|
ਨਵੇਂ ਸਾਲ ਦੀ ਆਮਦ 'ਤੇ ਹਰ ਕੋਈ ਆਪਣੀ ਜ਼ਿੰਦਗੀ ਲਈ ਕੁਝ ਨਾ ਕੁਝ ਸੰਕਲਪ ਜ਼ਰੂਰ ਲੈਂਦਾ ਹੈ। ਕੋਈ ਕੈਰੀਅਰ ਸੰਵਾਰਨ ਦਾ ਸੰਕਲਪ ਲੈਂਦਾ ਹੈ, ਤੇ ਕੋਈ ਜ਼ਿੰਦਗੀ ਨੂੰ ਪਟੜੀ 'ਤੇ ਲਿਆਉਣ ਦਾ। ਮਾਇਆਨਗਰੀ ਵੀ ਇਸ ਪ੍ਰਥਾ ਤੋਂ ਅਣਛੋਹੀ ਨਹੀਂ ਹੈ। ਭਾਵੇਂ ਹੀਰੋ ਹੋਵੇ ਜਾਂ ਹੀਰੋਇਨ, ਕੋਈ ਨਾ ਕੋਈ ਸੰਕਲਪ ਜ਼ਰੂਰ ਲੈਂਦੇ ਹਨ। ਬਾਲੀਵੁੱਡ ਦੀਆਂ ਕੁਝ ਹੀਰੋਇਨਾਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਵੀ ਨਵੇਂ ਸਾਲ ਲਈ ਆਪਣੇ ਮਨ 'ਚ ਕੁਝ ਸੰਕਲਪ ਕੀਤਾ ਹੈ। ਆਖ਼ਰ ਕੀ ਹਨ ਉਨ੍ਹਾਂ ਦੇ ਸੰਕਲਪ, ਆਓ ਅਸੀਂ ਵੀ ਜਾਣਦੇ ਹਾਂ :
ਕਰੀਨਾ ਕਪੂਰ:
ਰਿਸ਼ਤੇ ਨੂੰ ਮਨਜ਼ੂਰੀ
ਸਫ਼ਲਤਾ ਅਤੇ ਅਸਫ਼ਲਤਾ ਨੂੰ ਬਹੁਤਾ ਮਹੱਤਵ ਨਾ ਦੇਣ ਵਾਲੀ ਕਰੀਨਾ ਕਪੂਰ ਦਾ ਜ਼ੋਰ ਨਵੇਂ ਸਾਲ 'ਚ ਫ਼ਿਲਮਾਂ ਨੂੰ ਸਫ਼ਲਤਾ ਦੀ ਰਾਹ 'ਤੇ ਅਗਾਂਹ ਵਧਾਉਣ ਤੋਂ ਕਿਤੇ ਜ਼ਿਆਦਾ ਆਪਣੀ ਗ੍ਰਹਿਸਥੀ ਵਸਾਉਣ 'ਤੇ ਹੋਵੇਗਾ। ਉਸ ਦਾ ਇਕੋ-ਇਕ ਟੀਚਾ ਰੀਅਲ ਲਾਈਫ਼-ਲਵ ਸੈਫ਼ ਅਲੀ ਖ਼ਾਨ ਦੇ ਗਲੇ 'ਚ ਜੈ-ਮਾਲਾ ਪਾਉਣਾ ਹੋਵੇਗਾ। ਕਰੀਨਾ ਦਾ ਕਹਿਣਾ ਹੈ ਕਿ ਸੈਫ਼ ਦੀ ਮੰਮੀ ਨੇ ਵੀ ਸਾਡੇ ਰਿਸ਼ਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਜਿਹੇ 'ਚ ਸਾਡੇ ਇਕ ਹੋਣ ਦੀ ਰਾਹ ਬਿਲਕੁਲ ਸਾਫ਼ ਹੋ ਗਈ ਹੈ।
ਬਿਲਕੁਲ ਸਹੀ ਫ਼ਰਮਾ ਰਹੇ ਨੇ ਬੇਬੋ ਅਤੇ ਬਿਲਕੁਲ ਸਹੀ ਰਾਹ 'ਤੇ
ਅੱਗੇ ਵੱਧ ਰਹੇ ਹੋ। ਭਲਾ ਸੈਫ਼ ਅਲੀ ਦਾ ਕੀ ਭਰੋਸਾ, ਪਤਾ ਨਹੀਂ ਕਦੋਂ ਉਸ ਦਾ ਦਿਲ ਡੋਲ ਜਾਵੇ ਤੇ ਤੁਸੀਂ ਹੱਥ ਮਲਦੇ ਰਹਿ ਜਾਵੋ। ਯਕੀਨ ਨਾ ਹੋਵੇ ਤਾਂ ਅੰਮ੍ਰਿਤਾ ਸਿੰਘ ਦੇ ਨਾਲ-ਨਾਲ ਰੋਜ਼ਾ ਕੈਸਟੀਲਾਨੋ ਤੋਂ ਹੀ ਪੁੱਛ ਲਓ ਕਿ ਕਿਵੇਂ ਸੈਫ਼ ਨੇ ਇਨ੍ਹਾਂ ਤੋਂ ਆਪਣਾ ਪੱਲਾ ਝਾੜ ਲਿਆ। ਉਂਝ ਕਰੀਨਾ, ਤੁਸੀਂ ਬੇਹੱਦ ਸਮਝਦਾਰ ਹੋ, ਤਾਂ ਹੀ ਇਕ-ਇਕ ਕਦਮ ਸਮਝਦਾਰੀ ਨਾਲ ਰੱਖ ਰਹੇ ਹੋ ਅਤੇ ਕਦੇ ਵੀ ਸੈਫ਼ ਨੂੰ ਇਕੱਲਾ ਨਹੀਂ ਛੱਡਦੇ।
ਕੈਟਰੀਨਾ ਕੈਫ਼ :
ਨਵੇਂ ਸਾਲ 'ਚ ਜ਼ਿਆਦਾ ਮਿਹਨਤ
ਸਾਲ 2009 'ਚ ਦੋ ਸਫ਼ਲ ਫ਼ਿਲਮਾਂ ਦੇਣ ਵਾਲੀ ਕੈਟਰੀਨਾ ਕੈਫ਼ ਨੇ ਆਪਣੇ ਦਰਸ਼ਕਾਂ ਨੂੰ ਖੁਸ਼ ਜ਼ਰੂਰ ਕੀਤਾ ਹੈ, ਪਰ ਉਹ ਖੁਦ ਆਪਣੀ ਪ੍ਰਫ਼ਾਰਮੈਂਸ ਤੋਂ ਸੰਤੁਸ਼ਟ ਨਹੀਂ ਹੈ। ਸਾਲ 2009 ਨੂੰ ਉਹ ਆਪਣੇ ਕੈਰੀਅਰ ਲਈ ਚੰਗਾ ਵੀ ਨਹੀਂ ਮੰਨਦੀ। ਇਹੀ ਕਾਰਨ ਹੈ ਕਿ ਅਗਲੇ ਸਾਲ ਲਈ ਉਹ ਆਪਣੇ ਪ੍ਰਸ਼ੰਸਕਾਂ ਨੂੰ ਪੂਰੀ ਤਰ੍ਹਾਂ ਖੁਸ਼ ਕਰਨ ਲਈ ਵਚਨਬੱਧ ਹੈ ਅਤੇ ਇਹੀ ਸੰਕਲਪ ਵੀ ਲੈ ਰਹੀ ਹੈ ਕਿ ਉਹ ਹੋਰ ਜ਼ਿਆਦਾ ਮਿਹਨਤ ਕਰੇਗੀ ਤਾਂ ਕਿ ਉਸ ਦੀਆਂ ਫ਼ਿਲਮਾਂ ਨੂੰ ਬਾਕਸ ਆਫ਼ਿਸ 'ਤੇ ਅਸਫ਼ਲਤਾ ਦਾ ਮੂੰਹ ਨਾ ਦੇਖਣਾ ਪਵੇ। ਉਹ ਕਹਿੰਦੀ ਹੈ ਕਿ ਮੈਂ ਆਪਣਾ ਪੱਥਰੀ ਦਾ ਅਪ੍ਰੇਸ਼ਨ ਵੀ ਕਰਵਾ ਲਿਆ ਹੈ। ਤੰਦਰੁਸਤ ਹੁੰਦਿਆਂ ਹੀ ਸ਼ੂਟਿੰਗ ਸ਼ੁਰੂ ਕਰ ਦੇਵਾਂਗੀ।
ਉਂਝ ਕੈਟਰੀਨਾ ਮਾਇਆਨਗਰੀ ਦੀ ਹਾਟ-ਕੇਕ ਹੈ ਤੇ ਇਥੋਂ ਦੇ ਹਰ ਫ਼ਿਲਮਕਾਰ ਦੀ ਇੱਛਾ ਕੈਟ ਨਾਲ ਫ਼ਿਲਮ ਕਰਨ ਦੀ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਕੱਲ੍ਹ ਤੱਕ ਹਾਸ਼ੀਏ ਵੱਲ੍ਹ ਧੱਕੀ ਗਈ ਕੈਟ ਨੇ ਆਪਣੇ ਰਵੱਈਏ 'ਚ ਹੀ ਨਹੀਂ, ਸਗੋਂ ਅਦਾਕਾਰੀ 'ਚ ਵੀ ਕਾਫ਼ੀ ਸੁਧਾਰ ਲਿਆਂਦਾ ਹੈ। ਇਹੀ ਕਾਰਨ ਹੈ ਕਿ ਕੈਟਰੀਨਾ ਦੇ ਹੱਥ 'ਚ ਵਧੀਆ ਫ਼ਿਲਮਕਾਰਾਂ ਦੀਆਂ ਵਧੀਆਂ ਫ਼ਿਲਮਾਂ ਹਨ। ਉਨ੍ਹਾਂ ਫ਼ਿਲਮਾਂ ਤੋਂ ਸਿਰਫ਼ ਕੈਟ ਨੂੰ ਹੀ ਨਹੀਂ, ਸਗੋਂ ਉਸ ਦੇ ਪ੍ਰਸ਼ੰਸਕਾਂ ਨੂੰ ਵੀ ਕਾਫ਼ੀ ਆਸਾਂ ਹਨ।
ਪ੍ਰਿਅੰਕਾ ਚੋਪੜਾ :
ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿਆਂਗੀ
ਸਾਲ 2009 'ਚ ਭਾਵੇਂ ਕੈਟਰੀਨਾ ਵਾਂਗ ਪ੍ਰਿਅੰਕਾ ਚੋਪੜਾ ਸਫ਼ਲਤਾ ਦਾ ਸਫ਼ਰ ਤੈਅ ਨਹੀਂ ਕਰ ਸਕੀ, ਪਰ ਨਵੇਂ ਸਾਲ ਦੇ ਸੰਕਲਪ ਦੇ ਮਾਮਲੇ 'ਚ ਉਹ ਵੀ ਕੈਟਰੀਨਾ ਦੀ ਰਾਹ 'ਤੇ ਅਗਾਂਹ ਵਧਣਾ ਚਾਹੁੰਦੀ ਹੈ। ਪ੍ਰਿਅੰਕਾ ਕਹਿੰਦੀ ਹੈ ਕਿ ''ਨਵੇਂ ਸਾਲ 'ਚ ਮੇਰਾ ਇਕੋ-ਇਕ ਟੀਚਾ ਆਪਣੇ ਪ੍ਰਸ਼ੰਸਕਾਂ ਤੇ ਫ਼ਿਲਮਕਾਰਾਂ ਨੂੰ ਖੁਸ਼ ਕਰਨਾ ਹੋਵੇਗਾ। ਫ਼ਿਲਮਾਂ ਦੀ ਚੋਣ 'ਚ ਖ਼ਾਸ ਸਾਵਧਾਨੀ ਵਰਤਾਂਗੀ ਤਾਂ ਕਿ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਾ ਮਿਲੇ। ਭਾਵੇਂ ਕਿ ਮੈਨੂੰ ਹੁਣ ਖੁਦ ਨੂੰ ਸਿੱਧ ਕਰਨ ਦੀ ਲੋੜ ਨਹੀਂ ਹੈ, ਪਰ ਮਨੋਰੰਜਨ ਦੇ ਸਫ਼ਰ 'ਤੇ ਸਾਵਧਾਨੀ ਨਾਲ ਅਗਾਂਹ ਵਧਣ ਦੀ ਲੋੜ ਜ਼ਰੂਰ ਹੈ।''
ਬਿਲਕੁਲ ਸੱਚ ਕਹਿੰਦੀ ਹੈ ਪ੍ਰਿਅੰਕਾ ਚੋਪੜਾ, ਕਿਉਂਕਿ ਸਾਲ 2009 'ਚ ਉਸ ਦੀਆਂ ਫ਼ਿਲਮਾਂ ਤਾਂ ਜ਼ਰੂਰ ਫ਼ਲਾਪ ਹੋਈਆਂ, ਪਰ ਉਸ ਦੀ ਅਦਾਕਾਰੀ ਫ਼ਲਾਪ ਨਹੀਂ ਹੋਈ। 'ਵ੍ਹਾਟਸ ਯੁਅਰ ਰਾਸ਼ੀ' 'ਚ ਪ੍ਰਿਅੰਕਾ ਚੋਪੜਾ ਨੇ 12 ਵੱਖ-ਵੱਖ ਤਰ੍ਹਾਂ ਦੇ ਕਿਰਦਾਰਾਂ ਨੂੰ ਨਿਭਾਅ ਕੇ ਇਹ ਸਿੱਧ ਵੀ ਕਰ ਦਿੱਤਾ ਹੈ। ਬਹੁਤ ਛੇਤੀ ਉਸ ਦੀ ਫ਼ਿਲਮ 'ਪਿਆਰ ਇੰਪਾਸੀਬਲ' ਵੀ ਰਿਲੀਜ਼ ਹੋਣ ਵਾਲੀ ਹੈ। ਲੀਕ ਤੋਂ ਹੱਟ ਕੇ ਬਣੀ ਇਸ ਫ਼ਿਲਮ 'ਚ ਉਸ ਦੇ ਆਪੋਜ਼ਿਟ ਉਦੈ ਚੋਪੜਾ ਹੈ। ਅਜਿਹੇ 'ਚ ਜੇਕਰ ਫ਼ਿਲਮ ਹਿੱਟ ਹੋ ਗਈ ਤਾਂ ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਦਾ ਕ੍ਰੈਡਿਟ ਪ੍ਰਿਅੰਕਾ ਚੋਪੜਾ ਦੇ ਖਾਤੇ 'ਚ ਹੀ ਜਾਵੇਗਾ, ਤਾਂ ਕੀਪ ਇਟ ਅੱਪ, ਪ੍ਰਿਅੰਕਾ ਚੋਪੜਾ... ਸਫ਼ਲਤਾ ਜ਼ਰੂਰ ਮਿਲੇਗੀ।
ਰਾਣੀ ਮੁਖਰਜੀ :
ਗੁਆਚਿਆ ਮੁਕਾਮ ਹਾਸਲ ਕਰਨਾ ਹੈ
ਕਰੀਨਾ ਕਪੂਰ ਵਾਂਗ ਰਾਣੀ ਮੁਖਰਜੀ ਵੀ ਘਰ ਵਸਾਉਣ 'ਚ ਰੁੱਝੀ ਹੋਈ ਹੈ। ਭਾਵੇਂ ਕਿ ਉਹ ਇਸ ਗੱਲ ਨੂੰ ਖੁੱਲ੍ਹ ਕੇ ਸਵੀਕਾਰ ਨਹੀਂ ਕਰਦੀ, ਪਰ ਇਸ਼ਾਰਿਆਂ ਹੀ ਇਸ਼ਾਰਿਆਂ 'ਚ ਇਹ ਸੰਕੇਤ ਜ਼ਰੂਰ ਦਿੰਦੀ ਹੈ ਕਿ ਉਸ 'ਤੇ ਵਿਆਹ ਕਰ ਲੈਣ ਦਾ ਕਾਫ਼ੀ ਦਬਾਅ ਹੈ। ਜਦਕਿ ਰਾਣੀ ਨੇ ਨਵੇਂ ਸਾਲ ਵਿਚ ਬਿਹਤਰ ਫ਼ਿਲਮਾਂ ਰਾਹੀਂ ਆਪਣਾ ਗੁਆਚਿਆ ਮੁਕਾਮ ਦੁਬਾਰਾ ਹਾਸਲ ਕਰਨ ਦਾ ਸੰਕਲਪ ਵੀ ਲਿਆ ਹੈ। ਹੁਣ ਦੇਖਣਾ ਤਾਂ ਇਹ ਹੈ ਕਿ ਆਊਟਡੇਟਿਡ ਐਲਾਨੇ ਜਾਣ ਦੇ ਬਾਵਜੂਦ ਰਾਣੀ ਨੂੰ ਆਪਣਾ ਸੰਕਲਪ ਪੂਰਾ ਕਰਨ 'ਚ ਕਿੰਨੀ ਕੁ ਸਫ਼ਲਤਾ ਮਿਲਦੀ ਹੈ। ਉਂਝ ਪਹਿਲਾਂ ਅਭਿਸ਼ੇਕ ਬਚਨ ਅਤੇ ਉਸ ਤੋਂ ਬਾਅਦ ਆਦਿਤੱਯ ਚੋਪੜਾ ਨਾਲ ਨਾਂ ਜੁੜਨ ਕਾਰਨ ਰਾਣੀ ਦੀ ਕਾਫ਼ੀ ਚਰਚਾ ਹੋਈ ਸੀ, ਰਿਸ਼ਤਾ ਟੁੱਟਣ 'ਤੇ ਕਾਫ਼ੀ ਦੁੱਖ ਵੀ ਹੋਇਆ ਸੀ। ਉਂਝ ਰਾਣੀ ਤੁਹਾਡੀ ਉਮਰ ਵੀ ਤਾਂ ਵਿਆਹ ਦੀ ਹੱਦ ਪਾਰ ਕਰ ਰਹੀ ਹੈ। ਅਜਿਹੇ 'ਚ ਜੇਕਰ ਸਮੇਂ ਸਿਰ ਤੁਸੀਂ ਆਪਣਾ ਘਰ ਨਹੀਂ ਵਸਾਇਆ ਤਾਂ ਢੰਗ ਦਾ ਮੁੰਡਾ ਮਿਲਣਾ ਵੀ ਮੁਸ਼ਕਿਲ ਹੋ ਜਾਵੇਗਾ।
ਮਲਿਕਾ ਸ਼ੇਰਾਵਤ :
ਹੰਗਾਮਾ ਮਚਾਉਣ ਦੀ ਤਿਆਰੀ
ਸਾਲ 2009 'ਚ ਇਕ ਵੀ ਫ਼ਿਲਮ ਨਾ ਦੇਣ ਵਾਲੀ 'ਸੈਕਸ ਕੁਈਨ' ਮਲਿਕਾ ਸ਼ੇਰਾਵਤ ਨਵੇਂ ਸਾਲ 'ਤੇ ਹੰਗਾਮਾ ਮਚਾਉਣ ਦੀ ਤਿਆਰੀ 'ਚ ਹੈ। ਉਹ ਕਹਿੰਦੀ ਹੈ ਕਿ ਮੈਂ ਕੰਮ ਕਰਨ 'ਚ ਯਕੀਨ ਕਰਦੀ ਹਾਂ, ਕੰਮ ਦਾ ਢਿੰਡੋਰਾ ਨਹੀਂ ਪਿੱਟਦੀ। ਮੇਰੀਆਂ ਫ਼ਿਲਮਾਂ ਨਿਰਮਾਣ ਦੌਰਾਨ ਹੀ ਚਰਚਾ 'ਚ ਆ ਜਾਂਦੀਆਂ ਹਨ। ਜਿਥੋਂ ਤੱਕ ਨਵੇਂ ਸਾਲ ਦੇ ਸੰਕਲਪ ਦਾ ਸਵਾਲ ਹੈ ਤਾਂ ਮੇਰਾ ਟੀਚਾ ਹੁਣ ਖੁਦ ਨੂੰ ਵਿਸ਼ਵ ਸਿਨੇਮਾ ਦੇ ਪੱਧਰ 'ਤੇ ਸਥਾਪਿਤ ਕਰਨਾ ਹੈ। ਇਸ ਲਈ ਮੈਂ ਵਿਦੇਸ਼ਾਂ 'ਚ ਇਕ ਸੈਕਟਰੀ ਵੀ ਹਾਇਰ ਕਰ ਲਿਆ ਹੈ, ਜੋ ਮੇਰੇ ਅੰਤਰਰਾਸ਼ਟਰੀ ਪ੍ਰੋਜੈਕਟਸ ਦੇਖੇਗਾ।
ਜੀ ਹਾਂ ਮਲਿਕਾ, ਤੁਸੀਂ ਬਿਲਕੁਲ ਸਹੀ ਟਰੈਕ 'ਤੇ ਚੱਲ ਰਹੇ ਹੋ। ਉਂਝ ਵੀ ਤੁਹਾਨੂੰ ਆਪਣੇ ਦੇਸ਼ 'ਚ ਤਾਂ ਕੋਈ ਪੁੱਛ ਵੀ ਨਹੀਂ ਰਿਹਾ ਅਤੇ ਤੁਸੀਂ ਜਿਸ ਹੱਦ ਤੱਕ ਜਾ ਕੇ ਆਪਣਾ ਜਿਸਮ ਦਿਖਾਉਣ ਦੀ ਹਿੰਮਤ ਰੱਖਦੇ ਹੋ, ਉਸ 'ਤੇ ਖਰਾ ਉਤਰਨ ਦੀ ਹਿੰਮਤ ਅੱਜ ਵੀ ਬਾਲੀਵੁੱਡ ਦੇ ਫ਼ਿਲਮਕਾਰਾਂ 'ਚ ਨਹੀਂ ਹੈ। ਹਾਂ, ਇਸ ਮਾਮਲੇ 'ਚ ਹਾਲੀਵੁੱਡ 'ਚ ਤੁਹਾਡੀ ਦਾਲ ਵੀ ਗ਼ਲ ਜਾਵੇਗੀ ਅਤੇ ਤੁਹਾਡੀ ਦਾਲ-ਰੋਟੀ ਵੀ ਚੱਲ ਜਾਵੇਗੀ।
ਬਿਪਾਸ਼ਾ ਬਸੂ :
ਉਲਝਣ ਹੈ
ਨਵੇਂ ਸਾਲ ਦੇ ਸੰਕਲਪ ਨੂੰ ਲੈ ਕੇ ਬਿਪਾਸ਼ਾ ਥੋੜ੍ਹੀ ਦੁਚਿਤੀ 'ਚ ਹੈ। ਉਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਆਖ਼ਰ ਉਹ ਕੀ ਸੰਕਲਪ ਲਵੇ। ਆਪਣੇ ਕੈਰੀਅਰ ਨੂੰ ਸੰਭਾਲੇ ਜਾਂ ਫ਼ਿਰ ਹੱਥੋਂ ਫ਼ਿਸਲਦੇ ਜਾ ਰਹੇ ਜਾਨ ਨੂੰ ਫ਼ੜ ਕੇ ਰੱਖੇ। ਇਸ ਦੇ ਬਾਵਜੂਦ ਉਹ ਕਹਿੰਦੀ ਹੈ ਕਿ ਨਵੇਂ ਸਾਲ 'ਚ ਚੰਗੀਆਂ ਫ਼ਿਲਮਾਂ ਰਾਹੀਂ ਖੁਦ ਨੂੰ ਸਫ਼ਲਤਾ ਦੀ ਰਾਹ 'ਤੇ ਲਿਆਉਣਾ ਉਸ ਦੀ ਪਹਿਲ ਹੋਵੇਗੀ। ਭਾਵ, ਕੁਲ ਮਿਲਾ ਕੇ ਪਿਛਲੇ ਸਾਲ ਫ਼ਲਾਪ ਫ਼ਿਲਮਾਂ ਨੂੰ ਲੈ ਕੇ ਬਿਪਾਸ਼ਾ ਬਸੂ ਦੁੱਚਿਤੀ ਵਿਚ ਸੀ ਤਾਂ ਹੁਣ ਆਪਣੇ ਕੈਰੀਅਰ ਨਾਲ ਆਪਣੀ ਮੁਹੱਬਤ ਨੂੰ ਲੈ ਕੇ ਉਧੇੜ-ਬੁਣ 'ਚ ਹੈ।
ਅਸੀਂ ਤਾਂ ਇਸ ਸਬੰਧੀ ਇਹੀ ਕਹਾਂਗੇ ਕਿ ਅਜਿਹੀ ਸਥਿਤੀ ਨਾ ਤਾਂ ਕੈਰੀਅਰ ਲਈ ਠੀਕ ਹੋਵੇਗੀ ਤੇ ਨਾ ਹੀ ਮੁਹੱਬਤ ਲਈ। ਕਰੀਨਾ ਤੇ ਰਾਣੀ ਦੀ ਰਾਹ ਹੁਣ ਬਿਪਾਸ਼ਾ ਨੂੰ ਵੀ ਅਪਣਾ ਲੈਣੀ ਚਾਹੀਦੀ ਹੈ, ਕਿਉਂਕਿ ਅਵੱਲ ਤਾਂ ਹੁਣ ਉਸ ਕੋਲ ਦਿਖਾਉਣ ਲਈ ਕੁਝ ਨਵਾਂ ਨਹੀਂ ਰਹਿ ਗਿਆ ਤੇ ਉਪਰੋਂ ਮਾਇਆਨਗਰੀ 'ਚ ਵੀ ਨਵੀਆਂ ਨਾਇਕਾਵਾਂ ਦੀ ਭੀੜ ਵਧ ਰਹੀ ਹੈ। ਇਹ ਨਵੀਆਂ ਅਭਿਨੇਤਰੀਆਂ ਫ਼ਿਲਮਕਾਰਾਂ ਦੀ ਹਰ ਮੰਗ ਪੂਰੀ ਕਰਨ ਦਾ ਹੌਂਸਲਾ ਵੀ ਤਾਂ ਰੱਖਦੀਆਂ ਹਨ, ਤਾਂ ਫ਼ਿਰ ਬਿਪਾਸ਼ਾ, ਜੇਕਰ ਤੁਸੀਂ ਆਪਣੀ ਮੁਹੱਬਤ ਨੂੰ ਲੈ ਕੇ ਵਾਕਿਆ ਹੀ ਸੀਰੀਅਸ ਹੋ ਤਾਂ ਸ਼ੁੱਭ-ਮਹੂਰਤ ਦੇਖ ਕੇ ਜਾਨ ਦੇ ਗਲੇ 'ਚ ਜੈ-ਮਾਲਾ ਪਾ ਹੀ ਦਿਓ, ਤਾਂ ਹੀ ਦੁਨੀਆ ਕਹੇਗੀ...'ਆਲ ਦ ਬੈਸਟ' ਬਿਪਾਸ਼ਾ।
ਅਮਿਸ਼ਾ ਪਟੇਲ :
ਵੱਡੀ ਚੁਣੌਤੀ
'ਕਹੋ ਨਾ ਪਿਆਰ ਹੈ' ਨਾਲ ਨੌਜਵਾਨਾਂ ਦੇ ਦਿਲਾਂ 'ਚ ਹਲਚਲ ਅਤੇ 'ਗ਼ਦਰ' ਰਾਹੀਂ ਸਿਨੇਮਾ ਜਗਤ 'ਚ ਗ਼ਦਰ ਮਚਾਉਣ ਵਾਲੀ ਅਮਿਸ਼ਾ ਪਟੇਲ ਲਈ ਸਾਲ 2009 ਬਹੁਤ ਬੁਰਾ ਲੰਘਿਆ। ਉਂਝ, ਦੇਖਿਆ ਜਾਵੇ ਤਾਂ ਪਿਛਲੇ ਕੁਝ ਸਮੇਂ ਤੋਂ ਉਸ ਦਾ ਕੈਰੀਅਰ ਹੀ ਲੜਖੜਾ ਜਿਹਾ ਗਿਆ ਸੀ। ਅਜਿਹੇ 'ਚ ਉਸ ਦੇ ਸਾਹਮਣੇ ਖੁਦ ਨੂੰ ਦੁਬਾਰਾ ਮਾਇਆਨਗਰੀ 'ਚ ਸਥਾਪਤ ਕਰਨ ਦੀ ਵੱਡੀ ਚੁਣੌਤੀ ਹੈ। ਅਮਿਸ਼ਾ ਖੁਦ ਇਸ ਗੱਲ ਨੂੰ ਸਵੀਕਾਰ ਕਰਦੀ ਹੈ, ਤਾਂ ਹੀ ਉਹ ਕਹਿੰਦੀ ਹੈ ਕਿ ਉਸ ਨੇ ਨਵੇਂ ਸਾਲ ਲਈ ਜੋ ਸੰਕਲਪ ਲਿਆ ਹੈ, ਉਹ ਕੈਰੀਅਰ ਓਰੀਐਂਟਿਡ ਹੀ ਹੈ। ''ਮੇਰੇ ਲਈ ਪਿਛਲਾ ਸਾਲ ਬਹੁਤ ਬੁਰਾ ਰਿਹਾ, ਜਦਕਿ ਹੁਣ ਮੈਂ ਹਰ ਤਰ੍ਹਾਂ ਦੇ ਝੰਜਟ 'ਚੋਂ ਉਭਰ ਚੁੱਕੀ ਹਾਂ। ਅਜਿਹੇ 'ਚ ਮੈਂ ਸੰਕਲਪ ਲਿਆ ਹੈ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ, ਇਸ ਸਾਲ ਆਪਣੇ ਕੈਰੀਅਰ ਨੂੰ ਨਵਾਂ ਮੁਕਾਮ ਦਿਆਂਗੀ, ਸਾਵਧਾਨੀ ਨਾਲ ਫ਼ਿਲਮਾਂ ਦੀ ਚੋਣ ਕਰਾਂਗੀ ਅਤੇ ਕਰੈਕਟਰ ਬੇਸਡ ਫ਼ਿਲਮਾਂ ਕਰਨ 'ਤੇ ਜ਼ੋਰ ਦੇਵਾਂਗੀ।'' ਵੈਲ ਡਨ ਅਮਿਸ਼ਾ, ਇਸ ਨੂੰ ਕਹਿੰਦੇ ਹਨ ਦੇਰ ਆਏ ਦਰੁਸਤ ਆਏ। ਅਸੀਂ ਵੀ ਤੁਹਾਡੇ ਤੋਂ ਇਹੀ ਆਸ ਕਰਦੇ ਹਾਂ।
ਸ਼ਰਲਿਨ ਚੋਪੜਾ :
ਬੰਧਨ ਨਹੀਂ
ਫ਼ਿਲਮਾਂ ਨਾਲ ਹੀ ਨਹੀਂ ਆਪਣੀ ਮਿਊਜ਼ਿਕ ਵੀਡੀਓ ਰਾਹੀਂ ਵੀ ਸਿਨੇਮਾ ਦਰਸ਼ਕਾਂ ਦੇ ਦਿਲਾਂ 'ਚ ਅੱਗ ਲਗਾ ਦੇਣ ਵਾਲੀ ਮੋਨਾ ਚੋਪੜਾ, ਭਾਵ ਸ਼ਰਲਿਨ ਚੋਪੜਾ ਜ਼ਿੰਦਗੀ ਨੂੰ ਕਿਸੇ ਬੰਧਨ ਵਿਚ ਬੰਨ੍ਹਣ ਦੇ ਮੂਡ ਵਿਚ ਨਹੀਂ ਹੈ। ਸ਼ਰਲਿਨ ਚੋਪੜਾ ਕਹਿੰਦੀ ਹੈ ਕਿ ਸੰਕਲਪ ਕਿਸੇ ਵੀ ਤਰ੍ਹਾਂ ਦਾ ਹੋਵੇ, ਉਹ ਇਨਸਾਨ ਨੂੰ ਇਕ ਘੇਰੇ ਅੰਦਰ ਕੈਦ ਕਰ ਦਿੰਦਾ ਹੈ। ਭਾਵੇਂ ਕਿ ਸੰਕਲਪ ਹਮੇਸ਼ਾ ਨੇਕ ਕੰਮਾਂ ਲਈ ਹੀ ਲਿਆ ਜਾਂਦਾ ਹੈ, ਪਰ ਇਸ ਨਾਲ ਜ਼ਿੰਦਗੀ ਦਾ ਸਰਲ ਪ੍ਰਵਾਹ ਜ਼ਰੂਰ ਪ੍ਰਭਾਵਿਤ ਹੁੰਦਾ ਹੈ। ਤੁਸੀਂ ਖੁੱਲ੍ਹ ਕੇ ਵੀ ਕਿਸੇ ਚੀਜ਼ ਦਾ ਮਜ਼ਾ ਨਹੀਂ ਲੈ ਸਕਦੇ। ਮੈਂ ਜ਼ਿੰਦਗੀ ਨੂੰ ਖੁੱਲ੍ਹ ਕੇ ਜਿਊਣ 'ਚ ਯਕੀਨ ਕਰਦੀ ਹਾਂ।
ਮੈਨੂੰ ਪਤਾ ਹੈ ਕਿ ਜਿਸ ਸਮੇਂ ਜੋ ਕੁਝ ਹੋਣਾ ਹੈ, ਉਹ ਹੋ ਕੇ ਹੀ ਰਹੇਗਾ। ਅਜਿਹੇ 'ਚ ਖ਼ੁਦ ਨੂੰ ਘੇਰੇ ਅੰਦਰ ਬੰਨ੍ਹਣ ਦਾ ਕੀ ਫ਼ਾਇਦਾ! ਇਹੀ ਕਾਰਨ ਹੈ ਕਿ ਮੈਂ ਕਦੇ ਕੋਈ ਸੰਕਲਪ ਨਹੀਂ ਲੈਂਦੀ। ਸੁਭਾਵਿਕ ਤੌਰ 'ਤੇ ਇਸ ਵਾਰ ਵੀ ਨਵੇਂ ਸਾਲ ਦੀ ਆਮਦ 'ਤੇ ਮੈਂ ਖ਼ੁਦ ਨੂੰ ਇਨ੍ਹਾਂ ਬੰਧਨਾਂ ਤੋਂ ਬਿਲਕੁਲ ਦੂਰ ਰੱਖਿਆ ਹੈ।
|