RSS

AdvertisementAdvertisement
ਬਾਲੀਵੁੱਡ ਵਿਚ ਵੀ ਭਿੜਦੇ ਨੇ ਮੁਕੱਦਰ PRINT ਈ ਮੇਲ
Friday, 22 January 2010

ਕੁਝ ਸਮਾਂ ਪਹਿਲਾਂ ਅਭਿਨੇਤਾ ਅਕਸ਼ੈ ਕੁਮਾਰ ਨੂੰ ਬਤੌਰ ਕਰਾਟੇ ਦਾ ਵਧੀਆ ਖਿਡਾਰੀ ਹੋਣ ਕਰਕੇ ਇਕ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ 'ਤੇ ਇਸ ਨਾਇਕ ਨੇ ਬੜੇ ਹੀ ਜਜ਼ਬਾਤੀ ਲਹਿਜ਼ੇ 'ਚ ਕਿਹਾ ਸੀ, ''ਕਰਾਟੇ ਮੇਰਾ ਪਹਿਲਾ ਪਿਆਰ ਹੈ। ਇਸ ਨੂੰ ਸਿੱਖਣ ਲਈ ਮੈਂ ਭਾਰਤ ਤੋਂ ਖਾਸ ਤੌਰ 'ਤੇ ਬੈਂਕਾਕ ਆਇਆ ਸੀ। ਬੈਂਕਾਕ ਆ ਕੇ ਇਕ ਹੋਟਲ 'ਚ ਮੈਂ ਕਾਫੀ ਦੇਰ ਤੱਕ ਬੈਅਰੇ ਦਾ ਕੰਮ ਵੀ ਕੀਤਾ ਸੀ। ਇਸ ਤੋਂ ਬਾਅਦ ਮੈਂ ਫਿਲਮਾਂ ਵੱਲ ਕਿਵੇਂ ਆਇਆ? ਮੈਂ ਇਸ ਦੇ ਜੁਆਬ 'ਚ ਸਿਰਫ ਇਹ ਹੀ ਕਹਿ ਸਕਦਾ ਹਾਂ ਕਿ ਇਹ ਸਿਰਫ ਕਿਸਮਤ ਦਾ ਹੀ ਖੇਡ ਸੀ।'' ਅਕਸ਼ੈ ਕੁਮਾਰ ਦਾ ਇਹ ਕਥਨ ਬਿਲਕੁਲ ਦਰੁਸਤ ਹੈ ਭਾਰਤੀ ਸਿਨੇਮਾ ਜਗਤ ਜਾਂ ਮੂਵੀਲੈਂਡ 'ਚ ਸਦਾ ਹੀ ਕਿਸਮਤ ਅਤੇ ਮੇਰੇ ਅਨੇਕਾਂ ਹੀ ਹਸਤੀਆਂ ਦੀ ਕਿਸਮਤ ਦਾ ਫੈਸਲਾ ਕਰਦੇ ਰਹੇ ਹਨ।
ਸਿਲਸਿਲਾ ਬੜਾ ਪੁਰਾਣਾ ਹੈ। ਦਲੀਪ ਕੁਮਾਰ ਮੁੰਬਈ ਦੀ ਕ੍ਰੈਫਰਡ ਰੋਡ 'ਤੇ ਫਲ ਵੇਚਿਆ ਕਰਦਾ ਸੀ। ਇਕ ਦਿਨ ਦੇਵਿਕਾ ਰਾਣੀ ਦੀ ਨਜ਼ਰ ਉਸ 'ਤੇ ਪਈ ਅਤੇ ਉਸ ਨੂੰ ਮਹਿਸੂਸ ਹੋਇਆ ਕਿ ਇਹ ਨੌਜਵਾਨ ਫਲ ਵਿਕਰੇਤਾ, ਵਧੀਆ ਨਾਇਕ ਬਣ ਸਕਦਾ ਹੈ। ਦੇਵਿਤਾ ਰਾਣੀ ਦੀ 'ਬਾਂਬੇ ਟਾਕੀਜ਼' 'ਚ ਪੂਰੀ ਧਾਂਕ ਸੀ। ਲਿਹਾਜ਼ਾ, ਉਸ ਦੇ ਯਤਨਾਂ ਕਰਕੇ

 ਇਹ ਫਲ ਵੇਚਣ ਵਾਲਾ ਯੂਸਫ ਖਾਨ ਬਾਅਦ 'ਚ ਦਲੀਪ ਕੁਮਾਰ ਦੇ ਨਾਂ ਨਾਲ ਜਾਣਿਆ ਗਿਆ ਅਤੇ ਅਦਾਕਾਰੀ ਦੇ ਖੇਤਰ ਵਿਚ ਉਹ ਇਕ ਮੀਲ ਪੱਥਰ ਸਮਝਿਆ ਗਿਆ।
ਰਾਜ ਕੁਮਾਰ ਬਤੌਰ ਪੁਲਿਸ ਅਫਸਰ ਬੜਾ ਸੰਤੁਸ਼ਟ ਸੀ, ਪਰ ਅਚਾਨਕ ਉਸ ਕੋਲੋਂ ਕੁਝ ਗਲਤੀ ਹੋ ਗਈ ਅਤੇ ਵਿਭਾਗ ਨੇ ਉਸ ਨੂੰ ਮੁਅੱਤਲ ਕਰ ਦਿੱਤਾ। ਰਾਜ ਕੁਮਾਰ ਨੇ ਵਿਹਲਾ ਸਮਾਂ ਬਤੀਤ ਕਰਨ ਲਈ ਫਿਲਮ ਸਟੂਡੀਓਜ਼ 'ਚ ਚੱਕਰ ਕੱਟਣੇ ਸ਼ੁਰੂ ਕਰ ਦਿੱਤੇ। ਇਸੇ ਹੀ ਭਟਕਣ ਦੌਰਾਨ ਕੁਝ ਫਿਲਮਸਾਜ਼ਾਂ ਨਾਲ ਉਸ ਦਾ ਸੰਪਰਕ ਹੋਇਆ ਅਤੇ ਉਹ ਫਿਲਮਾਂ ਨਾਲ ਸਦਾ ਲਈ ਹੀ ਅਜਿਹਾ ਜੁੜਿਆ ਕਿ ਵਾਪਸ ਉਸ ਨੇ ਪੁਲਿਸ ਮਹਿਕਮੇ ਵੱਲ ਜਾਣ ਦਾ ਖਿਆਲ ਸਦਾ ਲਈ ਹੀ ਤਿਆਗ ਦਿੱਤਾ ਸੀ।
ਆਪਣਾ ਖਰਚ ਚਲਾਉਣ ਲਈ ਵਿਦਿਆਰਥੀ ਸੁਨੀਲ ਦੱਤ ਰੇਡੀਓ ਸੀਲੋਨ ਲਈ ਫਿਲਮ ਕਲਾਕਾਰਾਂ ਦੇ ਇੰਟਰਵਿਊ ਕਰਨ ਦੀ ਪਾਰਟ-ਟਾਈਮ ਨੌਕਰੀ ਕਰਦਾ ਹੁੰਦਾ ਸੀ। ਇਕ ਦਿਨ ਜਦੋਂ ਉਹ ਇਸ ਸਬੰਧ ਵਿਚ ਸ੍ਰੀ ਸਾਊਂਡ ਸਟੂਡੀਓ ਗਿਆ ਤਾਂ ਨਿਰਮਾਤਾ-ਨਿਰਦੇਸ਼ਕ ਰਮੇਸ਼ ਸਹਿਗਲ ਦੀ ਨਜ਼ਰ ਉਸ 'ਤੇ ਪਈ। ਰਮੇਸ਼ ਸਹਿਗਲ ਆਪਣੀ ਫਿਲਮ 'ਰੇਲਵੇ ਪਲੇਟਫਾਰਮ' ਲਈ ਇਕ ਨਵੇਂ ਨਾਇਕ ਦੀ ਤਲਾਸ਼ ਵਿਚ ਸੀ। ਜਦੋਂ ਅਚਾਨਕ ਹੀ ਸੁਨੀਲ ਦੱਤ ਨਾਲ ਉਸ ਦਾ ਸੰਪਰਕ ਹੋਇਆ ਤਾਂ ਉਸ ਨੇ ਇਹ ਭੂਮਿਕਾ ਉਸ ਨੂੰ ਦੇਣ ਦਾ ਪ੍ਰਸਤਾਵ ਰੱਖਿਆ। ਬਾਅਦ ਵਿਚ ਇਸੇ ਹੀ ਸੁਨੀਲ ਦੱਤ ਨੇ ਫਿਲਮ ਜਗਤ 'ਚ ਆਪਣਾ ਵਿਸ਼ੇਸ਼ ਸਥਾਨ ਹਾਸਲ ਕੀਤਾ।
ਅਦਾਕਾਰ ਜਤਿੰਦਰ ਦਾ ਵੀ ਫਿਲਮਾਂ ਨਾਲ ਸ਼ੁਰੂ ਵਿਚ ਕੋਈ ਵਾਸਤਾ ਨਹੀਂ ਸੀ। ਪਰ ਉਸ ਦਾ ਚਾਚਾ ਜ਼ਰੂਰ ਫਿਲਮਸਾਜ਼ਾਂ ਦੇ ਨਾਲ ਸੰਪਰਕ ਰੱਖਦਾ ਸੀ ਅਤੇ ਉਹ ਉਹਨਾਂ ਨੂੰ ਮੇਕਅੱਪ ਲਈ ਗਹਿਣੇ ਸਪਲਾਈ ਕਰਦਾ ਹੁੰਦਾ ਸੀ। ਇਕ ਦਿਨ ਉਸ ਨੇ ਜਤਿੰਦਰ ਨੂੰ ਇਸੇ ਤਰ੍ਹਾਂ ਦਾ ਹੀ ਕੁਝ ਸਮਾਨ ਦੇ ਕੇ ਨਿਰਮਾਤਾ ਨਿਰਦੇਸ਼ਕ ਸ਼ਾਂਤਾ ਰਾਮ ਵੱਲ ਭੇਜਿਆ। ਸ਼ਾਂਤਾ ਰਾਮ ਉਸ ਵੇਲੇ 'ਸਿਹਰਾ' ਫਿਲਮ ਦਾ ਨਿਰਮਾਣ ਕਰ ਰਹੇ ਸਨ। ਪਰ ਜਤਿੰਦਰ ਦੀ ਸ਼ਖਸੀਅਤ ਦੇਖ ਕੇ ਉਹਨਾਂ ਨੇ ਉਸ ਨੂੰ ਆਪਣੀ ਅਗਲੀ ਫਿਲਮ 'ਗੀਤ ਗਾਇਆ ਪੱਥਰੋਂ ਨੇ' ਦੇ ਲਈ ਬਤੌਰ ਨਾਇਕ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਇਸੇ ਹੀ ਜਤਿੰਦਰ ਨੂੰ ਬਾਅਦ 'ਚ 'ਜੰਪਿੰਗ ਜੈਕ' ਵਜੋਂ ਜਾਣਿਆ ਜਾਣ ਲੱਗ ਪਿਆ।
ਅਭਿਨੇਤਰੀ ਅਮੀਸ਼ਾ ਪਟੇਲ ਦਾ ਸਬੰਧ ਇਕ ਵਪਾਰਕ ਘਰਾਣੇ ਨਾਲ ਹੈ। ਇਸ ਲਈ ਉਹ ਵਪਾਰਕ ਉਲਝਣਾਂ ਨੂੰ ਚੰਗੀ ਤਰ੍ਹਾਂ ਨਾਲ ਸਮਝਣ ਲਈ ਵਲੈਤ ਵੀ ਗਈ ਸੀ ਅਤੇ ਉਥੋਂ ਦੇ ਪ੍ਰਸਿੱਧ ਕਾਲਜ ਲੰਦਨ ਸਕੂਲ ਆਫ ਇਕਨਾਮਿਕਸ ਤੋਂ ਐਮ ਬੀ ਏ ਦੀ ਡਿਗਰੀ ਵੀ ਲੈ ਕੇ ਆਈ ਸੀ। ਪਰ ਮੁੰਬਈ 'ਚ ਉਸ ਦੀ ਇਕ ਸਮਾਰੋਹ 'ਚ ਨਿਰਮਾਤਾ ਨਿਰਦੇਸ਼ਕ ਰਾਕੇਸ਼ ਰੌਸ਼ਨ ਨਾਲ ਅਚਾਨਕ ਹੀ ਮੁਲਾਕਾਤ ਹੋ ਗਈ। ਰਾਕੇਸ਼ ਰੌਸ਼ਨ ਉਸ ਵੇਲੇ ਆਪਣੇ ਬੇਟੇ ਰਿਤਿਕ ਰੌਸ਼ਨ ਨੂੰ ਲੈ ਕੇ ਇਕ ਫਿਲਮ ਦਾ ਨਿਰਮਾਣ ਕਰ ਰਿਹਾ ਸੀ। ਉਸ ਨੂੰ ਮਹਿਸੂਸ ਹੋਇਆ ਕਿ ਅਮੀਸ਼ਾ ਉਸਦੇ ਬੇਟੇ ਨਾਲ ਠੀਕ ਜਚੇਗੀ। ਇਸ ਲਈ ਉਸ ਨੇ ਤਤਕਾਲ ਰੂਪ 'ਚ ਹੀ ਅਮੀਸ਼ਾ ਨੂੰ ਨਾਇਕਾ ਬਣਾਉਣ ਦੀ ਪੇਸ਼ਕਸ਼ ਕੀਤੀ। ਕਹਿਣ ਦੀ ਲੋੜ ਨਹੀਂ ਕਿ ਅਮੀਸ਼ਾ ਰਾਕੇਸ਼ ਰੌਸ਼ਨ ਦੀਆਂ ਉਮੀਦਾਂ 'ਤੇ ਪੂਰੀ ਤਰ੍ਹਾਂ ਨਾਲ ਖਰੀ ਉਤਰੀ ਸੀ।
ਕਈ ਵਰ੍ਹੇ ਪਹਿਲਾਂ ਸੰਗੀਤ ਨਿਰਦੇਸ਼ਕ ਖੇਮ ਚੰਦ ਪ੍ਰਕਾਸ਼ ਨੇ ਬਾਂਬੇ ਟਾਕੀਜ਼ ਦੀ ਫਿਲਮ 'ਮਹਿਲ' ਲਈ 'ਆਏਗਾ ਆਨੇ ਵਾਲਾ' ਗੀਤ ਰਿਕਾਰਡ ਕਰਵਾਇਆ ਸੀ। ਫਿਲਮ ਦੇ ਨਿਰਮਾਤਾਵਾਂ ਨੂੰ ਇਹ ਗੀਤ ਪਸੰਦ ਨਹੀਂ ਆਇਆ ਸੀ। ਇਸ ਲਈ ਉਹ ਇਸ ਨੂੰ ਫਿਲਮ 'ਚੋਂ ਕੱਢ ਦੇਣਾ ਚਾਹੁੰਦੇ ਸਨ। ਪਰ ਇਸ ਗੀਤ ਦੀ ਗਾਇਕਾ ਲਤਾ ਮੰਗੇਸ਼ਕਰ ਦੀ ਸਲਾਹ 'ਤੇ ਉਹਨਾਂ ਇਹ ਗੀਤ ਫਿਲਮ 'ਚ ਸ਼ਾਮਲ ਕਰੀ ਰੱਖਿਆ। ਇਸੇ ਗੀਤ ਨੇ ਬਾਅਦ 'ਚ ਸੰਗੀਤਕ ਇਤਿਹਾਸ ਰਚਿਆ ਸੀ।
ਵਰਤਮਾਨ ਸਮੇਂ 'ਚ ਵੀ ਏ.ਆਰ. ਰਹਿਮਾਨ ਨੂੰ ਆਸਕਰ ਐਵਾਰਡ ਦੁਆਉਣ ਵਾਲਾ ਗੀਤ 'ਜੈ ਹੋ' ਦਰਅਸਲ ਸੁਭਾਸ਼ ਘਈ ਦੀ ਇਕ ਫਿਲਮ ਲਈ ਹੀ ਰਿਕਾਰਡ ਕੀਤਾ ਗਿਆ ਸੀ। ਸੁਭਾਸ਼ ਘਈ ਨੂੰ ਇਹ ਗੀਤ ਬਹੁਤਾ ਪਸੰਦ ਨਹੀਂ ਸੀ ਆਇਆ ਅਤੇ ਉਸ ਨੇ ਇਸ ਨੂੰ ਆਪਣੀ ਫਿਲਮ 'ਚੋਂ ਮਨਫੀ ਕਰ ਦਿੱਤਾ ਸੀ। ਪਰ ਇਹ ਹੀ ਗੀਤ 'ਸਲਮਡੌਗ ਮਿਲੀਨੇਅਰ' ਵਿਚ ਜਦੋਂ ਸ਼ਾਮਲ ਕੀਤਾ ਗਿਆ ਤਾਂ ਹਿੰਦੀ ਫਿਲਮ ਸੰਗੀਤ ਲਈ ਹੀ ਨਹੀਂ ਸਗੋਂ ਸਮੁੱਚੇ ਭਾਰਤੀ ਫਿਲਮ ਇਤਿਹਾਸ ਲਈ ਇਸ ਨੇ ਵਿਲੱਖਣ ਰੂਪ 'ਚ ਕਈ ਉਪਲਬਧੀਆਂ ਪ੍ਰਾਪਤ ਕੀਤੀਆਂ ਸਨ। ਇਹ ਤਕਦੀਰ ਦਾ ਖੇਡ ਨਹੀਂ ਤਾਂ ਫਿਰ ਹੋਰ ਕੀ ਹੈ?




Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis