|
ਸੋਨੀਆ ਨੂੰ ਲਗਾਈ ਅਮਰਿੰਦਰ ਦੀ ਸ਼ਿਕਾਇਤ |
|
|
|
Thursday, 12 November 2009 |
|
ਹਿੰਦੂ, ਵਾਲਮੀਕਿ ਅਤੇ ਸ਼ਹਿਰੀ ਭਾਈਚਾਰੇ ਨੂੰ ਕੀਤਾ ਨਜ਼ਰਅੰਦਾਜ਼
ਜਲੰਧਰ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਪ੍ਰਧਾਨ ਦੀ ਨਿਯੁਕਤੀ ਦਾ ਮਾਮਲਾ ਤਕਰੀਬਨ ਠੱਪ ਹੋ ਗਿਆ ਲੱਗਦਾ ਹੈ। ਨਵੇਂ ਹਾਲਾਤ ਵਿਚ ਹੁਣ ਕੈਪਟਨ ਗਰੁੱਪ ਨੇ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਪ੍ਰਧਾਨਗੀ ਦੇ ਅਹੁਦੇ ਦੀ ਚੋਣ ਲੜਨ ਲਈ ਵੀ ਤਿਆਰ ਹਨ। ਇਸ ਤੋਂ ਸਪੱਸ਼ਟ ਹੋ ਗਿਆ ਕਿ ਨੇੜ ਭਵਿੱਖ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨ ਦੇ ਅਹੁਦੇ 'ਤੇ ਨਿਯੁਕਤੀ ਦੀ ਕੋਈ ਸੰਭਾਵਨਾ ਨਹੀਂ ਹੈ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਕੈਪਟਨ ਵਿਰੋਧੀ ਗਰੁੱਪ ਦੇ ਕੁਝ ਨੇਤਾਵਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲ ਕੇ ਉਹਨਾਂ ਨੂੰ ਇਕ ਚਿੱਠੀ ਸੌਂਪੀ ਹੈ, ਜਿਸ ਵਿਚ ਕੈਪਟਨ ਦੇ ਪ੍ਰਧਾਨ ਬਣਨ ਦੇ ਕੀ ਨਤੀਜੇ ਹੋ ਸਕਦੇ ਹਨ, ਬਾਰੇ ਵਿਸਥਾਰ ਨਾਲ ਲਿਖਿਆ ਗਿਆ ਹੈ। ਪਤਾ ਲੱਗਾ ਹੈ ਕਿ ਇਕ ਬੈਂਕ ਦੇ ਸਾਬਕਾ ਐਮ ਡੀ, ਜੋ ਫਿਰ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ ਅਤੇ ਪ੍ਰਦੇਸ਼ ਕਾਂਗਰਸ ਦੇ ਇਕ ਸਕੱਤਰ, ਜੋ ਯੋਗਾ ਮਾਸਟਰ ਵੀ ਹਨ, ਵਲੋਂ ਲਿਖੀ ਗਈ ਚਿੱਠੀ ਵਿਚ ਕਿਹਾ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਜ਼ਿੱਦੀ ਸੁਭਾਅ ਕਾਰਨ ਹੀ 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਜੇ ਆਪਣੀ ਜ਼ਿੱਦ ਕਾਰਨ ਕੈਪਟਨ ਨੇ
ਟਿਕਟ ਵੰਡ ਸਮੇਂ ਹਿੰਦੂਆਂ ਨੂੰ ਨਜ਼ਰਅੰਦਾਜ਼ ਨਾ ਕੀਤਾ ਹੁੰਦਾ ਤਾਂ ਅੱਜ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੋਣੀ ਸੀ। ਇਕ 'ਮੰਤਰੀ ਵਿਸ਼ੇਸ਼' ਦੇ ਕਹਿਣ 'ਤੇ ਵਾਲਮੀਕ ਭਾਈਚਾਰੇ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਜਿਸ ਦਾ ਨਤੀਜਾ ਕਾਂਗਰਸ ਨੂੰ ਚੋਣਾਂ ਵਿਚ ਭੁਗਤਣਾ ਪਿਆ। ਭਰੋਸੇਯੋਗ ਸੂਤਰਾਂ ਅਨੁਸਾਰ ਚਿੱਠੀ ਵਿਚ ਲਿਖਿਆ ਗਿਆ ਹੈ ਕਿ ਕੈਪਟਨ ਨੇ ਆਪਣੀ ਸਰਕਾਰ ਦੇ ਕਾਰਜਕਾਲ ਵਿਚ ਸ਼ਹਿਰੀ ਵੋਟਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਅਤੇ ਅਕਾਲੀ ਏਜੰਡੇ ਨੂੰ ਹੀ ਲਾਗੂ ਕਰਨ 'ਤੇ ਜ਼ੋਰ ਦਿੱਤਾ।
ਚਿੱਠੀ ਵਿਚ ਇਹ ਵੀ ਲਿਖਿਆ ਹੈ ਕਿ ਪੰਜਾਬ ਦੀ ਜਨਤਾ ਅਜੇ ਵੀ ਕੈਪਟਨ ਤੋਂ ਨਾਖੁਸ਼ ਹੈ। ਵਿਧਾਨ ਸਭਾ ਚੋਣਾਂ ਵਿਚ ਕੈਪਟਨ ਦੇ ਆਪਣੇ ਸ਼ਹਿਰ ਪਟਿਆਲਾ ਵਿਚ ਕਾਂਗਰਸ ਨੂੰ ਸਭ ਤੋਂ ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਲੋਕ ਸਭਾ ਚੋਣਾਂ ਵਿਚ ਜਦੋਂ ਕੈਪਟਨ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਤਾਂ ਉਸ ਦਾ ਬੇਟਾ ਬਠਿੰਡਾ ਤੋਂ ਸਵਾ ਲੱਖ ਵੋਟਾਂ ਨਾਲ ਚੋਣ ਹਾਰ ਗਿਆ ਅਤੇ ਕਾਂਗਰਸ 13 ਵਿਚੋਂ ਸਿਰਫ 8 ਸੀਟਾਂ ਹੀ ਜਿੱਤ ਸਕੀ ਜਦਕਿ ਅਕਾਲੀ-ਭਾਜਪਾ ਸਰਕਾਰ ਦੀ ਅਸਫਲਤਾ, ਸੋਨੀਆ ਗਾਂਧੀ ਦੀ ਨੀਤੀ, ਰਾਹੁਲ ਗਾਂਧੀ ਦੀ ਸਰਗਰਮੀ ਅਤੇ ਡਾ. ਮਨਮੋਹਨ ਸਿੰਘ ਦੀਆਂ ਪ੍ਰਾਪਤੀਆਂ ਕਾਰਨ ਸਮਝਿਆ ਜਾ ਰਿਹਾ ਹੈ ਕਿ ਕਾਂਗਰਸ ਸਾਰੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰੇਗੀ। ਵਰਨਣਯੋਗ ਹੈ ਕਿ 2004 ਵਿਚ ਜਦੋਂ ਕੈਪਟਨ ਮੁੱਖ ਮੰਤਰੀ ਸਨ ਤਾਂ ਕਾਂਗਰਸ ਲੋਕ ਸਭਾ ਦੀਆਂ ਸਿਰਫ ਦੋ ਸੀਟਾਂ ਹੀ ਹਾਸਲ ਕਰ ਸਕੀ ਸੀ।
ਚਿੱਠੀ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਪ੍ਰਧਾਨ ਮਹਿੰਦਰ ਸਿੰਘ ਕੇ ਪੀ ਅਤੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਵੀ ਸ਼ਿਕਾਇਤ ਕਰ ਚੁੱਕੇ ਹਨ ਕਿ ਕੈਪਟਨ ਨੇ ਉਹਨਾਂ ਨੂੰ ਸਹਿਯੋਗ ਦੇਣ ਦੀ ਬਜਾਏ ਹਮੇਸ਼ਾ ਪਰੇਸ਼ਾਨ ਕੀਤਾ ਅਤੇ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ਵਿਚ ਕੈਪਟਨ ਅਤੇ ਉਹਨਾਂ ਦੇ ਹਮਾਇਤੀ ਸ਼ਾਮਲ ਨਹੀਂ ਹੋ ਰਹੇ।
ਪੱਤਰ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਹਿੰਦੂ ਭਾਈਚਾਰੇ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੀ ਭੁੱਲ ਦਾ ਹਾਈਕਮਾਨ ਨੇ ਲੋਕ ਸਭਾ ਚੋਣਾਂ ਵਿਚ ਸੁਧਾਰ ਕਰਕੇ ਹਿੰਦੂਆਂ ਦੇ ਜ਼ਖਮਾਂ 'ਤੇ ਮੱਲ੍ਹਮ ਲਾਉਣ ਦਾ ਜੋ ਕਦਮ ਚੁੱਕਿਆ ਸੀ, ਉਸ ਦੇ ਹਾਂ ਪੱਖੀ ਨਤੀਜੇ ਨਿਕਲੇ ਸਨ। ਲੋਕ ਸਭਾ ਚੋਣਾਂ ਵਿਚ ਪਾਰਟੀ ਨੇ ਤਿੰਨ ਹਿੰਦੂਆਂ ਨੂੰ ਟਿਕਟਾਂ ਦਿੱਤੀਆਂ ਸਨ, ਜਿਹਨਾਂ ਵਿਚ ਲੁਧਿਆਣਾ ਤੇ ਸੰਗਰੂਰ ਤੋਂ ਕ੍ਰਮਵਾਰ ਮੁਨੀਸ਼ ਤਿਵਾੜੀ ਤੇ ਵਿਜੇਇੰਦਰ ਸਿੰਗਲਾ ਜੇਤੂ ਰਹੇ ਅਤੇ ਅੰਮ੍ਰਿਤਸਰ ਤੋਂ ਵੀ ਓਮ ਪ੍ਰਕਾਸ਼ ਸੋਨੀ ਥੋੜ੍ਹੀਆਂ ਵੋਟਾਂ ਨਾਲ ਇਸ ਲਈ ਹਾਰ ਗਏ ਕਿ ਕੈਪਟਨ ਹਮਾਇਤੀ ਕੁਝ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੇ ਅੰਦਰੂਨੀ ਢਾਅ ਲਾਈ।
ਚਿੱਠੀ ਵਿਚ ਮੰਗ ਕੀਤੀ ਗਈ ਕਿ ਜੇ ਕੈਪਟਨ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਕਾਂਗਰਸ ਹੋਰ ਕਮਜ਼ੋਰ ਹੋਵੇਗੀ। ਪਤਾ ਲੱਗਾ ਹੈ ਕਿ ਚਿੱਠੀ 'ਤੇ ਵਿਚਾਰ ਕਰਨ ਤੋਂ ਬਾਅਦ ਹੀ ਕੈਪਟਨ ਦੀ ਨਿਯੁਕਤੀ ਨੂੰ ਟਾਲ ਦਿੱਤਾ ਗਿਆ।
|