|
ਹਮੇਸ਼ਾ ਪ੍ਰੇਰਣਾ ਸਰੋਤ ਬਣੇ ਰਹਿਣਗੇ ਜਯੋਤੀ ਬਾਸੂ |
|
|
|
Friday, 22 January 2010 |
|
ਪ੍ਰਕਾਸ਼ ਕਰਤ
ਜਯੋਤੀ ਬਾਸੂ ਨਹੀਂ ਰਹੇ। ਭਾਵੇਂ ਉਹ 95 ਸਾਲ ਦੇ ਹੋ ਗਏ ਸਨ ਅਤੇ ਕਾਫ਼ੀ ਕਮਜ਼ੋਰ ਵੀ ਹੋ ਗਏ ਸਨ ਪਰ ਉਨ੍ਹਾਂ ਦਾ ਵਿਛੋੜਾ ਸਮੁੱਚੀ ਪਾਰਟੀ ਲਈ ਭਾਰੀ ਸਦਮਾ ਹੈ ਅਤੇ ਇਸ ਨੇ ਦੇਸ਼ ਭਰ ਦੇ ਲੋਕਾਂ ਨੂੰ ਉਦਾਸ ਕੀਤਾ ਹੈ। ਪੱਛਮੀ ਬੰਗਾਲ ਦੇ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਭਾਰੀ ਘਾਟਾ ਪਿਆ ਹੈ। ਇਸ ਦਾ ਕਾਰਨ ਇਹ ਹੈ ਕਿ ਜਯੋਤੀ ਬਾਸੂ ਕਮਿਊਨਿਸਟ ਲਹਿਰ ਦੇ ਤਾਣੇ-ਬਾਣੇ ਵਿਚ ਹੀ ਬੁਣੇ ਹੋਏ ਸਨ। ਜਦੋਂ ਅਸੀਂ ਇੱਥੇ ਤਿਭਾਗਾ ਲਹਿਰ, ਦੇਸ਼ ਦੀ ਵੰਡ ਸਮੇਂ ਫ਼ਿਰਕੂ ਕਤਲੇਆਮ ਵਿਰੁੱਧ ਸੰਘਰਸ਼ ਅਤੇ 1959 ਦੀ ਅੰਨ ਲਹਿਰ, 60ਵਿਆਂ ਦੇ ਜ਼ਮੀਨੀ ਸੰਘਰਸ਼ਾਂ, ਅਰਧ ਫਾਸ਼ੀਵਾਦੀ ਦਹਿਸ਼ਤ ਵਿਰੁੱਧ ਲੜਾਈ ਜਿਹੀਆਂ ਅਜ਼ਾਦੀ ਤੋਂ ਬਾਅਦ ਦੀਆਂ ਘਟਨਾਵਾਂ ਨੂੰ ਯਾਦ ਕਰਦੇ ਹਾਂ ਤਾਂ ਪਾਉਾਂਦੇ ਹਾਂ ਕਿ ਜਯੋਤੀ ਬਾਸੂ ਇਨ੍ਹਾਂ ਦਾ ਅਨਿੱਖੜਵਾਂ ਅੰਗ ਹਨ।
1964 ਵਿਚ ਜਦੋਂ ਸੀਪੀਆਈ (ਐਮ) ਹੋਂਦ ਵਿਚ ਆਈ ਸੀ ਤਾਂ ਇਸ ਰਾਜ ਵਿਚ ਪਾਰਟੀ ਦੀ ਇਕਾਈ ਸਭ ਤੋਂ ਮਜ਼ਬੂਤ ਨਹੀਂ ਸੀ। ਇਸ ਨੂੰ ਦਰੁਸਤ ਯੁੱਧ ਨੀਤੀ ਅਤੇ ਦਾਅਪੇਚਾਂ ਨਾਲ ਉਸਾਰਿਆ ਗਿਆ ਅਤੇ ਜਯੋਤੀ ਬਾਸੂ ਨੇ ਪ੍ਰਮੋਦ ਦਾਸਗੁਪਤਾ ਨਾਲ ਮਿਲ ਕੇ ਕੂੰਜੀਵਤ ਭੂਮਿਕਾ ਅਦਾ ਕੀਤੀ। ਜੇ ਪ੍ਰਮੋਦ ਦਾਸਗੁਪਤਾ ਨੇ ਪਾਰਟੀ ਸੰਗਠਨ ਨੂੰ ਇਕ-ਇਕ ਇੱਟ ਰੱਖ ਕੇ ਉਸਾਰਿਆ ਤਾਂ ਜਯੋਤੀ ਬਾਸੂ ਨੇ ਸਿਆਸੀ ਮੁਹਿੰਮਾਂ, ਜਨਤਕ ਲਹਿਰਾਂ ਅਤੇ ਵਿਧਾਨ ਸਭਾ ਵਿਚ ਅਗਵਾਈ ਪ੍ਰਦਾਨ ਕੀਤੀ।
ਜਯੋਤੀ ਬਾਸੂ ਪਹਿਲੀ ਨੌਂ ਮੈਂਬਰੀ ਪੋਲਿਟ ਬਿਊਰੋ (1964) ਦੇ ਆਖਰੀ ਮੈਂਬਰ ਸਨ। ਹੌਲੀ-ਹੌਲੀ ਕਰਕੇ ਉਨ੍ਹਾਂ ਨੇ ਸਾਰਿਆਂ ਦਾ ਵਿਛੋੜਾ ਝੱਲਿਆ। ਇਹ ਸਾਰੇ ਆਗੂ ਉਸ ਪੀੜ੍ਹੀ ਨਾਲ
ਸਬੰਧਤ ਸਨ ਜਿਨ੍ਹਾਂ ਨੇ ਸਾਮਰਾਜਵਾਦ ਵਿਰੋਧੀ ਸੰਘਰਸ਼ ਦੌਰਾਨ ਆਪਣੀ ਸਿਆਸੀ ਜ਼ਿੰਦਗੀ ਸ਼ੁਰੂ ਕੀਤੀ ਸੀ।
ਜਯੋਤੀ ਬਾਸੂ ਬਰਤਾਨਵੀ ਕਮਿਊਨਿਸਟ ਪਾਰਟੀ ਰਾਹੀਂ ਮਾਰਕਸਵਾਦ ਵੱਲ ਆਏ ਜਦੋਂ ਉਹ ਵਿਦਿਆਰਥੀ ਸਨ। ਭਾਰਤ ਵਾਪਸ ਆ ਕੇ ਉਹ ਭਾਰਤੀ ਕਮਿਊਨਿਸਟ ਪਾਰਟੀ 'ਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਰੇਲਵੇ ਦੇ ਕਾਮਿਆਂ ਲਈ ਕੰਮ ਸ਼ੁਰੂ ਕੀਤਾ। ਉਨ੍ਹਾਂ ਦੀ ਇਕ ਵੱਡੀ ਦੇਣ ਵਿਧਾਨ ਸਭਾ ਵਿਚ ਕਿਰਤੀਆਂ ਦੀਆਂ ਲਹਿਰਾਂ ਦੀ ਤਰਜ਼ਮਾਨੀ ਕਰਨਾ ਵੀ ਸੀ ਅਤੇ ਵਿਧਾਨ ਸਭਾ ਤੋਂ ਬਾਹਰ ਉਹ ਕਿਰਤੀਆਂ ਦੇ ਸੰਘਰਸ਼ਾਂ ਦੀ ਅਗਵਾਈ ਵੀ ਕਰਦੇ ਸਨ। ਅਜ਼ਾਦੀ ਤੋਂ ਪਹਿਲਾਂ 1946 ਵਿਚ ਉਹ ਬੰਗਾਲ ਦੀ ਵਿਧਾਨ ਸਭਾ ਦੇ ਮੈਂਬਰ ਬਣੇ। ਤਦ ਤੋਂ ਪੰਜ ਦਹਾਕੇ ਤੋਂ ਜ਼ਿਆਦਾ ਸਮੇਂ ਦੌਰਾਨ ਉਨ੍ਹਾਂ ਨੇ ਵਿਧਾਨ ਸਭਾ 'ਚ ਆਪਣੀ ਹਾਜ਼ਰੀ ਨੂੰ ਪਾਰਟੀ ਦੇ ਪ੍ਰਭਾਵ ਅਤੇ ਜਨਤਕ ਲਹਿਰਾਂ ਨੂੰ ਮਜ਼ਬੂਤ ਕਰਨ 'ਚ ਲਾਏ। ਜਦੋਂ 1947 ਵਿਚ ਤਿਭਾਗਾ ਲਹਿਰ ਸ਼ੁਰੂ ਹੋਈ ਤਾਂ ਜਯੋਤੀ ਬਾਸੂ ਨੇ ਸਾਰੇ ਰਾਜ ਦਾ ਦੌਰਾ ਕੀਤਾ ਅਤੇ ਵਿਧਾਨ ਸਭਾ 'ਚ ਇਸ ਦੀ ਨੁਮਾਇੰਦਗੀ ਕੀਤੀ। 1953 ਵਿਚ ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਪ੍ਰਾਂਤਿਕ ਕਮੇਟੀ ਦੇ ਸਕੱਤਰ ਬਣੇ। ਇਸ ਅਹੁਦੇ 'ਤੇ ਉਹ 1961 ਤੱਕ ਰਹੇ। ਇਨ੍ਹਾਂ 8 ਸਾਲਾਂ ਦੌਰਾਨ 1959 ਦੀ ਅਨਾਜ ਲਈ ਲਹਿਰ ਵੀ ਚੱਲੀ ਜਿਸ 'ਚ ਪੁਲਿਸ ਦੀਆਂ ਗੋਲੀਆਂ ਅਤੇ ਲਾਠੀਆਂ ਨਾਲ 80 ਲੋਕ ਮਾਰੇ ਗਏ ਸਨ। ਪਾਰਟੀ ਦੇ ਸਕੱਤਰ ਵਜੋਂ ਜਯੋਤੀ ਬਾਸੂ ਇਸ ਲਹਿਰ ਦੀਆਂ ਮੋਹਰਲੀਆਂ ਕਤਾਰਾਂ 'ਚ ਸਨ ਅਤੇ ਉਨ੍ਹਾਂ ਨੇ ਵਿਧਾਨ ਸਭਾ 'ਚ ਅਨਾਜ ਬਾਰੇ ਲੋਕਾਂ ਦੀਆਂ ਮੰਗਾਂ ਉਠਾਈਆਂ। ਇਸ ਤੋਂ ਪਹਿਲਾਂ ਫ਼ਰਵਰੀ 1954 ਵਿਚ ਜਦੋਂ ਸਕੂਲ ਦੇ ਅਧਿਆਪਕਾਂ ਨੇ ਹੜਤਾਲ ਕੀਤੀ ਤਾਂ ਬਹੁਤ ਸਾਰੇ ਅਧਿਆਪਕਾਂ ਅਤੇ ਪਾਰਟੀ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਯੋਤੀ ਬਾਸੂ ਲਈ ਵੀ ਵਾਰੰਟ ਕੱਢਿਆ ਗਿਆ ਪਰ ਉਹ ਕਿਵੇਂ ਨਾ ਕਿਵੇਂ ਵਿਧਾਨ ਸਭਾ 'ਚ ਦਾਖ਼ਲ ਹੋ ਗਏ ਅਤੇ ਉਹ ਉਥੇ ਹੀ ਇਕ ਹਫ਼ਤਾ ਰਹੇ ਜਿੱਥੋਂ ਕਿ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੀ ਸੀ। ਉਨ੍ਹਾਂ ਨੇ ਵਿਧਾਨ ਸਭਾ 'ਚ ਅਧਿਆਪਕਾਂ ਦੀ ਹੜਤਾਲ ਦਾ ਮੁੱਦਾ ਉਠਾਇਆ ਅਤੇ ਫ਼ਿਰ ਅਧਿਆਪਕਾਂ ਦੀ ਰੈਲੀ ਨੂੰ ਸੰਬੋਧਿਤ ਕੀਤਾ ਅਤੇ ਗ੍ਰਿਫ਼ਤਾਰ ਹੋ ਗਏ। ਇਸ ਤੋਂ ਪਤਾ ਲੱਗਦਾ ਹੈ ਕਿ ਕਿਰਤੀ ਲੋਕਾਂ ਦੇ ਕਾਜ ਲਈ ਵਿਧਾਨ ਸਭਾ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ।
ਜਯੋਤੀ ਬਾਸੂ ਬਹੁਤ ਦਲੇਰ ਵਿਅਕਤੀ ਸਨ। ਜੁਲਾਈ 1969 ਨੂੰ ਜਦੋਂ ਉਹ ਗ੍ਰਹਿ ਮੰਤਰੀ ਸਨ ਪੁਲਿਸ ਦੇ ਸਿਪਾਹੀਆਂ ਦੀ ਭੀੜ ਨੇ ਵਿਧਾਨ ਸਭਾ ਦੀ ਇਮਾਰਤ 'ਤੇ ਹਮਲਾ ਕਰ ਦਿੱਤਾ ਸੀ ਕਿਉਂਕਿ ਟਕਰਾਅ 'ਚ ਇਕ ਸਿਪਾਹੀ ਮਾਰਿਆ ਗਿਆ ਸੀ। ਉਨ੍ਹਾਂ ਨੇ ਵਿਧਾਨ ਸਭਾ ਦੇ ਮੇਜਾਂ-ਕੁਰਸੀਆਂ ਦੀ ਭੰਨਤੋੜ ਕੀਤੀ ਅਤੇ ਉਹ ਜਯੋਤੀ ਬਾਸੂ ਦੇ ਕਮਰੇ ਵਿਚ ਦਾਖਲ ਹੋਏ। ਪਰ ਜਯੋਤੀ ਬਾਸੂ ਸ਼ਾਂਤ ਰਹੇ ਅਤੇ ਉਨ੍ਹਾਂ ਨੇ ਸਿਪਾਹੀਆਂ ਨੂੰ ਆਪਣਾ ਅਜਿਹਾ ਵਤੀਰਾ ਬੰਦ ਕਰਨ ਲਈ ਸਖ਼ਤੀ ਨਾਲ ਕਿਹਾ। ਉਨ੍ਹਾਂ ਦੇ ਅਜਿਹੇ ਠਰੰਮੇ ਭਰੇ ਵਤੀਰੇ ਤੋਂ ਹੱਕੇ-ਬੱਕੇ ਸਿਪਾਹੀ ਚੁੱਪਚਾਪ ਉਨ੍ਹਾਂ ਦੇ ਕਮਰੇ 'ਚੋਂ ਬਾਹਰ ਨਿਕਲ ਗਏ। ਇਹੋ ਠਰੰਮਾ ਅਤੇ ਤੌਰ-ਤਰੀਕਾ ਉਸ ਸਮੇਂ ਵੀ ਵੇਖਣ ਨੂੰ ਮਿਲਿਆ ਜਦੋਂ 1970 'ਚ ਪਟਨਾ ਰੇਲਵੇ ਸਟੇਸ਼ਨ 'ਤੇ ਉਨ੍ਹਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਸਮੇਂ ਉਨ੍ਹਾਂ ਦੇ ਨਾਲ ਖੜ੍ਹੇ ਸਾਥੀ ਦੀ ਗੋਲੀ ਲੱਗਣ ਨਾਲ ਜਾਨ ਜਾਂਦੀ ਰਹੀ ਸੀ।
ਕੇਰਲਾ 'ਚ 1957-59 ਦੀ ਈਐਮਐਸ ਨੰਬੁਪਦਰੀਪਾਦ ਦੀ ਪਹਿਲੀ ਕਮਿਊਨਿਸਟ ਵਜ਼ਾਰਤ ਤੋਂ ਬਾਅਦ ਜਯੋਤੀ ਬਾਸੂ ਨੇ ਹੀ ਦਿਖਾਇਆ ਸੀ ਕਿ ਜਮਹੂਰੀ ਲਹਿਰ ਨੂੰ ਮਜ਼ਬੂਤ ਕਰਨ ਲਈ ਰਾਜ ਸਰਕਾਰ ਵਿਚ ਕਮਿਊਨਿਸਟ ਸ਼ਿਰਕਤ ਨੂੰ ਕਿਵੇਂ ਵਰਤਿਆ ਜਾਣਾ ਚਾਹੀਦਾ ਹੈ। ਸਾਂਝੇ ਮੋਰਚੇ ਦੀਆਂ 1967-70 ਦਰਮਿਆਨ ਦੀਆਂ ਦੋ ਸਰਕਾਰਾਂ ਸਮੇਂ ਗ੍ਰਹਿ ਮੰਤਰੀ ਵਜੋਂ ਉਨ੍ਹਾਂ ਨੇ ਕਿਰਤੀਆਂ ਅਤੇ ਕਿਸਾਨਾਂ ਦੇ ਸੰਘਰਸ਼ਾਂ ਵਿਰੁੱਧ ਪੁਲਿਸ ਦੇ ਦਖ਼ਲ ਨੂੰ ਰੋਕ ਦਿੱਤਾ ਸੀ। ਸਮੁੱਚੇ ਬੰਗਾਲ 'ਚ ਉਸ ਸਮੇਂ ਫੈਲੇ ਜ਼ਮੀਨੀ ਸੰਘਰਸ਼ ਦੌਰਾਨ ਜਯੋਤੀ ਬਾਸੂ ਨੇ ਐਲਾਨ ਕੀਤਾ ਸੀ ਕਿ ਬੇਨਾਮੀ ਜ਼ਮੀਨਾਂ ਦੀ ਪਹਿਚਾਣ ਕਰਨ ਵਾਲੇ ਅਤੇ ਉਨ੍ਹਾਂ 'ਤੇ ਕਬਜ਼ਾ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਨਹੀਂ ਰੋਕੇਗੀ।ઠ
1977 ਦੇ ਖੱਬੇ ਮੁਹਾਜ਼ ਦੀ ਸਰਕਾਰ ਨੂੰ ਬਣਾਉਣ ਵਿਚ ਜਯੋਤੀ ਬਾਸੂ ਨੇ ਵੱਡੀ ਭੂਮਿਕਾ ਅਦਾ ਕੀਤੀ। ਤਦ ਉਹ ਮੁੱਖ ਮੰਤਰੀ ਬਣੇ। ਤਦ ਤੋਂ ਉਨ੍ਹਾਂ ਦੀ ਅਗਵਾਈ ਵਿਚ ਖੱਬੇ ਮੁਹਾਜ਼ ਦੀ ਸਰਕਾਰ 23 ਸਾਲ ਚੱਲੀ। ਉਨ੍ਹਾਂ ਦੀ ਅਗਵਾਈ ਹੇਠ ਹੀ ਜ਼ਮੀਨੀ ਸੁਧਾਰ ਲਾਗੂ ਹੋਏ ਜਿਨ੍ਹਾਂ ਨਾਲ 11 ਲੱਖ ਏਕੜ ਜ਼ਮੀਨ 25 ਲੱਖ ਬੇਜ਼ਮੀਨਿਆਂ ਅਤੇ ਛੋਟੇ ਕਿਸਾਨਾਂ ਨੂੰ ਵੰਡੀ ਗਈ ਅਤੇ 15 ਲੱਖ 30 ਹਜ਼ਾਰ ਖੇਤ ਮਜ਼ਦੂਰਾਂ ਨੂੰ ਰਜਿਸਟਰ ਕੀਤਾ ਗਿਆ ਤੇ ਸੁਰੱਖਿਆ ਪ੍ਰਦਾਨ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਚਾਇਤੀ ਵਿਵਸਥਾ ਸਥਾਪਤ ਕਰਕੇ ਤਾਕਤਾਂ ਦਾ ਵਿਕੇਂਦਰੀਕਰਨ ਕੀਤਾ। ਇਹ ਸਭ ਕੁਝ ਸੰਵਿਧਾਨ ਦੀ 73ਵੀਂ ਅਤੇ 74ਵੀਂ ਸੋਧ ਤੋਂ ਕਿਤੇ ਪਹਿਲਾਂ ਹੋਇਆ। ਅਜ਼ਾਦੀ ਤੋਂ ਪਹਿਲਾਂ ਬੰਗਾਲ 'ਚ ਫ਼ਿਰਕਾਪ੍ਰਸਤੀ ਵਾਲੀ ਸਿਆਸਤ ਦੀ ਚੜ੍ਹਤ ਹੋਈ ਅਤੇ ਵੰਡ ਦੌਰਾਨ ਫ਼ਿਰਕੂ ਹਿੰਸਾ ਵੀ ਹੋਈ। ਪਰ ਖੱਬੀ ਲਹਿਰ ਦੀ ਚੜ੍ਹਤ ਤੇ ਖੱਬੇ ਮੁਹਾਜ਼ ਦੀ ਸਰਕਾਰ ਸਥਾਪਤ ਹੋਣ ਨਾਲ ਹਾਲਤ ਬਦਲ ਗਈ। ਸਭ ਘੱਟ ਗਿਣਤੀਆਂ ਨੇ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਕੀਤਾ। ਇੰਦਰਾ ਗਾਂਧੀ ਦੀ ਹੱਤਿਆ ਬਾਅਦ ਪੱਛਮੀ ਬੰਗਾਲ 'ਚ ਕਿਸੇ ਵੀ ਸਿੱਖ 'ਤੇ ਕੋਈ ਹਮਲਾ ਨਹੀਂ ਹੋਇਆ ਅਤੇ ਸਮੁੱਚੇ ਦੇਸ਼ ਨੇ ਜਯੋਤੀ ਬਾਸੂ ਦੁਆਰਾ ਲਏ ਗਏ ਪੈਂਤੜੇ ਦੀ ਤਾਰੀਫ਼ ਕੀਤੀ। 1980ਵਿਆਂ ਵਿਚ ਜਯੋਤੀ ਬਾਸੂ ਕੌਮੀ ਪੱਧਰ 'ਤੇ ਉਭਰੇ ਅਤੇ 1990ਵਿਆਂ 'ਚ ਕੋਈ ਵੀ ਗੈਰ ਕਾਂਗਰਸੀ ਪਾਰਟੀਆਂ ਦਾ ਆਗੂ ਅਜਿਹਾ ਨਹੀਂ ਸੀ ਜੋ ਜਯੋਤੀ ਬਾਸੂ ਜਿੰਨਾ ਸਤਿਕਾਰ ਦਾ ਪਾਤਰ ਹੋਵੇ। ਸਮਰਪਿਤ ਕਮਿਊਨਿਸਟ ਹੋਣ ਦੇ ਨਾਲ ਨਾਲ ਉਹ ਇਕ ਅਨੁਸ਼ਾਸਤ ਵਿਅਕਤੀ ਸਨ ਜਿਹੜੇ ਪੋਲਿਟ ਬਿਊਰੋ ਦੀ ਮੀਟਿੰਗ 'ਚੋਂ ਲੋੜ ਪੈਣ 'ਤੇ ਇਜਾਜ਼ਤ ਲੈ ਕੇ ਹੀ ਜਾਂਦੇ ਸਨ। ਉਹ ਹਮੇਸ਼ਾ ਸਮੂਹਿਕ ਫੈਸਲੇ ਦੇ ਕਦਰਦਾਨ ਰਹੇ। 1998 ਤੋਂ ਹੀ ਉਹ ਕਹਿਣ ਲੱਗੇ ਸਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਫਾਰਗ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ। ਇਸ ਤਰ੍ਹਾਂ ਹੀ ਉਹ ਪੋਲਿਟ ਬਿਊਰੋ ਦੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋਣਾ ਚਾਹੁੰਦੇ ਸਨ ਜੋ ਪਾਰਟੀ ਦੀ 19ਵੀਂ ਕਾਂਗਰਸ 'ਚ ਪ੍ਰਵਾਨ ਕੀਤਾ ਗਿਆ ਪਰ ਤਦ ਵੀ ਉਹ ਪੋਲਿਟ ਬਿਊਰੋ ਦੇ ਸਪੈਸ਼ਲ ਇਨਵਾਈਟੀ ਰਹੇ। ਉਨ੍ਹਾਂ ਦੀ ਗੈਰ-ਹਾਜ਼ਰੀ ਪੋਲਿਟ ਬਿਊਰੋ ਨੂੰ ਖਟਕਦੀ ਰਹੇਗੀ ਕਿਉਂਕਿ ਉਹ 45 ਸਾਲ ਇਸ ਦਾ ਹਿੱਸਾ ਰਹੇ। ਪਾਰਟੀ ਦੀ ਲੀਡਰਸ਼ਿਪ 'ਚ ਉਨ੍ਹਾਂ ਤੋਂ ਤਿੰਨ ਦਹਾਕਿਆਂ ਬਾਅਦ ਆਣ ਵਾਲਿਆਂ ਲਈ ਉਨ੍ਹਾਂ ਤੋਂ ਸਿੱਖਣ ਲਈ ਬਹੁਤ ਕੁਝ ਹੈ।
ਪਿਛਲੇ ਕੁਝ ਸਾਲਾਂ ਤੋਂ ਜਯੋਤੀ ਬਾਸੂ ਇਹ ਸਵਾਲ ਖੜ੍ਹਾ ਕਰਦੇ ਰਹੇ ਸਨ ਕਿ ਪੱਛਮੀ ਬੰਗਾਲ, ਕੇਰਲਾ ਅਤੇ ਤ੍ਰਿਪੁਰਾ ਤੋਂ ਬਾਹਰ ਪਾਰਟੀ ਕਿਉਂ ਵਿਕਸਤ ਨਹੀਂ ਹੋ ਰਹੀ। ਇਸ ਨੂੰ ਉਨ੍ਹਾਂ ਦੀ ਆਖਰੀ ਇੱਛਾ ਵਜੋਂ ਲੈਣਾ ਚਾਹੀਦਾ ਹੈ ਅਤੇ ਇਸ ਦਿਸ਼ਾ 'ਚ ਸਾਨੂੰ ਕੰਮ ਕਰਨਾ ਚਾਹੀਦਾ ਹੈ। ਜਯੋਤੀ ਬਾਸੂ ਨਹੀਂ ਰਹੇ ਉਹ ਇਤਿਹਾਸ ਦਾ ਹਿੱਸਾ ਬਣ ਗਏ ਹਨ ਪਰ ਉਹ ਕਿਰਤੀਆਂ, ਕਿਸਾਨਾਂ, ਸਨਅਤੀ ਕਾਮਿਆਂ ਅਤੇ ਮੁਲਾਜ਼ਮਾਂ ਦੇ ਦਿਲਾਂ 'ਚ ਹਮੇਸ਼ਾ ਜਿਉਂਦੇ ਰਹਿਣਗੇ। ਜਮਹੂਰੀਅਤ ਨੂੰ ਡੂੰਘਾ ਕਰਨ ਅਤੇ ਧਰਮ ਨਿਰਪੱਖ ਢਾਂਚੇ ਨੂੰ ਮਜ਼ਬੂਤ ਕਰਨ 'ਚ ਜਿੰਨਾ ਯੋਗਦਾਨ ਜਯੋਤੀ ਬਾਸੂ ਨੇ ਦਿੱਤਾ ਹੈ ਅਜ਼ਾਦ ਭਾਰਤ 'ਚ ਘੱਟ ਹੀ ਆਗੂ ਇਸ ਦਾ ਦਾਅਵਾ ਕਰ ਸਕਦੇ ਹਨ। ਸੀਪੀਆਈ (ਐਮ) ਲਈ ਉਹ ਹਮੇਸ਼ਾ ਸ਼ਾਨਦਾਰ ਕਮਿਊਨਿਸਟ ਅਤੇ ਪ੍ਰੇਰਣਾ ਸਰੋਤ ਬਣੇ ਰਹਿਣਗੇ।
|