|
ਡਾ. ਸਵਰਾਜ ਸਿੰਘ
'ਕੀ ਪਿਛਲੀਆਂ ਦੋ ਸਦੀਆਂ ਵਿਚ ਪੱਛਮੀ ਸਰਮਾਏਦਾਰੀ ਦੀ ਪ੍ਰਬਲਤਾ ਹੇਠ ਸਮੁੱਚੇ ਤੌਰ 'ਤੇ ਮਨੁੱਖ ਵਿਕਾਸ ਵੱਲ ਵਧਿਆ ਹੈ, ਜਾਂ ਮਨੁੱਖਹੀਣਤਾ ਅਤੇ ਵਿਨਾਸ਼ ਵੱਲ ਧੱਕਿਆ ਗਿਆ ਹੈ?' ਇਸ ਵਿਸ਼ੇ 'ਤੇ ਮੈਂ ਪਿਛਲੇ ਕਾਫ਼ੀ ਸਮੇਂ ਤੋਂ ਪਾਠਕਾਂ ਨਾਲ ਵਿਚਾਰ ਸਾਂਝੇ ਕਰਦਾ ਰਿਹਾ ਹਾਂ। ਮੇਰੀ ਇਹ ਧਾਰਨਾ ਰਹੀ ਹੈ ਕਿ ਪੱਛਮੀ ਸਰਮਾਏਦਾਰੀ ਦਾ ਇਹ ਸਿਧਾਂਤ, ਜਿਸ ਨਾਲ ਕਈ ਉਦਾਰਵਾਦੀ ਬੁੱਧੀਜੀਵੀ ਅਤੇ ਅਖੌਤੀ ਮਾਰਕਸਵਾਦੀ ਵੀ ਸਹਿਮਤ ਹਨ, ਕਿ ਦਸਤਕਾਰੀ ਦਾ ਵਿਕਾਸ ਅਤੇ ਪਦਾਰਥਕ ਵਸਤੂਆਂ ਦੀ ਬਹੁਤਾਤ ਅਤੇ ਮਨੁੱਖੀ ਵਿਕਾਸ ਸਮਾਨ-ਅੰਤਰ ਚੱਲਦੇ ਹਨ, ਬੁਨਿਆਦੀ ਤੌਰ 'ਤੇ ਗਲਤ ਸਿਧਾਂਤ ਹੈ। ਸਗੋਂ ਬਹੁਤ ਲੋਕ ਇਸ ਗੱਲ ਨਾਲ ਸਹਿਮਤ ਹੋਈ ਜਾ ਰਹੇ ਹਨ ਕਿ ਪੱਛਮੀ ਸਰਮਾਏਦਾਰੀ ਦੀ ਪ੍ਰਬਲਤਾ ਹੇਠ ਪਿਛਲੀਆਂ ਦੋ ਸਦੀਆਂ ਵਿਚ ਹੋਏ ਦਸਤਕਾਰੀ ਵਿਕਾਸ ਅਤੇ ਪਦਾਰਥਕ ਵਸਤੂਆਂ ਦੀ ਬਹੁਤਾਤ ਦੇ ਬਾਵਜੂਦ ਮਨੁੱਖ, ਮਨੁੱਖਹੀਣਤਾ ਵੱਲ ਧੱਕਿਆ ਗਿਆ ਹੈ ਅਤੇ ਜ਼ਿਆਦਾ ਲੋਭੀ, ਸੁਆਰਥੀ, ਨਿੱਜਵਾਦੀ, ਹੰਕਾਰੀ, ਜ਼ਿਆਦਾ ਅਸੰਤੁਸ਼ਟ, ਜ਼ਿਆਦਾ ਅਸੁਰੱਖਿਅਤ ਅਤੇ ਜ਼ਿਆਦਾ ਅਸਥਿਰ ਹੋ ਗਿਆ ਹੈ। ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਦਾ ਤਾਣਾ-ਬਾਣਾ ਕਮਜ਼ੋਰ ਹੋਈ ਜਾ ਰਿਹਾ ਹੈ, ਇਸ ਸਥਿਤੀ ਨੂੰ ਮਨੁੱਖੀ ਵਿਕਾਸ ਜਾਂ ਵਿਨਾਸ਼ ਕਹਿਣਾ ਜ਼ਿਆਦਾ ਉਚਿਤ ਹੋਵੇਗਾ?
ਹੁਣੇ ਜਿਹੇ ਮੈਨੂੰ ਅਮਰੀਕਨ ਵਿਦਵਾਨਾਂ ਅਤੇ ਵਿਗਿਆਨੀਆਂ ਦੀਆਂ ਦੋ ਪੁਸਤਕਾਂ ਪੜ੍ਹਨ ਦਾ ਮੌਕਾ ਮਿਲਿਆ। ਡਾ. ਟੀ.ਕੌਲਿਨ ਕੈਂਪਬੈਲ, ਜੋ ਕਿ ਬਹੁਤ ਹੀ ਮਸ਼ਹੂਰ ਖੁਰਾਕ ਦੇ ਮਾਹਰ ਹਨ (ਪੀ.ਐਚ.ਡੀ. ਇਨ ਨਿਊਟ੍ਰੀਸ਼ਨ) ਅਤੇ ਜਿਨ੍ਹਾਂ ਨੇ ਬਹੁਤ ਸਾਰੇ ਸਰਵੇਖਣਾਂ ਵਿਚ ਭਾਗ ਲਿਆ, ਉਨ੍ਹਾਂ ਦੀ ਪੁਸਤਕ ''ਦੀ ਚਾਈਨਾ ਸਟੱਡੀ'' ਅਤੇ
ਡਾ. ਡੇਵਿਡ ਸਰਵਨ, ਸ਼ਰਾਈਬਰ, ਜੋ ਕਿ ਮੈਡੀਕਲ ਡਾਕਟਰ ਹਨ, ਦੀ ਪੁਸਤਕ ''ਐਂਟੀ ਕੈਂਸਰ' ਪੜ੍ਹਨ ਦਾ ਮੌਕਾ ਮਿਲਿਆ। ਭਾਵੇਂ ਕਿ ਇਹ ਦੋਨੋਂ ਪੁਸਤਕਾਂ ਸਮੁੱਚੀ ਸਿਹਤ ਤੇ ਕੈਂਸਰ ਬਾਰੇ ਲਿਖੀਆਂ ਗਈਆਂ ਹਨ, ਪਰ ਇਹ ਸਾਡੀ ਪਿਛਲੀਆਂ ਦੋ ਸਦੀਆਂ ਵਿਚ ਪੱਛਮੀ ਸਰਮਾਏਦਾਰੀ ਵਲੋਂ ਮਨੁੱਖੀ ਵਿਕਾਸ ਦੇ ਖੇਤਰ ਵਿਚ ਨਿਭਾਈ ਗਈ ਭੂਮਿਕਾ ਬਾਰੇ ਚਰਚਾ ਵਿਚ ਵੀ ਸਹਾਈ ਹੁੰਦੀਆਂ ਹਨ। ਟੀ. ਕੋਲਿਨ ਕੈਂਪਬਲ ਇਕ ਕਿਸਾਨੀ ਪਰਿਵਾਰ ਵਿਚ ਪੈਦਾ ਹੋਏ। ਉਨ੍ਹਾਂ ਨੇ ਜੀਵਨ ਦਾ ਬਹੁਤ ਸਾਰਾ ਸਮਾਂ ਫ਼ਾਰਮ 'ਤੇ ਗੁਜ਼ਾਰਿਆ ਅਤੇ ਆਪਣੇ ਹੱਥੀਂ ਆਪਣੇ ਪਰਿਵਾਰਕ ਫ਼ਾਰਮ ਦਾ ਸਾਰਾ ਕੰਮ ਕੀਤਾ। ਉਨ੍ਹਾਂ ਦੇ ਮਾਤਾ-ਪਿਤਾ ਵੀ ਬੇਹੱਦ ਮਿਹਨਤੀ ਸਨ ਅਤੇ ਸਾਰੀ ਉਮਰ ਫ਼ਾਰਮ 'ਤੇ ਸਖ਼ਤ ਮਿਹਨਤ ਕਰਦੇ ਰਹੇ। 60 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਪਿਤਾ ਨੂੰ ਦਿਲ ਦਾ ਦੌਰਾ ਪਿਆ ਅਤੇ 70 ਸਾਲ ਦੀ ਉਮਰ ਵਿਚ ਦੂਜਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਡਾ. ਕੈਂਪਬਲ ਇਹ ਜਾਨਣਾ ਚਾਹੁੰਦੇ ਸਨ ਕਿ ਆਖ਼ਰ ਇੰਨੀ ਮਿਹਨਤ ਅਤੇ ਸਖ਼ਤ ਕੰਮ ਕਰਨ ਵਾਲੇ ਨੂੰ ਦਿਲ ਦਾ ਦੌਰਾ ਕਿਉਂ ਪਿਆ? ਉਨ੍ਹਾਂ ਨੇ ਜੀਵਨ ਦਾ ਬਹੁਤ ਸਾਰਾ ਸਮਾਂ ਖੁਰਾਕ ਤੇ ਸਿਹਤ ਬਾਰੇ ਖੋਜ ਕਰਨ ਵਿਚ ਲਗਾ ਦਿੱਤਾ। ਉਨ੍ਹਾਂ ਨੇ ਅਮਰੀਕਾ ਵਿਚ ਤੇ ਹੋਰ ਦੇਸ਼ਾਂ ਵਿਚ ਹੋਏ ਸਰਵੇਖਣਾਂ ਵਿਚ ਹਿੱਸਾ ਲਿਆ। ''ਚਾਈਨਾ ਸਟੱਡੀ'' ਵੀ ਇਸੇ ਸਿਲਸਿਲੇ ਵਿਚ ਇਕ ਬਹੁਤ ਵੱਡਾ ਸਰਵੇਖਣ ਸੀ। ਆਖ਼ਰ ਉਹ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਸਾਡੀ ਸਿਹਤ ਲਈ ਮਾਸ ਬਹੁਤ ਹਾਨੀਕਾਰਕ ਹੈ ਅਤੇ ਸ਼ਾਕਾਹਾਰੀ (ਵੈਜੀਟੇਰੀਅਨ) ਹੋਣਾ ਬਹੁਤ ਲਾਹੇਵੰਦ ਹੈ। ਉਹ ਲਿਖਦੇ ਹਨ ਕਿ, ''ਜੇ ਸਾਰੀ ਉਮਰ ਮੈਂ ਖੁਰਾਕ ਅਤੇ ਸਿਹਤ ਦੇ ਖੇਤਰ ਵਿਚ ਕੰਮ ਕਰਕੇ ਕੁਝ ਸਿੱਖਿਆ ਹੈ ਤਾਂ ਉਹ ਇਹ ਹੈ ਕਿ ਮਾਸ ਖਾਣਾ ਛੱਡ ਦਿਓ ਅਤੇ ਸ਼ਾਕਾਹਾਰੀ (ਵੈਜੀਟੇਰੀਅਨ) ਬਣ ਜਾਓ।'' ਉਹ ਲਿਖਦੇ ਹਨ ਕਿ, ''ਮੇਰਾ ਦਾਅਵਾ ਹੈ ਕਿ ਜੇ ਮੇਰੇ ਪਿਤਾ ਸ਼ਾਕਾਹਾਰੀ ਹੁੰਦੇ ਤਾਂ ਅੱਜ ਵੀ ਜਿਊਂਦੇ ਹੁੰਦੇ, ਅਰਥਾਤ ਬਹੁਤ ਲੰਬਾ ਸਮਾਂ ਜਿਊਂਦੇ।'' ਉਹ ਲਿਖਦੇ ਹਨ ਕਿ ਬਹੁਤ ਸਾਰੀਆਂ ਬਿਮਾਰੀਆਂ ਮਾਸ ਖਾਣ ਨਾਲ ਜੁੜੀਆਂ ਹੋਈਆਂ ਹਨ।
ਡਾ. ਡੇਵਿਡ ਸਰਵਨ ਸ਼ਰਾਈਬਰ ਨੂੰ ਦਿਮਾਗ਼ ਦਾ ਕੈਂਸਰ (ਬਰੇਨ ਕੈਂਸਰ) ਹੋ ਗਿਆ ਸੀ ਅਤੇ ਉਨ੍ਹਾਂ ਦੀ ਰਸੌਲੀ ਆਪ੍ਰੇਸ਼ਨ ਕਰਕੇ ਕੱਢੀ ਗਈ ਸੀ, ਪਰ ਪੰਜ ਸਾਲ ਬਾਅਦ ਕੈਂਸਰ ਦੁਬਾਰਾ ਹੋ ਗਿਆ। ਇਸ ਸਥਿਤੀ ਵਿਚ ਉਨ੍ਹਾਂ ਦਾ ਬਚਣਾ ਲਗਭਗ ਅਸੰਭਵ ਸਮਝਿਆ ਜਾਂਦਾ ਸੀ। ਉਨ੍ਹਾਂ ਨੇ ਮਾਸ ਖਾਣਾ ਛੱਡ ਕੇ ਸ਼ਾਕਾਹਾਰੀ ਬਨਣ ਦਾ ਫ਼ੈਸਲਾ ਕੀਤਾ ਅਤੇ ਆਪਣਾ ਜੀਵਨ ਢੰਗ ਬਦਲਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਇਸ ਵਿਸ਼ੇ 'ਤੇ ਬਹੁਤ ਖੋਜ ਕੀਤੀ ਕਿ ਕੈਂਸਰ ਕਿਉਂ ਹੁੰਦਾ ਹੈ ਅਤੇ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਉਹ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਪੱਛਮੀ ਖਾਣਾ ਅਤੇ ਪੱਛਮੀ ਜੀਵਨ ਢੰਗ ਕੈਂਸਰ ਵਧਾਉਂਦੇ ਹਨ, ਜਦੋਂਕਿ ਪੂਰਬੀ ਖਾਣਾ ਤੇ ਪੂਰਬੀ ਜੀਵਨ ਢੰਗ ਕੈਂਸਰ ਘਟਾਉਂਦੇ ਹਨ। ਮਾਸ ਖਾਣ ਨਾਲ ਕੈਂਸਰ ਵੱਧ ਹੁੰਦਾ ਹੈ ਅਤੇ ਸ਼ਾਕਾਹਾਰੀ ਖਾਣੇ ਨਾਲ ਕੈਂਸਰ ਘੱਟ ਹੁੰਦਾ ਹੈ। ਗਰਮ ਮਸਾਲੇ (ਸਪਾਈਸਿਜ਼) ਕੈਂਸਰ ਘਟਾਉਂਦੇ ਹਨ। ਹਲਦੀ ਤਾਂ ਕੈਂਸਰ ਘਟਾਉਣ ਵਿਚ ਬਹੁਤ ਹੀ ਸਹਾਈ ਹੁੰਦੀ ਹੈ। ਉਹ ਕਹਿੰਦੇ ਹਨ ਕਿ ਅਸੰਤੁਸ਼ਟ, ਕ੍ਰੋਧਿਤ ਅਤੇ ਬੈਹਕੜ ਆਦਮੀਆਂ ਨੂੰ ਕੈਂਸਰ ਜ਼ਿਆਦਾ ਹੁੰਦਾ ਹੈ ਅਤੇ ਸੰਤੁਸ਼ਟ, ਘੱਟ ਕ੍ਰੋਧ ਵਾਲੇ ਅਤੇ ਹੱਥੀਂ ਜ਼ਿਆਦਾ ਕੰਮ ਕਰਨ ਵਾਲੇ ਜਾਂ ਕਸਰਤ ਕਰਨ ਵਾਲਿਆਂ ਨੂੰ ਕੈਂਸਰ ਘੱਟ ਹੁੰਦਾ ਹੈ। ਉਹ ਅਜਿਹੇ ਅੰਕੜੇ ਦੇ ਕੇ ਸਿੱਧ ਕਰਦੇ ਹਨ ਕਿ ਪੱਛਮੀ ਜੀਵਨ ਢੰਗ ਕੈਂਸਰ ਨੂੰ ਵਧਾਉਂਦਾ ਹੈ। ਪੱਛਮ ਅਤੇ ਪੂਰਬ ਵਿਚ ਕੈਂਸਰ ਹੋਣ ਦੀ ਸੰਭਾਵਨਾ ਵਿਚ ਬਹੁਤ ਵੱਡਾ ਫ਼ਰਕ ਹੈ ਅਤੇ ਪੱਛਮੀ ਦੇਸ਼ਾਂ ਵਿਚ ਆਪਣੇ ਜੀਵਨ ਕਾਲ ਵਿਚ ਲਗਭਗ ਅੱਧੀ ਵੱਸੋਂ ਨੂੰ ਕੈਂਸਰ ਹੋਣ ਦੀ ਸੰਭਾਵਨਾ ਹੈ।
ਇਨ੍ਹਾਂ ਪੁਸਤਕਾਂ ਵਿਚ ਇਹ ਤੱਥ ਵੀ ਉਭਾਰਿਆ ਗਿਆ ਹੈ ਕਿ ਕਿਵੇਂ ਪਿਛਲੀਆਂ ਦੋ ਸਦੀਆਂ ਵਿਚ ਕੁਦਰਤੀ ਖੁਰਾਕ ਦੀ ਖਪਤ ਘਟਾਈ ਗਈ ਹੈ ਅਤੇ ਦਸਤਕਾਰੀ ਨਾਲ ਬਣਾਈਆਂ ਖੁਰਾਕਾਂ ਦੀ ਜਾਂ ਸੋਧ ਕੀਤੀਆਂ ਖੁਰਾਕਾਂ ਦੀ ਖਪਤ ਵਧਾਈ ਗਈ ਹੈ। ਉਦਾਹਰਣ ਵਜੋਂ ਪਿਛਲੀਆਂ ਦੋ ਸਦੀਆਂ ਵਿਚ ਸੋਧ ਕੀਤੀ ਖੰਡ (ਰਿਫ਼ਾਈਂਡ ਸ਼ੂਗਰ) ਦੀ ਖਪਤ ਦਸ ਗੁਣਾਂ ਵੱਧ ਗਈ ਹੈ। ਪਹਿਲਾਂ ਇਸ ਦੀ ਔਸਤਨ ਪ੍ਰਤੀ ਸ਼ਖ਼ਸ ਖਪਤ 15 ਗਰਾਮ ਹੁੰਦੀ ਹੈ। (ਇਕ ਦਿਨ ਵਿਚ) ਜੋ ਕਿ ਹੁਣ 150 ਗ੍ਰਾਮ ਹੋ ਗਈ ਹੈ, ਅਜਿਹਾ ਕਰਨ ਨਾਲ ਡਾਇਬਟੀਜ਼ ਵਿਚ ਬਹੁਤ ਵਾਧਾ ਹੋਇਆ ਹੈ। ਅੱਜ ਹਰ ਪੰਜ ਲੋਕਾਂ ਵਿਚੋਂ ਅਮਰੀਕਾ ਵਿਚ ਇਕ ਵਿਅਕਤੀ ਡਾਇਬਟੀਜ਼ ਦਾ ਸ਼ਿਕਾਰ ਹੈ। ਦੋਵੇਂ ਵਿਦਵਾਨ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਜਿੰਨੀ ਖੁਰਾਕ ਕੁਦਰਤੀ ਹੋਵੇਗੀ ਅਤੇ ਦਸਤਕਾਰੀ ਤੌਰ 'ਤੇ ਘੱਟ ਸੋਧ ਕੀਤੀ ਹੋਵੇਗੀ (ਰਿਫ਼ਾਈਂਡ) ਉਨ੍ਹੀਂ ਹੀ ਉਹ ਸਿਹਤ ਲਈ ਚੰਗੀ ਹੋਵੇਗੀ ਅਤੇ ਜਿੰਨੀ ਰਿਫ਼ਾਈਨਡ ਹੋਵੇਗੀ, ਉਨੀ ਹੀ ਸਿਹਤ ਲਈ ਹਾਨੀਕਾਰਕ ਹੋਵੇਗੀ।
ਸ੍ਰੀ ਗੁਰੂ ਗ੍ਰੰਥ ਸਾਹਿਬ, ਜੋ ਕਿ ਪੂਰਬੀ ਸਿਆਣਪ ਦੀ ਸਿਖ਼ਰ ਦੇ ਪ੍ਰਤੀਕ ਹਨ, ਵਿਚ ਪੱਛਮੀ ਸਰਮਾਏਦਾਰੀ ਦੇ ਇਸ ਬੁਨਿਆਦੀ ਸਿਧਾਂਤ ਕਿ 'ਪਦਾਰਥਿਕ ਵਸਤੂਆਂ ਦੀ ਬਹੁਤਾਤ ਨਾਲ ਹੀ ਮਨੁੱਖ ਖੁਸ਼ ਰਹਿ ਸਕਦਾ ਹੈ' ਨੂੰ ਨਕਾਰ ਦਿੱਤਾ ਗਿਆ ਹੈ। ਸਗੋਂ ਉਹ ਮਨੁੱਖ ਹੀ ਖੁਸ਼ ਰਹਿ ਸਕਦਾ ਹੈ, ਜਿਸ ਦਾ ਜੀਵਨ ਸੰਤੁਲਿਤ ਹੈ।
ਜਿਸ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ। ਜਿਸ ਗ੍ਰਿਹਿ ਥੋਰੀ ਸੋ ਫਿਰੈ ਭ੍ਰਮੰਤਾ॥ ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ॥
ਸੰਤੋਖ ਤੋਂ ਬਿਨ੍ਹਾਂ ਪਦਾਰਥਿਕ ਵਸਤੂਆਂ ਨਾਲ ਮਨੁੱਖ ਨੂੰ ਰੱਜ ਨਹੀਂ ਆਉਂਦਾ।
ਬਿਨ੍ਹਾਂ ਸੰਤੋਖ ਨਹੀਂ ਕੋਊ ਰਾਜੈ॥
ਜੋ ਮਨੁੱਖ ਸਿਰਫ਼ ਨਿੱਜੀ ਸੁੱਖ ਲਈ ਪਦਾਰਥਿਕ ਵਸਤੂਆਂ ਇਕੱਠੀਆਂ ਕਰਨਾ ਚਾਹੁੰਦਾ ਹੈ, ਉਸਦਾ ਜੀਵਨ ਵਿਅਰਥ ਹੀ ਜਾਂਦਾ ਹੈ। ਪਰ ਜੋ ਸਮੂਹਿਕ ਭਲੇ ਲਈ ਧਨ ਅਤੇ ਸੰਪਤੀ ਦੇ ਪਦਾਰਥਿਕ ਵਸਤੂਆਂ ਇਕੱਠੀਆਂ ਕਰਦੇ ਹਨ, ਉਨ੍ਹਾਂ ਦਾ ਜੀਵਨ ਸਫ਼ਲ ਹੈ ਤੇ ਉਹ ਸੁਖੀ ਹਨ।
ਗੁਰਮੁਖਿ ਸਭ ਪਵਿਤੁ ਹੈ ਧਨ ਸੰਪੈ ਮਾਇਆ॥ ਹਰਿ ਅਕਥਿ ਜੋ ਖਰਚਦੇ ਦੇਦੇ ਸੁਖੁ ਪਾਇਆ॥
ਕਮਿਊਨਿਸਟ ਮੈਨੀਫ਼ੈਸਟੋ ਵਿਚ ਕਾਰਲ ਮਾਰਕਸ ਨੇ ਸਰਮਾਏਦਾਰੀ ਦੇ ਇਸ ਅਖੌਤੀ ਇਕਪਾਸੜ ਵਿਕਾਸ ਦਾ ਬੜ੍ਹੇ ਜ਼ੋਰਦਾਰ ਅਤੇ ਭਾਵਨਾਤਮਿਕ ਢੰਗ ਨਾਲ ਖੰਡਨ ਕੀਤਾ ਹੈ। ''ਸਰਮਾਏਦਾਰੀ ਜਿਥੋਂ ਵੀ ਹੋਂਦ ਵਿਚ ਆਈ ਹੈ, ਉਥੇ ਹੀ ਇਸਨੇ ਜਗੀਰੂ ਪਿਤਾਪੁਰਖੀ ਅਤੇ ਆਦਰਸ਼ਕ ਪੇਂਡੂ ਰਿਸ਼ਤਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਨੇ ਬੜ੍ਹੀ ਬੇਰਹਿਮੀ ਨਾਲ ਮਨੁੱਖ ਨੂੰ ਆਪਣੇ ਕੁਦਰਤੀ ਵਡੇਰਿਆਂ ਨਾਲ ਬੰਨ੍ਹਣ ਵਾਲੀਆਂ ਬਹੁਭਾਂਤੀ ਜਗੀਰੂ ਤੰਦਾਂ ਨੂੰ ਤਾਰ-ਤਾਰ ਕਰ ਦਿੱਤਾ ਹੈ। ਇਸ ਨੇ ਮਨੁੱਖ ਦੇ ਮਨੁੱਖ ਨਾਲ ਰਿਸ਼ਤੇ ਨੂੰ ਨੰਗੇ ਚਿੱਟੇ ਸੁਆਰਥ ਅਤੇ ਪੈਸੇ ਦੀ ਕਦੇ ਨਾ ਪੂਰੀ ਹੋਣ ਵਾਲੀ ਭੁੱਖ ਉਤੇ ਨਿਰਭਰ ਕਰ ਦਿੱਤਾ ਹੈ। ਭਾਵ ਮਨੁੱਖ ਨੂੰ ਘੋਰ ਸੁਆਰਥੀ ਬਣਾ ਦਿੱਤਾ ਹੈ ਅਤੇ ਪੈਸੇ ਲਈ ਹੜਬਾ ਦਿੱਤਾ ਹੈ।
ਇਸ ਨੇ ਮਨੁੱਖੀ ਨੇਕ ਲਗਨ ਮਨੁੱਖੀ ਦਲੇਰੀ, ਮਨੁੱਖੀ ਜੋਸ਼ ਅਤੇ ਆਮ ਮਨੁੱਖੀ ਭਾਵਨਾਵਾਂ ਨੂੰ ਨਿੱਜੀ ਸੁਆਰਥ ਦੇ ਸੀਤ ਪਾਣੀਆਂ ਵਿਚ ਡਬੋ ਦਿੱਤਾ ਹੈ ਅਤੇ ਇਸਨੇ ਮਨੁੱਖੀ ਸਵੈਮਾਣ ਨੂੰ ਵਿਕਾਊ ਮਾਲ ਬਣਾ ਦਿੱਤਾ ਹੈ ਤੇ ਬੜੀ ਮਹਿੰਗੀ ਕੀਮਤ ਤਾਰ ਕੇ ਪ੍ਰਾਪਤ ਕੀਤੀਆਂ ਗਈਆਂ ਮਨੁੱਖੀ ਆਜ਼ਾਦੀਆਂ ਨੂੰ ਖ਼ਤਮ ਕਰਕੇ ਬਿਨ੍ਹਾ ਸ਼ੱਕ ਇਕ ਇਕੱਲੀ ਆਜ਼ਾਦੀ ਤੱਕ ਸੀਮਤ ਕਰ ਦਿੱਤਾ ਹੈ ਅਤੇ ਇਸ ਸਰਮਾਏਦਾਰੀ ਨੇ ਹੁਣ ਤੱਕ ਨੇਕ ਸਮਝੇ ਜਾਂਦੇ ਤੇ ਸਮਝਾਏ ਜਾਂਦੇ ਅਨੇਕਾਂ ਕਿੱਤਿਆਂ ਦੀ ਪਵਿੱਤਰਤਾ ਨੂੰ ਖ਼ਤਮ ਕਰ ਦਿੱਤਾ ਹੈ। ਪੁਜ਼ਾਰੀ, ਕਵੀ (ਸਾਹਿਤਕਾਰ), ਸਾਇੰਸਦਾਨ, ਡਾਕਟਰ, ਵਕੀਲ ਆਦਿ ਧਨ ਕਮਾਉਣ ਦੀਆਂ ਮਸ਼ੀਨਾਂ ਬਣ ਗਏ ਹਨ। ਸਰਮਾਏਦਾਰੀ ਨੇ ਪਰਿਵਾਰਕ ਰਿਸ਼ਤਿਆਂ 'ਚੋਂ ਮਨੁੱਖੀ ਜਜ਼ਬਿਆਂ ਨੂੰ ਖ਼ਤਮ ਕਰਕੇ ਇਨ੍ਹਾਂ ਰਿਸ਼ਤਿਆਂ ਨੂੰ ਸਿਰਫ਼ ਤੇ ਸਿਰਫ਼ ਮਾਇਕ ਰਿਸ਼ਤਿਆਂ ਤੱਕ ਸੀਮਤ ਕਰ ਦਿੱਤਾ ਹੈ।
|