RSS

AdvertisementAdvertisement
ਆਸਟਰੇਲੀਆ 'ਚ ਪੜ੍ਹਾਈ ਭਾਰਤ 'ਚ ਸੱਥਰ Print E-mail
Friday, 22 January 2010
There are no translations available

ਆਸਟਰੇਲੀਆ ਤੋਂ ਲਗਾਤਾਰ ਭਾਰਤੀ ਵਿਦਿਆਰਥੀਆਂ, ਜਿਨ੍ਹਾਂ 'ਚ ਪੰਜਾਬੀ ਬਹੁਗਿਣਤੀ ਵਿਚ ਸ਼ਾਮਲ ਹਨ, 'ਤੇ ਹਮਲੇ ਹੋਣ ਦੀਆਂ ਲਗਾਤਾਰ ਮੰਦਭਾਗੀ ਖਬਰਾਂ ਆ ਰਹੀਆਂ ਹਨ। ਦੋ ਪੰਜਾਬੀ ਵਿਦਿਆਰਥੀ ਤਾਂ ਇਸ ਹਮਲਿਆਂ ਵਿਚ ਆਪਣੀ ਜਾਨ ਵੀ ਗੁਆ ਚੁੱਕੇ ਹਨ। ਭਾਰਤ ਕਹਿੰਦਾ ਹੈ ਕਿ ਨਸਲੀ ਹਮਲੇ ਹਨ ਤੇ ਆਸਟਰੇਲੀਆ ਲਗਾਤਾਰ ਇਸ ਗੱਲ ਨੂੰ ਨਕਾਰ ਰਿਹਾ ਹੈ। ਪਰ ਲਗਾਤਾਰ ਭਾਰਤੀਆਂ 'ਤੇ ਹੀ ਹੋ ਰਹੇ ਹਮਲੇ ਚਿੰਤਾ ਦਾ ਕਾਰਨ ਹਨ। ਆਸਟਰੇਲੀਆ ਦੀ ਸੋਚ ਹੈ ਕਿ ਭਾਰਤੀ ਵਿਦਿਆਰਥੀ ਉਹਨਾਂ ਲਈ ਆਮਦਨ ਦਾ ਇਕ ਸਾਧਨ ਹਨ, ਪਰ ਸਾਡੇ ਲੋਕ ਸੋਚਦੇ ਹਨ ਕਿ ਅਸੀਂ ਆਸਟਰੇਲੀਆ ਜਾ ਕੇ ਪੱਕੇ ਹੋ ਜਾਈਏ ਤੇ ਉਸ ਦੇ ਲਈ ਸਾਡੇ ਲੋਕ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੁੰਦੇ ਹਨ। ਅਜਿਹੇ ਮਸਲਿਆਂ ਨੂੰ ਲੈ ਕੇ ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਸਪਨਿਆਂ ਦੀ ਥਾਂ ਸੱਥਰ ਵਿਛਣ ਲੱਗੇ।


ਸੁਪਨਿਆਂ ਦੀ ਮੌਤ
ਆਸਟ੍ਰੇਲੀਆ ਵਿਚ ਇਕ ਹੋਰ ਪੰਜਾਬੀ ਨੌਜਵਾਨ ਦਾ ਕਤਲ ਹੋ ਗਿਆ। ਨਵੇਂ ਸਾਲ ਦੇ ਸ਼ੁਰੂ ਵਿਚ ਹੀ ਆਈ ਇਸ ਖ਼ਬਰ ਨੇ ਜਗਰਾਉਂ ਦੇ ਗਰਗ ਪਰਿਵਾਰ ਦੇ ਘਰ ਸੱਥਰ ਵਿਛਾ ਦਿੱਤਾ। ਇਸ ਪਰਿਵਾਰ ਦਾ 21 ਸਾਲਾ ਪੁੱਤਰ ਨਿਤਿਨ ਗਰਗ ਅਕਾਊਂਟੈਂਸੀ ਦੀ ਪੜ੍ਹਾਈ ਕਰਨ ਆਸਟ੍ਰੇਲੀਆ ਗਿਆ ਸੀ। ਇਸ ਘਟਨਾ ਤੋਂ ਇਕ ਦਿਨ ਬਾਅਦ ਹੀ ਇਕ ਹੋਰ ਮਨਹੂਸ ਖ਼ਬਰ ਆਈ ਕਿ ਪਿਛਲੇ ਸਾਲ ਦੇ ਅੰਤ 'ਤੇ ਗਰਿਫ਼ਿਬ ਵਿਚੋਂ ਮਿਲੀ ਲਾਸ਼ ਦੀ ਪਛਾਣ ਵੀ ਭਾਰਤੀ ਵਜੋਂ ਹੋਈ ਹੈ। ਸਮਝਿਆ ਜਾਂਦਾ ਹੈ ਕਿ

 ਇਹ ਲਾਸ਼ ਨਾਭਾ ਦੇ ਰਣਜੋਧ ਸਿੰਘ ਦੀ ਹੈ ਜੋ ਪਿਛਲੇ ਦਿਨਾਂ ਤੋਂ ਲਾਪਤਾ ਸੀ।
ਉਪਰੋਂ-ਥਲੀ ਵਾਪਰੀਆਂ ਇਨ੍ਹਾਂ ਘਟਨਾਵਾਂ ਕਾਰਨ ਸਮੁੱਚਾ ਦੇਸ਼ ਤੇ ਖ਼ਾਸ ਕਰਕੇ ਉਹ ਮਾਪੇ ਸਦਮੇ ਵਿਚ ਹਨ, ਜਿਨ੍ਹਾਂ ਚੰਗੇ ਭਵਿੱਖ ਦੀ ਆਸ ਵਿਚ ਆਪਣੇ ਪੁੱਤਾਂ-ਧੀਆਂ ਨੂੰ ਪੜ੍ਹਨ ਵਾਸਤੇ ਬੇਗਾਨੀ ਧਰਤੀ 'ਤੇ ਭੇਜਿਆ ਹੋਇਆ ਹੈ। ਉਹ ਆਪਣੇ ਜਿਗਰ ਦੇ ਟੋਟਿਆਂ ਦੀ ਸਲਾਮਤੀ ਵਾਸਤੇ ਦੁਆਵਾਂ ਮੰਗ ਰਹੇ ਹਨ, ਪਰ ਜਿਨ੍ਹਾਂ ਘਰਾਂ ਦੇ ਚਿਰਾਗ਼ ਸਦਾ ਲਈ ਬੁਝ ਗਏ, ਉਨ੍ਹਾਂ ਦਾ ਦੁੱਖ ਅਸਹਿ ਹੈ। ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕਿ ਖੁਸ਼ਹਾਲ ਜ਼ਿੰਦਗੀ ਦੀ ਭਾਲ ਵਿਚ ਗਏ ਉਨ੍ਹਾਂ ਦੇ ਲਾਡਲਿਆਂ ਪੱਲੇ ਮੌਤ ਪਵੇਗੀ। ਜੇ ਭੋਰਾ ਭਰ ਵੀ ਅਜਿਹਾ ਕੋਈ ਸ਼ੰਕਾ ਹੁੰਦਾ ਤਾਂ ਭਲਾ ਕਿਹੜੀ ਮਾਂ ਆਪਣੇ ਢਿੱਡ ਦੀ ਆਂਦਰ ਨੂੰ ਬਲਦੀ ਦੇ ਮੂੰਹ ਵਿਚ ਦਿੰਦੀ। ਗਰਗ ਪਰਿਵਾਰ ਨੇ ਵੀ ਨਿਤਿਨ ਵਾਸਤੇ ਕਈ ਸੁਪਨੇ ਦੇਖੇ ਸਨ। ਉਸ ਨੂੰ ਪੜ੍ਹਨ ਲਈ ਵਿਦੇਸ਼ ਭੇਜਿਆ ਸੀ। ਕੁਝ ਹੀ ਦਿਨਾਂ ਵਿਚ ਉਸ ਨੂੰ ਆਸਟ੍ਰੇਲੀਆ ਵਿਚ ਸਥਾਈ ਤੌਰ 'ਤੇ ਰਹਿਣ ਲਈ 'ਪੀ.ਆਰ.' ਮਿਲ ਜਾਣੀ ਸੀ, ਪਰ ਹੋਣੀ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਨਿਤਿਨ ਜਦੋਂ ਮੈਲਬਰਨ ਦੇ ਹੰਗਰੀ ਜੈਕਸ ਰੈਸਟੋਰੈਂਟ ਵਿਚ ਕੰਮ ਕਰਨ ਜਾ ਰਿਹਾ ਸੀ ਤਾਂ ਕੁਝ ਹਥਿਆਰਬੰਦ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਨਿਤਿਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਉਹ ਮਦਦ ਲਈ ਕੁਰਲਾਉਂਦਾ ਰਿਹਾ, ਪਰ ਕਿਸੇ ਨੇ ਉਸ ਦੀ ਸਾਰ ਨਹੀਂ ਲਈ। ਉਹ ਆਪ ਹੀ ਡਿੱਗਦਾ-ਢਹਿੰਦਾ ਤੁਰਦਾ ਗਿਆ ਤੇ ਅਖ਼ੀਰ ਰੈਸਟੋਰੈਂਟ ਕੋਲ ਜਾ ਡਿੱਗਾ। ਰੈਸਟੋਰੈਂਟ ਦੇ ਹੋਰ ਕਾਮਿਆਂ ਨੇ ਹੀ ਐਂਬੂਲੈਂਸ ਸੱਦ ਕੇ ਉਸ ਨੂੰ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ, ਪਰ ਉਸ ਦੀ ਜਾਨ ਨਹੀਂ ਬਚ ਸਕੀ।
ਨਿਤਿਨ ਦੀ ਕਿਹੜਾ ਕਿਸੇ ਨਾਲ ਕੋਈ ਦੁਸ਼ਮਣੀ ਸੀ। ਉਹ ਤਾਂ ਸਗੋਂ ਵੇਲੇ-ਕੁਵੇਲੇ ਲੋੜਵੰਦਾਂ ਦੀ ਮਦਦ ਹੀ ਕਰਦਾ ਸੀ। ਉਹ ਕਦੇ ਕਿਸੇ ਰੈਲੀ ਜਾਂ ਰੋਸ ਦਿਖਾਵੇ ਵਿਚ ਵੀ ਨਹੀਂ ਜਾਂਦਾ ਸੀ, ਕਿਉਂਕਿ ਅਜਿਹੀਆਂ ਗੱਲਾਂ ਉਸ ਨੂੰ ਪ੍ਰੇਸ਼ਾਨ ਕਰਦੀਆਂ ਸਨ। ਉਹ ਬੜੇ ਸਹਿਜ ਨਾਲ ਜ਼ਿੰਦਗੀ ਦੇ ਰਾਹ 'ਤੇ ਪੈਰ ਟਿਕਾਉਂਦਾ ਆਪਣੀ ਮੰਜ਼ਿਲ ਵੱਲ ਵਧ ਰਿਹਾ ਸੀ ਕਿ ਅਚਾਨਕ ਹੀ ਸਭ ਖ਼ਤਮ ਹੋ ਗਿਆ। ਗਰਗ ਪਰਿਵਾਰ ਦੀ ਦੁਨੀਆ ਹਨੇਰੀ ਹੋ ਗਈ ਤੇ ਨਿਤਿਨ ਨੂੰ ਹਨੇਰਾ ਨਿਗਲ ਗਿਆ। ਆਸਟ੍ਰੇਲੀਆ ਵਿਚ ਭਾਰਤੀਆਂ ਤੇ ਖ਼ਾਸ ਕਰਕੇ ਪੰਜਾਬੀ ਵਿਦਿਆਰਥੀਆਂ 'ਤੇ ਹੋਏ ਹਮਲਿਆਂ ਦੀ ਇਹ ਕੋਈ ਪਹਿਲੀ ਘਟਨਾ ਨਹੀਂ। ਪਿਛਲੇ ਸਾਲਾਂ ਦੌਰਾਨ ਅਜਿਹੇ ਹਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹਨੇਰੇ-ਸਵੇਰੇ ਕੱਲੇ-ਕਹਿਰੇ ਵਿਦਿਆਰਥੀ ਨੂੰ ਅਕਸਰ ਹੀ ਘੇਰ ਕੇ ਹਮਲੇ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਆਸਟ੍ਰੇਲੀਆ ਸਰਕਾਰ ਇਨ੍ਹਾਂ ਨੂੰ ਨਸਲੀ ਹਮਲੇ ਮੰਨਣ ਤੋਂ ਇਨਕਾਰੀ ਹੁੰਦੀ ਆ ਰਹੀ ਹੈ। ਦੂਜੇ ਪਾਸੇ ਭਾਰਤੀ ਮਾਪੇ ਇਸ ਗੱਲੋਂ ਪ੍ਰੇਸ਼ਾਨ ਹਨ ਕਿ ਬੇਗਾਨੀ ਧਰਤੀ 'ਤੇ ਪੜ੍ਹਨ ਗਏ ਉਨ੍ਹਾਂ ਦੇ ਪੁੱਤਾਂ-ਧੀਆਂ ਦੀ ਸੁਰੱਖਿਆ ਵਾਸਤੇ ਢੁੱਕਵੇਂ ਪ੍ਰਬੰਧ ਕਿਉਂ ਨਹੀਂ ਕੀਤੇ ਜਾ ਰਹੇ। ਭਾਰਤ ਸਰਕਾਰ ਵਲੋਂ ਵੀ ਇਹ ਮਾਮਲਾ ਆਸਟ੍ਰੇਲੀਆ ਦੇ ਧਿਆਨ ਵਿਚ ਲਿਆਂਦਾ ਗਿਆ ਹੈ, ਪਰ ਗੱਲ ਸ਼ਾਇਦ ਕਾਗਜ਼ੀ ਕਾਰਵਾਈਆਂ ਤੇ ਸਰਕਾਰੀ ਬਿਆਨਾਂ ਤੋਂ ਅਗਾਂਹ ਨਹੀਂ ਤੁਰ ਸਕੀ, ਕਿਉਂਕਿ ਜੇ ਸੱਚਮੁੱਚ ਹੀ ਅਜਿਹਾ ਕੁਝ ਹੋਇਆ ਹੁੰਦਾ ਤਾਂ ਇਨ੍ਹਾਂ ਹਮਲਿਆਂ ਨੂੰ ਠੱਲ੍ਹ ਪੈ ਜਾਂਦੀ। ਉਂਝ ਇਹ ਮਸਲਾ ਸਹਿਜ ਹੀ ਹੱਲ ਹੋਣ ਵਾਲਾ ਨਹੀਂ ਲੱਗਦਾ। ਇਸ ਦੀਆਂ ਜੜ੍ਹਾਂ ਵਿਚ ਆਰਥਿਕ ਤੇ ਸਭਿਆਚਾਰਕ ਕਾਰਨ ਹਨ ਤੇ ਮਹਿਜ਼ ਕਾਨੂੰਨੀ ਕਾਰਵਾਈਆਂ ਇਸ ਦਾ ਹੱਲ ਨਹੀਂ ਕੱਢ ਸਕਦੀਆਂ। ਹਮਲਿਆਂ ਦੀਆਂ ਇਹ ਘਟਨਾਵਾਂ ਭਾਵੇਂ ਚਾਣਚੱਕ ਹੀ ਵਧੀਆਂ ਹਨ, ਪਰ ਇਨ੍ਹਾਂ ਦੀ ਸ਼ੁਰੂਆਤ ਇਕ ਦਿਨ ਵਿਚ ਹੀ ਨਹੀਂ ਹੋ ਗਈ।
ਆਸਟ੍ਰੇਲੀਆ ਦੇ ਕਾਨੂੰਨੀ ਮਾਹਰਾਂ ਦਾ ਮੰਨਣਾ ਹੈ ਕਿ ਸਰਕਾਰ ਭਾਰਤੀ ਵਿਦਿਆਰਥੀਆਂ ਦੀਆਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਵਾਸਤੇ ਕਦਮ ਚੁੱਕ ਰਹੀ ਹੈ, ਪਰ ਵਿਦਿਆਰਥੀਆਂ ਨੂੰ ਵੀ ਇਸ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਆਸਟ੍ਰੇਲੀਆ ਸਰਕਾਰ ਵਲੋਂ ਭਾਰਤ ਨੂੰ ਵੀ ਇਹੋ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਹਰ ਪ੍ਰਬੰਧ ਕੀਤਾ ਜਾਵੇਗਾ, ਪਰ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਸਟ੍ਰੇਲੀਆ ਦੇ ਕਾਨੂੰਨ ਅਤੇ ਸਭਿਆਚਾਰ ਨੂੰ ਸਮਝਣ ਤੇ ਕਾਨੂੰਨ ਦੀ ਉਲੰਘਣਾ ਨਾ ਕਰਨ। ਇਥੇ ਦੱਸਣਯੋਗ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਸਭ ਤੋਂ ਵੱਧ ਕੇਸ ਪੰਜਾਬੀ ਵਿਦਿਆਰਥੀਆਂ 'ਤੇ ਹੀ ਦਰਜ ਹੋ ਰਹੇ ਹਨ। ਹਾਲ ਹੀ ਵਿਚ ਆਸਟ੍ਰੇਲੀਆ ਤੋਂ ਚੰਡੀਗੜ੍ਹ ਆਏ ਬੈਰਿਸਟਰ ਗੁਰਪਾਲ ਸਿੰਘ, ਜੋ ਕਿ ਮੈਲਬਰਨ ਵਿਚ ਹੀ ਵਕਾਲਤ ਕਰਦੇ ਹਨ, ਨੇ ਇਹ ਦਾਅਵਾ ਕੀਤਾ ਹੈ ਕਿ ਭਾਰਤੀ ਵਿਦਿਆਰਥੀ ਆਮ ਤੌਰ 'ਤੇ ਕਾਨੂੰਨ ਦੀ ਪਾਲਣਾ ਨਹੀਂ ਕਰਦੇ। ਉਹ ਅਕਸਰ ਹੀ ਟ੍ਰੈਫ਼ਿਕ ਨਿਯਮ ਤੋੜਦੇ ਹਨ। ਇਸ ਤੋਂ ਇਲਾਵਾ ਆਰਥਿਕ ਥੁੜਾਂ ਦੇ ਮਾਰੇ ਇਹ ਵਿਦਿਆਰਥੀ ਕਈ ਵਾਰ ਬਿਨ੍ਹਾਂ ਕਿਰਾਇਆ ਦਿੱਤਿਆਂ ਹੀ ਮਕਾਨ ਛੱਡ ਦਿੰਦੇ ਹਨ ਤੇ ਕਿਧਰੇ ਹੋਰ ਜਾ ਕੇ ਰਹਿਣ ਲੱਗ ਪੈਂਦੇ ਹਨ। ਅਜਿਹੀਆਂ ਗੱਲਾਂ ਉਥੋਂ ਦੇ ਮੂਲ ਵਾਸੀਆਂ ਨੂੰ ਨਾ-ਗਵਾਰ ਹਨ ਤੇ ਉਨ੍ਹਾਂ ਦੀ ਨਜ਼ਰ ਵਿਚ ਭਾਰਤੀ ਵਿਦਿਆਰਥੀਆਂ ਦਾ ਅਕਸ ਖ਼ਰਾਬ ਹੋ ਰਿਹਾ ਹੈ। ਉਥੋਂ ਦੀ ਤਰਜ਼ੇ-ਜ਼ਿੰਦਗੀ ਅਨੁਸਾਰ ਭਾਰਤੀ ਵਿਦਿਆਰਥੀ ਆਪਣੇ-ਆਪ ਨੂੰ ਨਹੀਂ ਢਾਲ ਰਹੇ ਤੇ ਇਹ ਗੱਲ ਵੀ ਕਈ ਸਮੱਸਿਆਵਾਂ ਨੂੰ ਜਨਮ ਦੇ ਰਹੀ ਹੈ। ਆਸਟ੍ਰੇਲੀਆ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਇਹ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਵਿੱਦਿਆ ਹਾਸਲ ਕਰਨ ਵਾਸਤੇ ਉਥੇ ਆਉਣ ਤੋਂ ਪਹਿਲਾਂ ਭਾਰਤੀ ਵਿਦਿਆਰਥੀ ਉਥੋਂ ਦੇ ਸਭਿਆਚਾਰ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰਨ। ਅਜਿਹੀ ਜਾਣਕਾਰੀ ਦੇਣ ਦੀ ਜ਼ਿੰਮੇਵਾਰੀ ਉਨ੍ਹਾਂ ਹੀ ਵਿਦਿਅਕ ਸੰਸਥਾਵਾਂ ਨੂੰ ਸੌਂਪੀ ਗਈ ਹੈ, ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲੇ ਦਿੰਦੀਆਂ ਹਨ। ਇਨ੍ਹਾਂ ਸੰਸਥਾਵਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਪ੍ਰਾਸਪੈਕਟਸ ਦੇ ਨਾਲ ਹੀ ਆਸਟ੍ਰੇਲੀਆ ਦੇ ਸਭਿਆਚਾਰ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਉਣ। ਇਸ ਤੋਂ ਇਲਾਵਾ ਆਸਟ੍ਰੇਲੀਆ ਵਲੋਂ ਆਪਣੇ ਵਿਸ਼ੇਸ਼ ਵਫ਼ਦ ਵੀ ਭਾਰਤ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਮਾਪਿਆਂ ਦੇ ਦਿਲ ਵਿਚੋਂ ਇਹ ਡਰ ਕੱਢਿਆ ਜਾ ਸਕੇ ਕਿ ਸਰਕਾਰ ਵਿਦਿਆਰਥੀਆਂ ਦੀ ਸੁਰੱਖਿਆ ਬਾਰੇ ਚਿੰਤਤ ਨਹੀਂ।
ਹਾਲਾਂਕਿ ਇਨ੍ਹਾਂ ਸਾਰੇ ਪ੍ਰਬੰਧਾਂ ਦੇ ਹੁਣ ਤੱਕ ਕੋਈ ਵਿਸ਼ੇਸ਼ ਸਿੱਟੇ ਸਾਹਮਣੇ ਨਹੀਂ ਆਏ। ਸਮੱਸਿਆ ਹੱਲ ਹੋਣ ਦੀ ਬਜਾਏ ਵੱਧਦੀ ਜਾ ਰਹੀ ਹੈ। ਦਰਅਸਲ ਗੱਲ ਇੰਨੀ ਸਿੱਧੀ ਨਹੀਂ ਜਿਵੇਂ ਕਿ ਪੇਸ਼ ਕੀਤੀ ਜਾ ਰਹੀ ਹੈ।
ਨਾ ਹੀ ਆਸਟ੍ਰੇਲੀਆ ਸਰਕਾਰ ਤੇ ਨਾ ਹੀ ਵਿਦਿਆਰਥੀ ਇਸ ਜ਼ਿੰਮੇਵਾਰੀ ਤੋਂ ਮੁਕਤ ਹੋ ਸਕਦੇ ਹਨ। ਜਿਥੇ ਆਸਟ੍ਰੇਲੀਆ ਵਾਸਤੇ ਇਹ ਵਿਦੇਸ਼ੀ ਵਿਦਿਆਰਥੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸਾਬਤ ਹੋ ਰਹੇ ਹਨ, ਉਥੇ ਵਿਦਿਆਰਥੀਆਂ ਦਾ ਟੀਚਾ ਕੇਵਲ ਉਚ ਵਿੱਦਿਆ ਹਾਸਲ ਕਰਨਾ ਨਹੀਂ, ਸਗੋਂ ਕਿਸੇ ਨਾ ਕਿਸੇ ਤਰੀਕੇ ਉਥੇ ਹੀ ਵੱਸ ਜਾਣਾ ਹੈ। ਇਹ ਗੱਲ ਵਿਦਿਆਰਥੀਆਂ ਦੇ ਖੁਸ਼ਹਾਲ ਭਵਿੱਖ ਨਾਲ ਜੁੜੀ ਹੈ, ਜਿਸ ਦੀ ਭਾਲ ਵਿਚ ਉਹ ਨੋਟਾਂ ਦੇ ਥੱਬੇ ਖ਼ਰਚ ਕੇ ਆਸਟ੍ਰੇਲੀਆ ਪਹੁੰਚਦੇ ਹਨ। ਇਸ ਮੰਤਵ ਵਾਸਤੇ ਹੀ ਉਹ ਆਰਥਿਕ ਤੰਗੀਆਂ-ਤੁਰਸ਼ੀਆਂ ਤੇ ਹੋਰ ਵਧੀਕੀਆਂ ਝੱਲਦੇ ਹੋਏ ਉਥੇ ਦਿਨ-ਕਟੀ ਕਰਦੇ ਹਨ ਤੇ ਉਮੀਦ ਰੱਖਦੇ ਹਨ ਕਿ ਇਕ ਦਿਨ ਉਨ੍ਹਾਂ ਨੂੰ ਸਥਾਈ ਤੌਰ 'ਤੇ ਰਹਿਣ ਦੀ ਆਗਿਆ ਮਿਲ ਜਾਵੇਗੀ। ਜਦੋਂ ਇਹ ਵਿਦਿਆਰਥੀ ਉਥੇ ਪੜ੍ਹਨ ਜਾਣ ਜਾਂ ਉਥੇ ਵੱਸ ਜਾਣ ਦਾ ਸੁਪਨਾ ਲੈਂਦੇ ਹਨ ਤਾਂ ਉਹ ਅਕਸਰ ਹੀ ਉਨ੍ਹਾਂ ਦੁਸ਼ਵਾਰੀਆਂ ਤੋਂ ਅਣਜਾਣ ਹੁੰਦੇ ਹਨ, ਜਿਨ੍ਹਾਂ ਨਾਲ ਉਥੇ ਉਨ੍ਹਾਂ ਦਾ ਵਾਹ ਪੈਣਾ ਹੁੰਦਾ ਹੈ। ਇਥੇ ਜਦੋਂ ਉਹ ਆਸਟ੍ਰੇਲੀਆ ਜਾਣ ਵਾਸਤੇ ਕਿਸੇ ਏਜੰਟ ਨਾਲ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਸਭ ਚੰਗਾ-ਚੰਗਾ ਹੀ ਦੱਸਿਆ ਜਾਂਦਾ ਹੈ। ਏਜੰਟਾਂ ਵਾਸਤੇ ਇਹ ਮਹਿਜ਼ ਇਕ ਕਾਰੋਬਾਰ ਹੈ, ਜਿਸ ਵਿਚ ਉਨ੍ਹਾਂ ਦਾ ਟੀਚਾ ਵੱਧ ਤੋਂ ਵੱਧ ਕਮਾਈ ਕਰਨਾ ਹੈ। ਇਹ ਏਜੰਟ ਇਹੋ ਯਤਨ ਕਰਦੇ ਹਨ ਕਿ ਉਹ ਵੱਧ ਤੋਂ ਵੱਧ 'ਗਾਹਕ' ਬਣਾਉਣ ਤੇ ਇਸ ਧੰਦੇ ਵਿਚੋਂ ਮੋਟੀ ਕਮਾਈ ਕਰਨ, ਭਾਵੇਂ ਉਨ੍ਹਾਂ ਨੂੰ ਇਸ ਵਾਸਤੇ ਕਿਸੇ ਝੂਠ ਨੂੰ ਸੱਚ ਕਿਉਂ ਨਾ ਬਣਾਉਣਾ ਪਵੇ। ਉਹ ਅਕਸਰ ਹੀ ਇਹ ਦੱਸਦੇ ਹਨ ਕਿ ਇਕ ਵਾਰੀ ਆਸਟ੍ਰੇਲੀਆ ਪਹੁੰਚ ਜਾਓ, ਫ਼ਿਰ ਕੋਈ ਦਿੱਕਤ ਨਹੀਂ, ਜਦਕਿ ਸਭ ਤੋਂ ਵੱਡੀ ਦਿੱਕਤ ਹੀ ਇਥੋਂ ਸ਼ੁਰੂ ਹੁੰਦੀ ਹੈ। ਇਹ ਏਜੰਟ ਪੜ੍ਹਾਈ ਦੇ ਨਾਂ 'ਤੇ ਵਿਦਿਆਰਥੀਆਂ ਨੂੰ ਉਥੇ ਭੇਜਦੇ ਹਨ ਅਤੇ ਦੱਸਦੇ ਹਨ ਕਿ ਕੋਈ ਵੀ ਵਿਦਿਆਰਥੀ ਉਥੇ ਵਾਧੂ ਸਮੇਂ ਵਿਚ ਕੰਮ ਕਰਕੇ ਆਪਣਾ ਖ਼ਰਚਾ ਕੱਢ ਸਕਦਾ ਹੈ। ਉਥੇ ਕੰਮ ਦੀ ਕੋਈ ਘਾਟ ਨਹੀਂ ਅਤੇ ਜੇ ਹਿੰਮਤ ਨਾਲ ਕੰਮ ਕੀਤਾ ਜਾਵੇ ਤਾਂ ਖ਼ਰਚਾ ਕੱਢਣ ਦੇ ਨਾਲ ਕੁਝ ਕਮਾਈ ਵੀ ਕੀਤੀ ਜਾ ਸਕਦੀ ਹੈ। ਇਹ ਬਿਲਕੁਲ ਨਹੀਂ ਦੱਸਿਆ ਜਾਂਦਾ ਕਿ 'ਕਮਾਈ' ਕਰਨ ਦੇ ਇਸ ਲਾਲਚ ਪਿੱਛੇ ਹੋਰ ਕੀ ਮੁਸੀਬਤਾਂ ਲੁਕੀਆਂ ਹੋਈਆਂ ਹਨ।
ਦੂਜੇ ਪਾਸੇ ਵਿਦਿਆਰਥੀਆਂ ਜਾਂ ਉਨ੍ਹਾਂ ਦੇ ਮਾਪੇ ਵੀ ਇਹ ਮੰਨ ਕੇ ਚੱਲਦੇ ਹਨ ਕਿ ਉਨ੍ਹਾਂ ਦਾ ਧੀ-ਪੁੱਤ ਇਕ ਵਾਰ ਆਸਟ੍ਰੇਲੀਆ ਪਹੁੰਚ ਜਾਵੇ ਫ਼ਿਰ ਆਪੇ 'ਸਭ ਠੀਕ' ਹੋ ਜਾਵੇਗਾ। ਇਸ ਵਿਚ ਉਨ੍ਹਾਂ ਦੀਆਂ ਆਪਣੀਆਂ ਕੁਝ ਮਜ਼ਬੂਰੀਆਂ ਵੀ ਲੁਕੀਆਂ ਹੁੰਦੀਆਂ ਹਨ। ਆਰਥਿਕ ਤੰਗੀਆਂ ਨਾਲ ਜੂਝ ਰਹੇ ਟੱਬਰ ਹੀ ਨਹੀਂ, ਸਗੋਂ ਕਈ ਸਰਦੇ-ਪੁੱਜਦੇ ਘਰ ਵੀ ਆਸਟ੍ਰੇਲੀਆ ਦੇ ਮੋਹ-ਜਾਲ ਵਿਚ ਫਸ ਜਾਂਦੇ ਹਨ। ਉਹ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਹੋਰ ਕਿਸੇ ਗੱਲ ਵੱਲ ਧਿਆਨ ਹੀ ਦੇਣਾ ਨਹੀਂ ਚਾਹੁੰਦੇ। ਦੇਖੋ-ਦੇਖੀ ਇਹ ਰੁਝਾਨ ਵੱਧ ਰਿਹਾ ਹੈ। ਇਹ ਵਿਦਿਆਰਥੀ ਤੇ ਮਾਪੇ ਇਹ ਨਹੀਂ ਸੋਚਦੇ ਕਿ ਪਿਛਲੇ ਪੰਜ ਸਾਲਾਂ ਵਿਚ ਆਸਟ੍ਰੇਲੀਆ ਵਿਚ ਪੰਜਾਬੀ ਵਿਦਿਆਰਥੀਆਂ ਦੀ ਹੀ ਗਿਣਤੀ ਤਿੰਨ ਲੱਖ ਤੋਂ ਪਾਰ ਹੋ ਚੁੱਕੀ ਹੈ। ਆਸਟ੍ਰੇਲੀਆ ਦੀ ਆਰਥਿਕਤਾ ਬਹੁਤ ਮਜ਼ਬੂਤ ਨਹੀਂ ਹੈ ਤੇ ਉਪਰੋਂ ਇੰਨੀ ਵੱਡੀ ਗਿਣਤੀ ਵਿਚ ਕਾਮੇ (ਵਿਦਿਆਰਥੀ ) ਪਹੁੰਚ ਰਹੇ ਹਨ, ਜਿਸ ਕਰਕੇ ਜਿਥੇ ਵਿਦਿਆਰਥੀਆਂ ਨੂੰ ਕੰਮ ਮਿਲਣਾ ਮੁਸ਼ਕਿਲ ਹੋ ਗਿਆ ਹੈ, ਉਥੇ ਆਸਟ੍ਰੇਲੀਆ ਦੇ ਮੂਲ ਵਾਸੀਆਂ ਵਾਸਤੇ ਵੀ ਕੰਮ ਦੇ ਮੌਕੇ ਘੱਟ ਰਹੇ ਹਨ। ਇਹ ਵਿਦਿਆਰਥੀ ਅਕਸਰ ਹੀ ਮੁਕਾਬਲਤਨ ਘੱਟ ਪੈਸਿਆਂ 'ਤੇ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਹਨ, ਜਿਸ ਕਰਕੇ ਉਥੇ ਕਾਮਿਆਂ ਦੀ ਕਦਰ ਘੱਟਦੀ ਜਾ ਰਹੀ ਹੈ ਅਤੇ ਇਸ ਦਾ ਸਭ ਤੋਂ ਵੱਧ ਸੇਕ ਉਥੋਂ ਦੇ ਮੂਲ ਵਾਸੀਆਂ ਨੂੰ ਲੱਗਾ ਹੈ।
ਰੁਜ਼ਗਾਰ ਦੇ ਮੌਕੇ ਘਟਣ ਨਾਲ ਵਿਦਿਆਰਥੀਆਂ ਦੀ ਲੁੱਟ-ਖਸੁੱਟ ਵੀ ਹੋ ਰਹੀ ਹੈ ਤੇ ਇਸ ਕੰਮ ਵਿਚ ਆਸਟ੍ਰੇਲੀਆ ਵਸੇ ਹੋਏ ਭਾਰਤੀ ਕਾਰੋਬਾਰੀਆਂ ਦੀ ਝੰਡੀ ਹੈ। ਉਥੇ ਕਿਸੇ ਵੀ ਵਿਦਿਆਰਥੀ ਨੂੰ ਡਿਗਰੀ ਲੈਣ ਲਈ 9 ਸੌ ਘੰਟਿਆਂ ਦੇ ਕੰਮ ਦਾ ਸਰਟੀਫ਼ਿਕੇਟ ਦੇਣਾ ਪੈਂਦਾ ਹੈ ਅਤੇ ਹੁਣ ਸਰਟੀਫ਼ਿਕੇਟ ਹਾਸਲ ਕਰਨ ਲਈ ਵੀ ਗਲਤ ਢੰਗ-ਤਰੀਕੇ ਅਪਣਾਏ ਜਾਂਦੇ ਹਨ। ਵਿਦਿਆਰਥੀਆਂ ਵਿਚ ਆਸਟ੍ਰੇਲੀਆ ਜਾਣ ਦੀ ਲੱਗੀ ਦੌੜ ਦਾ ਕੇਵਲ ਏਜੰਟਾਂ ਨੇ ਹੀ ਨਹੀ, ਸਗੋਂ ਉਥੋਂ ਦੀਆਂ ਕਈ ਵਿਦਿਅਕ ਸੰਸਥਾਵਾਂ ਨੇ ਵੀ ਭਰਪੂਰ ਲਾਹਾ ਲਿਆ। ਉਥੇ ਵੀ ਰਾਤੋ-ਰਾਤ ਕਈ ਅਜਿਹੀਆਂ ਵਿਦਿਅਕ ਸੰਸਥਾਵਾਂ ਖੁੱਲ੍ਹ ਗਈਆਂ, ਜਿਨ੍ਹਾਂ ਕੋਲ ਸਿੱਖਿਆ ਮੁਹੱਈਆ ਕਰਵਾਉਣ ਲਈ ਲੋੜੀਂਦਾ ਬੁਨਿਆਦੀ ਢਾਂਚਾ ਹੀ ਨਹੀਂ ਸੀ। ਅਜਿਹੀਆਂ ਸੰਸਥਾਵਾਂ ਨੇ ਏਜੰਟਾਂ ਦਾ ਕਮਿਸ਼ਨ ਵਧਾ ਦਿੱਤਾ ਅਤੇ ਵਿਦਿਆਰਥੀਆਂ ਤੋਂ ਮੋਟੀਆਂ ਫ਼ੀਸਾਂ ਵਸੂਲੀਆਂ। ਦੂਜੇ ਪਾਸੇ ਏਜੰਟਾਂ ਨੇ ਆਪਣੇ ਘਰ ਭਰਦਿਆਂ ਵਿਦਿਆਰਥੀਆਂ ਨੂੰ ਇਨ੍ਹਾਂ ਸੰਸਥਾਵਾਂ ਵਿਚ ਧੜ੍ਹਾਧੜ੍ਹ ਦਾਖ਼ਲੇ ਦਿਵਾ ਦਿੱਤੇ। ਕੁਝ ਸਾਲ ਇਹ ਗੋਰਖ਼ਧੰਦਾ ਚੱਲਦਾ ਰਿਹਾ, ਪਰ ਅਖ਼ੀਰ ਅਜਿਹੀਆਂ ਵਿਦਿਅਕ ਸੰਸਥਾਵਾਂ ਬੰਦ ਹੋ ਗਈਆਂ ਤੇ ਵਿਦਿਆਰਥੀ ਨਾ ਇਧਰ ਦੇ ਰਹੇ ਨਾ ਉਧਰ ਦੇ।
ਬਾਅਦ ਵਿਚ ਜਦੋਂ ਰੌਲਾ-ਰੱਪਾ ਪਿਆ ਤਾਂ ਸਰਕਾਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਹੋਰ ਸੰਸਥਾਵਾਂ ਵਿਚ ਦਾਖ਼ਲੇ ਦਿਵਾਏ।
ਇਸ ਸਾਰੀ ਲੁੱਟ-ਖਸੁੱਟ ਦਾ ਸ਼ਿਕਾਰ ਹੋਣ ਦੇ ਬਾਵਜੂਦ ਇਨ੍ਹਾਂ ਵਿਦਿਆਰਥੀਆਂ ਕੋਲ ਇਹ ਸਾਰੀਆਂ ਦੁਸ਼ਵਾਰੀਆਂ ਝੱਲਣ ਤੋਂ ਬਿਨ੍ਹਾਂ ਹੋਰ ਕੋਈ ਰਾਹ ਨਹੀਂ। ਉਨ੍ਹਾਂ ਦੀਆਂ ਅੱਖਾਂ ਵਿਚ ਖੁਸ਼ਹਾਲ ਭਵਿੱਖ ਦੇ ਸੁਪਨੇ ਹਨ। ਦਿਲ ਵਿਚ ਮਾੜੀ ਆਰਥਿਕਤਾ ਵਿਚੋਂ ਨਿਕਲਣ ਦਾ ਜਜ਼ਬਾ ਹੈ। ਉਹ ਆਪਣੇ ਘਰਾਂ ਦੀ ਗ਼ਰੀਬੀ ਹੂੰਝ ਦੇਣੀ ਚਾਹੁੰਦੇ ਹਨ। ਚਾਰ ਪੈਸੇ ਬਚਾਉਣ ਖਾਤਰ ਉਹ ਘੱਟ ਕਿਰਾਏ ਵਾਲੇ ਘਰਾਂ ਵਿਚ ਰਹਿਣ ਨੂੰ ਪਹਿਲ ਦਿੰਦੇ ਹਨ, ਪਰ ਅਜਿਹੀਆਂ ਸਸਤੀਆਂ ਰਿਹਾਇਸ਼ਾਂ ਸੁਰੱਖਿਆ ਪੱਖੋਂ ਕਮਜ਼ੋਰ ਖੇਤਰਾਂ ਵਿਚ ਹੀ ਲੱਭਦੀਆਂ ਹਨ। ਆਸਟ੍ਰੇਲੀਆ ਦੇ 7 ਸੂਬਿਆਂ ਵਿਚੋਂ ਕੌਮਾਂਤਰੀ ਤੇ ਖ਼ਾਸ ਕਰਕੇ ਪੰਜਾਬੀ ਵਿਦਿਆਰਥੀਆਂ ਦੀ ਸਭ ਤੋਂ ਵੱਧ ਗਿਣਤੀ ਵਿਕਟੋਰੀਆ ਸੂਬੇ ਵਿਚ ਹੀ ਹੈ, ਇਸ ਸੂਬੇ ਦਾ ਹੀ ਮੁੱਖ ਸ਼ਹਿਰ ਮੈਲਬਰਨ ਹੈ, ਜਿਥੇ ਸਿਡਨੀ ਤੋਂ ਬਾਅਦ ਪਿਛਲੇ ਤਿੰਨ ਕੁ ਸਾਲਾਂ ਵਿਚ ਵੱਡੀ ਗਿਣਤੀ ਭਾਰਤੀ/ ਪੰਜਾਬੀ ਵਿਦਿਆਰਥੀ ਪਹੁੰਚੇ ਹਨ।
ਇਸ ਸ਼ਹਿਰ ਦੇ ਹੀ ਆਲੇ-ਦੁਆਲੇ ਕੁਝ ਅਜਿਹੇ ਰਿਹਾਇਸ਼ੀ ਖੇਤਰ ਹਨ, ਜਿਨ੍ਹਾਂ ਵਿਚ ਮੁਕਾਬਲਤਨ ਕਿਰਾਇਆ ਘੱਟ ਹੈ। ਇਨ੍ਹਾਂ ਖੇਤਰਾਂ ਵਿਚ ਸਨਸਾਈਨ, ਡੈਡੀਨੌਂਗ, ਸੇਂਟ ਐਲਬਨਜ਼, ਕੌਬਲ ਪਾਰਕ, ਯਾਰਾਵਿਲੇ, ਫ਼ਰੈਂਕਸਟਨ, ਰਿੰਗਵੁੱਡ ਤੇ ਫੁਟਸਕਰੇਅ (ਜਿਥੇ ਨਿਤਿਨ 'ਤੇ ਹਮਲਾ ਹੋਇਆ) ਸ਼ਾਮਲ ਹਨ।
ਇਹ ਅਜਿਹੇ ਇਲਾਕੇ ਹਨ, ਜਿਥੇ ਆਮ ਤੌਰ 'ਤੇ ਆਸਟ੍ਰੇਲੀਆ ਦੇ ਮੂਲ ਵਾਸੀ ਰਹਿਣਾ ਪਸੰਦ ਨਹੀਂ ਕਰਦੇ। ਇਨ੍ਹਾਂ ਖੇਤਰਾਂ ਵਿਚ ਸੋਮਾਲੀ, ਇਰਾਨੀ, ਲਿਬਨਾਨੀ, ਗਰੀਕ ਜਾਂ ਅਫ਼ਗਾਨਿਸਤਾਨ ਤੋਂ ਆਏ ਸ਼ਰਨਾਰਥੀ ਰਹਿੰਦੇ ਹਨ, ਜਿਨ੍ਹਾਂ ਨੂੰ ਸਰਕਾਰ ਨੇ ਇਥੇ ਵਸਾਇਆ ਹੈ। ਇਨ੍ਹਾਂ ਸ਼ਰਨਾਰਥੀਆਂ ਵਿਚੋਂ ਕੁਝ ਅਜਿਹੇ ਹਨ ਜੋ ਨਸ਼ਿਆਂ ਦੇ ਧੰਦੇ, ਲੁੱਟਾਂ-ਖੋਹਾਂ, ਹਮਲੇ ਕਰਨ ਅਤੇ ਹੋਰ ਗੈਰ-ਕਾਨੂੰਨੀ ਕਾਰਵਾਈਆਂ ਲਈ ਬਦਨਾਮ ਹਨ। ਅਜਿਹੇ ਖੇਤਰਾਂ ਵਿਚ ਰਹਿਣਾ ਖ਼ਤਰੇ ਤੋਂ ਖਾਲੀ ਨਹੀਂ, ਪਰ ਮਜ਼ਬੂਰੀਵੱਸ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਇਥੇ ਹੀ ਰਹਿੰਦੇ ਹਨ। ਇਨ੍ਹਾਂ ਖੇਤਰਾਂ ਵਿਚ ਪੁਲਿਸ ਦੀ ਨਫ਼ਰੀ ਘੱਟ ਹੈ, ਜਿਸ ਦਾ ਫ਼ਾਇਦਾ ਗੈਰ-ਸਮਾਜੀ ਅਨਸਰ ਅਕਸਰ ਉਠਾਉਂਦੇ ਹਨ। ਉਹ ਇਕੱਲੇ-ਕਹਿਰੇ ਵਿਦਿਆਰਥੀ ਨੂੰ ਘੇਰ ਲੈਂਦੇ ਹਨ। ਉਸ ਦੀ ਕੁੱਟਮਾਰ ਕਰਦੇ ਹਨ। ਪੈਸੇ ਖੋਹ ਲੈਂਦੇ ਹਨ ਤੇ ਕਈ ਵਾਰ ਉਸ ਦੀ ਹੱਤਿਆ ਕਰ ਦਿੰਦੇ ਹਨ। ਪੁਲਿਸ ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਨੂੰ ਸੁਰੱਖਿਅਤ ਖੇਤਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਵਿਦਿਆਰਥੀਆਂ ਦੀਆਂ ਮਜ਼ਬੂਰੀਆਂ ਉਨ੍ਹਾਂ ਅੱਗੇ ਮੂੰਹ ਅੱਡ ਖੜੋਂਦੀਆਂ ਹਨ। ਪੁਲਿਸ ਇਹ ਵੀ ਸਲਾਹ ਦਿੰਦੀ ਹੈ ਕਿ ਵਿਦਿਆਰਥੀ ਹਨੇਰੇ-ਸਵੇਰੇ ਇਕੱਲੇ ਬਾਹਰ ਨਾ ਜਾਣ, ਸਫ਼ਰ ਨਾ ਕਰਨ, ਪਰ ਵਿਦਿਆਰਥੀਆਂ ਨੂੰ ਅਕਸਰ ਹੀ ਰਾਤ-ਬਰਾਤੇ ਕੰਮ 'ਤੇ ਜਾਣਾ ਪੈਂਦਾ ਹੈ।  ਵਿਦਿਆਰਥੀਆਂ ਦੀਆਂ ਇਹ ਮਜ਼ਬੂਰੀਆਂ ਭਾਵੇਂ ਉਨ੍ਹਾਂ ਨੂੰ 'ਸੌਖਾ ਸ਼ਿਕਾਰ' ਬਣਾਉਂਦੀਆਂ ਹਨ, ਪਰ ਉਨ੍ਹਾਂ ਤੋਂ ਲੱਖਾਂ ਡਾਲਰ ਕਮਾਉਣ ਵਾਲੀ ਸਰਕਾਰ ਵਿਦਿਆਰਥੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦੀ। ਕੁਝ ਵੀ ਹੋਵੇ, ਆਏ ਦਿਨ ਹੋ ਰਹੇ ਇਨ੍ਹਾਂ ਹਮਲਿਆਂ ਨੇ ਹਾਲ ਦੀ ਘੜੀ ਉਥੇ ਵੱਸਦੇ ਭਾਰਤੀ ਵਿਦਿਆਰਥੀਆਂ ਦੇ ਭਵਿੱਖ 'ਤੇ ਪ੍ਰਸ਼ਨ-ਚਿੰਨ੍ਹ ਤਾਂ ਲਗਾ ਹੀ ਦਿੱਤਾ ਹੈ।

-ਅੰਮ੍ਰਿਤਪਾਲ ਸਿੰਘ

 

ਆਸਟਰੇਲੀਆ 'ਚ ਭਾਰਤੀ ਵਿਦਿਆਰਥੀਆਂ ਦੀ ਦੁਰਦਸ਼ਾ
ਨਿਤਿਨ ਗਰਗ ਅਤੇ ਰਣਜੋਧ ਸਿੰਘ ਦੀ ਮੌਤ ਨੇ ਆਸਟ੍ਰੇਲੀਆ ਵਿਚ ਵੱਸਦੇ ਭਾਰਤੀ ਵਿਦਿਆਰਥੀਆਂ ਦੀ ਦੁਰਦਸ਼ਾ ਦਾ ਮਾਮਲਾ ਇਕ ਵਾਰ ਫ਼ਿਰ ਉਭਾਰ ਦਿੱਤਾ ਹੈ। ਲੱਖਾਂ ਰੁਪਏ ਖ਼ਰਚ ਕਰਕੇ ਬਿਹਤਰ ਭਵਿੱਖ ਦੀ ਭਾਲ ਵਿਚ ਗਏ ਇਨ੍ਹਾਂ ਵਿਦਿਆਰਥੀਆਂ ਨੂੰ ਅਜਿਹੀ ਮਾੜੀ ਹੋਣੀ ਦਾ ਸਾਹਮਣਾ ਕਰਨਾ ਪਵੇਗਾ, ਇਸ ਦਾ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ। ਸਥਿਤੀ ਦਾ ਦੁਖਦਾਈ ਪਹਿਲੂ ਇਹ ਵੀ ਹੈ ਕਿ ਬੇਗਾਨੀ ਧਰਤੀ 'ਤੇ ਹਮਲਿਆਂ ਦਾ ਸ਼ਿਕਾਰ ਹੋਣ ਵਾਲੇ ਇਨ੍ਹਾਂ ਵਿਦਿਆਰਥੀਆਂ ਦਾ ਆਖ਼ਰੀ ਵਾਰ ਮੂੰਹ ਦੇਖਣ ਲਈ ਵੀ ਕਈ ਵਾਰ ਮਾਪੇ ਤਰਸ ਜਾਂਦੇ ਹਨ। ਉਨ੍ਹਾਂ ਨੂੰ ਕਈ ਕਾਨੂੰਨੀ ਉਲਝਣਾਂ ਵਿਚੋਂ ਲੰਘਣਾ ਪੈਂਦਾ ਹੈ। ਹਾਲ ਹੀ ਵਿਚ ਨਿਤਿਨ ਦੇ ਮਾਪਿਆਂ ਨੇ ਵੀ ਆਪਣੇ ਪੁੱਤਰ ਦੀ ਲਾਸ਼ ਲੈਣ ਵਾਸਤੇ ਪ੍ਰਧਾਨ ਮੰਤਰੀ ਨੂੰ ਮਦਦ ਕਰਨ ਦੀ ਅਪੀਲ ਕੀਤੀ ਸੀ।
ਕੁਝ ਦਿਨ ਪਹਿਲਾਂ ਬ੍ਰਿਸਲੇਨ, ਆਸਟ੍ਰੇਲੀਆ 'ਚ ਇਕ ਭਾਰਤੀ ਵਿਦਿਆਰਥੀ ਦੀ ਬਰੇਨ ਹੈਮਰਜ਼ (ਦਿਮਾਗ਼ ਦੀ ਨਾੜੀ ਫ਼ੱਟਣ) ਨਾਲ ਮੌਤ ਹੋ ਗਈ। ਵੀਹ ਕੁ ਸਾਲ ਦਾ ਮੁੰਡਾ ਸੀ-ਹਰਿਆਣਾ ਤੋਂ ਇਕ ਮਹੀਨਾ ਪਹਿਲਾਂ ਹੀ ਕੁੱਕਰੀ (ਖਾਨਸਾਮਾ) ਦੀ ਪੜ੍ਹਾਈ ਕਰਨ ਆਇਆ ਸੀ।
ਜਦ ਵੀ ਕਿਸੇ ਭਾਰਤੀ ਵਿਦਿਆਰਥੀ ਦੀ ਕਿਸੇ ਕਾਰਨ ਮੌਤ ਹੋ ਜਾਵੇ ਤਾਂ ਮਸਲਾ ਇਹ ਖੜ੍ਹਾ ਹੁੰਦਾ ਹੈ ਕਿ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਰਿਵਾਰ ਕੋਲ ਭਾਰਤ ਕਿਵੇਂ ਪਹੁੰਚਾਇਆ ਜਾਵੇ। ਨਾ ਆਸਟ੍ਰੇਲੀਆ ਸਰਕਾਰ ਇਸ ਮਾਮਲੇ ਵਿਚ ਕੋਈ ਜ਼ਿੰਮੇਵਾਰੀ ਲੈਂਦੀ ਹੈ, ਤੇ ਨਾ ਹੀ ਭਾਰਤੀ ਦੂਤਾਵਾਸ। ਇਸੇ ਸਿਲਸਿਲੇ ਵਿਚ ਇਕ ਲੋਕਲ ਅਖ਼ਬਾਰ ਦੇ ਐਡੀਟਰ ਦਾ ਫ਼ੋਨ ਆਇਆ, ਪੈਸੇ ਇਕੱਠੇ ਕਰਨ ਲਈ। ਉਸ ਨੇ ਦੱਸਿਆ ਕਿ ਮੁੰਡੇ ਦੀ ਮਾਂ ਵਿਧਵਾ ਹੈ ਤੇ ਕਰਜ਼ਾ ਚੁੱਕ ਕੇ ਮੁੰਡੇ ਨੂੰ ਬਾਹਰ ਪੜ੍ਹਨ ਭੇਜਿਆ ਸੀ। ਸੁਣ ਕੇ ਮਨ ਰੋ ਉਠਿਆ। ਉਨ੍ਹਾਂ ਦੱਸਿਆ, ''ਪਿਛਲੀ ਵਾਰ ਮੁੰਡਾ ਮਰਿਆ ਸੀ ਤਾਂ ਉਸ ਦੀ ਦੇਹ ਭੇਜਣ ਲਈ 7 ਹਜ਼ਾਰ ਡਾਲਰ ਲੱਗ ਗਏ ਸਨ। ਇਸ ਵਾਰ ਕੁਝ ਕੰਪਨੀਆਂ ਨੂੰ ਫ਼ੋਨ ਕਰਕੇ 5 ਹਜ਼ਾਰ ਡਾਲਰ 'ਚ ਗੱਲ ਪੱਕੀ ਹੋ ਗਈ ਹੈ। ਸੌ-ਪੰਜਾਹ ਜਿੰਨੇ ਸਰਦੇ ਹਨ ਦੇ ਦਿਓ, ਬਹੁਤ ਲੋਕ ਮਦਦ ਕਰਨ ਲਈ ਤਿਆਰ ਹਨ। ਜੇ ਕੁਝ ਪੈਸੇ ਵਧ ਗਏ ਤਾਂ ਮੁੰਡੇ ਦੀ ਮਾਂ ਨੂੰ ਭੇਜ ਦਿਆਂਗੇ ਜਾਂ ਰੱਖ ਛੱਡਾਂਗੇ ਤੇ ਅਗਲੀ ਵਾਰ ਕੰਮ ਆਉਣਗੇ।''
ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀਆਂ ਦੀ ਦੁਰਦਸ਼ਾ ਦੀ ਇਹ ਮਹਿਜ਼ ਇਕ ਉਦਾਹਰਣ ਹੈ। ਪਿਛਲੇ ਦਿਨੀਂ ਭਾਰਤੀ ਵਿਦਿਆਰਥੀਆਂ 'ਤੇ ਹੋਏ ਨਸਲੀ ਹਮਲਿਆਂ ਦੀਆਂ ਬਹੁਤ ਖ਼ਬਰਾਂ ਆਈਆਂ। ਇਹ ਖ਼ਬਰਾਂ ਇਨ੍ਹਾਂ ਵਿਦਿਆਰਥੀਆਂ ਦੀ ਮਾਰਕੁੱਟ, ਉਨ੍ਹਾਂ ਦੀ ਸੁਰੱਖਿਆ ਅਤੇ ਨਸਲਵਾਦ ਦੀ ਸਮੱਸਿਆ ਬਾਰੇ ਸਨ, ਪਰ ਨਿੱਜੀ ਤੌਰ 'ਤੇ, ਆਸਟ੍ਰੇਲੀਆ ਵਿਚ ਰਹਿੰਦਿਆਂ ਪਿਛਲੇ ਕੁਝ ਸਾਲਾਂ 'ਚ ਇਸ ਤੋਂ ਇਲਾਵਾ ਵੀ ਉਨ੍ਹਾਂ ਵਿਦਿਆਰਥੀਆਂ ਦੀਆਂ ਬਹੁਤ ਸਮੱਸਿਆਵਾਂ ਦੇਖਣ ਵਿਚ ਆਈਆਂ ਹਨ।
ਕੁਝ ਮਹੀਨੇ ਪਹਿਲਾਂ ਇਕ ਸ਼ਾਪਿੰਗ-ਮਾਲ ਦੀ ਕਾਰ ਪਾਰਕਿੰਗ 'ਚ ਇਕ ਸਿੱਖ ਮੁੰਡਾ ਇਕੱਲਾ ਬੈਠਾ ਦੇਖ ਕੇ ਮੈਂ ਬੁਲਾ ਲਿਆ-''ਕੀ ਹਾਲ ਹੈ ਵੀਰ? ਏਥੇ ਕਿੰਨੀ ਦੇਰ ਤੋਂ! ਪੰਜਾਬ 'ਚ ਕਿਹੜੀ ਥਾਂ ਤੋਂ?...ਹੋਰ ਕਿਵੇਂ, ਜੀਅ ਲੱਗ ਗਿਆ?'' ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ, ਉਹਦੀਆਂ ਅੱਖਾਂ 'ਚ ਹੰਝੂ ਭਰ ਆਏ। ''ਉਹ ਬਈ ਕੀ ਗੱਲ ਹੋ ਗਈ?'' -ਮੈਂ ਉਹਨੂੰ ਗਲਵਕੜੀ ਪਾਈ। ਮੁੰਡਾ ਫੁਟ-ਫੁਟ ਕੇ ਰੋਅ ਪਿਆ। ਮੈਂ ਉਸ ਨੂੰ ਕਾਰ 'ਚ ਬਿਠਾ ਕੇ ਘਰ ਲੈ ਆਇਆ। ਰੋਟੀ-ਪਾਣੀ ਛਕਣ ਮਗਰੋਂ ਉਸ ਨੇ ਦੱਸਿਆ ਕਿ ਏਥੇ ਆਇਆਂ ਚਾਰ ਮਹੀਨੇ ਹੋ ਗਏ-ਕੋਈ ਕੰਮ ਨਹੀਂ ਲੱਭਾ। 'ਏਜੰਟ ਨੇ ਕਿਹਾ ਸੀ, ਇਕ ਵਾਰੀ ਉਥੇ ਪਹੁੰਚ ਜਾਓ, ਫ਼ੇਰ ਗੁਜ਼ਾਰੇ ਜੋਗੇ ਤੇ ਫ਼ੀਸ ਜੋਗੇ ਪੈਸੇ ਕਮਾਉਣੇ ਕੋਈ ਔਖੇ ਨਹੀਂ, ਪਰ ਪਹਿਲੇ ਤਿੰਨ ਮਹੀਨੇ ਕੋਈ ਕੰਮ ਨਹੀਂ ਮਿਲਿਆ। ਫ਼ੇਰ ਇਕ ਭਾਰਤੀ ਠੇਕੇਦਾਰ ਨੇ ਟਰਾਲੀਆਂ ਢੋਣ ਦਾ ਕੰਮ ਦਿੱਤਾ ਸੀ, ਪਰ ਅੱਜ ਤਿੰਨ ਹਫ਼ਤੇ ਬਾਅਦ ਬਿਨ੍ਹਾਂ ਕੋਈ ਪੈਸਾ ਦਿੱਤਿਆਂ ਕੰਮ ਤੋਂ ਕੱਢ ਦਿੱਤਾ।'
ਇਹ ਕਹਾਣੀ ਇਸ ਇਕ ਵਿਦਿਆਰਥੀ ਦੀ ਨਹੀਂ, ਬਹੁਤਿਆਂ ਦੀ ਹੈ। ਕਈਆਂ ਨੂੰ ਚੰਗੀ ਅੰਗਰੇਜ਼ੀ ਨਹੀਂ ਆਉਂਦੀ-ਸੋ ਰੈਸਟੋਰੈਂਟ ਦੇ ਵੇਟਰ ਦਾ ਜਾਂ ਟੈਕਸੀ ਡਰਾਈਵਰ ਦਾ ਕੰਮ ਮਿਲਣ ਦੀ ਕੋਈ ਉਮੀਦ ਨਹੀਂ। ਜਿਹਨੂੰ ਅੰਗਰੇਜ਼ੀ ਆਉਂਦੀ ਵੀ ਹੈ, ਆਸਟ੍ਰੇਲੀਆ ਦੇ ਲੋਕਾਂ ਦਾ ਉਚਾਰਣ (accent) ਸਮਝਣ 'ਚ ਕਈ ਮਹੀਨੇ ਲੱਗ ਜਾਂਦੇ ਹਨ। ਕੁਝ ਸਾਲ ਪਹਿਲਾਂ ਜਦੋਂ ਇਥੇ ਥੋੜ੍ਹੇ ਵਿਦਿਆਰਥੀ ਆਉਂਦੇ ਸਨ ਤਾ ਕੰਮ ਮਿਲ ਜਾਂਦਾ ਸੀ। ਹੁਣ ਜਦੋਂ ਸਿਰਫ਼ ਭਾਰਤ ਤੋਂ ਹੀ ਆਸਟ੍ਰੇਲੀਆ ਵਿਚ 96,000 ਵਿਦਿਆਰਥੀ ਹਨ ਅਤੇ ਚੀਨ ਤੋਂ ਸਵਾ ਲੱਖ, ਤਾਂ ਇੰਨਾ ਕੰਮ ਕਿਥੋਂ ਪੈਦਾ ਹੋਵੇ?
ਬਹੁਤੇ ਵਿਦਿਆਰਥੀ ਇਸ ਉਮੀਦ 'ਤੇ ਆਉਂਦੇ ਹਨ ਕਿ ਜਾ ਕੇ ਟੈਕਸੀ ਚਲਾ ਲਵਾਂਗੇ, ਪਰ ਮਾੜੀ ਅੰਗਰੇਜ਼ੀ ਤੇ ਰਸਤਿਆਂ ਦੀ ਜਾਣਕਾਰੀ ਨਾ ਹੋਣ ਕਾਰਨ ਨਵੇਂ ਆਏ ਵਿਦਿਆਰਥੀ ਟੈਕਸੀ ਡਰਾਈਵਰਾਂ ਦੀਆਂ ਬਹੁਤ ਸ਼ਿਕਾਇਤਾਂ ਆਉਂਦੀਆਂ ਹਨ। ਅਖ਼ੀਰ ਹੁਣ ਤਾਂ ਇਹ ਕਾਨੂੰਨ ਹੀ ਬਣ ਗਿਆ ਹੈ ਕਿ ਬਾਹਰਲੇ ਦੇਸ਼ ਤੋਂ ਆ ਕੇ ਇਕ ਸਾਲ ਤੱਕ ਟੈਕਸੀ ਦਾ ਲਾਇਸੰਸ ਨਹੀਂ ਮਿਲ ਸਕਦਾ। ਸੋ, ਨਵੇਂ ਵਿਦਿਆਰਥੀਆਂ ਲਈ ਟੈਕਸੀ ਦਾ ਰਾਹ ਵੀ ਮੁੱਕ ਗਿਆ।
ਟੈਕਸੀ ਡਰਾਈਵਰਾਂ 'ਤੇ ਆਸਟ੍ਰੇਲੀਆ 'ਚ ਹਮਲਿਆਂ ਦੀਆਂ ਆਮ ਹੀ ਖ਼ਬਰਾਂ ਹੁੰਦੀਆਂ ਹਨ। ਪਿਛਲੇ ਇਕ ਹਫ਼ਤੇ ਦੌਰਾਨ ਹੀ ਦੋ-ਤਿੰਨ ਅਜਿਹੀਆਂ ਖ਼ਬਰਾਂ ਆਈਆਂ ਹਨ, ਜਿਨ੍ਹਾਂ ਅਨੁਸਾਰ ਆਸਟ੍ਰੇਲੀਆ 'ਚ ਭਾਰਤੀ ਟੈਕਸੀ ਡਰਾਈਵਰਾਂ 'ਤੇ ਹਮਲੇ ਹੋਏ ਹਨ। ਇਨ੍ਹਾਂ ਹਮਲਿਆਂ ਦਾ ਇਕ ਕਾਰਨ ਭਾਰਤੀ ਟੈਕਸੀ ਡਰਾਈਵਰਾਂ ਨੂੰ ਰਸਤਿਆਂ ਦੀ ਸਹੀ ਜਾਣਕਾਰੀ ਨਾ ਹੋਣਾ ਅਤੇ ਅੰਗਰੇਜ਼ੀ ਨੂੰ ਚੰਗੀ ਤਰ੍ਹਾਂ ਬੋਲ-ਸਮਝ ਸਕਣ 'ਚ ਕਮਜ਼ੋਰੀ ਹੀ ਹੈ। ਖ਼ਾਸ ਕਰਕੇ ਸ਼ੁੱਕਰ ਅਤੇ ਸ਼ਨਿੱਚਰਵਾਰ ਨੂੰ ਸ਼ਰਾਰਤੀ ਅਨਸਰ ਵੀ ਸ਼ਰਾਬ ਪੀ ਕੇ ਜਾਂ ਹੋਰ ਨਸ਼ੇ ਕਰਕੇ ਟੈਕਸੀਆਂ 'ਚ ਸਫ਼ਰ ਕਰਦੇ ਹਨ। ਕਿਰਾਇਆ ਦੇਣਾ ਤਾਂ ਦੂਰ, ਇਹ ਟੈਕਸੀ ਡਰਾਈਵਰ ਦੀ ਲੁੱਟ-ਖਸੁੱਟ ਵੀ ਕਰਦੇ ਹਨ। ਇਸੇ ਕਰਕੇ ਡਰਾਈਵਰ ਸਿਰਫ਼ ਦਿਨ ਵੇਲੇ ਹੀ ਟੈਕਸੀ ਚਲਾਉਣਾ ਪਸੰਦ ਕਰਦੇ ਹਨ, ਪਰ ਵਿਦਿਆਰਥੀਆਂ ਨੂੰ ਸਿਰਫ਼ ਰਾਤ ਦੀ ਹੀ ਸ਼ਿਫ਼ਟ ਮਿਲਦੀ ਹੈ। ਤਿੰਨ ਸਾਲ ਪਹਿਲਾਂ ਇਕ ਗੋਰੇ ਨੇ ਐਂਫ਼ੀਟਾਮੀਨ ਦੇ ਨਸ਼ੇ 'ਚ ਟੁੰਨ ਹੋ ਕੇ ਇਕ ਪੰਜਾਬੀ ਵਿਦਿਆਰਥੀ ਟੈਕਸੀ ਡਰਾਈਵਰ ਤੋਂ ਚੱਲਦੀ ਟੈਕਸੀ 'ਚ ਸਟੇਅਰਿੰਗ ਖੋਹ ਕੇ ਉਸ ਨੂੰ ਬਾਹਰ ਧੱਕਾ ਦੇ ਦਿੱਤਾ ਸੀ। ਇਕ ਦਿਨ ਹਸਪਤਾਲ 'ਚ ਰਹਿਣ ਤੋਂ ਬਾਅਦ ਮੁੰਡੇ ਨੇ ਦਮ ਤੋੜ ਦਿੱਤਾ ਸੀ। ਟੈਲੀਵਿਜ਼ਨ 'ਤੇ ਖ਼ਬਰਾਂ ਵਿਚ ਵਾਰ-ਵਾਰ ਵਿਖਾਈ ਤਸਵੀਰ ਅਜੇ ਵੀ ਅੱਖਾਂ ਅੱਗੇ ਘੁੰਮਦੀ ਹੈ। ਇਨ੍ਹਾਂ ਮੁੰਡਿਆਂ ਨੂੰ ਕਹੀਦਾ ਹੈ ਕਿ ਰਾਤ ਦੀਆਂ ਸ਼ਿਫ਼ਟਾਂ ਨਾ ਲਓ ਤਾਂ ਕਹਿੰਦੇ ਹਨ ਹੋਰ ਕੀ ਕਰੀਏ? ਗੱਲ ਵੀ ਠੀਕ ਹੈ, ਜੇ ਹੋਰ ਕੋਈ ਕੰਮ ਨਹੀਂ ਮਿਲਦਾ ਤਾਂ ਕੁਝ ਤਾਂ ਕਰਨਾ ਹੀ ਪਵੇਗਾ।
ਕੁੜੀਆਂ ਲਈ ਤਾਂ ਹੋਰ ਵੀ ਔਖਾ ਹੈ। ਚੰਗੇ ਘਰਾਂ ਦੀਆਂ ਕੁੜੀਆਂ ਰੈਸਟੋਰੈਂਟਾਂ 'ਚ ਭਾਂਡੇ ਮਾਂਜਦੀਆਂ ਹਨ ਜਾਂ ਲੋਕਾਂ ਦੇ ਘਰਾਂ 'ਚ ਸਫ਼ਾਈਆਂ ਕਰਦੀਆਂ ਹਨ। ਆਸਟ੍ਰੇਲੀਆ 'ਚ ਇਨ੍ਹਾਂ ਕੰਮਾਂ ਨੂੰ ਮਾੜਾ ਨਹੀਂ ਸਮਝਿਆ ਜਾਂਦਾ। ਦੁੱਖ ਦੀ ਗੱਲ ਇਹ ਹੈ ਕਿ ਇਹ ਕੰਮ ਵੀ ਮੁਸ਼ਕਲ ਨਾਲ ਮਿਲਦੇ ਹਨ। ਦੂਜਾ, ਮਾਲਕ/ਠੇਕੇਦਾਰ ਵਿਦਿਆਰਥੀਆਂ ਨੂੰ ਖ਼ਰਾਬ ਕਰਦੇ ਹਨ।
ਆਸਟ੍ਰੇਲੀਆ ਵਿਚ ਕਿਸੇ ਵੀ ਕੰਮ ਦੇ ਕਾਨੂੰਨੀ ਤੌਰ 'ਤੇ ਇਕ ਘੰਟੇ ਦੇ 13 ਡਾਲਰ ਤੋਂ ਘੱਟ ਨਹੀਂ ਦੇ ਸਕਦੇ, ਪਰ ਇਨ੍ਹਾਂ ਵਿਦਿਆਰਥੀਆਂ ਨਾਲ ਕਿਹੜਾ ਕੋਈ ਲਿਖਾ-ਪੜ੍ਹੀ ਕਰਦਾ ਹੈ? ਘੰਟੇ ਦੇ 8 ਡਾਲਰ ਦੇਣ ਨੂੰ ਮੰਨਦੇ ਹਨ ਤੇ ਫ਼ੇਰ ਚਾਰ ਘੰਟੇ ਦੇ ਪੈਸੇ ਦੇ ਕੇ 6-7 ਘੰਟੇ ਕੰਮ ਕਰਾਉਂਦੇ ਹਨ। ਰਾਤ ਨੂੰ 10-11 ਵਜੇ ਵਿਹਲੇ ਹੋ ਕੇ ਜਦੋਂ ਇਹ ਮੁੰਡੇ-ਕੁੜੀਆਂ ਤੁਰ ਕੇ ਜਾਂ ਬੱਸ/ਰੇਲ ਗੱਡੀ 'ਚ ਇਕੱਲੇ ਘਰ ਜਾਂਦੇ ਹਨ ਤਾਂ ਲੁਟੇਰੇ ਲੁੱਟ-ਖਸੁੱਟ ਕਰਦੇ ਹਨ। ਭਾਰਤੀ ਵਿਦਿਆਰਥੀਆਂ ਦੀ ਮਾਰਕੁੱਟ ਦੀਆਂ ਇੰਨੀਆਂ ਘਟਨਾਵਾਂ ਹੋਈਆਂ ਹਨ ਕਿ ਇਸ ਵਿਚ ਨਸਲੀ ਪੱਖ ਤਾਂ ਪ੍ਰਤੱਖ ਹੀ ਹੈ, ਪਰ ਆਰਥਿਕ ਪੱਖ ਵੀ ਬਹੁਤ ਮਹੱਤਵਪੂਰਨ ਹੈ। ਵਿਦਿਆਰਥੀਆਂ ਨੂੰ ਆਮ ਤੌਰ 'ਤੇ ਮਾੜੇ ਇਲਾਕਿਆਂ 'ਚ ਰਹਿਣਾ ਪੈਂਦਾ ਹੈ, ਜਿਥੇ ਕਿਰਾਏ ਘੱਟ ਹੋਣ, ਪਰ ਇਨ੍ਹਾਂ ਇਲਾਕਿਆਂ 'ਚ ਗ਼ਰੀਬੀ, ਅਨਪੜ੍ਹਤਾ, ਨਸ਼ੇਬਾਜ਼ੀ ਤੇ ਜ਼ੁਰਮ ਵੱਧ ਹੁੰਦਾ ਹੈ। ਵਿਦਿਆਰਥੀਆਂ ਦੀ ਮਾਰਕੁੱਟ ਦੀਆਂ ਲਗਭਗ ਸਾਰੀਆਂ ਘਟਨਾਵਾਂ ਰਾਤ-ਬਰਾਤੇ, ਇਕੱਲੇ-ਦੁਕੱਲੇ, ਇਨ੍ਹਾਂ ਮਾੜੇ ਇਲਾਕਿਆਂ 'ਚ ਹੋਈਆਂ।
ਵਿਦਿਆਰਥੀਆਂ ਦੀ ਰਿਹਾਇਸ਼ ਦੀ ਵੀ ਅਲੱਗ ਹੀ ਕਹਾਣੀ ਹੈ। ਕੁਝ ਦਿਨ ਪਹਿਲਾਂ ਇਕ ਵਿਦਿਆਰਥੀ ਨਾਲ ਉਸ ਦੇ ਘਰ ਗਿਆ। ਚਾਰ ਕਮਰਿਆਂ ਵਾਲੇ ਕਿਰਾਏ ਦੇ ਘਰ 'ਚ 11 ਜਣੇ ਰਹਿੰਦੇ ਹਨ (ਕਾਗਜ਼ੀ ਤੌਰ 'ਤੇ ਚਾਰਾਂ ਦਾ ਹੀ ਨਾਂ ਹੈ) ਉਨ੍ਹਾਂ 'ਚ ਤਿੰਨ ਵਿਆਹੇ/ ਅਣਵਿਆਹੇ ਜੋੜੇ ਹਨ, ਜਿਹੜੇ ਤਿੰਨ ਕਮਰਿਆਂ 'ਚੋਂ ਇਕ ਕਮਰੇ 'ਚ ਹਨ। ਇਕ ਕਮਰੇ 'ਚ ਦੋ ਕੁੜੀਆਂ ਹਨ ਤੇ ਬਾਕੀ ਤਿੰਨ ਮੁੰਡੇ ਬੈਠਕ 'ਚ ਸੋਫ਼ਿਆਂ 'ਤੇ ਜਾਂ ਜ਼ਮੀਨ 'ਤੇ ਸੌਂਦੇ ਹਨ। ਇਕ ਸਾਂਝੀ ਰਸੋਈ, ਸਾਂਝਾ ਫ਼ਰਿੱਜ, ਦੋ ਬਾਥਰੂਮ ਤੇ ਗਿਆਰਾਂ ਜਣੇ। ਇਸ                     
(ਬਾਕੀ ਸਫ਼ਾ 06 'ਤੇ)

 

ਕੀ ਆਸਟਰੇਲੀਆ 'ਚ ਭਾਰਤੀਆਂ 'ਤੇ ਹਮਲਿਆਂ ਦਾ ਕਾਰਨ ਬਜ਼ਾਰਵਾਦ ਤਾਂ ਨਹੀਂ?
ਆਸਟਰੇਲੀਆ 'ਚ ਭਾਰਤੀ ਵਿਦਿਆਰਥੀਆਂ 'ਤੇ ਹੋ ਰਹੇ ਹਮਲੇ ਨੂੰ ਮੀਡੀਆ ਖ਼ਾਸ ਕਰਕੇ ਭਾਰਤੀ ਮੀਡੀਆ ਨੇ ਨਸਲੀ ਹਮਲਿਆਂ ਵਜੋਂ ਪੇਸ਼ ਕੀਤਾ ਹੈ। ਇਸ ਪਾਸੇ ਕਿਸੇ ਦਾ ਧਿਆਨ ਹੀ ਨਹੀਂ ਜਾ ਰਿਹਾ ਕਿ ਹਾਲ ਦੇ ਸਾਲਾਂ ਵਿਚ ਆਸਟ੍ਰੇਲੀਆਈ ਸਿੱਖਿਆ ਨੂੰ ਭਾਰਤ 'ਚ ਕਿਸੇ ਜਿਣਸ ਵਾਂਗੂੰ ਵੇਚਿਆ ਗਿਆ। ਕਿਸੇ ਅਨਾਜ ਵਾਂਗੂੰ। ਇਹੀ ਵਜ੍ਹਾ ਹੈ ਕਿ ਵਿਦੇਸ਼ੀ ਸਿੱਖਿਆ ਲਈ ਲਲਚਾਉਂਦੇ ਵਿਦਿਆਰਥੀਆਂ ਨੂੰ ਭਰਮਾਉਣ ਦੇ ਇਰਾਦੇ ਨਾਲ ਆਸਟਰੇਲੀਆ 'ਚ ਸਿੱਖਿਆ ਸੰਸਥਾਵਾਂ ਖੁੰਭਾਂ ਵਾਂਗੂੰ ਪਣਪ ਰਹੀਆਂ ਹਨ ਅਤੇ ਇਨ੍ਹਾਂ 'ਚ ਦਾਖਲੇ ਸਬੰਧੀ ਕੋਈ ਨਿਯਮ ਕਾਨੂੰਨ ਨਹੀਂ ਹੈ, ਨਾ ਹੀ ਵਿਦਿਆਰਥੀਆਂ ਦੀ ਯੋਗਤਾ ਨੂੰ ਜਾਚਣ ਪਰਖਣ ਦਾ ਪੁਖ਼ਤਾ ਇੰਤਜ਼ਾਮ। ਦਰਅਸਲ ਇਸ ਵਿਵਸਥਾ ਨੇ ਅਧਿਐਨ ਤੇ ਪ੍ਰਵਾਸਨ ਦੇ ਨਾਕਾਰਾਤਮਕ ਗੱਠਜੋੜ ਨੂੰ ਜਨਮ ਦਿੱਤਾ ਹੈ ਵਰਨਾ ਸੁਆਲ ਹੈ ਕਿਉਂ ਕਿਸੇ ਪਿੰਡ ਦਾ ਲੜਕਾ 30 ਹਜ਼ਾਰ ਡਾਲਰ ਖਰਚ ਕਰਕੇ ਆਸਟਰੇਲੀਆ ਪੜ੍ਹਨ ਆਵੇਗਾ? ਉਹ ਵੀ ਸਿਰਫ਼ ਵਾਲ ਕਟਾਈ ਜਾਂ ਫਿਰ ਅਜਿਹੇ ਹੀ ਕਿਸੇ ਸਿਲੇਬਸ ਲਈ ਜਿਸ ਦੀ ਨਾ ਭਾਰਤ 'ਚ ਵੁੱਕਤ ਹੈ ਅਤੇ ਨਾ ਹੀ ਰੁਜ਼ਗਾਰ ਦਾ ਕੋਈ ਵੱਡਾ ਮੌਕਾ।
ਆਸਟਰੇਲੀਆ ਵਿਚ ਪੇਸ਼ੇਵਰ ਸਲੇਬਸ ਚਲਾਉਣ ਵਾਲੀਆਂ ਅਜਿਹੀਆਂ ਕਈ ਸੰਸਥਾਵਾਂ ਦੇ ਵਿਦਿਆਰਥੀਆਂ ਦੀ ਕੋਰਸ 'ਚ ਥੋੜ੍ਹੀ ਬਹੁਤ ਦਿਲਚਸਪੀ ਹੈ ਜਾਂ ਫਿਰ ਬਿਲਕੁਲ ਹੀ ਨਹੀਂ, ਸਭ ਦਾ ਇਕ ਹੀ ਮਕਸਦ ਹੈ ਵੱਧ ਤੋਂ ਵੱਧ ਨੰਬਰ (ਆਸਟਰੇਲੀਆਈ ਕਾਨੂੰਨ ਦੇ ਤਹਿਤ ਨਾਗਰਿਕਤਾ ਹਾਸਲ ਕਰਨ ਲਈ) ਹਾਸਲ ਕਰਕੇ ਇਸ ਮੁਲਕ ਦੇ ਸਥਾਈ ਨਾਗਰਿਕ ਬਣ ਜਾਣ। ਆਸਟ੍ਰੇਲੀਆਈ ਕਾਨੂੰਨ ਦੇ ਤਹਿਤ ਕੋਈ ਵਿਅਕਤੀ ਅਪ੍ਰਵਾਸਨ ਪ੍ਰੋਗਰਾਮ ਤਹਿਤ ਅਰਜ਼ੀ ਦਿੰਦਾ ਹੈ ਤਾਂ ਵਾਜਿਬ ਯੋਗਤਾ ਦਿਖਾਉਣ ਦੇ ਨਾਲ ਪਿੱਛੇ ਜਿਹੇ ਆਸਟਰੇਲੀਆ 'ਚ 12 ਮਹੀਨੇ ਦਾ ਪੂਰੇ ਸਮੇਂ ਦਾ ਰੁਜ਼ਗਾਰ ਵੀ ਸਾਬਤ ਕਰਨਾ ਹੁੰਦਾ ਹੈ। ਜਦਕਿ ਦੋ ਸਾਲ ਆਸਟਰੇਲੀਆ ਵਿਚ ਪੜ੍ਹਨ ਪਿੱਛੋਂ ਰੁਜ਼ਗਾਰ ਦੀ ਇਹ ਸ਼ਰਤ ਲਾਗੂ ਨਹੀਂ ਹੁੰਦੀ ਤੇ ਵਿਦਿਆਰਥੀ ਨੂੰ ਆਸਟਰੇਲੀਆ ਦੇ ਸਥਾਈ ਨਾਗਰਿਕ ਦਾ ਦਰਜਾ ਹਾਸਲ ਹੋ ਜਾਂਦਾ ਹੈ। ਇਸ ਦੀ ਗੱਲ ਦੀ ਵੀ ਉਸਨੂੰ ਛੋਟ ਹੁੰਦੀ ਹੈ, ਕਿ ਉਹ ਚਾਹੇ ਤਾਂ ਸਬੰਧਤ ਸਲੇਬਸ ਦੇ ਖੇਤਰ ਵਿਚ ਕੰਮ ਨਾ ਵੀ ਕਰੇ। ਸਾਫ਼ ਹੈ ਕਿ ਸਲੇਬਸ ਦਾ ਰੁਜ਼ਗਾਰ ਨਾਲ ਕੋਈ ਤੁਅਲਕ ਨਹੀਂ ਹੈ।
ਇਕ ਅਧਿਐਨ ਅਨੁਸਾਰ ਭਾਰਤ ਤੋਂ ਆਉਣ ਵਾਲੇ 70 ਫ਼ੀਸਦੀ ਤੋਂ ਵੱਧ ਵਿਦਿਆਰਥੀ ਪ੍ਰਵਾਸੀ ਹਨ ਅਤੇ ਇੱਥੇ ਸਥਾਈ ਨਾਗਰਿਕਤਾ ਹਾਸਲ ਕਰਨ ਦੇ ਮਕਸਦ ਨਾਲ ਆਏ ਹੋਏ ਹਨ। ਦਰੁਸਤ ਹੈ ਕਿ ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ ਭਾਰੀ ਗਿਣਤੀ 'ਚ ਪੜ੍ਹਨ ਜਾ ਰਹੇ ਹਨ। ਬਾਵਜੂਦ ਇਸਦੇ ਭਾਰਤ ਦੀਆਂ ਪ੍ਰਤਿਭਾਵਾਂ ਅੱਜ ਵੀ ਉਸ ਸਿੱਖਿਆ ਲਈ ਅਮਰੀਕਾ ਤੇ ਬ੍ਰਿਟੇਨ ਵੱਲ ਹੀ ਆਪਣਾ ਰੁਖ ਕਰਨਾ ਪਸੰਦ ਕਰਦੀਆਂ ਹਨ। ਉਥੇ ਦਾਖਲੇ ਲਈ ਵੱਧ ਸਖ਼ਤ ਇਮਤਿਹਾਨ ਪਾਸ ਕਰਨਾ ਪੈਂਦਾ ਹੈ, ਜੋ ਇਨ੍ਹਾਂ ਦੇਸ਼ਾਂ ਵਿਚ ਪੜ੍ਹਾਈ ਦੀ ਗੁਣਵੰਣਤਾ ਵੀ ਤੈਅ ਕਰਦੀ ਹੈ ਜਦ ਕਿ ਆਸਟਰੇਲੀਆ ਆਉਣ ਵਾਲੇ 70 ਫ਼ੀਸਦੀ ਭਾਰਤੀ ਵਿਦਿਆਰਥੀ ਪੇਸ਼ਾਵਰ ਸਲੇਬਸਾਂ 'ਚ ਦਾਖਲਾ ਲੈਂਦੇ ਹਨ ਜਿੱਥੇ 'ਤੁਸੀਂ ਜਦ ਤੱਕ ਫੀਸ ਦੇ ਸਕਦੇ ਹੋ, ਬਣੇ ਰਹਿ ਸਕਦੇ ਹੋ' ਦਾ ਸਿਧਾਂਤ ਲਾਗੂ ਹੁੰਦਾ ਹੈ। ਇਨ੍ਹਾਂ ਪੇਸ਼ਾਵਰ ਸਲੇਬਸਾਂ ਤੇ ਭਾਰਤੀ ਵਿਦਿਆਰਥੀਆਂ ਦੀ ਵਜ੍ਹਾ ਨਾਲ ਅੱਜ ਵੀ ਤਰੀਕ ਵਿਚ ਆਸਟਰੇਲੀਆ ਦੁਨੀਆ ਦਾ ਤੋਂ ਵੱਡਾ ਸਿੱਖਿਆ ਦਾ ਬਰਾਮਦਕਾਰ ਮੁਲਕ ਬਣ ਚੁੱਕਿਆ ਹੈ। ਜਿਸ ਨਾਲ ਉਸ ਨੂੰ ਸਾਲ 'ਚ 16 ਅਰਬ ਡਾਲਰ ਦੀ ਕਮਾਈ ਹੋ ਰਹੀ ਹੈ।
ਆਸਟਰੇਲੀਆਈ ਨਾਗਰਿਕਤਾ ਪਾਉਣ ਲਈ ਭਾਰਤੀ ਵਿਦਿਆਰਥੀ ਦੀ ਵਧਦੀ ਲਲਕ ਦਾ ਸੰਕੇਤ ਉਥੇ ਲਗਾਤਾਰ ਵਧਦੇ ਭਾਰਤੀ ਵਿਦਿਆਰਥੀ ਦੀ ਗਿਣਤੀ ਤੋਂ ਲੱਗਦਾ ਹੈ। ਸੰਨ 2008 ਵਿਚ ਦੂਜੇ ਮੁਲਕਾਂ ਤੋਂ ਆਸਟਰੇਲੀਆ ਪੜ੍ਹਨ ਆਏ ਵਿਦਿਆਰਥੀਆਂ ਦੀ ਗਿਣਤੀ 17.3 ਸੀ, ਇਨ੍ਹਾਂ ਵਿਚੋਂ 75.5 ਫੀਸਦੀ ਲੜਕੇ ਅਤੇ 24.5 ਫ਼ੀਸਦੀ ਲੜਕੀਆਂ ਹਨ। ਹਾਲਾਂਕਿ ਸੰਨ 2004 ਤੱਕ ਇਹ ਮਾਹੌਲ ਨਹੀਂ ਸੀ। ਪੰਜ ਸਾਲ ਪਹਿਲਾਂ ਤੱਕ ਭਾਰਤ ਤੋਂ ਆਉਣ ਵਾਲੇ ਬਹੁਤੇ ਵਿਦਿਆਰਥੀਆਂ ਦਾ ਮੁੱਖ ਉਦੇਸ਼ ਉਚ ਸਿੱਖਿਆ ਹਾਸਲ ਕਰਨਾ ਸੀ ਤੇ ਉਨ੍ਹਾਂ ਦੀ ਗਿਣਤੀ ਵੀ ਕੁੱਲ ਵਿਦੇਸ਼ੀ ਵਿਦਿਆਰਥੀ ਦੀ 8 ਫ਼ੀਸਦੀ ਹੀ ਸੀ। ਇਸ ਪਿੱਛੋਂ ਇਹ ਬੁਖਾਰ ਤੇਜ਼ੀ ਨਾਲ ਵਧਿਆ। ਅੱਜ ਆਸਟਰੇਲੀਆ ਦੇ ਪੇਸ਼ਾਵਰ ਸਲੇਬਸਾਂ 'ਚ 52 ਹਜ਼ਾਰ ਵਿਦਿਆਰਥੀ ਦਾਖਲਾ ਲਈ ਬੈਠੇ ਹਨ ਅਤੇ 16 ਹਜ਼ਾਰ ਵਿਦਿਆਰਥੀਆਂ ਨੇ ਅੰਗਰੇਜ਼ੀ ਭਾਸ਼ਾ ਦੀਆਂ ਸੰਸਥਾਵਾਂ ਵਿਚ ਰਜਿਸਟ੍ਰੇਸ਼ਨ ਕਰਵਾ ਰੱਖੀ ਹੈ। ਪੰਜ ਸਾਲਾਂ 'ਚ ਇਹਦੀ ਗਿਣਤੀ 'ਚ 12 ਗੁਣਾ ਵਾਧਾ ਹੋਇਆ ਹੈ। ਸੂਬੇ ਵਾਰ ਵੇਖੀਏ ਤਾਂ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ 'ਚ 40 ਫ਼ੀਸਦੀ ਸਿਰਫ਼ ਪੰਜਾਬ ਤੋਂ ਆਉਂਦੇ ਹਨ। ਮੈਲਬੌਰਨ ਦੀ ਇਕ ਸੰਸਥਾ ਵਿਚ ਖਾਣਾ ਪਕਾਉਣ ਦੇ ਕੋਰਸ ਵਿਚ ਤਿੰਨ ਚੌਥਾਈ ਵਿਦਿਆਰਥੀ ਪੰਜਾਬ ਦੇ ਇਕ ਪਿੰਡ ਦੇ ਹਨ। ਜ਼ਿਆਦਾਤਰ ਦੀ ਕਹਾਣੀ ਇਹੋ ਜਿਹੀ ਹੈ। ਇਨ੍ਹਾਂ ਦੇ ਮਾਪਿਆਂ ਨੇ ਆਸਟਰੇਲੀਆ ਭੇਜਣ ਲਈ ਆਪਣੀ ਜ਼ਮੀਨ ਵੇਚੀ ਜਾਂ ਗਹਿਣੇ ਰੱਖੀ ਜਾਂ ਫਿਰ ਬੈਂਕ ਤੋਂ ਭਾਰੀ ਕਰਜ਼ਾ ਲਿਆ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਪਤਾ ਹੈ ਕਿ ਇਨ੍ਹਾਂ ਦੇ ਡਿਪਲੋਮੇ ਦੀ ਨਾ ਤਾਂ ਆਸਟਰੇਲੀਆ 'ਚ ਕੀਮਤ ਹੈ ਅਤੇ ਨਾ ਹੀ ਭਾਰਤ ਵਿਚ। ਐਸਾ ਨਹੀਂ ਆਸਟਰੇਲੀਆਂ ਦੀਆਂ ਸੰਸਥਾਵਾਂ ਨੂੰ ਇਨ੍ਹਾਂ ਦੇ ਮਕਸਦ ਦਾ ਪਤਾ ਨਹੀਂ ਹੈ, ਉਹ ਖ਼ੁਦ ਵੀ ਇਸ ਖੇਡ ਵਿਚ ਸ਼ਾਮਲ ਹਨ।
ਹਾਲ ਦੇ ਸਾਲਾਂ ਵਿਚ ਬਿਨਾਂ ਸਮੁੱਚੀ ਸਹੂਲਤ ਵਾਲੇ ਅਜਿਹੇ ਕਈ ਸੰਸਥਾਨ ਆਸਟਰੇਲੀਆ 'ਚ ਪਣਪੇ ਹਨ। ਆਸਟਰੇਲੀਆਈ ਐਨ ਆਰ ਆਈ ਵਿਭਾਗ ਮੁਤਾਬਕ ਉਸ ਤਰ੍ਹਾਂ ਦੀਆਂ ਸੰਸਥਾਵਾਂ ਦੀ ਜਾਂਚ ਚੱਲ ਰਹੀ ਹੈ। ਇਨ੍ਹਾਂ ਵਿਚ ਨਿਊ ਸਾਊਥ ਵੇਲਸ ਦੇ ਪੰਜ ਅਤੇ ਵਿਕਟੋਰੀਆ ਦੀਆਂ 23 ਸੰਸਥਾਵਾਂ ਦੀ ਜਾਂਚ ਹੋ ਰਹੀ ਹੈ। ਜਿਨ੍ਹਾਂ ਨੇ ਐਨ ਆਰ ਆਈ ਕਾਨੂੰਨ ਦੀ ਉਲੰਘਣਾ ਕੀਤੀ ਹੈ। ਸਥਾਨਕ ਰੇਡੀਓ ਵਿਚ ਆਸਟਰੇਲੀਆ ਦੇ ਐਨ ਆਰ ਆਈ ਮੰਤਰੀ ਕ੍ਰਿਸ ਹਵਾਂਸ ਨੇ ਕਿਹਾ ਹੈ, ''ਸਾਡੇ ਇੱਥੇ ਕੁਝ ਗੋਰਖ ਧੰਦਾ ਚੱਲ ਰਿਹਾ ਹੈ ਅਤੇ ਕੁਝ ਕਾਲਜ ਸਿੱਖਿਆ ਦੇਣ ਦੀ ਬਜਾਏ ਵੀਜਾ ਵੇਚਣ 'ਚ ਲੱਗੇ ਹੋਏ ਹਨ। ਇਨ੍ਹਾਂ ਸੰਸਥਾਵਾਂ ਦਾ ਸਿੱਖਿਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ।'' ਆਸਟਰੇਲੀਆ 'ਚ ਸਿੱਖਿਆ ਦੇ ਕਾਰੋਬਾਰ ਸਬੰਧੀ ਪਹਿਲਾਂ ਹੀ ਪਤਾ ਲੱਗ ਚੁੱਕਿਆ ਹੈ। ਸੰਨ 2006 'ਚ ਜਦ ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਜਾਨ ਹਾਰਵਰਡ ਇਕ ਵਪਾਰ ਮੰਡਲ ਦੀ ਨੁਮਾਇੰਦਗੀ ਕਰਦੇ ਹੋਏ ਦਿਲੀ ਪਹੁੰਚੇ ਤਾਂ ਭਾਰਤ ਦੀਆਂ ਸਿੱਖਿਆ ਸੰਸਥਾਵਾਂ ਨੇ ਚੇਤਾਵਨੀ ਦਿੱਤੀ ਸੀ ਕਿ ਭਾਰਤ ਵੱਲ ਆਸਟਰੇਲੀਆ ਹਮਲਾਵਰ ਸਿੱਖਿਆ ਬਾਜ਼ਾਰ ਵਾਂਗੂੰ ਨਾ ਵੇਖੋ। ਸਿਡਨੀ ਵਿਚ ਵਿਰੋਧੀ ਮੁਜ਼ਾਹਰੇ ਦੌਰਾਨ ਕਈ ਭਾਰਤੀ ਵਿਦਿਆਰਥੀਆਂ ਨੇ ਕਿਹਾ, ''ਅਸੀਂ ਨਸਲਵਾਦ ਨੂੰ ਉਸ ਤਰ੍ਹਾਂ ਨਾਲ ਨਹੀਂ ਵੇਖ ਰਹੇ, ਸਾਡੇ 'ਚੋਂ ਬਹੁਤੇ ਇੱਥੋਂ ਦੀ ਅਰਾਮਦੇਹ ਜੀਵਨ ਸ਼ੈਲੀ 'ਚ ਰਹਿਣਾ ਚਾਹੁੰਦੇ ਹਨ।'' ਕਈ ਵਿਦਿਆਰਥੀਆਂ ਨੇ ਤਾਂ ਇੱਥੋਂ ਤੱਕ ਕਿਹਾ ''ਆਸਟਰੇਲੀਆ ਦੇ ਰਸਤੇ ਅਮਰੀਕਾ ਜਾਣ ਦਾ ਰਾਹ ਕਿਤੇ ਵੱਧ ਸੌਖਾ ਹੈ'' ਇਸ ਮਾਹੌਲ ਵਿਚ ਕੁਝ ਹੋਰ ਪੱਖਾਂ 'ਤੇ ਗੌਰ ਕਰਨਾ ਵੀ ਜ਼ਰੂਰੀ ਹੈ।
ਬਹੁਤੇ ਭਾਰਤੀ ਵਿਦਿਆਰਥੀ ਅਜਿਹੇ ਹਨ ਜੋ ਇਕ ਸ਼ਾਂਤ-ਸੁਰੱਖਿਅਤ ਪੇਂਡੂ ਪਿੱਠ ਭੂਮੀ ਤੋਂ ਨਿਕਲੇ ਸਿੱਧੇ ਇਕ ਅਣਜਾਣ ਥਾਂ ਪਹੁੰਚ ਗਏ ਹਨ। ਲਿਹਾਜ਼ਾ ਇੱਥੇ ਵੀ ਸਮੂਹ ਵਿਚ ਹੀ ਰਹਿਣਾ ਪਸੰਦ ਕਰਦੇ ਹਨ। ਆਮ ਤੌਰ 'ਤੇ ਸਸਤੇ ਇਲਾਕਿਆਂ ਵਿਚ ਰਹਿਣਾ ਚਾਹੁੰਦੇ ਹਨ ਤਾਂ ਕਿ ਖਰਚ ਦਾ ਬੋਝ ਜ਼ਿਆਦਾ ਨਾ ਪਵੇ। ਆਮ ਤੌਰ 'ਤੇ ਇਨ੍ਹਾਂ ਇਲਾਕਿਆਂ ਵਿਚ ਅਪਰਾਧ ਦਰ ਵੀ ਵੱਧ ਹੁੰਦੀ ਹੈ। ਰਿਹਾਇਸ਼ ਦਾ ਖਰਚ ਤੇ ਆਸਟਰੇਲੀਆ ਆਉਣ ਲਈ ਬੈਂਕ ਤੋਂ ਲਏ ਭਾਰੀ ਕਰਜ਼ੇ ਦੀ ਕਿਸ਼ਤ ਕੱਢਣ ਲਈ ਉਹ ਭਾਰਤੀ ਵਿਦਿਆਰਥੀ ਦਫ਼ਤਰਾਂ 'ਚ ਸਫ਼ਾਈ, ਪੈਟਰੋਲ ਪੰਪਾਂ, ਰੈਸਟੋਰੈਂਟਾਂ ਤੇ ਡਿਪਾਰਮੈਂਟਲ ਸਟੋਰਾਂ 'ਚ ਕੰਮ ਕਰਦੇ ਹਨ। ਅਜਿਹੇ ਸਮੇਂ 'ਚ ਉਨ੍ਹਾਂ ਦੇ ਸਥਾਨਕ ਨੌਜਵਾਨਾਂ ਨਾਲ ਸਬੰਧ ਬਣ ਜਾਂਦੇ ਹਨ ਅਤੇ ਪੁਲਿਸ ਵੀ ਮੰਨਦੀ ਹੈ ਕਿ ਇਹ ਪੜ੍ਹਨ ਨਹੀਂ ਕਮਾਉਣ ਆਏ ਹਨ। ਦੇਰ ਰਾਤ ਤੱਕ ਕੰਮ ਕਰਕੇ ਜਨਤਕ ਵਾਹਨ ਰਾਹੀਂ ਘਰ ਮੁੜਦੇ ਹਨ ਅਤੇ ਤੰਗ ਗਲੀਆਂ ਤੋਂ ਲੰਘਦੇ ਹਨ, ਦੂਜਿਆਂ ਵਿਦਿਆਰਥੀਆਂ ਵਾਂਗੂੰ ਇਨ੍ਹਾਂ ਕੋਲ ਵੀ ਮੋਬਾਇਲ ਫ਼ੋਨ, ਆਈ ਪੈਂਡ, ਲੈਪਟਾਪ, ਨਕਦੀ ਤਾਂ ਹੁੰਦੀ ਹੀ ਹੈ, ਕਈ ਵਿਦਿਆਰਥੀ ਗਹਿਣੇ ਪਹਿਨ ਕੇ ਵੀ ਰੱਖਦੇ ਹਨ। ਅਜਿਹੀ ਹਾਲਤ 'ਚ ਦੇਰ ਰਾਤ ਨਸ਼ੇੜੀਆਂ ਤੇ ਗੁੰਡਿਆਂ ਦਾ ਸ਼ਿਕਾਰ ਬਣਦੇ ਹਨ ਭਾਰਤੀ ਵਿਦਿਆਰਥੀ। ਅਜਿਹੇ 70 ਫ਼ੀਸਦੀ ਕੇਸਾਂ ਦੀ ਪੁਲਿਸ 'ਚ ਰਿਪੋਟ ਹੀ ਨਹੀਂ ਜਾਂਦੀ ਕਿਉਂਕਿ ਸਥਾਈ ਨਾਗਰਿਕਤਾ ਦਾ ਦਰਜਾ ਹਾਸਲ ਕਰਨ ਲਈ ਪੁਲਿਸ ਦੀ ਸਵੀਕਾਰਤਾ ਲਾਜ਼ਮੀ ਹੈ ਤੇ ਕੋਈ ਭਾਰਤੀ ਆਪਣੇ ਮਕਸਦ ਨੂੰ ਐਵੇਂ ਇਸ ਤਰ੍ਹਾਂ ਨਹੀਂ ਗਵਾਉਣਾ ਚਾਹੁੰਦਾ।
ਹਾਲਾਂਕਿ ਆਸਟਰੇਲੀਆਈ ਪੁਲਿਸ ਦੇ ਰਵੱਈਏ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜਦ ਮੈਲਬੌਰਨ 'ਚ ਹਮਲਿਆਂ ਦੇ ਵਿਰੋਧ 'ਚ ਭਾਰਤੀ ਵਿਦਿਆਰਥੀ ਜਮ੍ਹਾ ਹੋਏ ਤਾਂ ਪੁਲਸੀਆ ਬੰਦੋਬਸਤ ਤੇ ਸ਼ਕਤੀ ਪ੍ਰਦਰਸ਼ਨ ਲੋੜੋਂ ਕਿਤੇ ਵੱਧ ਸੀ। ਹਾਲ ਦੀ ਘੜੀ ਹਾਲ ਦੇ ਤਾਜ਼ਾ ਹਮਲਿਆਂ ਪਿੱਛੋਂ ਭਾਰਤੀ ਵਿਦਿਆਰਥੀ ਨੇ ਜਿੱਥੇ ਮੈਲਬੌਰਨ ਤੇ ਸਿਡਨੀ 'ਚ ਮੁਜ਼ਾਹਰੇ ਕਰਕੇ ਵਿਰੋਧ ਜ਼ਾਹਰ ਕੀਤਾ ਉਥੇ ਆਪਣੀ ਰਾਖੀ ਲਈ ਖ਼ੁਦ ਸੁਰੱਖਿਆ ਦਸਤੇ ਵੀ ਬਣਾਏ। ਦੋਨੋਂ ਹੀ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ ਅਮਨ ਦੀ ਅਪੀਲ ਕਰਦਿਆਂ ਉਚ ਸਿੱਖਿਆ ਹਾਸਲ ਕਰਨ 'ਤੇ ਧਿਆਨ ਦੇਣ ਦੀ ਅਪੀਲ ਕੀਤੀ। ਪਰ ਅਜੇ ਵੀ ਬੁਨਿਆਦੀ ਮੁੱਦਾ ਜਿਉਂ ਦਾ ਤਿਉਂ ਕਾਇਮ ਹੈ, ਉਹ ਹੱਲ ਨਹੀਂ ਹੋਇਆ।

ਡਾ. ਅਜੀਤਪਾਲ ਸਿੰਘ ਐਮ ਡੀ

 





Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis