ ਦੀ ਭੂਮੀ ਵਿਚੋਂ ਗਏ ਹੋਏ ਹਨ, ਹਾਲਾਂਕਿ ਮਾਲਵੇ ਅਤੇ ਮਾਝੇ ਤੋਂ ਵੀ ਕਾਫੀ ਗਿਣਤੀ ਵਿਚ ਪੰਜਾਬੀ ਬਾਹਰ ਰਹਿੰਦੇ ਹਨ ਅਤੇ ਕਾਫੀ ਦੇਰ ਤੋਂ ਰਹਿੰਦੇ ਹਨ। ਕਈਆਂ ਦੀ ਤਾਂ ਉੱਧਰ ਤੀਜੀ ਪੀੜਖ਼ੀ ਸ਼ੁਰੂ ਹੋ ਚੁੱਕੀ ਹੈ। ਉਂਜ ਤਾਂ ਪਰਵਾਸੀ ਪੰਜਾਬੀ ਦੁਨੀਆ ਦੇ ਹਰ ਹਿੱਸੇ ਵਿਚ ਮਿਲ ਜਾਣਗੇ, ਪਰ ਬਰਤਾਨੀਆ, ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਇਸ ਵੇਲੇ ਇਨਖ਼ਾਂ ਦੀ ਗਿਣਤੀ ਵਧੇਰੇ ਹੈ। ਜਦੋਂ ਇਨਖ਼ਾਂ ਦੇ ਬਾਹਰ ਦਾ ਰੁਖ ਕੀਤਾ ਸੀ ਤਾਂ ਉਦੋਂ ਇਨਖ਼ਾਂ ਨੂੰ ਉੱਧਰ ਜਾ ਕੇ ਕਾਫੀ ਸਖਤ ਕੰਮ ਕਰਨਾ ਪਿਆ ਸੀ, ਜਿਵੇਂ ਆਰਾ ਮਿੱਲਾਂ ਵਿਚ ਕੰਮ ਕਰਨਾ, ਲੋਹਾ ਭੱਠੀਆਂ 'ਤੇ ਡਿਊਟੀ ਦੇਣਾ, ਬੇਕਰੀਆਂ ਅਤੇ ਰੈਸਟੋਰੈਂਟਾਂ ਵਰਗੀਆਂ ਥਾਵਾਂ 'ਤੇ ਮਜ਼ਦੂਰੀ ਕਰਨੀ, ਪਰ ਹੌਲੀ ਹੌਲੀ ਇਨਖ਼ਾਂ ਨੇ ਟਰਾਂਸਪੋਰਟ, ਹੋਟਲਾਂ, ਰੈਸਟੋਰੈਂਟਾਂ ਤੇ ਡੀਪਾਰਟਮੈਂਟਲ ਸਟੋਰਾਂ 'ਤੇ ਸਰਦਾਰੀ ਜਮਖ਼ਾ ਲਈ, ਜਿਹੜੇ ਗੋਰਿਆਂ ਕੋਲ ਇਕ ਵੇਲੇ ਪੰਜਾਬੀ ਮੁਲਾਜ਼ਮ ਸਨ, ਉਹ ਉਹੀਓ ਇਨਖ਼ਾਂ ਪੰਜਾਬੀਆਂ ਦੇ ਅਦਾਰਿਆਂ ਵਿਚ ਮੁਲਾਜ਼ਮਾਂ ਦੇ ਤੌਰ 'ਤੇ ਕੰਮ ਕਰਨ ਲੱਗੇ। ਇਹਦਾ ਮਤਲਬ ਸਾਫ ਸੀ ਕਿ ਪਰਵਾਸੀ ਪੰਜਾਬੀਆਂ ਨੇ ਸਖਤ ਮਿਹਨਤ ਅਤੇ ਦ੍ਰਿੜਖ਼ ਇਰਾਦੇ ਦੇ ਸਹਾਰੇ ਨਾ ਕੇਵਲ ਆਪਣੇ ਕਾਰੋਬਾਰ ਹੀ ਸਥਾਪਤ ਕੀਤੇ, ਸਗੋਂ ਉਥੋਂ ਦੇ ਸਿਆਸੀ ਜੀਵਨ ਵਿਚ ਵੀ ਉਭਰਵੀਂ ਥਾਂ ਬਣਾਉਣ ਲੱਗੇ। ਅੱਜ ਬਰਤਾਨੀਆ ਅਤੇ ਕੈਨੇਡਾ ਵਿਚ ਤਾਂ ਪੰਜਾਬੀ ਮੂਲ ਦੇ ਕਈ ਵਿਧਾਇਕ ਅਤੇ ਐਮ ਪੀ ਵੀ ਹਨ। ਮੰਤਰੀ ਵੀ ਰਹਿ ਚੁੱਕੇ ਹਨ; ਕੌਂਸਲਰ ਵੀ ਅਤੇ ਮੇਅਰ ਵੀ। ਕਹਿ ਲਓ ਕਿ ਪੰਜਾਬੀ ਪਰਵਾਸੀਆਂ ਨੇ ਉਥੋਂ ਦੇ ਜਨ ਜੀਵਨ ਵਿਚ ਆਪਣਾ ਕਾਫੀ ਦਬਦਬਾ ਬਣਾ ਲਿਆ ਹੋਇਆ ਹੈ।
ਪਰਵਾਸੀ ਪੰਜਾਬੀ ਜੇ ਖੁੱਲਖ਼ਾ ਖਰਚ ਕਰਨ ਵਾਲੇ ਹਨ ਤਾਂ ਸਰਫ਼ਾ ਕਰਨ ਵਾਲੇ ਵੀ ਹਨ। ਯਾਨੀ ਕਿ ਬੱਚਤ ਵੀ ਕਰਦੇ ਹਨ। ਇਸੇ ਬੱਚਤ ਨੂੰ ਉਹ ਕਈ ਵਾਰੀ ਆਪਣੀ ਮਾਤ ਭੂਮੀ 'ਤੇ ਲਾ ਕੇ ਉਸ ਦਾ ਰਿਣ ਉਤਾਰਨਾ ਚਾਹੁੰਦੇ ਹਨ, ਪਰ ਬਹੁਤੀ ਵਾਰ ਹੁੰਦਾ ਕੀ ਹੈ ਕਿ ਜਿਸ ਤਰਖ਼ਾਂ ਦੇ ਹਾਲਾਤ ਵਿਚ ਉਹਨਾਂ ਨੇ ਇਹ ਪੈਸੇ ਕਮਾਏ ਹੁੰਦੇ ਹਨ ਅਤੇ ਜਿਸ ਤਰਖ਼ਾਂ ਦਾ ਸਾਫ ਸੁਥਰਾ ਅਤੇ ਪਾਰਦਰਸ਼ੀ ਢਾਂਚਾ ਉੱਥੇ ਹੁੰਦਾ, ਇੱਧਰ ਆ ਕੇ ਪੂੰਜੀ ਨਿਵੇਸ਼ ਕਰਨ ਵਾਲੇ ਉਸ ਤਰਖ਼ਾਂ ਦਾ ਸਾਫ ਸੁਥਰਾ ਮਾਹੌਲ ਨਹੀਂ ਮਿਲਦਾ। ਇੱਧਰ ਜਿਉਂ ਹੀ ਕਿਸੇ ਸਰਕਾਰੀ ਮੁਲਾਜ਼ਮ ਨੂੰ ਭਿਣਕ ਪੈਂਦੀ ਹੈ ਕਿ ਪਰਵਾਸੀ ਭਰਾ ਕਿਸੇ ਕਾਰੋਬਾਰੀ ਪ੍ਰਾਜੈਕਟ ਜਾਂ ਅਦਾਰੇ ਦੀ ਸਥਾਪਨਾ ਕਰਨਾ ਚਾਹੁੰਦਾ ਹੈ ਤਾਂ ਉਹ ਆਪਣਾ ਨਿਸ਼ਾਨਾ ਉੱਧਰ ਸੇਧ ਲੈਂਦੇ ਹਨ। ਨਿਸ਼ਾਨਾ ਸਿੱਧਾ ਰਿਸ਼ਵਤਖੋਰੀ ਦਾ ਹੈ। ਅਰਜ਼ੀ ਫਾਰਮ ਤੋਂ ਲੈ ਕੇ ਛੋਟੇ ਛੋਟੇ ਹੋਰ ਕੰਮਾਂ ਲਈ ਜਦੋਂ ਪਰਵਾਸੀ ਵੀਰ ਨੂੰ ਦਫਤਰਾਂ ਦੀਆਂ ਪੌੜੀਆਂ ਚੜਖ਼ਨੀਆਂ ਉਤਰਨੀਆਂ ਪੈਂਦੀਆਂ ਹਨ ਤਾਂ ਉਸ ਦੀ ਛੇਤੀ ਹੀ ਬੱਸ ਹੋ ਜਾਂਦੀ ਹੈ। ਸਿੰਗਲ ਵਿੰਡੋ ਹੋਣ ਦੇ ਬਾਵਜੂਦ ਕੋਈ ਉਸ ਨੂੰ ਸਿੱਧੇ ਰਾਹ ਨਹੀਂ ਪਾਉਂਦਾ, ਬਲਕਿ ਜਿਸ ਨਾਲ ਵੀ ਉਸ ਦਾ ਵਾਹ ਪੈਂਦਾ ਹੈ, ਉਸ ਦੀ ਵੱਧ ਤੋਂ ਵੱਧ ਕੋਸ਼ਿਸ਼ ਉਸ ਦੀ ਜੇਬ ਹਲਕੀ ਕਰਨ ਦੀ ਹੁੰਦੀ ਹੈ। ਤੁਸੀਂ ਹੀ ਦੱਸੋ ਭਲਾ ਇਸ ਤਰਖ਼ਾਂ ਦੀ ਹਾਲਤ ਵਿਚ ਕਿਹੜਾ ਪਰਵਾਸੀ ਪੰਜਾਬੀ ਇੱਥੇ ਪੂੰਜੀ ਨਿਵੇਸ਼ ਨੂੰ ਤਰਜੀਹ ਦੇਵੇਗਾ?
ਜਿਸ ਤਰਖ਼ਾਂ ਦਾ ਪਰਵਾਸੀ ਵੀਰਾਂ ਦਾ ਦੋ ਰੋਜ਼ਾ ਸੰਮੇਲਨ ਭਾਰਤ ਸਰਕਾਰ ਨੇ ਹੁਣੇ ਜਿਹੇ ਦਿੱਲੀ ਵਿਚ ਕੀਤਾ ਹੈ, ਇਸ ਤਰਖ਼ਾਂ ਦਾ ਪੰਜਾਬ ਸਰਕਾਰ ਨੇ ਵੀ ਲਗਭਗ ਦੋ ਵਰਖ਼ੇ ਪਹਿਲਾਂ ਪੰਜਾਬ ਵਿਚ ਚੰਡੀਗੜਖ਼ ਵਿਚ ਕੀਤਾ ਸੀ। ਇਹ ਸੰਮੇਲਨ ਵੀ ਦੋ ਦਿਨਾਂ ਦਾ ਸੀ। ਇਕ ਦਿਨ ਚੰਡੀਗੜਖ਼ ਵਿਚ ਸੀ ਅਤੇ ਇਕ ਦਿਨ ਜਲੰਧਰ ਵਿਚ। ਦੋਹਾਂ ਥਾਵਾਂ 'ਤੇ ਹਾਜ਼ਰ ਹੋਏ ਪਰਵਾਸੀ ਪੰਜਾਬੀਆਂ ਨਾਲ ਸੌ ਸੌ ਵਾਅਦੇ ਕੀਤੇ ਗਏ। ਉਹਨਾਂ ਦਾ ਮਾਣ ਸਨਮਾਨ ਕੀਤਾ ਗਿਆ। ਉਹਨਾਂ ਦੀਆਂ ਸਮੱਸਿਆਵਾਂ ਨਾ ਸੁਣੀਆਂ ਗਈਆਂ ਅਤੇ ਨਾ ਹੀ ਵਿਚਾਰੀਆਂ ਗਈਆਂ। ਬੜੇ ਪਰਵਾਸੀ ਵੀਰ ਥੱਬਿਆਂ ਦੇ ਥੱਬੇ ਸ਼ਿਕਾਇਤਾਂ ਹੱਥ ਵਿਚ ਲਈ ਇਹ ਉਡੀਕਦੇ ਰਹੇ ਕਿ ਉਹਨਾਂ ਦੀ ਵੀ ਸੁਣਵਾਈ ਹੋਵੇਗੀ, ਪਰ ਨਹੀਂ ਹੋਈ। ਇਹ ਸਮਾਗਮ ਵੀ ਮੇਲਾ ਹੋ ਨਿਬੜਿਆ। ਇਸ ਵਿਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਈ ਮੰਤਰੀ ਤੇ ਅਫਸਰ ਸ਼ਾਮਲ ਹੋਏ। ਇਸੇ ਤਰਖ਼ਾਂ ਸੈਂਕੜੇ ਪਰਵਾਸੀ ਵੀਰਾਂ ਵਲੋਂ ਇਕ ਦੂਜੇ ਦੇ ਗਲਾਂ ਵਿਚ ਫੁੱਲਾਂ ਦੇ ਹਾਰ ਪਾਏ ਗਏ। ਫੋਟੋਆਂ ਲੱਥੀਆਂ ਅਤੇ ਬੱਸ। ਉਸ ਵੇਲੇ ਹੀ ਪੰਜਾਬ ਸਰਕਾਰ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਪਰਵਾਸੀ ਪੰਜਾਬੀਆਂ ਦੀ ਪੀੜ ਰਹੇਗੀ ਅਤੇ ਇਸ ਲਈ ਕਈ ਇਕ ਅਹਿਮ ਕਦਮ ਚੁੱਕੇ ਗਏ ਅਤੇ ਚੁੱਕੇ ਜਾ ਰਹੇ ਹਨ। ਇਹਨਾਂ ਵਿਚ ਦੋਆਬੇ ਦੇ ਖੇਤਰ ਵਿਚ ਛੇ ਪਰਵਾਸੀ ਥਾਣਿਆਂ ਦੀ ਸਥਾਪਨਾ ਸ਼ਾਮਲ ਹੈ। ਇਹ ਵੀ ਕਿਹਾ ਗਿਆ ਕਿ ਪਰਵਾਸੀ ਵੀਰਾਂ ਦਾ ਇਕ ਸੰਮੇਲਨ ਹਰ ਸਾਲ ਕੀਤਾ ਜਾਵੇਗਾ। ਇਹ ਸੰਮੇਲਨ ਨਾ ਪਿਛਲੇ ਵਰਖ਼ੇ ਹੋਇਆ ਅਤੇ ਨਾ ਹੀ ਐਤਕੀਂ, ਪਤਾ ਨਹੀਂ ਕਿਉਂ? ਇਹ ਤਾਂ ਪੰਜਾਬ ਸਰਕਾਰ ਹੀ ਬਿਹਤਰ ਜਾਣਦੀ ਹੋਵੇਗੀ ਜਾਂ ਪਰਵਾਸੀ ਵੀਰਾਂ ਦੀਆਂ ਸਮੱਸਿਆਵਾਂ ਨਾਲ ਦੋ ਚਾਰ ਹੋਣ ਲਈ ਸਰਕਾਰ ਵਿਚ ਹੀ ਬਣਾਏ ਗਏ ਪਰਵਾਸੀ ਸੈੱਲ ਨੂੰ ਕੁਝ ਪਤਾ ਹੋਵੇਗਾ, ਜਾਂ ਫਿਰ ਜਲੰਧਰ ਸਥਿਤ ਪਰਵਾਸੀ ਪੰਜਾਬੀਆਂ ਦੀ ਸਭਾ ਨੂੰ। ਜੇ ਪਰਵਾਸੀ ਵੀਰਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਦੂਰ ਕਰਨ ਲਈ ਸਰਕਾਰ ਨੂੰ ਦੋ ਸਾਲ ਸਮਾਂ ਹੀ ਨਹੀਂ ਮਿਲਿਆ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਪਰਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਗੰਭੀਰ ਨਹੀਂ।
ਸ. ਸੁਖਬੀਰ ਸਿੰਘ ਬਾਦਲ ਜਦੋਂ ਦੂਜੀ ਵਾਰ ਪੰਜਾਬ ਦੇ ਉੱਪ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ ਪਰਵਾਸੀ ਵੀਰਾਂ ਦੀਆਂ ਮੁਸ਼ਕਲਾਂ ਵਾਲਾ ਮਹਿਕਮਾ ਮੰਗ ਕੇ ਲਿਆ ਸੀ। ਉਹਨਾਂ ਨੂੰ ਸ਼ਾਇਦ ਲੱਗਾ ਸੀ ਕਿ ਉਹ ਇਸ ਵਿਚ ਇਕ ਨਵਾਂ ਇਨਕਲਾਬ ਲਿਆ ਦੇਣਗੇ, ਪਰ ਹਕੀਕਤ ਇਹ ਹੈ ਕਿ ਸਿਵਾਏ ਕੁਝ ਇਕ ਬਿਆਨਾਂ ਐਲਾਨਾਂ ਦੇ ਉਨਖ਼ਾਂ ਨੇ ਪਰਵਾਸੀਆਂ ਲਈ ਕੁਝ ਵੀ ਨਹੀਂ ਕੀਤਾ। ਸ਼ਾਇਦ ਉਨਖ਼ਾਂ ਕੋਲ ਕੰਮ ਹੀ ਬਹੁਤ ਹੈ ਜਾਂ ਫਿਰ ਇਸ ਮਹਿਕਮੇ ਪ੍ਰਤੀ ਕੋਈ ਦਿਲਚਸਪੀ ਨਹੀਂ ਰਹੀ। ਇਸ ਲਈ ਹੁਣ ਉਹਨਾਂ ਕੋਲੋਂ ਇਹ ਮਹਿਕਮਾ ਲੈ ਕੇ ਨਵੇਂ ਬਣੇ ਮੰਤਰੀ ਸ. ਸੇਵਾ ਸਿੰਘ ਸੇਖਵਾਂ ਨੂੰ ਦੇ ਦਿੱਤਾ ਗਿਆ ਹੈ। ਸ. ਸੇਖਵਾਂ ਕਾਫੀ ਸੁਲਝੇ ਹੋਏ ਅਤੇ ਸੁਚੇਤ ਸਿਆਸਤਦਾਨ ਹਨ ਅਤੇ ਬਾਹਰਲੇ ਮੁਲਕਾਂ ਦੇ ਕਈ ਗੇੜੇ ਲਾਉਣ ਸਮੇਂ ਉਹਨਾਂ ਨੂੰ ਪਰਵਾਸੀ ਵੀਰਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਚੰਗਾ ਗਿਆਨ ਵੀ ਹੈ। ਇਸ ਲਈ ਇਹ ਆਸ ਤਾਂ ਬੱਝੀ ਹੈ ਕਿ ਉਹ ਹੁਣ ਇਨਖ਼ਾਂ ਵੀਰਾਂ ਦੀਆਂ ਸਮੱਸਿਆਵਾਂ ਵੱਲ ਉਚੇਚਾ ਧਿਆਨ ਦੇਣਗੇ। ਇਕ ਮੁਲਾਕਾਤ ਵਿਚ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਨੇ ਇਸ ਦਿਸ਼ਾ ਵਿਚ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ੁਰੂਆਤ ਉਹ ਇਥੋਂ ਕਰ ਰਹੇ ਹਨ ਕਿ ਇਹ ਅੰਕੜੇ ਤਿਆਰ ਕੀਤੇ ਜਾ ਰਹੇ ਹਨ ਕਿ ਬਾਹਰਲੇ ਮੁਲਕਾਂ ਵਿਚ ਕਿਹੜੀ ਕਿਹੜੀ ਥਾਂ ਪੰਜਾਬੀ ਭਰਾ ਰਹਿ ਰਹੇ ਹਨ ਅਤੇ ਕਿੰਨੀ ਗਿਣਤੀ ਵਿਚ ਰਹਿ ਰਹੇ ਹਨ। ਉਹਨਾਂ ਦਾ ਪੰਜਾਬ ਦੇ ਕਿਸ ਜ਼ਿਲਖ਼ੇ ਅਤੇ ਜ਼ਿਲਖ਼ੇ ਵਿਚ ਪੈਂਦੇ ਪਿੰਡਾਂ ਨਾਲ ਸਬੰਧ ਹੈ। ਉਹਨਾਂ ਦੇ ਉਧਰ ਰਹਿੰਦੇ ਪਰਿਵਾਰਾਂ ਵਿਚ ਕੌਣ ਕੌਣ ਹੈ ਅਤੇ ਇੱਧਰ ਪਿੱਛੇ ਕੌਣ ਹੈ। ਉਹਨਾਂ ਦੀ ਜ਼ਮੀਨ ਜਾਇਦਾਦ ਦਾ ਵੇਰਵਾ ਵੀ ਇਸ ਜਾਣਕਾਰੀ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਤਾਂ ਕਿ ਇਹ ਪਤਾ ਲੱਗ ਸਕੇ ਕਿ ਉਹ ਜ਼ਮੀਨ ਜਾਇਦਾਦ ਦੇ ਕਿੰਨਵੇਂ ਹਿੱਸੇ ਦੇ ਮਾਲਕ ਹਨ। ਇਹ ਜ਼ਮੀਨ ਜਾਇਦਾਦ ਹੋਰ ਭਰਾਵਾਂ ਭੈਣਾਂ ਨਾਲ ਸਾਂਝੀ ਹੈ ਜਾਂ ਇਕੱਲਿਆਂ ਦੀ ਹੈ ਅਤੇ ਇਹ ਕਿੱਥੇ ਕਿੱਥੇ ਹੈ। ਮਿਸਾਲ ਵਜੋਂ ਜੇ ਕੋਈ ਕੋਠੀ ਜਾਂ ਘਰ ਜਾਂ ਪਲਾਟ ਹੈ ਤਾਂ ਉਹ ਕਿੱਥੇ ਹੈ ਅਤੇ ਉਸ ਦੀ ਰਜਿਸਟਰੀ ਕਿਸ ਦੇ ਨਾਂ ਹੈ। ਇਸੇ ਤਰਖ਼ਾਂ ਥਾਣਿਆਂ ਅਤੇ ਵਿਸ਼ੇਸ਼ ਕਰਕੇ ਪਰਵਾਸੀਆਂ ਲਈ ਬਣੇ ਥਾਣਿਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਦੋਂ ਵੀ ਕੋਈ ਪਰਵਾਸੀ ਕੋਈ ਸ਼ਿਕਾਇਤ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਐਫ ਆਈ ਆਰ ਦੇ ਰੂਪ ਵਿਚ ਦਰਜ ਕੀਤਾ ਅਤੇ ਤਫਤੀਸ਼ ਦਾ ਵੀ ਸਮਾਂ ਨਿਸ਼ਚਿਤ ਕੀਤਾ ਜਾਵੇ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪਰਵਾਸੀ ਵੀਰਾਂ ਨੂੰ ਜ਼ਮੀਨਾਂ ਜਾਇਦਾਦਾਂ ਦੇ ਸਬੰਧ ਵਿਚ ਬੜੀ ਖੱਜਲ ਖੁਆਰੀ ਝੱਲਣੀ ਪੈਂਦੀ ਹੈ। ਪਰਵਾਸੀ ਥਾਣਿਆਂ ਦੇ ਅਹਿਲਕਾਰਾਂ ਨੂੰ ਵੀ ਪਤਾ ਹੁੰਦਾ ਹੈ ਕਿ ਬਾਹਰੋਂ ਆਇਆ ਵਿਅਕਤੀ ਬਹੁਤਾ ਚਿਰ ਇੱਥੇ ਠਹਿਰ ਨਹੀਂ ਸਕਦਾ। ਇਸ ਲਈ ਉਸ ਪਰਵਾਸੀ ਵੀਰ ਦੇ ਕਿਸੇ ਭਰਾ ਜਾਂ ਹੋਰ ਰਿਸ਼ਤੇਦਾਰ ਨਾਲ ਮਿਲ ਕੇ ਇਸ ਤਰਖ਼ਾਂ ਦਾ ਚਾਰਾ ਕੀਤਾ ਜਾਂਦਾ ਹੈ ਕਿ ਉਸ ਦਾ ਛੁੱਟੀ ਦਾ ਸਾਰਾ ਸਮਾਂ ਲਾਰੇ ਲੱਪਿਆਂ ਵਿਚ ਹੀ ਲੰਘਾ ਦਿੱਤਾ ਜਾਵੇ ਤਾਂ ਕਿ ਗੱਲ ਕਿਸੇ ਕੰਢੇ ਨਾ ਲੱਗੇ। ਜਦੋਂ ਪਰਵਾਸੀ ਪੰਜਾਬੀ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ ਤਾਂ ਉਹ ਛਿੱਥਾ ਪੈ ਕੇ ਵਾਪਸ ਚਲਾ ਜਾਂਦਾ ਹੈ ਅਤੇ ਮਸਲਾ ਜਿਉਂ ਦਾ ਜਿਉਂ ਖੜਖ਼ਾ ਰਹਿੰਦਾ ਹੈ। ਇਕ ਤਾਂ ਥਾਣਿਆਂ ਕੋਲੋਂ ਸਖਤੀ ਨਾਲ ਕੰਮ ਲੈਣਾ ਪਵੇਗਾ ਅਤੇ ਦੂਜਾ ਹਰ ਜ਼ਿਲਖ਼ੇ ਵਿਚ ਪਰਵਾਸੀਆਂ ਦੇ ਇਹੋ ਜਿਹੇ ਮਸਲਿਆਂ/ਮੁਕੱਮਿਆਂ ਨੂੰ ਫਾਸਟ ਟਰੈਕ ਕੋਰਟਾਂ ਰਾਹੀਂ ਛੇਤੀ ਤੋਂ ਛੇਤੀ ਹੱਲ ਕਰਵਾਇਆ ਜਾਵੇ। 'ਸੌ ਹੱਥ ਰੱਸਾ ਤੇ ਸਿਰੇ 'ਤੇ ਗੰਢ' ਮੁਤਾਬਕ ਜਿੰਨਾ ਚਿਰ ਤੱਕ ਪਰਵਾਸੀ ਵੀਰ ਇਧਰੋਂ ਆਪਣੀਆਂ ਮੁਸ਼ਕਲਾਂ ਤੋਂ ਚਿੰਤਾ ਮੁਕਤ ਨਹੀਂ ਹੁੰਦੇ, ਉਨਾ ਚਿਰ ਤੀਕ ਉਹ ਇਥੇ ਪੂੰਜੀ ਨਿਵੇਸ਼ ਕਰਨਾ ਪਸੰਦ ਨਹੀਂ ਕਰਨਗੇ, ਹਾਲਾਂਕਿ ਨਾ ਕੇਵਲ ਸ. ਬਾਦਲ ਹੀ, ਸਗੋਂ ਉਹਨਾਂ ਤੋਂ ਪਹਿਲੇ ਮੁੱਖ ਮੰਤਰੀ ਵੀ ਅਤੇ ਜਿਹੜੇ ਮੰਤਰੀ ਵੀ ਸਮੇਂ ਸਮੇਂ ਬਾਹਰ ਦੌਰੇ 'ਤੇ ਜਾਂਦੇ ਸਨ, ਉਹ ਪਰਵਾਸੀ ਪੰਜਾਬੀਆਂ ਨੂੰ ਆਪਣੀ ਮਾਤ ਭੂਮੀ ਵਿਖੇ ਵੱਧ ਤੋਂ ਵੱਧ ਪੂੰਜੀ ਨਿਵੇਸ਼ ਲਈ ਅਪੀਲਾਂ ਬੇਨਤੀਆਂ ਕਰਦੇ ਰਹਿੰਦੇ ਹਨ। ਸ਼ਾਇਦ ਪਰਵਾਸੀ ਪੰਜਾਬੀਆਂ ਦੀ ਇਧਰੋਂ ਤਸੱਲੀ ਨਾ ਹੋਣ ਕਰਕੇ ਹੀ ਪੂੰਜੀ ਨਿਵੇਸ਼ ਨੂੰ ਹੁਣ ਤੱਕ ਬਹੁਤਾ ਹੁੰਗਾਰਾ ਨਹੀਂ ਮਿਲ ਸਕਿਆ।
ਪਰਵਾਸੀ ਪੰਜਾਬੀਆਂ ਨੂੰ ਆਪਣੇ ਧੀਆਂ ਪੁੱਤਾਂ ਦੇ ਵਿਗੜਦੇ ਵਿਆਹਾਂ ਦੀ ਵੀ ਇਕ ਵੱਡੀ ਸਮੱਸਿਆ ਦਰਪੇਸ਼ ਹੈ ਸਿਆਣੀ ਗੱਲ ਇਹ ਹੈ ਕਿ ਕੋਈ ਵੀ ਮਾਂ ਪਿਓ ਆਪਣਾ ਧੀ ਪੁੱਤ ਬਾਹਰ ਵਿਆਹੁਣ ਲਈ ਸਬੰਧਤ ਪਰਿਵਾਰ ਦੀ ਚੰਗੀ ਤਰਖ਼ਾਂ ਪਰਖ ਘੋਖ ਕਰੇ। ਆਪਣੇ ਧੀਆਂ ਪੁੱਤਾਂ ਨੂੰ ਸਿਰਫ ਬਾਹਰ ਭੇਜਣ ਦੇ ਲਾਲਚ ਵੱਸ ਹੀ ਆਪਣੀ ਧੀ ਨੂੰ ਵਿਆਹੁਣਾ ਠੀਕ ਨਹੀਂ। ਉਂਜ ਬਿਹਤਰ ਹੋਵੇ ਕਿ ਮਾਂ ਪਿਓ ਵੀ ਸਰਕਾਰ ਦੇ ਪਰਵਾਸੀ ਸੈਲ ਨਾਲ ਨਾ ਕੇਵਲ ਸੰਪਰਕ ਰੱਖਣ, ਸਗੋਂ ਇਸ ਨੂੰ ਸਹਿਯੋਗ ਵੀ ਦੇਣ। ਇਹ ਵੀ ਸਬੰਧਤ ਪਰਿਵਾਰਾਂ ਦੀ ਪੜਤਾਲ ਕਰ ਸਕਦਾ ਹੈ। ਜਿਸ ਵੀ ਵਿਅਕਤੀ ਨੇ ਆਪਣੀ ਧੀ ਜਾਂ ਪੁੱਤ ਬਾਹਰ ਵਿਆਹੁਣਾ ਹੈ ਅਤੇ ਜਿਸ ਨਾਲ ਵੀ ਵਿਆਹੁਣਾ ਹੈ, ਜੇ ਉਸ ਦਾ ਵੇਰਵਾ ਇਸ ਸੈਲ ਕੋਲ ਵੀ ਦਰਜ ਹੋਵੇਗਾ ਤਾਂ ਹਾਲਾਤ ਕਾਫੀ ਖੁਸ਼ਗਵਾਰ ਰਹਿ ਸਕਦੇ ਹਨ। ਕਈ ਲੜਕੇ ਇਧਰੋਂ ਵਿਆਹ ਕੇ ਖੜਖ਼ੀ ਲੜਕੀ ਨੂੰ ਦਿੱਲੀ ਹੀ ਛੱਡ ਜਾਂਦੇ ਹਨ, ਜਾਂ ਫਿਰ ਬਾਹਰ ਲਿਜਾ ਕੇ ਤੰਗ ਕਰਦੇ ਹਨ ਤੇ ਫਿਰ ਛੱਡ ਜਾਂਦੇ ਹਨ। ਮਾਪਿਆਂ ਨੂੰ ਲਾਲਚ ਤੋਂ ਬਚਣ ਦੀ ਲੋੜ ਹੈ।
ਜੇ ਪੰਜਾਬ ਸਰਕਾਰ ਸੱਚੀਂ ਮੁੱਚੀਂ ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਹੱਲ ਕਰਨਾ ਚਾਹੁੰਦੀ ਹੈ ਤਾਂ ਅੱਗੋਂ ਉਹਨਾਂ ਨੂੰ ਵੀ ਇਸ ਨੂੰ ਸਹਿਯੋਗ ਦੇਣ ਦੀ ਲੋੜ ਹੈ। ਸਹਿਯੋਗ ਨਾਲ ਬਹੁਤ ਸਾਰੇ ਮਸਲੇ ਹੱਲ ਹੋ ਜਾਣਗੇ।
|