RSS

AdvertisementAdvertisement
ਨਾਨਕਸ਼ਾਹੀ ਕੈਲੰਡਰ ਵਿਵਾਦ PRINT ਈ ਮੇਲ
Friday, 15 January 2010

ਮਰਿਆਦਾ  'ਤੇ ਸਿਆਸਤ ਅਤੇ ਗੋਲਕ ਭਾਰੂ
ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਤੋਂ ਬਾਅਦ ਵੀ ਵਿਵਾਦ ਖਤਮ ਨਹੀਂ ਹੋਇਆ, ਬਲਕਿ ਨਾਨਕਸ਼ਾਹੀ ਕੈਲੰਡਰ ਦੇ ਲਾਗੂ ਹੋਣ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਹੋਰ ਵਧ ਗਿਆ। ਪੂਰੇ ਮਾਮਲੇ ਨੂੰ ਗਹੁ ਨਾਲ ਵਾਚਣ ਤੋਂ ਬਾਅਦ ਜੋ ਅਸਲ ਤਸਵੀਰ ਉੱਭਰਦੀ ਹੈ, ਉਹ ਇਹ ਹੈ ਕਿ ਮਰਿਆਦਾ ਨਾਲੋਂ ਸਿਆਸਤ ਸਾਰੇ ਮਾਮਲੇ 'ਤੇ ਭਾਰੂ ਹੈ। ਨਾਨਕਸ਼ਾਹੀ ਕੈਲੰਡਰ ਦੇ ਮੁੱਦੇ 'ਤੇ ਵੀ ਸਭ ਧਿਰਾਂ ਸਿਆਸਤ ਹੀ ਖੇਡਦੀਆਂ ਨਜ਼ਰ ਆਈਆਂ। ਸਿਆਸਤ ਦੇ ਨਾਲ ਨਾਲ ਗੋਲਕਾਂ 'ਤੇ ਪਿਆ ਅਸਰ ਵੀ ਨਾਨਕਸ਼ਾਹੀ ਕੈਲੰਡਰ ਵਿਚ ਮੁੜ ਸੋਧਾਂ ਦਾ ਕਾਰਨ ਬਣਿਆ। ਇਸ ਪੂਰੇ ਮਾਮਲੇ ਦੇ ਹਰ ਪਹਿਲੂ ਨੂੰ ਪਰਵਾਸੀ ਪਾਠਕਾਂ ਦੀ ਨਜ਼ਰ ਕਰਦੀ ਤਲਵਿੰਦਰ ਸਿੰਘ ਬੁੱਟਰ ਦੀ ਇਹ ਖਾਸ ਰਿਪੋਰਟ।


ਕਰੀਬ ਇਕ ਦਹਾਕੇ ਤੋਂ ਸੁਰਖ਼ੀਆਂ 'ਚ ਰਹਿੰਦਾ ਆਇਆ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਇਨ੍ਹੀਂ ਦਿਨੀਂ ਪੂਰਾ ਭਖਿਆ ਹੋਇਆ ਹੈ। ਸਿੱਖ ਸਿਆਸਤ ਪੂਰੀ ਤਰ੍ਹਾਂ ਅੱਜਕੱਲ੍ਹ ਇਸ ਮੁੱਦੇ ਦੁਆਲੇ ਕੇਂਦਰਿਤ ਹੈ। 7 ਸਾਲ ਪਹਿਲਾਂ ਲਾਗੂ ਕੀਤੇ ਇਸ ਕੈਲੰਡਰ ਦੀ ਪਹਿਲਾਂ ਤਾਂ ਸੰਤ ਸਮਾਜ ਤੇ ਕੁਝ ਹੋਰ ਡੇਰੇਦਾਰ ਸੰਪਰਦਾਵਾਂ ਵਿਰੋਧ ਕਰਦੀਆਂ ਰਹੀਆਂ ਹਨ, ਪਰ ਹੁਣ ਜਦੋਂ ਉਨ੍ਹਾਂ ਦੀ ਮੰਗ 'ਤੇ ਕੈਲੰਡਰ ਵਿਚ ਸੋਧਾਂ ਕਰ ਦਿੱਤੀਆਂ ਗਈਆਂ ਤਾਂ ਅਨੇਕਾਂ ਹੀ ਦੇਸ਼-ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਤੇ ਸਭਾ ਸੁਸਾਇਟੀਆਂ ਇਸ ਦੇ ਵਿਰੋਧ 'ਚ ਖੜ੍ਹੀਆਂ ਹੋ ਗਈਆਂ ਹਨ। ਸ਼੍ਰੋਮਣੀ ਕਮੇਟੀ ਵਲੋਂ

ਤਾਂ ਬੇਸ਼ੱਕ ਕੈਲੰਡਰ ਵਿਚ ਸੋਧਾਂ ਦਾ ਫ਼ੈਸਲਾ ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਠੱਲ੍ਹਣ ਦੀ ਮਨਸ਼ਾ ਨਾਲ ਲਿਆ ਗਿਆ ਹੋਵੇ, ਪਰ ਇਹ ਫ਼ੈਸਲਾ ਵਿਵਾਦ ਖ਼ਤਮ ਕਰਨ ਦੀ ਥਾਂ ਵਿਵਾਦ ਨੂੰ ਭੜਕਾਉਣ ਲਈ ਅੱਗ 'ਤੇ ਤੇਲ ਦਾ ਕੰਮ ਕਰ ਗਿਆ ਹੈ। ਇਸ ਕਲੇਸ਼ ਨੇ ਸਮੁੱਚੀ ਸਿੱਖ ਕੌਮ ਨੂੰ ਖਾਨਾਜੰਗੀ ਦੇ ਮੁਹਾਣ 'ਤੇ ਲਿਆ ਖੜ੍ਹਾ ਕੀਤਾ ਹੈ।
ਨਾਨਕਸ਼ਾਹੀ ਕੈਲੰਡਰ ਵਿਦੇਸ਼ 'ਚ ਰਹਿੰਦੇ ਇਕ ਸਿੱਖ ਵਿਦਵਾਨ ਪਾਲ ਸਿੰਘ ਪੁਰੇਵਾਲ ਨੇ ਕਰੜੀ ਮਿਹਨਤ ਨਾਲ ਤਿਆਰ ਕੀਤਾ ਸੀ। 14 ਅਪ੍ਰੈਲ (1 ਵੈਸਾਖ) 2003 ਨੂੰ ਵਿਸਾਖੀ ਵਾਲੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਸ ਕੈਲੰਡਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਜਾਰੀ ਕੀਤਾ ਸੀ। ਜਦੋਂਕਿ ਸ. ਪੁਰੇਵਾਲ ਵਲੋਂ ਇਸ ਨੂੰ ਲਾਗੂ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਤਜਵੀਜ਼ ਪੇਸ਼ ਕਰਨ ਮੌਕੇ ਹੀ ਇਸ ਸਬੰਧੀ ਦੋ ਰਾਵਾਂ ਬਣਨੀਆਂ ਸ਼ੁਰੂ ਹੋ ਗਈਆਂ ਸਨ। ਕੁਝ ਜਥੇਬੰਦੀਆਂ ਅਤੇ ਪੰਥਕ ਧਿਰਾਂ ਇਸ ਨੂੰ ਲਾਗੂ ਕਰਨ ਦੇ ਹੱਕ ਵਿਚ ਸਨ ਅਤੇ ਕੁਝ ਜਥੇਬੰਦੀਆਂ ਇਸ ਨੂੰ ਲਾਗੂ ਕਰਨ ਦੇ ਖਿਲਾਫ਼ ਸਨ। ਕਿਉਂਕਿ ਉਹ ਪੁਰਾਣੇ ਬਿਕ੍ਰਮੀ ਕੈਲੰਡਰ ਨੂੰ ਹੀ ਜਾਰੀ ਰੱਖਣ ਦੇ ਹੱਕ ਵਿਚ ਸਨ। ਇਨ੍ਹਾਂ ਵਿਚ ਵੱਡੀ ਧਿਰ ਸੰਤ ਸਮਾਜ ਸੀ। ਇਸ ਦੇ ਨਾਲ ਹੀ ਪੰਜਾਬ ਤੋਂ ਬਾਹਰ ਸਥਿਤ ਸਿੱਖਾਂ ਦੇ ਦੋ ਤਖ਼ਤ 'ਤਖ਼ਤ ਸ੍ਰੀ ਪਟਨਾ ਸਾਹਿਬ' (ਬਿਹਾਰ) ਅਤੇ 'ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ' (ਮਹਾਰਾਸ਼ਟਰ) ਦੇ ਜਥੇਦਾਰ ਅਤੇ ਇਨ੍ਹਾਂ ਦੀਆਂ ਪ੍ਰਬੰਧਕੀ ਕਮੇਟੀਆਂ ਨੇ ਵੀ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਨਹੀਂ ਕੀਤਾ।
ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਸਬੰਧੀ ਸਾਲਾਂ ਤੋਂ ਚੱਲੀ ਆ ਰਹੀ ਮੰਗ ਤੋਂ ਬਾਅਦ, ਸ਼੍ਰੋਮਣੀ ਕਮੇਟੀ ਵਲੋਂ ਸੋਧਾਂ ਦਾ ਫ਼ੈਸਲਾ ਕਰ ਲਿਆ ਗਿਆ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਵਲੋਂ ਲਏ ਫ਼ੈਸਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦੇਸੀ ਵਰ੍ਹੇ ਦੀ ਪਹਿਲੀ ਚੇਤ ਤੋਂ ਲਾਗੂ ਕਰਨ ਦਾ ਆਦੇਸ਼ ਦੇ ਦਿੱਤਾ। ਹੁਣ ਨਾਨਕਸ਼ਾਹੀ ਕੈਲੰਡਰ ਵਿਚ ਕੁਝ ਗੁਰਪੁਰਬ ਅਤੇ ਸੰਗਰਾਂਦਾਂ ਪੁਰਾਣੇ ਬਿਕ੍ਰਮੀ ਕੈਲੰਡਰ ਅਨੁਸਾਰ ਹੀ ਮਨਾਈਆਂ ਜਾਣਗੀਆਂ। ਪਿਛਲੇ 7 ਸਾਲ ਤੋਂ ਨਾਨਕਸ਼ਾਹੀ ਕੈਲੰਡਰ ਨੂੰ ਮੰਨਣ ਤੋਂ ਇਨਕਾਰੀ ਹੁੰਦੇ ਆਏ ਸੰਤ ਸਮਾਜ ਦੇ ਹੋਰ ਡੇਰੇਦਾਰ ਸੰਪਰਦਾਵਾਂ ਨੇ ਕੈਲੰਡਰ ਵਿਚ ਸੋਧਾਂ ਦਾ ਭਰਵਾਂ ਸਵਾਗਤ ਕੀਤਾ ਹੈ, ਪਰ ਨਾਲ ਹੀ ਇਨ੍ਹਾਂ ਸੋਧਾਂ ਦੇ ਵਿਰੋਧ ਵਿਚ ਅਨੇਕਾਂ ਹੀ ਸਿੱਖ ਜਥੇਬੰਦੀਆਂ ਦੇ ਵਿਰੋਧ ਦਾ ਲਾਵਾ ਫ਼ੁੱਟ ਉਠਿਆ ਹੈ। ਇਕ ਪਾਸੇ ਸੋਧਾਂ ਦਾ ਸਵਾਗਤ ਤੇ ਦੂਜੇ ਪਾਸੇ ਰੋਸ ਦੇ ਲਾਵੇ। ਕੁਝ ਵੀ ਹੋਵੇ, ਇਹ ਸਭ ਕੁਝ ਸਿੱਖ ਪੰਥ ਦੇ ਹਿੱਤਾਂ 'ਚ ਨਹੀਂ ਹੈ। ਅੱਜ ਇਸ ਮਸਲੇ 'ਤੇ ਸਿੱਖ ਸਮਾਜ ਵੰਡਿਆ ਹੀ ਨਜ਼ਰ ਨਹੀਂ ਆਉਂਦਾ, ਸਗੋਂ ਇਕ ਦੁਰਾਹੇ 'ਤੇ ਵੀ ਆਣ ਖੜ੍ਹਾ ਹੋਇਆ ਹੈ। ਇਸ ਮਸਲੇ ਨੂੰ ਲੈ ਕੇ ਕੁਝ ਸੰਸਥਾਵਾਂ ਅਤੇ ਕੁਝ ਸਿੱਖ ਆਗੂ ਆਪਣੀਆਂ ਚੌਧਰਾਂ ਖਾਤਰ ਭੜਕਾਉਂਦੇ ਵੀ ਪ੍ਰਤੀਤ ਹੋ ਰਹੇ ਹਨ ਅਤੇ ਸੋਧਾਂ ਦਾ ਸਵਾਗਤ ਕਰਨ ਵਾਲੀਆਂ ਧਿਰਾਂ ਵਿਚੋਂ ਬਹੁਤਿਆਂ ਦੇ ਇਸ ਵਿਚ ਵੱਡੇ ਹਿੱਤ ਵੀ ਜੁੜੇ ਹੋਏ ਹਨ।
ਆਮ ਸਿੱਖ ਸ਼ੁਰੂ ਤੋਂ ਹੀ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ 'ਤੇ ਨਿਰਲੇਪ ਰਹੇ ਹਨ। ਆਮ ਸਿੱਖ ਸੰਗਤਾਂ ਇਸ ਕੈਲੰਡਰ ਵਿਚ ਸੋਧਾਂ ਕਰਨ ਜਾਂ ਨਾ ਕਰਨ ਸਬੰਧੀ ਕੋਈ ਰਾਇ ਦੇਣ ਬਾਰੇ ਨਹੀਂ ਸੋਚਦੀਆਂ। ਸਿੱਖ ਸੰਗਤਾਂ ਚਾਹੁੰਦੀਆਂ ਹਨ ਕਿ ਕੁਝ ਵੀ ਹੋਵੇ, ਕਿਸੇ ਮਾਮੂਲੀ ਜਿਹੇ ਮੁੱਦੇ 'ਤੇ ਗੁਰੂ ਨਾਨਕ ਦੇ ਪੰਥ ਵਿਚ ਵੰਡੀਆਂ ਨਹੀਂ ਪੈਣੀਆਂ ਚਾਹੀਦੀਆਂ। ਪਰ ਗੁਰੂ ਨਾਨਕ ਦੇ ਭੋਲੇ-ਭਾਲੇ ਸਿੱਖਾਂ ਨੂੰ ਕੀ ਪਤਾ ਕਿ ਨਾਨਕਸ਼ਾਹੀ ਕੈਲੰਡਰ ਦੇ ਹਊਏ ਨੂੰ ਲੈ ਕੇ ਇਕ-ਦੂਜੇ ਦੇ ਵਿਰੋਧ 'ਚ ਡੱਟੀਆਂ ਧਿਰਾਂ, ਕੋਈ ਸਿੱਖ ਕੌਮ ਦਾ ਨਾਂ ਰੌਸ਼ਨ ਨਹੀਂ ਕਰਨਾ ਚਾਹੁੰਦੀਆਂ, ਸਗੋਂ ਉਨ੍ਹਾਂ ਦੇ ਆਪਣੇ ਸਿਆਸੀ ਹਿੱਤ ਹਨ, ਉਹ ਕੌਮ ਦੇ ਇਸ ਮੁੱਦੇ 'ਤੇ ਆਪੋ-ਆਪਣਾ ਚੁੱਲ੍ਹਾ ਗਰਮ ਰੱਖਣਾ ਚਾਹੁੰਦੇ ਹਨ।
ਨਾਨਕਸ਼ਾਹੀ ਕੈਲੰਡਰ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਸੀ। 1998 ਤੋਂ ਲੈ ਕੇ 2003 ਤੱਕ ਇਸ ਕੈਲੰਡਰ ਨੂੰ ਲਾਗੂ ਕਰਨ ਦਾ ਮਾਮਲਾ ਵਿਵਾਦਾਂ ਕਾਰਨ ਲਟਕਦਾ ਰਿਹਾ। ਆਖ਼ਰਕਾਰ 2003 ਵਿਚ ਸ਼੍ਰੋਮਣੀ ਕਮੇਟੀ ਵਲੋਂ ਹੀ ਇਸ ਕੈਲੰਡਰ ਨੂੰ ਵਿਰੋਧ ਦੇ ਬਾਵਜੂਦ ਲਾਗੂ ਕਰ ਦਿੱਤਾ। ਜੇਕਰ ਸ਼ੁਰੂ ਤੋਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਦੀਆਂ ਰਹੀਆਂ ਸੰਤ ਸਮਾਜੀ ਧਿਰਾਂ ਦੇ ਗੈਰ-ਸਿਧਾਂਤਕ ਤੇ ਨਿੱਜੀ ਹਿੱਤ ਦੇਖੇ ਜਾਣ ਤਾਂ ਉਨ੍ਹਾਂ ਨੂੰ ਨਾਨਕਸ਼ਾਹੀ ਕੈਲੰਡਰ ਨਾਲ ਵੱਡਾ ਘਾਟਾ ਪਿਆ ਸੀ। ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਨਾਲ ਸੰਗਰਾਂਦਾਂ ਦੇ ਗੁਰਪੁਰਬ ਬਿਕ੍ਰਮੀ ਕੈਲੰਡਰ ਤੋਂ ਵੱਖਰੀ ਤਰੀਕ ਨੂੰ ਨੀਯਤ ਕੀਤੇ ਗਏ ਸਨ। ਸੰਤ-ਸੰਪਰਦਾਵਾਂ ਤੇ ਡੇਰੇਦਾਰ ਬਾਬਿਆਂ ਦੀਆਂ ਗੋਲਕਾਂ 'ਤੇ ਇਸ ਦਾ ਸਭ ਤੋਂ ਬੁਰਾ ਅਸਰ ਪਿਆ ਸੀ। ਤਾਹੀਓਂ ਹੀ ਉਹ ਸ਼ੁਰੂ ਤੋਂ ਹੀ ਨਾਨਕਸ਼ਾਹੀ ਕੈਲੰਡਰ ਵਿਚ ਤਬਦੀਲੀਆਂ ਦੀ ਮੰਗ ਕਰਦੇ ਰਹੇ ਹਨ। ਗੁਰਦੁਆਰਿਆਂ ਅਤੇ ਸੰਪਰਦਾਵੀ ਡੇਰਿਆਂ ਵਿਚ ਗੁਰਪੁਰਬਾਂ ਤੇ ਸੰਗਰਾਂਦਾਂ ਮੌਕੇ ਸੰਗਤਾਂ ਦੀ ਆਮਦ ਵੰਡੀ ਗਈ ਸੀ। ਕੁਝ ਲੋਕ ਪੁਰਾਣੇ ਬਿਕ੍ਰਮੀ ਕੈਲੰਡਰ ਅਨੁਸਾਰ ਸੰਗਰਾਂਦਾਂ ਤੇ ਗੁਰਪੁਰਬ ਮਨਾਉਣ ਗੁਰੂ-ਘਰਾਂ 'ਚ ਜਾਂਦੇ ਸਨ ਤੇ ਕੁਝ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਨਾਲ। ਇਸ ਨਾਲ ਡੇਰੇਦਾਰਾਂ ਦੀ ਆਮਦਨ ਤਾਂ ਪਹਿਲਾਂ ਜਿੰਨੀ ਹੀ ਰਹੀ, ਪਰ ਖ਼ਰਚਾ ਦੋਗੁਣਾ ਹੋ ਗਿਆ। ਡੇਰੇਦਾਰਾਂ ਤੇ ਸੰਤ-ਬਾਬਿਆਂ ਨੂੰ ਦੋ-ਦੋ ਦਿਨ ਸੰਗਰਾਂਦਾਂ ਤੇ ਗੁਰਪੁਰਬਾਂ ਲਈ ਲੰਗਰ-ਪਾਣੀ ਤੇ ਹੋਰ ਪ੍ਰਬੰਧ ਕਰਨੇ ਪੈਂਦੇ ਰਹੇ। ਇਸੇ ਕਰਕੇ ਹੀ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਤੋਂ ਬਾਅਦ ਸੰਤ-ਸੰਪਰਦਾਵਾਂ ਸਭ ਤੋਂ ਵੱਧ ਵਿਰੋਧ ਕਰਦੀਆਂ ਰਹੀਆਂ ਹਨ।
ਹੁਣ ਜੇਕਰ ਦੂਜਾ ਸਿਆਸੀ ਪੱਖ ਦੇਖਿਆ ਜਾਵੇ ਤਾਂ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨਾ ਅਤੇ ਇਸ ਵਿਚ ਸੋਧਾਂ ਕਰਨ ਪਿਛੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਬਹੁਤ ਵੱਡੇ ਸਿਆਸੀ ਹਿੱਤ ਜੁੜੇ ਹੋਏ ਹਨ। ਜਿਨ੍ਹਾਂ ਸੰਤ-ਸੰਪਰਦਾਵਾਂ ਦੇ ਵਿਰੋਧ ਦੇ ਬਾਵਜੂਦ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ, ਅੱਜ ਉਨ੍ਹਾਂ ਦੇ ਕਹਿਣ 'ਤੇ ਹੀ ਕੈਲੰਡਰ ਵਿਚ ਸੋਧਾਂ ਕੀਤੀਆਂ ਗਈਆਂ ਹਨ। ਇਹ ਅਕਾਲੀ ਸਿਆਸਤ ਦਾ ਬਹੁਤ ਵੱਡਾ ਪੈਂਤੜਾ ਸੀ। ਜਦੋਂ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਤਾਂ ਉਸ ਵੇਲੇ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਨਾਨਕਸ਼ਾਹੀ ਕੈਲੰਡਰ ਨੂੰ ਹਥਿਆਰ ਬਣਾ ਕੇ ਕੈਪਟਨ ਸਰਕਾਰ ਨੂੰ ਘੇਰਨਾ ਚਾਹੁੰਦਾ ਸੀ। ਜੇਕਰ ਪੰਜਾਬ ਦੀ ਕੈਪਟਨ ਸਰਕਾਰ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਨਾ ਦਿੰਦੀ ਤਾਂ ਸਿੱਖ ਸਮਾਜ ਅੰਦਰ ਸਰਕਾਰ ਵਿਰੁੱਧ ਰੋਹ ਪੈਦਾ ਹੋਣਾ ਸੀ, ਪਰ ਕੈਪਟਨ ਸਰਕਾਰ ਨੇ ਅੱਗੇ ਨਹਿਲੇ 'ਤੇ ਦਹਿਲਾ ਕੱਢ ਮਾਰਿਆ ਤੇ ਉਸ ਨੇ ਬਿਨ੍ਹਾਂ ਕਿਸੇ ਹੀਲ-ਹੁੱਜਤ ਦੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਪੰਜਾਬ ਸਰਕਾਰ ਦੀਆਂ ਛੁੱਟੀਆਂ ਤੈਅ ਕਰ ਦਿੱਤੀਆਂ। ਅਕਾਲੀ ਸਿਆਸਤ ਦੀ 'ਨਾਨਕਸ਼ਾਹੀ ਕੈਲੰਡਰ' ਨੂੰ ਹਥਿਆਰ ਬਣਾ ਕੇ ਕੈਪਟਨ ਸਰਕਾਰ ਲਈ ਸੰਕਟ ਖੜ੍ਹਾ ਕਰਨ ਦੀ ਰਣਨੀਤੀ, ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕੀ। ਹੁਣ ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਦੇਖਦਿਆਂ ਅਕਾਲੀ ਦਲ ਬਾਦਲ ਨੇ ਸੰਤ-ਸੰਪਰਦਾਵਾਂ ਦਾ ਵੋਟ ਬੈਂਕ ਹਾਸਲ ਕਰਨ ਲਈ ਉਨ੍ਹਾਂ ਦੀ ਮੰਗ 'ਤੇ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਦਾ ਫ਼ੈਸਲਾ ਕਰਵਾ ਦਿੱਤਾ।
ਦੂਜੇ ਪਾਸੇ ਕੈਲੰਡਰ ਵਿਚ ਸੋਧਾਂ ਦਾ ਵਿਰੋਧ ਕਰਨ ਵਾਲਿਆਂ ਦਾ ਗੈਰ-ਸਿਧਾਂਤਕ ਪੱਖ ਇਹ ਹੈ ਕਿ ਉਹ ਇਸ ਮੁੱਦੇ ਨੂੰ ਹਥਿਆਰ ਬਣਾ ਕੇ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਨੂੰ ਘੇਰਨਾ ਚਾਹੁੰਦੇ ਹਨ। ਹੁਣ ਤੱਕ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਦੀ ਥਾਂ-ਥਾਂ ਵਿਰੋਧਤਾ ਕਰਨ ਵਾਲੇ ਇਨ੍ਹਾਂ ਸਿਆਸੀ ਦਲਾਂ ਨੂੰ ਨਾਨਕਸ਼ਾਹੀ ਕੈਲੰਡਰ ਅਜਿਹਾ ਹਥਿਆਰ ਜਾਪ ਰਿਹਾ ਹੈ, ਜਿਸ ਨਾਲ ਸ਼ਾਇਦ ਉਹ ਸੋਚਦੇ ਹਨ ਕਿ ਬਾਦਲ ਦਲ ਨੂੰ ਸਿਆਸੀ ਪਿੜ 'ਚ ਢਾਹ ਸਕਣਗੇ ਤੇ ਆਪਣੀ ਸਿਆਸਤ ਚਮਕਾ ਸਕਣਗੇ। ਇਨ੍ਹਾਂ ਦਲਾਂ ਨੂੰ ਵੀ ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ ਕਰਕੇ 'ਨਾਨਕਸ਼ਾਹੀ ਕੈਲੰਡਰ' ਨੂੰ ਮੁੱਦਾ ਬਣਾ ਕੇ ਉਹ ਪ੍ਰਭਾਵਸ਼ਾਲੀ ਸਥਿਤੀ ਬਣਾਉਣ ਦੀ ਤਾਕ 'ਚ ਹਨ। 
ਜੇਕਰ ਨਾਨਕਸ਼ਾਹੀ ਕੈਲੰਡਰ ਵਿਚ ਊਣਤਾਈਆਂ ਦਾ ਸਿਧਾਂਤਕ ਪੱਖ ਫ਼ਰੋਲਿਆ ਜਾਵੇ ਤਾਂ ਇਸ ਮਾਮਲੇ 'ਤੇ ਜਾਣਕਾਰੀ ਦਾ ਵਿਸ਼ਾਲ ਭੰਡਾਰ ਰੱਖਣ ਵਾਲੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਇਸ ਕੈਲੰਡਰ ਨੂੰ ਵਿਗਿਆਨਕ ਤੇ ਤਕਨੀਕੀ ਪੱਖ ਤੋਂ ਸ਼ੁਰੂ ਤੋਂ ਹੀ ਪੂਰੀ ਤਰ੍ਹਾਂ ਰੱਦ ਕਰਦੇ ਰਹੇ ਹਨ। ਗਣਿਤ ਵਿਸ਼ੇ 'ਚ ਮਾਹਰ ਤੇ ਤਾਰਾ ਵਿਗਿਆਨ 'ਚ ਡੂੰਘਾ ਅਧਿਐਨ ਕਰ ਚੁੱਕੇ 'ਸਰਵੇ ਆਫ਼ ਇੰਡੀਆ' ਤੋਂ ਸੇਵਾਮੁਕਤ ਡਿਪਟੀ ਡਾਇਰੈਕਟਰ ਕਰਨਲ ਨਿਸ਼ਾਨ ਦੱਸਦੇ ਹਨ ਕਿ 'ਨਾਨਕਸ਼ਾਹੀ ਕੈਲੰਡਰ' ਸਿੱਖਾਂ ਦੀ ਵੱਖਰੀ ਹੋਂਦ ਨਹੀਂ ਦਰਸਾ ਰਿਹਾ, ਸਗੋਂ ਸਿੱਖ ਇਤਿਹਾਸ ਨਾਲ ਬੱਜ਼ਰ ਖਿਲਵਾੜ ਕਰ ਰਿਹਾ ਹੈ। ਉਹ ਦੱਸਦੇ ਹਨ ਕਿ ਕੈਲੰਡਰ ਵਿਗਿਆਨ ਦੇ ਪੱਖ ਤੋਂ ਇਹ ਕੈਲੰਡਰ ਬਿਲਕੁਲ ਹੀ ਗਲਤ ਹੈ। ਇਸ ਕੈਲੰਡਰ ਦੀਆਂ ਤਰੀਖਾਂ 1999 ਈਸਵੀ ਵਰ੍ਹੇ ਤੋਂ ਪਿੱਛੇ ਨੂੰ ਲਈਆਂ ਗਈਆਂ ਹਨ। 1999 ਈਸਵੀ ਨੂੰ ਸੰਮਤ ਬਿਕ੍ਰਮੀ ਅਨੁਸਾਰ ਗੁਰਪੁਰਬ ਜਿਸ ਤਰੀਕ ਨੂੰ ਮਨਾਉਂਦੇ ਸਨ, ਉਨ੍ਹਾਂ ਨੂੰ ਹੀ ਆਧਾਰ ਬਣਾ ਕੇ ਕੈਲੰਡਰ ਤਿਆਰ ਕੀਤਾ ਗਿਆ ਹੈ। ਨਾਨਕਸ਼ਾਹੀ ਕੈਲੰਡਰ ਦੇ ਗੁਰਪੁਰਬ ਸੂਰਜੀ ਤਰੀਕਾਂ ਅਨੁਸਾਰ ਮਿੱਥੇ ਗਏ ਹਨ, ਜੋ 100 ਪ੍ਰਤੀਸ਼ਤ ਗਲਤ ਹਨ। ਕਰਨਲ ਨਿਸ਼ਾਨ ਤਾਂ ਇਥੋਂ ਤੱਕ ਆਖ਼ਦੇ ਹਨ ਕਿ ਜੇਕਰ ਕੋਈ ਵੀ ਦੁਨੀਆ ਦਾ ਕੈਲੰਡਰ ਵਿਗਿਆਨੀ ਸੂਰਜੀ ਤਰੀਖ਼ ਨੂੰ ਸਹੀ ਸਿੱਧ ਕਰ ਦੇਵੇ ਤਾਂ ਉਹ ਉਸ ਨੂੰ ਇਕ ਲੱਖ ਰੁਪਏ ਨਕਦ ਇਨਾਮ ਦੇਣਗੇ। ਪੁਰਾਤਨ ਸਮੇਂ ਤੋਂ ਗੁਰਪੁਰਬ ਬਿਕ੍ਰਮੀ ਸੰਮਤ ਅਨੁਸਾਰ ਮਨਾਏ ਜਾਂਦੇ ਸਨ, ਜੋ ਚੰਦਰਮਾ ਤਰੀਕਾਂ ਅਨੁਸਾਰ ਹੈ। ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਵੇਲੇ ਸੂਰਜੀ ਤਰੀਕਾਂ ਮਿੱਥਦਿਆਂ ਪੂਰੀਆਂ ਵਿਗਿਆਨਕ ਤੇ ਤਕਨੀਕੀ ਸੋਧਾਂ ਨਹੀਂ ਵਰਤੀਆਂ ਗਈਆਂ, ਜਿਸ ਕਰਕੇ ਨਾਨਕਸ਼ਾਹੀ ਕੈਲੰਡਰ ਊਣਤਾਈਆਂ ਨਾਲ ਭਰਿਆ ਹੋਇਆ ਹੈ।
ਕਰਨਲ ਨਿਸ਼ਾਨ ਦੱਸਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਨਾਲ ਉਹ 1999 ਤੋਂ ਵੀ ਪਹਿਲਾਂ ਦੇ ਜੁੜੇ ਹੋਏ ਸਨ। ਉਨ੍ਹਾਂ ਨੇ ਕਈ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਟਿੰਗਾਂ ਸਮੇਂ ਵੀ ਠੋਸ ਗਲਤੀਆਂ ਸਾਹਮਣੇ ਰੱਖੀਆਂ, ਪਾਲ ਸਿੰਘ ਪੁਰੇਵਾਲ ਨੂੰ ਵੀ ਕੈਲੰਡਰ ਵਿਚਲੀਆਂ ਵੱਡੀਆਂ ਗਲਤੀਆਂ ਵੱਲ੍ਹ ਧਿਆਨ ਦਿਵਾਇਆ, ਕੋਈ ਵੀ ਇਨ੍ਹਾਂ ਦਾ ਜੁਆਬ ਨਹੀਂ ਦੇ ਸਕਿਆ।
ਕਰਨਲ ਸੁਰਜੀਤ 'ਨਾਨਕਸ਼ਾਹੀ ਕੈਲੰਡਰ' 'ਚ ਬੱਜ਼ਰ ਊਣਤਾਈਆਂ ਵੱਲ ਧਿਆਨ ਦਿਵਾਉਂਦਿਆਂ ਦੱਸਦੇ ਹਨ ਕਿ ਇਸ ਕੈਲੰਡਰ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦਾ 300 ਸਾਲਾ ਸ਼ਹੀਦੀ ਪੁਰਬ 2004 ਈਸਵੀ ਨੂੰ ਮਨਾਇਆ ਗਿਆ ਸੀ। ਜਦੋਂਕਿ ਇਤਿਹਾਸਕ ਵੇਰਵਿਆਂ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ 1705 ਈਸਵੀ ਨੂੰ ਹੋਈ ਅਤੇ ਇਸ ਅਨੁਸਾਰ 300 ਸਾਲਾ ਸ਼ਹੀਦੀ ਪੁਰਬ ਠੀਕ ਰੂਪ 'ਚ 2005 ਈਸਵੀ ਨੂੰ ਆਉਂਦਾ ਸੀ, ਪਰ 'ਨਾਨਕਸ਼ਾਹੀ ਕੈਲੰਡਰ' ਇਹ ਦਿਹਾੜਾ ਗਲਤ ਸਾਲ ਵਿਚ ਦਰਸਾ ਰਿਹਾ ਹੈ।
ਸਿੱਖਾਂ ਦੇ ਪੰਥ ਪ੍ਰਵਾਨਤ ਇਤਿਹਾਸਕ ਗ੍ਰੰਥ 'ਸੂਰਜ ਪ੍ਰਕਾਸ਼', ਪੰਥ ਪ੍ਰਕਾਸ਼' ਅਤੇ ਪ੍ਰਸਿੱਧ ਇਤਿਹਾਸਕਾਰ ਮੈਕਾਲਫ਼ ਵੀ ਸਿੱਖ ਕੌਮ ਦੇ ਇਤਿਹਾਸ 'ਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵੇਰਵਾ 1705 ਈਸਵੀ ਦੱਸਦੇ ਹਨ। ਸ਼੍ਰੋਮਣੀ ਕਮੇਟੀ ਵਲੋਂ ਖੁਦ ਪ੍ਰਕਾਸ਼ਿਤ ਅੰਗਰੇਜ਼ੀ ਪੁਸਤਕ 'ਹਿਸਟਰੀ ਆਫ਼ ਦ ਸਿੱਖਜ਼' ਅਤੇ 'ਦਿ ਰਿਲੀਜ਼ਨ' ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵੇਰਵਾ 1705 ਈਸਵੀ ਹੀ ਦਿੱਤਾ ਗਿਆ ਹੈ। ਕਰਨਲ ਨਿਸ਼ਾਨ ਦੱਸਦੇ ਹਨ ਇਸ ਤਰ੍ਹਾਂ ਕਰਕੇ ਸ਼੍ਰੋਮਣੀ ਕਮੇਟੀ ਖੁਦ ਹੀ ਸਿੱਖ ਕੌਮ ਦੇ ਇਤਿਹਾਸਕ ਦਿਹਾੜੇ ਗਲਤ ਦਿਨਾਂ 'ਤੇ ਮਨਾ ਕੇ ਬੱਜ਼ਰ ਕੁਤਾਹੀ ਕਰਦੀ ਰਹੀ ਹੈ।
ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੀ ਸ਼ੁਰੂ ਤੋਂ ਹੀ 'ਨਾਨਕਸ਼ਾਹੀ ਕੈਲੰਡਰ' ਨੂੰ ਮੂਲੋਂ ਰੱਦ ਕਰਦੇ ਆਏ ਹਨ। ਉਹ ਇਸ ਕੈਲੰਡਰ ਨੂੰ 'ਧੱਕੇਸ਼ਾਹੀ ਕੈਲੰਡਰ' ਦੱਸਦੇ ਰਹੇ ਹਨ। ਗਿਆਨੀ ਇਕਬਾਲ ਸਿੰਘ ਦੱਸਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਨੂੰ ਇਕ ਪਾਸੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਸ਼ੁਰੂ ਹੁੰਦਾ ਦੱਸਿਆ ਜਾਂਦਾ ਹੈ, ਜਦੋਂਕਿ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਲ ਦਾ ਆਰੰਭ ਚੇਤ ਮਹੀਨੇ ਤੋਂ ਹੁੰਦਾ ਹੈ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਤਾਂ ਕੱਤਕ ਮਹੀਨੇ ਵਿਚ ਹੋਇਆ ਸੀ। ਗਿਆਨੀ ਇਕਬਾਲ ਸਿੰਘ ਇਸ ਤੋਂ ਇਲਾਵਾ ਕਈ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਵੀ ਗਲਤ ਦਿਨਾਂ 'ਚ ਆਉਣ 'ਤੇ ਇਤਰਾਜ਼ ਕਰਦੇ ਰਹੇ ਹਨ। ਇਸ ਕੈਲੰਡਰ ਅਨੁਸਾਰ ਕਈ ਗੁਰਪੁਰਬ ਇਕੋ ਦਿਨ 'ਚ ਆ ਜਾਂਦੇ ਹਨ। ਈਸਵੀ ਸਾਲ 2007 'ਚ ਨਾਨਕਸ਼ਾਹੀ ਕੈਲੰਡਰ ਅਨੁਸਾਰ 24 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਇਕੋ ਦਿਨ ਆ ਗਏ ਸਨ। ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਦਾ ਵਿਰੋਧ ਕਰਨ ਵਾਲਿਆਂ ਦਾ ਸਿਧਾਂਤਕ ਪੱਖ ਇਹ ਹੈ ਕਿ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਵੱਖਰੀ ਹੋਂਦ ਦਾ ਪ੍ਰਤੀਕ ਸੀ ਅਤੇ ਇਹ ਦੁਨੀਆ ਦਾ ਪਹਿਲਾ ਕੈਲੰਡਰ ਸੀ, ਜਿਸ ਨੂੰ ਸੂਰਜੀ ਤਿੱਥਾਂ ਅਤੇ ਮੌਸਮ ਦਾ ਅਧਿਐਨ ਕਰਨ ਤੋਂ ਬਾਅਦ ਬਣਾਇਆ ਗਿਆ ਸੀ। ਇਸ ਕੈਲੰਡਰ ਵਿਚ ਸੂਰਜੀ ਸੰਗਰਾਂਦਾਂ ਸਥਿਰ ਹਨ, ਸਾਲ ਦੇ ਪਹਿਲੇ 5 ਮਹੀਨੇ 31 ਦਿਨਾਂ ਦੇ ਅਤੇ ਅਗਲੇ 7 ਮਹੀਨੇ 30 ਦਿਨਾਂ ਦੇ ਨਿਯਤ ਕੀਤੇ ਗਏ। ਇਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਵਿਚ ਹਰੇਕ ਗੁਰਪੁਰਬ ਤੇ ਦਿਨ-ਤਿਓਹਾਰ ਸਾਲ ਵਿਚ ਇਕ ਵਾਰ ਹੀ ਅਤੇ ਹਰ ਵਾਰ ਇਕੋ ਤਰੀਕ 'ਤੇ ਆਉਂਦਾ ਹੈ। ਪਰ ਬਿਕ੍ਰਮੀ ਕੈਲੰਡਰ ਦੇ ਵਦੀ-ਸੁਦੀ ਚੰਦਰਮਾ ਕੈਲੰਡਰ ਅਨੁਸਾਰ ਗੁਰਪੁਰਬ ਤੇ ਦਿਨ-ਤਿਓਹਾਰ ਸਥਿਰ ਨਹੀਂ ਹਨ। ਬਿਕ੍ਰਮੀ ਕੈਲੰਡਰ ਅਨੁਸਾਰ ਤਾਂ ਕਈ ਵਾਰ ਸਾਲ 'ਚ ਇਕ ਵਾਰ ਵੀ ਨਹੀਂ ਅਤੇ ਕਈ ਵਾਰ ਸਾਲ 'ਚ ਦੋ-ਦੋ ਵਾਰ ਇਕੋ ਗੁਰਪੁਰਬ ਆ ਜਾਂਦਾ ਹੈ। ਸੂਰਜੀ ਤਿੱਥਾਂ ਅਨੁਸਾਰ ਬਣਾਏ ਗਏ ਨਾਨਕਸ਼ਾਹੀ ਕੈਲੰਡਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ, ਜੋ 23 ਪੋਹ ਨੂੰ ਹੋਇਆ ਸੀ, ਹਰ ਸਾਲ 5 ਜਨਵਰੀ ਨੂੰ ਹੀ ਆਉਂਦਾ ਹੈ, ਪਰ ਬਿਕ੍ਰਮੀ ਕੈਲੰਡਰ ਅਨੁਸਾਰ ਸਾਲ 2010 ਵਿਚ ਤਾਂ ਇਹ ਗੁਰਪੁਰਬ ਇਕ ਵਾਰ ਵੀ ਨਹੀਂ ਅਤੇ ਸਾਲ 2011 ਵਿਚ ਦੋ ਵਾਰ ਆ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਦਾ ਵਿਰੋਧ ਕਰਨ ਵਾਲੇ ਤਾਂ ਇਥੋਂ ਤੱਕ ਆਖਦੇ ਹਨ ਕਿ ਸੋਧਾਂ ਦੀ ਆੜ ਹੇਠ ਪੰਥ ਨਾਲ ਖਿਲਵਾੜ ਕਰਦਿਆਂ ਨਾਨਕਸ਼ਾਹੀ ਕੈਲੰਡਰ ਦੀ ਹੋਂਦ ਹੀ ਖ਼ਤਮ ਕਰ ਦਿੱਤੀ ਗਈ ਹੈ। ਨਾਨਕਸ਼ਾਹੀ ਕੈਲੰਡਰ ਸਬੰਧੀ ਕਮੇਟੀ ਦੇ ਮੈਂਬਰ ਡਾ. ਬਲਵੰਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਨਾਨਕਸ਼ਾਹੀ ਕੈਲੰਡਰ ਸੂਰਜੀ ਤੇ ਮੌਸਮੀ ਕੈਲੰਡਰ ਅਨੁਸਾਰ ਬਣਾਇਆ ਗਿਆ ਸੀ। ਬਿਕ੍ਰਮੀ ਕੈਲੰਡਰ ਅਨੁਸਾਰ ਹਰ ਸਾਲ 20 ਮਿੰਟ ਵੱਡਾ ਹੁੰਦਾ ਹੈ ਤੇ 24 ਸਾਲਾਂ ਵਿਚ ਇਕ ਦਿਨ ਦਾ ਫਰਕ ਪੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੌਸਮ ਨੂੰ ਸਾਹਮਣੇ ਰੱਖ ਕੇ ਇਸ ਕੈਲੰਡਰ ਵਿਚ ਗੁਰਪੁਰਬਾਂ ਦੀਆਂ ਤਰੀਕਾਂ ਨਿਸ਼ਚਿਤ ਕੀਤੀਆਂ ਗਈਆਂ ਸਨ, ਤਾਂ ਜੋ ਪੰਥ ਵਿਚ ਗੁਰਪੁਰਬ ਤੇ ਹੋਰ ਦਿਹਾੜੇ ਮਨਾਉਣ ਨੂੰ ਲੈ ਕੇ  ਭੁਲੇਖੇ ਨਾ ਪੈਣ। ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਦਾ ਵਿਰੋਧ ਕਰ ਰਹੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਇਨ੍ਹਾਂ ਸੋਧਾਂ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਹੈ। ਕੀਤੀਆਂ ਗਈਆਂ ਸੋਧਾਂ ਨੂੰ ਰੱਦ ਕਰਦਿਆਂ ਸਿੱਖ ਜਥੇਬੰਦੀਆਂ ਨੇ ਇਨ੍ਹਾਂ ਸੋਧਾਂ ਦੇ ਵਿਰੋਧ ਵਿਚ ਆਪਣੀ ਰਣਨੀਤੀ ਉਲੀਕਣੀ ਸ਼ੁਰੂ ਕਰ ਦਿੱਤੀ ਹੈ। ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਦੇ ਮਾਮਲੇ 'ਤੇ ਜੇਕਰ ਦੇਖਿਆ ਜਾਵੇ ਤਾਂ ਸਿੱਖ ਪੰਥ ਵਿਚ ਬੁਰੀ ਤਰ੍ਹਾਂ ਦੁਫ਼ੇੜ ਪੈ ਗਿਆ ਹੈ। ਬਹੁਤੇ ਪੰਥਕ ਵਿਵਾਦਾਂ ਵਿਚ ਇਕਮੱਤ ਸਿੱਖ ਜਥੇਬੰਦੀਆਂ ਵੀ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ 'ਤੇ ਇਕ-ਦੂਜੇ ਦੇ ਵਿਰੋਧ 'ਚ ਡੱਟ ਗਈਆਂ ਹਨ। ਮੁੱਖ ਤੌਰ 'ਤੇ ਜਿਥੇ ਸੰਤ ਸਮਾਜ, ਦਮਦਮੀ ਟਕਸਾਲ, ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਮਹਿਤਾ) ਤੇ ਪੰਜਾਬ ਤੋਂ ਬਾਹਰਲੇ ਦੋ ਤਖ਼ਤ 'ਤਖ਼ਤ ਸ੍ਰੀ ਪਟਨਾ ਸਾਹਿਬ' ਅਤੇ 'ਤਖ਼ਤ ਸ੍ਰੀ ਹਜ਼ੂਰ ਸਾਹਿਬ' ਦੇ ਜਥੇਦਾਰ ਤੇ ਪ੍ਰਬੰਧਕ ਸੋਧਾਂ ਦੇ ਹੱਕ 'ਚ ਸਵਾਗਤ ਕਰ ਰਹੇ ਹਨ, ਉਥੇ ਵਿਰੋਧ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਵਾਚ ਗਰੁੱਪ, ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਐਡਹਾਕ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਪੰਥਕ ਕੌਂਸਲ, ਅਖੰਡ ਕੀਰਤਨੀ ਜੱਥਾ (ਇੰਟਰਨੈਸ਼ਨਲ), ਸਿੱਖ ਯੂਥ ਆਫ਼ ਪੰਜਾਬ, ਪੰਥਕ ਕਮੇਟੀ ਨਾਗਪੁਰ, ਗੁਰਦੁਆਰਾ ਬੜਾ ਸਿੱਖ ਸੰਗਤ ਕਲਕੱਤਾ ਅਤੇ ਗੁਰਦੁਆਰਾ ਸਿੰਘ ਸਭਾ ਸਹਾਰਨਪੁਰ ਆਦਿ ਮੁੱਖ-ਮੁੱਖ ਜਥੇਬੰਦੀਆਂ ਹਨ। ਇਹ ਜਥੇਬੰਦੀਆਂ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਧੁੰਮਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਥ ਦੇ ਦੋਸ਼ੀ ਕਰਾਰ ਦੇ ਰਹੇ ਹਨ। ਵੱਖ-ਵੱਖ ਥਾਵਾਂ 'ਤੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਵਿਰੁੱਧ ਰੋਸ-ਮੁਜ਼ਾਹਰੇ ਤੇ ਹੋਰ ਹਿੰਸਕ ਪ੍ਰਦਰਸ਼ਨ ਵੀ ਹੋ ਰਹੇ ਹਨ। ਬੀਤੇ ਦਿਨੀਂ ਹਰਿਆਣਾ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਵਿਰੋਧ ਕਰਦਿਆਂ ਹਰਿਆਣਾ ਐਡਹਾਕ ਕਮੇਟੀ ਦੇ ਕਾਰਕੁੰਨਾਂ ਨੇ ਮੱਕੜ ਉਤੇ ਆਰ.ਐਸ.ਐਸ. ਦੀ ਪ੍ਰਤੀਕ ਖ਼ਾਕੀ ਨਿੱਕਰ ਵੀ ਸੁੱਟੀ ਤੇ ਹਿੰਸਕ ਪ੍ਰਦਰਸ਼ਨ ਵੀ ਕੀਤਾ।ਪੰਥਕ ਜਥੇਬੰਦੀਆਂ ਵਲੋਂ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਦੇ ਵਿਰੋਧ 'ਚ ਸਿੱਖ ਸੰਮੇਲਨ ਸੱਦਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਨਾਨਕਸ਼ਾਹੀ ਕੈਲੰਡਰ ਵਿਚ ਸੋਧ ਸਿੱਖ ਕੌਮ ਦੀ ਏਕਤਾ ਲਈ ਜ਼ਰੂਰੀ ਸੀ : ਜਥੇਦਾਰ ਅਵਤਾਰ ਸਿੰਘ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਕਰਨੀਆਂ ਸਿੱਖ ਕੌਮ ਦੀ ਅੰਦਰੂਨੀ ਏਕਤਾ ਲਈ ਨਿਹਾਇਤ ਜ਼ਰੂਰੀ ਸੀ। ਉਨ੍ਹਾਂ ਆਖਿਆ ਕਿ ਸੰਤ ਸਮਾਜ ਨੂੰ ਸ਼੍ਰੋਮਣੀ ਕਮੇਟੀ ਨਾਲ ਜੋੜਨ ਅਤੇ ਸਮੁੱਚੇ ਪੰਥ ਨੂੰ ਇਕੱਠਾ ਕਰਨ ਦੀ ਸ਼ਿੱਦਤ ਮਹਿਸੂਸ ਕਰਦਿਆਂ ਸੋਧਾਂ ਕੀਤੀਆਂ ਗਈਆਂ ਹਨ।
ਜਥੇਦਾਰ ਮੱਕੜ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਅਗਲਾ ਉਦੇਸ਼ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਦੇ ਮੁੱਦੇ 'ਤੇ ਸਮੁੱਚੇ ਪੰਥ ਨੂੰ ਇਕੱਠਿਆ ਕਰਨ ਦਾ ਹੈ। ਉਨ੍ਹਾਂ ਆਖਿਆ ਕਿ ਨਾਨਕਸ਼ਾਹੀ ਕੈਲੰਡਰ ਵਿਚ ਜਿਹੜੀਆਂ ਸੋਧਾਂ ਕੀਤੀਆਂ ਗਈਆਂ ਹਨ, ਉਨ੍ਹਾਂ ਦਾ ਸੇਕ ਸਿਰਫ਼ ਸਿਆਸੀ ਆਗੂਆਂ ਨੂੰ ਹੀ ਲੱਗਿਆ ਹੈ, ਜਦਕਿ ਧਾਰਮਿਕ ਸੋਚ ਰੱਖਣ ਵਾਲੀ ਕਿਸੇ ਵੀ ਜਥੇਬੰਦੀ ਨੇ ਇਨ੍ਹਾਂ ਸੋਧਾਂ ਉਤੇ ਟੀਕਾ-ਟਿੱਪਣੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਜਿਹੜੀਆਂ ਸੋਧਾਂ ਕੀਤੀਆਂ ਗਈਆਂ ਹਨ, ਉਹ ਆਖ਼ਰੀ ਹਨ ਅਤੇ ਇਸ ਤੋਂ ਬਾਅਦ ਨਾਨਕਸ਼ਾਹੀ ਕੈਲੰਡਰ ਵਿਚ ਕੋਈ ਸੋਧ ਨਹੀਂ ਕੀਤੀ ਜਾਵੇਗੀ। ਇਹ ਸੋਧਾਂ ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ ਅਤੇ ਵਿਦਵਾਨਾਂ ਦੀ 11 ਮੈਂਬਰੀ ਕਮੇਟੀ ਵਿਚ ਹੋਈ ਬਹਿਸ ਅਤੇ ਹਰ ਧਿਰ ਨੂੰ ਸੁਣਨ ਤੋਂ ਬਾਅਦ ਸਿਧਾਂਤਕ ਪੱਖਾਂ ਤੋਂ ਹੀ ਕੀਤੀਆਂ ਗਈਆਂ ਹਨ।

ਮੱਕੜ ਨੇ ਪੰਥ ਨੂੰ ਪਿੱਠ ਦਿਖਾਈ : ਕਲਕੱਤਾ
ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਮਨਜੀਤ ਸਿੰਘ ਕਲਕੱਤਾ ਨਾਨਕਸ਼ਾਹੀ ਕੈਲੰਡਰ 'ਚ ਸੋਧਾਂ ਨੂੰ ਬੱਜ਼ਰ ਗਲਤੀ ਕਰਾਰ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਦੋਖੀ ਤਾਕਤਾਂ ਨਾਨਕਸ਼ਾਹੀ ਕੈਲੰਡਰ ਦੀ ਵੱਖਰੀ ਹੋਂਦ ਨੂੰ ਖ਼ਤਮ ਕਰਨ ਦੀ ਸਾਜ਼ਿਸ਼ 'ਚ ਨਾਕਾਮ ਰਹੀਆਂ ਹਨ। ਇਸ ਸਾਜ਼ਿਸ਼ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਸੰਤ ਸਮਾਜ ਦੇ ਪ੍ਰਧਾਨ ਹਰਨਾਮ ਸਿੰਘ ਧੁੰਮਾ ਪੰਥ ਦੋਖੀ ਤਾਕਤਾਂ ਦਾ ਮੋਹਰਾ ਬਣ ਕੇ ਵਿਚਰੇ ਹਨ। ਸ. ਕਲਕੱਤਾ ਦਾ ਕਹਿਣਾ ਹੈ ਕਿ ਨਾਨਕਸ਼ਾਹੀ ਕੈਲੰਡਰ ਨੂੰ 6 ਸਾਲ ਤੋਂ ਵੱਧ ਸਮਾਂ ਲਾਗੂ ਰੱਖਣ ਤੋਂ ਬਾਅਦ ਬਿਕ੍ਰਮੀ ਕੈਲੰਡਰ ਵਿਚ ਜਜ਼ਬ ਕਰਨਾ ਸਿੱਖ ਲੀਡਰਸ਼ਿਪ ਦੀ ਬੱਜ਼ਰ ਗਲਤੀ ਹੈ। ਸ. ਕਲਕੱਤਾ ਦਾ ਕਹਿਣਾ ਹੈ ਕਿ ਆਰ.ਐਸ.ਐਸ. ਸ਼ੁਰੂ ਤੋਂ ਹੀ ਸਿੱਖ ਕੌਮ ਦੀ ਵਿਲੱਖਣਤਾ ਦੇ ਪ੍ਰਤੀਕਾਂ ਨੂੰ ਤਹਿਸ-ਨਹਿਸ ਕਰਨ ਲਈ ਯਤਨਸ਼ੀਲ ਹੈ। ਨਾਨਕਸ਼ਾਹੀ ਕੈਲੰਡਰ ਆਰ.ਐਸ.ਐਸ. ਨੂੰ ਸਭ ਤੋਂ ਵੱਧ ਚੁੱਭਦਾ ਸੀ। ਇਸੇ ਕਰਕੇ ਧੁੰਮਾ ਤੇ ਮੱਕੜ ਰਾਹੀਂ ਆਰ.ਐਸ.ਐਸ. ਨੇ ਆਪਣੀ ਸਾਜ਼ਿਸ਼ ਨੂੰ ਅੰਜ਼ਾਮ ਦਿੱਤਾ ਹੈ।

ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਨਾਲ ਕੌਮ 'ਚ ਦੁਬਿਧਾ ਖ਼ਤਮ ਹੋਈ : ਗਿਆਨੀ ਹਰਨਾਮ ਸਿੰਘ ਧੁੰਮਾ
ਦਮਦਮੀ ਟਕਸਾਲ ਦੇ ਮੁਖੀ ਤੇ ਗੁਰਮਤਿ ਸਿਧਾਂਤ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਧੁੰਮਾ ਨੇ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਗਿਆਨੀ ਹਰਨਾਮ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਸੋਧਾਂ ਨਾਲ ਸਿੱਖ ਪੰਥ ਅੰਦਰ ਗੁਰਪੁਰਬ, ਸੰਗਰਾਂਦਾਂ ਤੇ ਹੋਰ ਦਿਨ-ਤਿਹਾਰਾਂ ਦੀ ਦੁਬਿਧਾ ਖ਼ਤਮ ਹੋਈ ਹੈ। ਸ਼ੁਰੂ ਤੋਂ ਹੀ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਦਾ ਮਾਮਲਾ ਉਠਾਉਂਦੇ ਆਏ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਧੁੰਮਾ ਨੇ ਆਖਿਆ ਕਿ ਜਿਹੜੇ ਲੋਕ ਅੱਜ ਨਾਨਕਸ਼ਾਹੀ ਕੈਲੰਡਰ 'ਚ ਸੋਧਾਂ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਦਾ ਵਿਰੋਧ ਮਹਿਜ ਸਿਆਸੀ ਤੇ ਗੈਰ-ਸਿਧਾਂਤਕ ਹੈ। ਗਿਆਨੀ ਹਰਨਾਮ ਸਿੰਘ ਧੁੰਮਾ ਨੇ ਕੈਲੰਡਰ ਵਿਚ ਸੋਧਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਿੱਖ ਕੌਮ ਇਕ ਬਹੁਤ ਵੱਡੀ ਦੁਬਿਧਾ ਵਿਚੋਂ ਨਿਕਲਣ ਵਿਚ ਸਫ਼ਲ ਹੋਈ ਹੈ।


ਸੋਧਾਂ ਦੀ ਆੜ 'ਚ ਰੱਦ ਕੀਤਾ ਨਾਨਕਸ਼ਾਹੀ ਕੈਲੰਡਰ : ਵੇਦਾਂਤੀ
2003 ਵਿਚ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸੋਧਾਂ ਦੇ ਮਾਮਲੇ 'ਚ ਬੇਹੱਦ ਖਫ਼ਾ ਹਨ। ਜਥੇਦਾਰ ਵੇਦਾਂਤੀ ਇਨ੍ਹਾਂ ਸੋਧਾਂ ਨੂੰ ਗੈਰ-ਸਿਧਾਂਤਕ ਤੇ ਕੈਲੰਡਰ ਦੀ ਹੋਂਦ ਨੂੰ ਖ਼ਤਮ ਕਰਨ ਬਰਾਬਰ ਦੱਸਦੇ ਹਨ। ਜਥੇਦਾਰ ਵੇਦਾਂਤੀ ਦਾ ਕਹਿਣਾ ਹੈ ਕਿ 2003 ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਲੋਂ ਪ੍ਰਵਾਨਗੀ ਤੋਂ ਬਾਅਦ ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਾਗੂ ਕਰ ਦਿੱਤਾ ਗਿਆ ਸੀ। ਉਸ ਵੇਲੇ 90 ਫੀਸਦੀ ਤੋਂ ਵੱਧ ਸਿੱਖ ਸੰਸਥਾਵਾਂ ਨੇ ਇਸ ਨੂੰ ਪ੍ਰਵਾਨ ਕਰ ਲਿਆ ਸੀ। ਪਰ ਫ਼ਿਰ ਵੀ ਵਿਰੋਧ ਕਰਨ ਵਾਲੇ ਸੰਤ ਸਮਾਜ ਤੇ ਹੋਰ ਸੰਪਰਦਾਵਾਂ ਤੋਂ ਇਤਰਾਜ਼ ਲੈਣ ਲਈ ਕਮੇਟੀ ਬਣਾਈ ਗਈ ਸੀ, ਪਰ ਕਦੇ ਵੀ ਕਿਸੇ ਨੇ ਕਮੇਟੀ ਕੋਲ ਇਤਰਾਜ਼ ਜਮ੍ਹਾਂ ਨਹੀਂ ਕਰਵਾਏ, ਸਗੋਂ ਜ਼ੁਬਾਨੀ ਰੌਲਾ-ਰੱਪਾ ਹੀ ਜਾਰੀ ਰੱਖਿਆ ਗਿਆ। ਜਥੇਦਾਰ ਵੇਦਾਂਤੀ ਦਾ ਕਹਿਣਾ ਹੈ ਕਿ 22 ਅਪ੍ਰੈਲ, 2008 ਨੂੰ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਇਹ ਪੱਤਰ ਲਿਖਿਆ ਗਿਆ ਸੀ ਕਿ ਜੇਕਰ ਧਾਰਮਿਕ, ਸਿਧਾਂਤਕ, ਇਤਿਹਾਸਕ ਤੌਰ 'ਤੇ ਕੋਈ ਖਾਮੀ ਰਹਿ ਗਈ ਹੋਵੇ ਤਾਂ 15 ਅਗਸਤ, 2008 ਤੱਕ ਆਪਣੇ ਸੁਝਾਅ ਭੇਜੋ। ਪਰ ਕਿਸੇ ਨੇ ਵੀ ਜਵਾਬ ਨਹੀਂ ਸੀ ਦਿੱਤਾ। ਵੇਦਾਂਤੀ ਕਹਿੰਦੇ ਹਨ ਕਿ ਕੈਲੰਡਰ ਬਾਰੇ ਵਿਰੋਧ ਬੇਲੋੜਾ ਤੇ ਮੰਦਭਾਗਾ ਹੈ ਅਤੇ ਕੁਝ ਕੁ ਜਥੇਬੰਦੀਆਂ ਦੀ ਮੰਗ ਉਤੇ ਇਸ ਨੂੰ ਰੱਦ ਕਰਨਾ ਜਾਂ ਉਸ ਵਿਚ ਸੋਧ ਕਰਨੀ ਕਦਾਚਿਤ ਪੰਥ ਦੇ ਹਿੱਤ ਵਿਚ ਨਹੀਂ ਹੈ।

ਕੀ ਹੈ ਨਾਨਕਸ਼ਾਹੀ ਕੈਲੰਡਰ?
ਨਾਨਕਸ਼ਾਹੀ ਕੈਲੰਡਰ ਨੂੰ ਪਰਵਾਸੀ ਸਿੱਖ ਪਾਲ ਸਿੰਘ ਪੁਰੇਵਾਲ ਵਲੋਂ ਤਿਆਰ ਕੀਤਾ ਗਿਆ ਹੈ। ਇਹ ਕੈਲੰਡਰ ਸ. ਪੁਰੇਵਾਲ ਨੇ ਸਾਲਾਂਬੱਧੀ ਮਿਹਨਤ ਉਪਰੰਤ ਵੱਖ-ਵੱਖ ਕੈਲੰਡਰਾਂ ਦੇ ਸੂਰਜੀ ਅਧਿਐਨ ਉਪਰੰਤ ਤਿਆਰ ਕੀਤਾ ਗਿਆ ਸੀ। ਨਾਨਕਸ਼ਾਹੀ ਕੈਲੰਡਰ ਨਾਨਕਸ਼ਾਹੀ ਸੰਮਤ ਦਾ ਆਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਸਾਲ 1526 ਬਿਕ੍ਰਮੀ ਚੇਤ ਤੋਂ ਹੁੰਦਾ ਹੈ। ਇਸ ਕੈਲੰਡਰ 'ਚ ਮਹੀਨੇ ਗੁਰਬਾਣੀ 'ਚ ਵਰਣਿਤ 'ਬਾਰਹ ਮਾਹਾ' ਅਨੁਸਾਰ ਚੇਤ ਪਹਿਲਾ ਮਹੀਨਾ ਅਤੇ ਫ਼ੱਗਣ ਅਖ਼ੀਰਲਾ ਤੇ ਬਾਰ੍ਹਵਾਂ ਮਹੀਨਾ ਹੈ। ਨਾਨਕਸ਼ਾਹੀ ਸਾਲ ਦੇ ਪਹਿਲੇ ਪੰਜ ਮਹੀਨੇ-ਚੇਤ, ਵੈਸਾਖ, ਜੇਠ, ਹਾੜ, ਸਾਵਣ ਦੇ ਦਿਨਾਂ ਦੀ ਗਿਣਤੀ 31-31 ਹੈ, ਜਦੋਂਕਿ ਪਿਛਲੇ 7 ਮਹੀਨਿਆਂ ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਤੇ ਫ਼ੱਗਣ ਦੇ ਦਿਨਾਂ ਦੀ ਗਿਣਤੀ 30-30 ਹੈ। ਨਾਨਕਸ਼ਾਹੀ ਕੈਲੰਡਰ ਲਈ ਤਾਰੀਖ਼ ਮਿੱਥਣ ਲਈ ਸੂਰਜ ਉਦੈ ਦਾ ਸਮਾਂ ਨਿਰਧਾਰਿਤ ਕਰਨ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰੇਖਾਂਸ਼ (Longitude) ਤੇ ਅਕਸ਼ਾਂਸ਼ (Latitude) ਨੂੰ  ਕੇਂਦਰ ਮੰਨਿਆ ਗਿਆ ਹੈ।
ਪਰਵਾਸੀ ਸਿੱਖ ਪਾਲ ਸਿੰਘ ਪੁਰੇਵਾਲ ਨੇ ਸਾਲਾਂਬੱਧੀ ਦੁਨੀਆ ਦੇ ਵੱਖ-ਵੱਖ ਕੈਲੰਡਰਾਂ ਦਾ ਅਧਿਐਨ ਕਰਕੇ ਆਪਣੀ ਖੋਜ ਨੂੰ ਡਾ. ਜਸਬੀਰ ਸਿੰਘ ਕੈਲਫ਼ੋਰਨੀਆ ਨਾਲ ਸਾਂਝਾ ਕੀਤਾ ਸੀ। ਡਾ. ਜਸਬੀਰ ਸਿੰਘ ਨੇ ਪਾਲ ਸਿੰਘ ਪੁਰੇਵਾਲ ਨੂੰ ਸੁਝਾਅ ਦਿੱਤਾ ਸੀ ਕਿ ਉਹ ਆਪਣੇ ਵਿਚਾਰ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਖੋਜ ਕਾਰਜ ਕਰ ਰਹੇ ਵਿਦਵਾਨਾਂ ਤੇ ਸ਼੍ਰੋਮਣੀ ਕਮੇਟੀ ਵਰਗੀਆਂ ਸਿੱਖ ਸੰਸਥਾਵਾਂ ਨਾਲ ਸਾਂਝੇ ਕਰਨ। 1994-95 'ਚ ਪਾਲ ਸਿੰਘ ਪੁਰੇਵਾਲ ਨੇ ਭਾਰਤ 'ਚ ਪ੍ਰਚਲਿਤ ਸੂਰਜੀ ਤੇ ਚੰਦਰ ਸਾਲ ਕੈਲੰਡਰਾਂ ਦੀਆਂ ਊਣਤਾਈਆਂ ਵੱਲ ਧਿਆਨ ਦਿੱਤਾ ਤੇ ਇਸ ਮਕਸਦ ਲਈ ਉਨ੍ਹਾਂ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਹੋਰ ਵਿਦਿਅਕ ਸੰਸਥਾਵਾਂ 'ਚ ਸੈਮੀਨਾਰ ਕੀਤੇ। ਇਨ੍ਹਾਂ ਸੈਮੀਨਾਰਾਂ ਦੌਰਾਨ ਜਿਥੇ ਪ੍ਰਚਲਿਤ ਕੈਲੰਡਰਾਂ ਦੀਆਂ ਖਾਮੀਆਂ ਉਜਾਗਰ ਹੋਈਆਂ, ਉਥੇ ਸਿੱਖ ਪੰਥ ਲਈ ਇਕ ਢੁੱਕਵੇਂ ਕੈਲੰਡਰ ਦੀ ਲੋੜ ਵੀ ਉਭਰੀ। 1996 ਤੱਕ ਵਿਦਵਾਨਾਂ ਦੀਆਂ ਬੈਠਕਾਂ ਤੇ ਗੋਸ਼ਟੀਆਂ ਵਿਚ ਸਿੱਖ ਪੰਥ ਲਈ ਢੁੱਕਵੇਂ ਕੈਲੰਡਰ ਦੀ ਲੋੜ ਉਪਰ ਵਿਚਾਰ-ਵਟਾਂਦਰਾ ਜਾਰੀ ਰਿਹਾ।
ਇਸ ਦੇ ਸਿੱਟੇ ਵਜੋਂ ਨਾਨਕਸ਼ਾਹੀ ਕੈਲੰਡਰ ਦੀ ਮੁੱਢਲੀ ਰੂਪ ਰੇਖਾ ਹੋਂਦ ਵਿਚ ਆਈ। ਇਸ ਉਪਰੰਤ ਸਿੱਖ ਇਤਿਹਾਸ ਦੀਆਂ ਤਾਰੀਖ਼ਾਂ, ਮਿੱਥਾਂ ਨੂੰ ਵੱਖ-ਵੱਖ ਖੋਜ ਸੰਸਥਾਵਾਂ ਦੇ ਸਹਿਯੋਗ ਨਾਲ ਨਿਸ਼ਚਿਤ ਕਰਕੇ 'ਨਾਨਕਸ਼ਾਹੀ ਕੈਲੰਡਰ' ਦਾ ਮੂਲ ਖਰੜਾ ਪਾਲ ਸਿੰਘ ਪੁਰੇਵਾਲ ਦੀ ਤਰਫ਼ੋਂ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਚੰਡੀਗੜ੍ਹ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ। 1998 'ਚ ਸ਼੍ਰੋਮਣੀ ਕਮੇਟੀ ਨੇ ਅੰਤ੍ਰਿਗ ਕਮੇਟੀ ਦੀ ਮੀਟਿੰਗ ਤੇ ਜਨਰਲ ਹਾਊਸ 'ਚ ਇਸ ਕੈਲੰਡਰ ਨੂੰ ਪ੍ਰਵਾਨਗੀ ਦਿੰਦਿਆਂ ਜਨਵਰੀ 1999 ਤੋਂ ਇਸ ਨੂੰ ਲਾਗੂ ਕਰਨ ਦੇ ਮਤੇ ਪਾਸ ਕਰ ਦਿੱਤੇ। ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਤਾਂ ਪ੍ਰੋ. ਮਨਜੀਤ ਸਿੰਘ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ ਵੇਲੇ ਤੋਂ ਹੀ ਸ਼ੁਰੂ ਹੋ ਗਈਆਂ ਸਨ। ਉਸ ਵੇਲੇ ਨਾਨਕਸ਼ਾਹੀ ਕੈਲੰਡਰ ਸ਼੍ਰੋਮਣੀ ਕਮੇਟੀ ਵਲੋਂ ਤਾਂ ਲਾਗੂ ਕਰ ਦਿੱਤਾ ਗਿਆ, ਪਰ ਸਿੱਖ ਸੰਪਰਦਾਵਾਂ 'ਸੰਤ ਸਮਾਜ' ਤੇ ਸਿੱਖ ਵਿਦਵਾਨਾਂ ਦੇ ਵਿਰੋਧ ਕਾਰਨ ਇਸ ਉਪਰ ਅਮਲ ਰੋਕ ਦਿੱਤਾ ਗਿਆ। ਇਸ ਸਬੰਧੀ ਮੁੜ-ਵਿਚਾਰ ਕਰਨ ਲਈ ਇਕ 7 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਅਤੇ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਸਬੰਧੀ ਇਤਰਾਜ਼ ਤੇ ਤਰੁੱਟੀਆਂ ਸਬੰਧੀ 22 ਫ਼ਰਵਰੀ 1999 ਨੂੰ ਪੰਥਕ ਸੰਪਰਦਾਵਾਂ ਤੇ ਸਿੱਖ ਵਿਦਵਾਨਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਖੁੱਲ੍ਹਾ ਸੱਦਾ ਦਿੱਤਾ। ਪਰ ਇਸ ਮੀਟਿੰਗ 'ਚ ਵੀ ਗੱਲ ਕਿਸੇ ਸਿਰੇ ਨਾ ਲੱਗ ਸਕੀ। ਆਖ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮਕਾਲੀ ਜਥੇਦਾਰ ਭਾਈ ਰਣਜੀਤ ਸਿੰਘ ਨੇ ਖ਼ਾਲਸਾ ਸਾਜਣਾ ਦੇ 300 ਸਾਲਾ ਸਮਾਰੋਹਾਂ ਨੂੰ ਮੁੱਖ ਰੱਖਦਿਆਂ 15 ਅਪ੍ਰੈਲ 1999 ਤੱਕ ਸਾਰੇ ਪੰਥਕ ਵਾਦ-ਵਿਵਾਦ ਦੇ ਮਸਲੇ ਮੁਲਤਵੀ ਕਰ ਦਿੱਤੇ।
ਦੁਬਾਰਾ ਜੂਨ, 1999 ਵਿਚ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਐਲਾਨ ਕੀਤਾ, ਪਰ ਫ਼ਿਰ ਭਾਰੀ ਵਿਰੋਧ ਹੋਣ 'ਤੇ ਪੁਨਰ-ਵਿਚਾਰ ਲਈ ਇਸ ਕੈਲੰਡਰ 'ਤੇ ਅਮਲ ਰੋਕ ਦਿੱਤਾ ਗਿਆ। ਨਵੰਬਰ ਤੇ ਦਸੰਬਰ 1999 'ਚ ਇਸ ਮਾਮਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 2 ਮੀਟਿੰਗਾਂ ਬੁਲਾਈਆਂ ਗਈਆਂ। ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਸਨ। ਗਿਆਨੀ ਪੂਰਨ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਨੂੰ ਮੂਲੋਂ ਹੀ ਰੱਦ ਕਰ ਦਿੱਤਾ। ਉਸ ਵੇਲੇ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨਾ ਚਾਹੁੰਦੀ ਸੀ। ਬੱਸ, ਫ਼ਿਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ, ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਇਕ ਦੂਜੇ ਦੇ ਵਿਰੁੱਧ ਡੱਟ ਗਏ। ਨਾਨਕਸ਼ਾਹੀ ਕੈਲੰਡਰ ਵਿਵਾਦ ਕਾਰਨ ਹੀ ਗਿਆਨੀ ਪੂਰਨ ਸਿੰਘ ਨੇ ਬੀਬੀ ਜਗੀਰ ਕੌਰ ਨੂੰ ਪੰਥ 'ਚੋਂ ਛੇਕਣ ਦਾ ਹੁਕਮਨਾਮਾ ਜਾਰੀ ਕਰ ਦਿੱਤਾ ਅਤੇ ਅਖ਼ੀਰ ਗਿਆਨੀ ਪੂਰਨ ਸਿੰਘ ਨੂੰ 28 ਮਾਰਚ 2000 ਨੂੰ ਜਥੇਦਾਰੀ ਤੋਂ ਹੱਥ ਧੋਣੇ ਪਏ। ਨਵੇਂ ਬਣੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਕਾਰਜਭਾਰ ਸੰਭਾਲਦਿਆਂ ਹੀ ਇਕ ਵਾਰ ਫ਼ਿਰ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਭੱਖ਼ ਗਿਆ ਅਤੇ ਸ਼੍ਰੋਮਣੀ ਕਮੇਟੀ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਲਾਗੂ ਕਰਨ ਲਈ ਤਤਪਰ ਹੋ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਨਵੰਬਰ 2002 ਦੌਰਾਨ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਐਲਾਨ ਕਰ ਦਿੱਤਾ। ਇਸ ਉਪਰੰਤ ਨਾਨਕਸ਼ਾਹੀ ਕੈਲੰਡਰ ਨੂੰ ਤਰਕ-ਵਿਹੂਣਾ ਅਤੇ ਅਧੂਰਾ ਦੱਸਣ ਵਾਲੀਆਂ ਪੰਥਕ ਸੰਪਰਦਾਵਾਂ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਤੋਂ ਪਹਿਲਾਂ ਸਰਬੱਤ ਖ਼ਾਲਸਾ ਬੁਲਾਉਣ ਦੀ ਮੰਗ ਕਰ ਦਿੱਤੀ। ਜਥੇਦਾਰ ਵੇਦਾਂਤੀ ਨੇ ਵਿਰੋਧੀ ਧਿਰ ਦੀ ਸਰਬੱਤ ਖ਼ਾਲਸਾ ਬੁਲਾਉਣ ਦੀ ਮੰਗ ਤਾਂ ਭਾਵੇਂ ਪ੍ਰਵਾਨ ਨਾ ਕੀਤੀ, ਪਰ ਕੈਲੰਡਰ ਵਿਚ ਸੋਧ ਕਰਨ ਦੀਆਂ ਸਿਫ਼ਾਰਿਸਾਂ ਲਈ 11 ਮੈਂਬਰੀ ਕਮੇਟੀ ਦਾ ਗਠਨ 8 ਜਨਵਰੀ 2003 ਨੂੰ ਕਰ ਦਿੱਤਾ। ਇਸ ਕਮੇਟੀ ਦੇ ਕਨਵੀਨਰ ਪ੍ਰੋ. ਦਰਸ਼ਨ ਸਿੰਘ ਨੂੰ ਥਾਪ ਦਿੱਤਾ ਗਿਆ। ਇਸ ਕਮੇਟੀ ਵਿਚ ਪ੍ਰੋ. ਦਰਸ਼ਨ ਸਿੰਘ ਤੋਂ ਇਲਾਵਾ ਕੈਲੰਡਰ ਨੂੰ ਬਣਾਉਣ ਵਾਲੇ ਪਾਲ ਸਿੰਘ ਪੁਰੇਵਾਲ, ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਬਲਵੰਤ ਸਿੰਘ ਢਿੱਲੋਂ, ਪ੍ਰੋ. ਜੋਧ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪ੍ਰੋ. ਗੁਰਨਾਮ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਕੁਲਵਿੰਦਰ ਸਿੰਘ ਅੰਮ੍ਰਿਤਸਰ, ਪ੍ਰਿੰ. ਸਵਰਨ ਸਿੰਘ ਚੂਸਲੇਵੜ, ਅਜੀਤ ਸਿੰਘ ਸ਼ਰੀਫ਼ਪੁਰਾ, ਪ੍ਰਿੰ. ਅਮਰਜੀਤ ਸਿੰਘ ਦਮਦਮਾ ਸਾਹਿਬ ਅਤੇ ਬੀਬੀ ਕਿਰਨਜੋਤ ਕੌਰ ਨੂੰ ਸ਼ਾਮਲ ਕੀਤਾ ਗਿਆ।
ਇਸ ਕਮੇਟੀ ਦੀ ਪਹਿਲੀ ਮੀਟਿੰਗ 16 ਜਨਵਰੀ ਅਤੇ ਦੂਜੀ ਮੀਟਿੰਗ 13 ਫ਼ਰਵਰੀ 2003 ਨੂੰ ਹੋਈ। 28 ਮਾਰਚ 2003 ਨੂੰ ਇਸ ਕੈਲੰਡਰ ਦੀਆਂ ਆਮ ਸਿਫ਼ਾਰਿਸ਼ਾਂ ਨੂੰ ਆਮ ਸਹਿਮਤੀ ਦੇ ਦਿੱਤੀ ਤੇ ਕੈਲੰਡਰ ਅਪ੍ਰੈਲ 2003 ਵਿਚ ਛੱਪ ਕੇ ਸੰਗਤਾਂ ਦੇ ਹੱਥਾਂ 'ਚ ਆ ਗਿਆ। ਇਹ ਕੈਲੰਡਰ 7 ਸਾਲ ਤੱਕ ਸਫ਼ਲਤਾਪੂਰਵਕ ਲਾਗੂ ਰਹਿਣ ਦੇ ਬਾਅਦ ਵੀ ਸਿੱਖਾਂ ਦੀ ਧਾਰਮਿਕ ਯੂਨੀਵਰਸਿਟੀ ਵਜੋਂ ਜਾਣੀ ਜਾਂਦੀ ਦਮਦਮੀ ਟਕਸਾਲ, ਨਿਹੰਗ ਸਿੰਘ ਸੰਪਰਦਾਵਾਂ, ਨਾਨਕਸਰ ਸੰਪਰਦਾਵਾਂ ਅਤੇ ਹੋਰ ਜਥੇਬੰਦੀਆਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਨਾ ਦਿੱਤੀ। ਸਗੋਂ ਇਹ ਜਥੇਬੰਦੀਆਂ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਜਾਂ ਇਨ੍ਹਾਂ ਵਿਚ ਸੋਧਾਂ ਲਈ ਜ਼ੋਰਦਾਰ ਮੰਗ ਉਠਾਉਂਦੀਆਂ ਰਹੀਆਂ ਸਨ। ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਕਰਨ ਤੋਂ ਪਹਿਲਾਂ ਇਸ ਮਾਮਲੇ 'ਚ ਸ਼੍ਰੋਮਣੀ ਕਮੇਟੀ, ਸ਼੍ਰੀ ਅਕਾਲ ਤਖ਼ਤ ਸਾਹਿਬ ਇਕ ਧਿਰ ਵਜੋਂ, ਕੈਲੰਡਰ ਨੂੰ ਰੱਦ ਕਰਨ ਵਾਲੀਆਂ ਧਿਰਾਂ ਵਿਰੁੱਧ ਡੱਟਦੇ ਰਹੇ ਹਨ। ਅੱਜ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਨੂੰ ਪੰਥਕ ਏਕਤਾ ਅਤੇ ਸੰਤ ਸਮਾਜ ਨੂੰ ਸ਼੍ਰੋਮਣੀ ਕਮੇਟੀ ਨਾਲ ਜੋੜਨ ਲਈ ਅਹਿਮ ਦੱਸਣ ਵਾਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਕਿਸੇ ਸਮੇਂ ਸੋਧਾਂ ਦੀ ਮੰਗ ਕਰਨ ਵਾਲੇ ਇਸੇ ਸੰਤ ਸਮਾਜ ਨੂੰ ਝਈਆਂ ਲੈ-ਲੈ ਪੈਂਦੇ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਸ਼ੁਰੂ ਤੋਂ ਹੀ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਦੇ ਮਾਮਲੇ 'ਤੇ ਕਮੇਟੀਆਂ ਦਾ ਗਠਨ ਤਾਂ ਭਾਵੇਂ ਕਰਦੇ ਆਏ ਸਨ, ਪਰ ਉਹ ਆਪਣੇ ਕਾਰਜਕਾਲ ਦੌਰਾਨ ਹਮੇਸ਼ਾ ਨਾਨਕਸ਼ਾਹੀ ਕੈਲੰਡਰ ਦੀ ਹੋਂਦ 'ਤੇ ਦ੍ਰਿੜ ਰਹੇ ਹਨ। ਉਹ ਇਤਰਾਜ਼ ਕਰਨ ਵਾਲਿਆਂ ਨੂੰ ਆਪਣੇ ਇਤਰਾਜ਼ 11 ਮੈਂਬਰੀ ਕਮੇਟੀ ਸਾਹਮਣੇ ਰੱਖਣ ਦੀ ਗੱਲ ਆਖਦੇ ਰਹੇ, ਜਦੋਂਕਿ ਦੂਜੇ ਪਾਸੇ ਸੋਧਾਂ ਦੀ ਮੰਗ ਕਰਨ ਵਾਲੇ ਕਿਸੇ ਕਮੇਟੀ ਕੋਲ ਇਤਰਾਜ਼ ਦਰਜ ਕਰਵਾਉਣ ਲਈ ਤਿਆਰ ਨਹੀਂ ਸਨ।
ਸਾਲਾਂਬੱਧੀ ਸੁੱਲਘਦੇ ਰਹਿਣ ਤੋਂ ਬਾਅਦ 2009 ਦੀ ਦੀਵਾਲੀ ਵਾਲੇ ਦਿਨ ਅਚਾਨਕ ਇਹ ਮੁੱਦਾ ਮੁੜ ਭੱਖ਼ ਉਠਿਆ, ਜਦੋਂ  ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵਲੋਂ ਅਚਨਚੇਤ ਨਾਨਕਸ਼ਾਹੀ ਕੈਲੰਡਰ ਵਿਚ ਤਬਦੀਲੀਆਂ ਦੇ ਏਜੰਡੇ 'ਤੇ ਮੀਟਿੰਗ ਬੁਲਾ ਲਈ ਗਈ। ਇਸੇ ਦੌਰਾਨ ਹੀ ਸੋਧਾਂ ਸਬੰਧੀ ਕੁਝ ਸਿੱਖ ਜਥੇਬੰਦੀਆਂ ਨੂੰ ਸੂਹ ਮਿਲ ਗਈ ਤਾਂ ਉਨ੍ਹਾਂ ਵਿਰੋਧ ਕਰ ਦਿੱਤਾ। ਸਿੰਘ ਸਾਹਿਬਾਨ ਨੇ ਵਿਰੋਧ ਤੇਜ਼ ਹੋ ਜਾਣ ਕਰਕੇ ਇਸ ਮਾਮਲੇ 'ਤੇ ਕਾਹਲੀ 'ਚ ਕਿਸੇ ਫ਼ੈਸਲਾ ਦਾ ਵਿਚਾਰ ਟਾਲ ਦਿੱਤਾ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਦੇ ਮਾਮਲੇ 'ਤੇ ਪੰਥਕ ਜਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਤੇ ਉਸ ਮੀਟਿੰਗ ਵਿਚ ਕਿਹਾ ਗਿਆ ਕਿ ਸੋਧਾਂ ਦੇ ਸੁਝਾਅ ਵਿਦਵਾਨਾਂ ਦੀ ਕਮੇਟੀ 'ਚ ਵਿਚਾਰੇ ਜਾਣਗੇ। ਇਸ ਤੋਂ ਬਾਅਦ ਸੋਧਾਂ ਦੀ ਮੰਗ ਤੇ ਵਿਰੋਧ ਕਰਨ ਵਾਲਿਆਂ ਦੀ ਤੇਜ਼ ਹੋਈ ਕਸ਼ਮਕਸ਼ ਦੌਰਾਨ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਮੱਕੜ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਧੁੰਮਾ ਦੀ ਦੋ ਮੈਂਬਰੀ ਕਮੇਟੀ ਬਣਾ ਦਿੱਤੀ। ਇਸ ਕਮੇਟੀ ਦੀ ਰਿਪੋਰਟ 'ਤੇ ਲੰਘੀ 28 ਤੇ 30 ਦਸੰਬਰ 2009 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵਲੋਂ ਲਗਾਤਾਰ ਦੋ ਮੀਟਿੰਗਾਂ ਕੀਤੀਆਂ ਗਈਆਂ। ਪਹਿਲੀ ਮੀਟਿੰਗ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵਲੋਂ ਨਾਨਕਸ਼ਾਹੀ ਕੈਲੰਡਰ 'ਚ ਸੋਧਾਂ ਦਾ ਵਿਰੋਧ ਕਰਨ ਕਰਕੇ ਕੋਈ ਸਹਿਮਤੀ ਨਾ ਬਣ ਸਕੀ ਤਾਂ ਦੂਜੀ ਮੀਟਿੰਗ ਵਿਚ ਸਿੰਘ ਸਾਹਿਬਾਨ ਵਲੋਂ ਖੁਦ ਕੋਈ ਨਿਰਣਾ ਲੈਣ ਦੀ ਥਾਂ ਧੁੰਮਾ-ਮੱਕੜ ਕਮੇਟੀ ਦੀ ਰਿਪੋਰਟ 'ਤੇ ਫ਼ੈਸਲਾ ਲੈਣ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਨੂੰ ਦੇ ਦਿੱਤਾ। 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਤਿੰਨ ਮੈਂਬਰਾਂ, ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਤੇ ਬੀਬੀ ਰਵਿੰਦਰ ਕੌਰ ਦੇ ਵਿਰੋਧ ਅਤੇ ਬਾਈਕਾਟ ਦੇ ਬਾਵਜੂਦ ਬਹੁਸੰਮਤੀ ਨਾਲ ਨਾਨਕਸ਼ਾਹੀ ਕੈਲੰਡਰ ਦੀਆਂ ਪ੍ਰਸਤਾਵਿਤ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਕੀਤੀਆਂ ਗਈਆਂ ਸੋਧਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਜੋਤੀ ਜੋਤਿ ਸਮਾਉਣ ਪੁਰਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਤੇ ਸੰਗਰਾਦਾਂ ਨੂੰ ਮੁੜ ਬਿਕਰਮੀ ਕੈਲੰਡਰ ਅਨੁਸਾਰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
 4 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਾਕੀ ਜਥੇਦਾਰਾਂ ਤੋਂ ਬਿਨ੍ਹਾਂ ਹੀ ਪੰਜ ਗ੍ਰੰਥੀਆਂ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ। ਇਕ ਚੇਤ (ਦੇਸੀ ਮਹੀਨਾ) ਤੋਂ ਨਾਨਕਸ਼ਾਹੀ ਕੈਲੰਡਰ ਵਿਚ ਇਨ੍ਹਾਂ ਸੋਧਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਨਾਨਕਸ਼ਾਹੀ ਕੈਲੰਡਰ ਵਿਚ ਕੀਤੀਆਂ ਗਈਆਂ ਨਵੀਆਂ ਸੋਧਾਂ ਅਨੁਸਾਰ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਕੱਤਕ ਸੁਦੀ ਦੂਜ ਨੂੰ ਮਨਾਇਆ ਜਾਵੇਗਾ, ਜੋ ਕਿ ਪਹਿਲਾਂ 6 ਕੱਤਕ (20 ਅਕਤੂਬਰ) ਨੂੰ ਮਨਾਇਆ ਜਾਂਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਹੁਣ ਭਵਿੱਖ 'ਚ ਪੋਹ ਸੁਦੀ ਸੱਤਵੀਂ ਨੂੰ ਮਨਾਇਆ ਜਾਵੇਗਾ, ਜਦਕਿ ਹੁਣ ਤੱਕ 23 ਪੋਹ (5 ਜਨਵਰੀ) ਨੂੰ ਮਨਾਇਆ ਜਾਂਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ-ਜੋਤਿ ਸਮਾਉਣ ਪੁਰਬ ਹੁਣ ਕੱਤਕ ਸੁਦੀ ਪੰਚਮੀ ਨੂੰ ਹੋਵੇਗਾ, ਜਦਕਿ ਪਹਿਲਾਂ ਇਹ ਦਿਹਾੜਾ 7 ਕੱਤਕ (20 ਅਕਤੂਬਰ) ਨੂੰ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੁਣ ਜੇਠ ਸੁਦੀ ਚੌਥ ਨੂੰ ਮਨਾਇਆ ਜਾਵੇਗਾ, ਜਦਕਿ ਪਹਿਲਾਂ 2 ਹਾੜ (16 ਜੂਨ) ਨੂੰ ਮਨਾਇਆ ਜਾਂਦਾ ਸੀ। ਇਸ ਤੋਂ ਇਲਾਵਾ ਸੰਗਰਾਂਦਾਂ ਨੂੰ ਪੁਰਾਤਨ ਢੰਗ-ਤਰੀਕੇ ਨਾਲ (ਬਿਕਰਮੀ  ਕੈਲੰਡਰ ਅਨੁਸਾਰ) ਮਹੀਨੇ ਦੀ ਸ਼ੁਰੂਆਤ ਤੋਂ ਮੰਨਿਆ ਜਾਵੇਗਾ।





Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis